ਲੋਂਜਾਈਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਨਜਾਈਨਸ ਪੱਛਮ ਦੇ ਸਨਾਤਨੀ ਸਾਹਿਤ ਆਲੋਚਨਾ ਦਾ ਇੱਕ ਪ੍ਰਮੁੱਖ ਆਲੋਚਕ ਹੈ[1]

ਲੋਨਜਾਈਨਸ ਨੂੰ ਕਈ ਵਾਰ ਅਖੌਤੀ-ਲੋਂਜੀਨਸ ਕਿਹਾ ਜਾਂਦਾ ਹੈ ਕਿਉਂਕਿ ਉਸ ਦਾ ਅਸਲੀ ਨਾਮ ਕਿਸੇ ਨੂੰ ਪਤਾ ਨਹੀਂ। ਉਹ ਇੱਕ ਯੂਨਾਨੀ ਸਾਹਿਤ-ਸਿਧਾਂਤਕਾਰ ਸੀ ਜਿਸਦਾ ਸਮਾਂ ਪਹਿਲੀ ਜਾਂ ਤੀਜੀ ਸਦੀ ਮੰਨਿਆ ਜਾਂਦਾ ਹੈ।ਪਲੈਟੋ ਨੇ ਅਨੁਕਰਨ ਨੂੰ ਸਾਹਿਤ ਦਾ ਮੂਲ ਤੱਤ ਮੰਨਿਆ।ਇਸੀ ਪ੍ਰਕਾਰ ਲੋਨਜਾਈਨਸ ਨੇ ਉਦਾਤ ਸਿਧਾਂਤ ਨੂੰ ਮੰਨਿਆ ਹੈ। ਉਹਨਾਂ ਦਾ ਮੰਨਣਾ ਹੈ ਕਿ ਕੋਈ ਵੀ ਸਾਹਿਤਕ ਰਚਨਾ ਜਾਂ ਕਾਵਿ ਰਚਨਾ ਉਦਾਤ ਤੋ ਬਿਨਾ ਸਰਵਉਤਮ ਰਚਨਾ ਨਹੀਂ ਹੈ।

ਲੋਨਜਾਈਨਸ ਨੇ ਉੱਦਾਤ ਦੀ ਪਰਿਭਾਸ਼ਾ ਸਥਾਪਿਤ ਨਹੀਂ ਕੀਤੀ , ਕੇਵਲ ਉਸ ਨੂੰ ਇਕ ਸਪੱਸ਼ਟ ਤੱਤ ਮੰਨ ਕੇ ਛੱਡ ਦਿੱਤਾ ਹੈ । ਉੱਦਾਤ ਅਭਿਵਿਅਕਤੀ ਦੀ ਵਿਸ਼ਿਸ਼ਟਤਾ ਤੇ ਉਤਕ੍ਰਿਸ਼ਟਤਾ ਦਾ ਨਾਮ ਹੈ । ਇਹ ਇਕ ਪ੍ਰਕਾਰ ਦੀ ਮਹਾਨਤਾ ਤੇ ਸ੍ਰੇਸ਼ਟਤਾ ਹੈ ,ਜੋ ਭਾਸ਼ਾ ਵਿਚ ਮਿਲਦੀ ਹੈ । ਕੇਵਲ ਇਸੇ ਗੁਣ ਦੀ ਸ਼ਕਤੀ ਦੁਆਰਾ ਹੀ ਸਭ ਤੋਂ ਮਹਾਨ ਕਵੀ ਤੇ ਗੱਦ - ਲੇਖਕ ਸਾਹਿਤ ਵਿਚ ਪਹਿਲਾ ਸਥਾਨ ਲੈ ਗਏ ਹਨ ਅਤੇ ਅਮਰ ਪਦ ਪ੍ਰਾਪਤ ਕਰ ਚੁੱਕੇ ਹਨ | ਅਸਾਧਾਰਣ ਪ੍ਰਤਿਭਾਸ਼ੀਲ ਸਾਹਿਤਕਾਰ ਦੇ ਵਾਕ ਸਰੋਤਾ ਨੂੰ ਆਪਣੇ ਨਾਲ ਸਹਿਮਤ ਨਹੀਂ ਕਰਦੇ , ਸਗੋਂ ਉਸ ਵਿਚ ਵਿਸਮਾਦ ਪੈਦਾ ਕਰਦੇ ਹਨ ਕਿਉਂਕਿ ਅਦਭੁੱਤ ਰਚਨਾ ਦੀ ਪ੍ਰਭਾਵ - ਸ਼ਕਤੀ ਉਸ ਲੱਛਣ ਤੋਂ ਵਧੇਰੇ ਪ੍ਰਬਲ ਹੁੰਦੀ ਹੈ ਜਿਸ ਦਾ ਉਦੇਸ਼ ਨਿਸਚਾ ਪੈਦਾ ਕਰਨਾ ਤੇ ਆਨੰਦ ਦੇਣਾ ਹੈ | ਸਹਿਮਤ ਹੋਣਾ ਜਾਂ , ਨਾ ਹੋਣਾ ਸਾਡੇ ਉਤੇ ਨਿਰਭਰ ਹੈ | ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਤਿਭਾ ਸਰੋਤੇ ਉਤੇ ਮਹਾਨ ਤੇ ਅਣਝੱਲੇ ਵੇਗ ਦਾ ਪ੍ਰਭਾਵ ਪਾਉਂਦੀ ਹੈ , ਪਰ ਉਸ ਤੋਂ ਉਪਰ ਹੀ ਉਪਰ ਰਹਿੰਦੀ ਹੈ | ਪਰ ਲੇਖਕ ਦਾ ਮਤ ਹੈ ਕਿ ਉੱਦਾਤ ਦੀ ਖ਼ੂਬੀ ਕਿਸੇ ਸ਼ੁਭ ਘੜੀ ਵਿਚ ਉਜਾਗਰ ਹੁੰਦੀ ਹੈ , ਆਪਣਾ ਰਾਹ ਚੀਰ ਕੇ ਨਿਕਲਦੀ ਹੈ ਅਤੇ ਬਿਜਲੀ ਦੇ ਲਿਸ਼ਕਾਰੇ ਵਾਂਗ ਇਕਦਮ ਵਕਤਾ ਦੀ ਸਾਰੀ ਸ਼ਕਤੀ ਦਾ ਚਮਤਕਾਰ ਦਿੰਦੀ ਹੈ।

ਉਹਨਾਂ ਦੀ ਪ੍ਰਮੁੱਖ ਕਿਤਾਬ "ਆਨ ਦੀ ਸਬਲਾਈਮ" ਵਿੱਚ ਲੋਂਜਾਈਨਸ ਨੇ ਕਵਿਤਾ ਨੂੰ ਸ੍ਰੇਸ਼ਟ ਬਣਾਉਣ ਵਾਲੇ ਤੱਤਾਂ ਉੱਤੇ ਵਿਚਾਰ ਕਰਦੇ ਹੋਏ ਆਪਣਾ ਕਾਵਿ-ਸਿਧਾਂਤ ਸੂਤਰਬੱਧ ਕੀਤਾ ਹੈ। ਉਹ ਉਦਾਤ ਨੂੰ ਕਵਿਤਾ ਨੂੰ ਸ੍ਰੇਸ਼ਟ ਬਣਾਉਣ ਵਾਲਾ ਅਤੇ ਕਵੀ ਨੂੰ ਸ਼ੋਭਾ ਦਵਾਉਣ ਵਾਲਾ ਤੱਤ ਮੰਨਦਾ ਹੈ। ਉਹ ਪ੍ਰਤਿਭਾ ਅਤੇ ਕਲਾ-ਪ੍ਰਬੀਨਤਾ ਦੇ ਸੁਮੇਲ ਰਾਹੀਂ ਉਦਾੱਤ ਰਚਨਾ ਦੀ ਸਿਰਜਣਾ ਸੰਭਵ ਮੰਨਦਾ ਹੈ।

ਲੋਨਜਾਈਨਸ ਬਿਨਾਂ ਕਿਸੇ ਪੱਖਪਾਤ ਦੇ ਭਿੰਨ ਭਿੰਨ ਲੇਖਕਾਂ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਾ ਹੈ। ਉਸ ਵਿਚ ਨਿਧੜਕਤਾ ਤੇ ਦਲੇਰੀ ਹੈ। ਸਾਫ਼ਗੋਈ ਵਿਚ ਵਿਸ਼ਵਾਸ ਰੱਖਦਾ ਹੋਇਆ ਉਹ ਉਦਾਤ ਲੇਖਕਾਂ ਦੇ ਦੋਸ਼ਾਂ ਉਪਰੋਂ ਵੀ ਬਡ਼ੀ ਨਿਸੰਗਤਾ ਨਾਲ ਪਰਦਾ ਚੁੱਕਦਾ ਹੈ । ਅਤੇ ਉਹਨਾਂ ਦੇ ਮਹਾਨ ਗੁਣਾਂ ਦੀ ਉਸਤਤ ਕਰਦਾ ਹੈ। ਇਸ ਸੰਬੰਧ ਵਿਚ ਹੋਮਰ ਬਾਰੇ ਉਸ ਦੀਆਂ ਟਿੱਪਣੀਆਂ ਦਾ ਉਦਾਹਰਣ ਬਹੁਤ ਕਲਾਮਈ ਹੈ।ਗਿਬਨ ਇਸ ਚਰਚਾ ਵਾਲੇ ਭਾਗ ਨੂੰ "ਪ੍ਰਾਚੀਨ ਯੁੱਗ ਦਾ ਅਤਿਅੰਤ ਸੁੰਦਰ ਸਮਾਰਕ ਥੰਮ "ਕਹਿੰਦਾ ਹੈ।ਇੱਥੇ ਲੋਨਜਾਈਨਸ ਆਪਣੀ ਭਾਵ-ਅਭਿਵਿਅਕਤੀ ਅਜਿਹੀ ਕੁਸ਼ਲਤਾ ਨਾਲ ਕਰਦਾ ਹੈ ਕਿ ਉਹ ਵਿਚਾਰ ਪਾਠਕਾਂ ਤੱਕ ਆਸਾਨੀ ਨਾਲ ਪਹੁੰਚ ਜਾਂਦੇ ਹਨ।ਆਲੋਚਨਾ ਦੇ ਇਸ ਖੇਤਰ ਵਿਚ ਲੋਨਜਾਈਨਸ ਇਕ ਮੋਢੀ ਦਾ ਦਰਜਾ ਰੱਖਦਾ ਹੈ। ਭਾਵੇਂ ਡਾਇਨੀਸਿਅਸ  ਨੇ ਉਸ ਤੋਂ ਪਹਿਲਾਂ ਇਸ ਖੇਤਰ ਵਿਚ ਪ੍ਰਵੇਸ਼ ਕੀਤਾ ਸੀ ,ਪਰ ਉਸ ਦੇ ਯਤਨ ਤਕਨੀਕੀ  ਨੁਕਤਿਆਂ ਤਕ ਹੀ ਸੀਮਤ ਰਹਿ ਗਏ ਸਨ।ਕਈ ਪੱਖਾਂ ਤੋਂ ਲੋਨਜਾਈਨਸ ਦਾ ਦਰਜਾ ਇਕ ਉੱਚੇ ਨਿਆਂਸ਼ੀਲ ਆਲੋਚਨਾ ਦਾ ਹੈ, ਜੋ ਤਿੰਨ ਵੱਖੋ ਵੱਖਰੇ  ਸਾਹਿਤਾਂ  ਬਾਰੇ ਆਪਣੇ ਨਿਰਣੇ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ।ਉਸ  ਨੇ ਸਾਹਿਤ ਦੇ ਅਧਾਰ ਤੱਤਾਂ ਨਾਲ ਪਾਠਕਾਂ ਦੀ ਅਤੀ ਨੇਡ਼ੇ ਦੀ ਸਾਂਝ ਪਵਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਵਿਚਾਰਧਾਰਕ ਦਿ੍ਸ਼ਟੀ ਤੋਂ ਲੋਨਜਾਈਨਸ ਆਪਣੇ ਪ੍ਰਵਿਰਤੀ ਲੇਖਕਾਂ ਤੇ ਚਿੰਤਕਾਂ ਦਾ ਰਿਣੀ ਹੈ। ਵਿਚਾਰਾਧੀਨ ਰਚਨਾ ਵਿਚ ਅਭਿਵਿਅਕਤੀ ਕੀਤੇ ਗਏ ਸਾਰੇ ਵਿਚਾਰ ਨਵੇਂ ਨਹੀਂ ,ਪਰ ਲੋਨਜਾਈਨਸ ਨੇ ਇਹਨਾਂ ਵਿਚਾਰਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ,ਆਲੋਚਨਾਤਮਕ ਨਿਰਣਿਆਂ ਤੇ ਪਹੁੰਚਣ ਲਈ ਨਵੀਂ ਵਿਧੀ ਅਪਣਾਈ ,ਸੈ਼ਲੀ ਦੇ ਮੂਲ ਤੱਤਾਂ ਬਾਰੇ ਬਿਲਕੁਲ ਨਵੇਂ ਤੇ ਮੌਲਿਕ ਪ੍ਰਤਿਮਾਨ ਸਥਾਪਤ ਕੀਤੇ ਅਤੇ ਆਉਣ ਵਾਲੇ ਉੱਤਰਵਰਤੀ ਲੇਖਕਾਂ ਤੇ ਵਕਤਿਆਂ ਦਾ   ਮਾਰਗ ਦਰਸ਼ਨ ਕੀਤਾ ।ਵਿਸ਼ਾਲ ਦਿ੍ਸ਼ਟੀ ਨਾਲ ਦੇਖਿਆਂ ਸਾਹਿਤ ਬਾਰੇ ਵੀ ਉਸਦੇ ਵਿਚਾਰ ਮੌਲਿਕ ਤੇ ਸ੍ਰੇਸ਼ਟ ਹਨ। ਵਿਸ਼ੇ ਦੀ ਤਹਿ ਤਕ ਪਹੁੰਚਣ ਵਾਲੀ ਆਪਣੀ ਦਿੱਬ ਦਿਸ਼ਟੀ ਨਾਲ ਉਹ ਸਾਹਿਤ ਕਲਾ ਦੀ ਪ੍ਰਕਿਰਤੀ ਤੇ ਮੂਲ ਕਰਤੱਵ ਬਾਰੇ ਨਿਰੋਲ ਮੌਲਿਕ ਵਿਚਾਰ ਪੇਸ਼ ਕਰਦਾ ਹੈ। ਉਸ ਦੀ ਦਿ੍ਸ਼ਟੀ ਵਿਚ ਕੋਈ ਲੇਖਕ ਇਸ ਲਈ ਮਹਾਨ ਨਹੀਂ ਕਿ ਕਲਾ ਦੀ ਤਕਨੀਕ ਉੱਤੇ ਉਸ ਦਾ ਅਧਿਕਾਰ ਹੈ,ਸਗੋਂ ਉਹ ਆਪਣੀ ਅਮੀਰ ਕਲਪਨਾ ,ਆਵੇਗ ਦੀ ਵੇਗਸ਼ੀਲਤਾ , ਪ੍ਰਬਲਤਾਂ ਅਤੇ ਇਹਨਾਂ ਦਾ ਦੂਜਿਆਂ ਤਕ ਸੰਚਾਰ ਕਰਨ ਦੀ ਸ਼ਕਤੀ ਕਰਕੇ ਮਹਾਨ ਹੈ। ਇਹ ਗੱਲ ਲੋਨਜਾਈਨਸ ਤੋਂ ਪਹਿਲਾਂ ਹੋਰ ਕਿਸੇ ਚਿੰਤਕ ਨੇ ਨਹੀਂ ਆਖੀ। ਉਹ ਇਕ ਥਾਂ ਉੱਤੇ ਭਾਵ ਤੇ ਅਭਿਵਿਅਕਤੀ ਵਿਚਲੇ ਪ੍ਰਾਣਧਾਰੀ ਤੇ ਲਾਜ਼ਮੀ ਸੰਬੰਧ ਵਲ ਵੀ ਸੰਕੇਤ ਕਰਦਾ   ਹੈ। ਸੋ ਇਤਨਾ ਤਾਂ ਸਪੱਸ਼ਟ ਹੈ ਕਿ ਲੋਨਜਾਈਨਸ ਇਕ ਮਹਾਨ ਮੌਲਿਕ ਆਲੋਚਕ ਹੈ।ਜਿਸ ਨੇ ਕਲਾਤਮਕ ਸੱਚ ਦਾ ਨਿਰੀਖਣ ਕਰਦਿਆਂ ਹੋਇਆਂ ਲੋਕਾਂ ਨੂੰ ਸਾਹਿਤ ਦੇ ਨਵੇਂ  ਪੱਖਾਂ ਬਾਰੇ ਸੋਚਣ ਲਈ ਪ੍ਰੇਰਨਾ ਦਿੱਤੀ ਹੈ। ਆਲੋਚਨਾ ਇਤਿਹਾਸ ਵਿਚ ਉਸ ਦੇ ਸਥਾਨ ਬਾਰੇ ਐਟਕਿਨਜ਼ ਦੇ ਇਹ ਸ਼ਬਦ ਬਹੁਰ ਸਾਰਥਕਤਾ ਰੱਖਦੇ ਹਨ:

    "As for the place he occupies in the critical development this much at least is obvious , that in an age of confused standards he advocated in unique fashion a return to the ideals of Green classical art, Longinus alone success deed in recapturing the spirit of the ancient art. this must be rewarded as his great achievement that with a clear perception of the influence of the changing conditions ,he still maintained the permanent validity of those principles where literature was concerned."[2]

ਸਕਾਟ-ਜੇਮਜ਼ ਨੇ ਜਿਥੇ ਉਸ ਨੂੰ ਪਹਿਲਾਂ ਸਵਛੰਦਤਾਵਾਦੀ ਆਲੋਚਕ ਕਿਹਾ ਹੈ,ਉਥੇ ਐਟਕਿਨਜ਼ ਉਸ ਨੂੰ ਅੰਤਿਮ ਕਲਾਸੀਕਲ ਆਲੋਚਕਾ ਦੀ ਪਰੰਪਰਾ ਵਿੱਚ ਸਥਾਨ ਦਿੰਦਾ ਹੈ। ਸਾਡੇ ਮਤ ਵਿਚ ਸਕਾਟ ਜੇਮਜ਼ ਦਾ ਦ੍ਰਿਸ਼ਟੀਕੋਣ ਵਧੇਰੇ ਠੀਕ ਹੈ। ਯੂਨਾਨੀ  ਰੋਮੀ ਸਾਸਤ੍ਰਾਚਾਰੀਆਂ ਵਿਚ ਅਰਸਤੂ ਤੋਂ ਮਗਰੋਂ ਲੋਨਜਾਈਨਸ ਦਾ ਹੀ ਨਾਮ ਆਉਂਦਾ ਹੈ। ਅਰਸਤੂ ਦੀ ਤੁਲਨਾ ਵਿਚ ਉਸ ਦੀ ਰਚਨਾ ਵਿਚ ਪੇਸ਼ ਕੀਤਾ ਗਿਆ ਸਿਧਾਂਤ ਭਾਵੇਂ ਅਪੂਰਣ ਤੇ ਇਕਾਂਗੀ ਹੈ,ਪਰ ਫਿਰ ਵੀ ਉਸ ਨੇ ਆਲੋਚਨਾ ਨੂੰ ਜੋ ਨਵੀਂ ਸੇਧ ਦਿੱਤੀ ਅਤੇ ਕਵਿਤਾ ਦੇ ਆਤਮਕ ਤੱਤਾਂ ਨੂੰ ਉਭਾਰਿਆ , ਇਸ ,ਦਿ੍ਸ਼ਟੀ ਤੋਂ ਉਸ ਦਾ ਸਥਾਨ ਸਭ ਤੋਂ ਵਿਲੱਖਣ ਅਤੇ ਯੋਗਦਾਨ ਅਤਿਅੰਤ ਮਹੱਤਵਪੂਰਣ ਹੈ।ਪ੍ਰਾਚੀਨ ਗ੍ਰੈਕੋ-ਰੋਮਨ ਕਾਵਿ ਸ਼ਾਸਤਰੀਆਂ ਵਿਚ ਲੋਨਜਾਈਨਸ ਦਾ ਜਸ ਅਮਰ ਹੈ।[3]

ਹਵਾਲੇ[ਸੋਧੋ]

  1. ਸੇਖੋਂ, ਰਾਜਿੰਦਰ ਸਿੰਘ (2018). ਆਲੋਚਨਾ ਅਤੇ ਪੰਜਾਬੀ ਆਲੋਚਨਾ. ਲਾਹੌਰ ਬੁੱਕਸ ਲੁਧਿਆਣਾ. p. 89. ISBN 817647131. {{cite book}}: Check |isbn= value: length (help)
  2. Atkins, J.W.H. Literary Criticism in Antiquity. p. 239.
  3. ਅਰਸ਼ੀ, ਗੁਰਚਰਨ ਸਿੰਘ (1996). ਪੱਛਮੀ ਕਾਵਿ-ਸ਼ਾਸਤਰ. ਆਰਸੀ ਪਬਲਿਸ਼ਰਜ਼, ਦਿੱਲੀ. p. 95.