ਮੰਡਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੱਢੀ ਹੋਈ ਫਸਲ ਕਣਕ, ਜੌਂ, ਛੋਲੇ ਆਦਿ ਦੇ ਥੱਬਿਆਂ ਨੂੰ ਕਤਾਰਾਂ ਵਿਚ ਚਿਣ ਕੇ ਲਾਏ ਗਏ ਢੇਰ ਨੂੰ ਮੰਡਲੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਖੜ੍ਹੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਸਾਰੀ ਖੇਤੀ ਹੱਥੀ ਕੀਤੀ ਜਾਂਦੀ ਸੀ। ਬੈਠ ਕੇ ਵਾਢੀ ਕਰਦੇ ਸਮੇਂ ਜਦ ਰੁੱਗ ਭਰ ਜਾਂਦਾ ਸੀ ਤਾਂ ਉਸ ਨੂੰ ਪਿੱਛੇ ਇਕ ਜਗ੍ਹਾ ਰੱਖਦੇ ਸੀ। ਇਸ ਢੇਰ ਨੂੰ ਸੱਥਰੀ ਕਹਿੰਦੇ ਸਨ। ਜਦ ਵੱਢਦੇ ਹੋਏ ਰੁੱਗ ਨੂੰ ਪਿੱਛੇ ਉਸ ਸੱਥਰੀ ਤੇ ਰੱਖਣਾ ਮੁਸਕਲ ਹੋ ਜਾਂਦਾ ਸੀ ਤਾਂ ਨਵੀਂ ਸੱਥਰੀ ਸ਼ੂਰੂ ਹੋ ਜਾਂਦੀ ਸੀ। ਜਦ ਪਾਂਤ ਸਿਰੇ ਤੱਕ ਵੱਢੀ ਜਾਂਦੀ ਸੀ ਤਾਂ ਫਿਰ ਇਹਨਾਂ ਸੱਥਰੀਆਂ ਨੂੰ ਤਿੰਨ ਜਾਂ ਤਿੰਨ ਤੋ ਵੱਧ ਨੂੰ ਇਕੱਠਾ ਕਰਕੇ ਥੱਬੇ ਬਣਾਏ ਜਾਂਦੇ ਸਨ। ਸ਼ਾਮ ਸਮੇ ਇਹਨਾਂ ਥੱਬਿਆਂ ਨੂੰ ਮੰਡਲੀ ਦੇ ਰੂਪ ਵਿੱਚ ਇਕੱਤਰ ਕਰ ਦਿੱਤਾ ਜਾਂਦਾ ਸੀ। ਉਸ ਸਮੇਂ ਫ਼ਸਲਾਂ ਦੀ ਵਾਡੀ ਨੂੰ ਕਾਫੀ ਸਮਾਂ ਲੱਗ ਜਾਂਦਾ ਸੀ। ਇਸ ਲਈ ਵੱਢਣ ਸਮੇਂ ਫ਼ਸਲਾਂ ਵਿਚ ਥੋੜ੍ਹੀ ਜਿਹੀ ਨਮੀ ਹੁੰਦੀ ਸੀ। ਫ਼ਸਲਾਂ ਦੀ ਇਸ ਨਮੀ ਨੂੰ ਸੁਕਾਉਣ ਲਈ ਹੀ ਮੰਡਲੀਆਂ ਲਾਈਆਂ ਜਾਂਦੀਆਂ ਸਨ। ਮੰਡਲੀਆਂ ਕਤਾਰਾਂ ਵਿਚ ਲੱਗੀਆਂ ਹੋਣ ਕਰਕੇ ਕਤਾਰਾਂ ਰਾਹੀਂ ਫ਼ਸਲਾਂ ਨੂੰ ਹਵਾ ਤੇ ਧੁੱਪ ਲੱਗਦੀ ਰਹਿੰਦੀ ਸੀ ਜਿਸ ਕਰਕੇ ਫ਼ਸਲ ਸੁੱਕ ਜਾਂਦੀ ਸੀ। ਸੁੱਕੀਆਂ ਫ਼ਸਲਾਂ ਹੋਣ ਕਰਕੇ ਫਲ੍ਹਿਆਂ ਨਾਲ ਅਸਾਨੀ ਨਾਲ ਦਾਣੇ ਕੱਢ ਲਏ ਜਾਂਦੇ ਸਨ।

ਦੂਜੇ ਕਪਾਹ ਬੀਜਣ ਦਾ ਵੀ ਉਹ ਹੀ ਸਮਾਂ ਹੁੰਦਾ ਸੀ। ਜਿਸ ਕਰਕੇ ਜਿਮੀਂਦਾਰਾਂ ਕੋਲ ਕੰਮ ਬਹੁਤ ਹੁੰਦਾ ਸੀ। ਇਸ ਲਈ ਵੱਢੀ ਫ਼ਸਲ ਦੀਆਂ ਮੰਡਲੀਆਂ ਲਾਉਣਾ ਉਸ ਸਮੇਂ ਦੀ ਲੋੜ ਵੀ ਸੀ। ਹੁਣ ਖੇਤੀ ਦਾ ਮਸ਼ੀਨੀਕਰਨ ਹੋਣ ਕਰਕੇ ਚੰਗੀ ਤਰ੍ਹਾਂ ਪੱਕੀਆਂ ਫ਼ਸਲਾਂ ਨੂੰ ਵੱਢਿਆ ਜਾਂਦਾ ਹੈ ਤੇ ਤੁਰੰਤ ਹੀ ਮਸ਼ੀਨਾਂ ਨਾਲ ਦਾਣੇ ਕੱਢ ਲਏ ਜਾਂਦੇ ਹਨ। ਬਹੁਤੀਆਂ ਫ਼ਸਲਾਂ ਤਾਂ ਹੁਣ ਦਾਣੇ ਕੱਢਣ ਵਾਲੀਆਂ ਮਸ਼ੀਨਾਂ (ਕੰਬਾਈਨ) ਨਾਲ ਹੀ ਕੱਢੀਆਂ ਜਾਂਦੀਆਂ ਹਨ। ਇਸ ਲਈ ਹੁਣ ਕਿਸੇ ਵੀ ਫ਼ਸਲ ਨੂੰ ਵੱਢਕੇ ਮੰਡਲੀ ਨਹੀਂ ਲਾਈ ਜਾਂਦੀ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.