ਲੌਂਗ (ਗਹਿਣਾ)
ਲੌਂਗ ਇੱਕ ਗਹਿਣਾ ਹੈ ਜੋ ਔਰਤਾਂ ਨੱਕ ਵਿੱਚ ਪਾਉਂਦੀਆਂ ਹਨ। ਇਸਨੂੰ ਪਹਿਨਣ ਤੋਂ ਪਹਿਲਾਂ ਨੱਕ ਦੇ ਨਥਨੇ ਵਿੱਚ ਸੁਰਾਖ਼ ਕੀਤਾ ਜਾਂਦਾ ਹੈ।[1]
ਬਹੁਤ ਸਾਰੀਆਂ ਔਰਤਾਂ ਆਪਣੇ ਆਪ ਨੂੰ ਸ਼ਿੰਗਾਰਨ ਲਈ ਨੱਕ ਵਿੱਚ ਲੌਂਗ ਤੋਂ ਬਿਨਾਂ ਕੋਕਾ, ਮੁਰਕੀ ਅਤੇ ਮੱਛਲੀ ਵਰਗੇ ਹੋਰ ਸਾਜ਼ ਵੀ ਪਾਉਦੀਆਂ ਹਨ।
ਲੌਂਗ ਦੇ ਫਲ ਦੀ ਸ਼ਕਲ ਦੇ ਨੱਕ ਵਿਚ ਪਾਉਣ ਵਾਲੇ ਸੋਨੇ ਦੇ ਗਹਿਣੇ ਨੂੰ ਲੌਂਗ ਕਹਿੰਦੇ ਹਨ। ਲੌਂਗ ਇਕ ਰੁੱਖ ਦਾ ਫਲ ਹੈ ਜੋ ਗਰਮ ਮਸਾਲਾ ਤਿਆਰ ਕਰਨ ਵਾਲੀਆਂ ਵਸਤਾਂ ਵਿਚੋਂ ਇਕ ਵਸਤ ਹੈ। ਇਸਤਰੀਆਂ ਦੇ ਗਹਿਣਿਆਂ ਵਿਚੋਂ ਲੌਂਗ ਛੋਟੇ ਗਹਿਣਿਆਂ ਵਿਚੋਂ ਇਕ ਗਹਿਣਾ ਹੈ। ਇਹ ਵਿੰਨ੍ਹੇ ਹੋਏ ਨੱਕ ਦੇ ਛੇਕ ਵਿਚ ਪਾਇਆ ਜਾਂਦਾ ਹੈ। ਲੌਂਗ ਦਾ ਜੋ ਹਿੱਸਾ ਨੱਕ ਤੋਂ ਬਾਹਰ ਹੁੰਦਾ ਹੈ, ਉਹ ਲੌਂਗ ਦੀ ਸ਼ਕਲ ਦਾ ਹੁੰਦਾ ਹੈ। ਲੌਂਗ ਦਾ ਜੋ ਹਿੱਸਾ ਨੱਕ ਦੇ ਅੰਦਰ ਹੁੰਦਾ ਹੈ, ਉਹ ਬਿਨਾਂ ਟੋਪੀ ਵਾਲੀ ਮੇਖ ਵਰਗਾ ਹੁੰਦਾ ਹੈ। ਇਸ ਹਿੱਸੇ ਉੱਪਰ ਕੋਕਲੀ ਪਾਈ ਹੁੰਦੀ ਹੈ | ਹੁਣ ਲੌਂਗ ਬਹੁਤ ਹੀ ਘੱਟ ਮੁਟਿਆਰਾਂ ਪਾਉਂਦੀਆਂ ਹਨ।
ਕਹਿੰਦੇ ਹਨ, ਲੌਂਗ ਦੇ ਲਿਸ਼ਕਾਰੇ ਵਿਚ ਅਜੇਹੀ ਸ਼ਕਤੀ ਸੀ ਜਿਹੜੀ ਹਾਲੀਆ ਨੂੰ ਹਲ ਛੱਡਣ ਲਈ ਮਜਬੂਰ ਕਰ ਦਿੰਦੀ ਸੀ-
ਤੇਰੇ ਲੌਂਗ ਦਾ ਪਿਆ ਲਿਸ਼ਕਾਰਾ
ਹਾਲੀਆਂ ਨੇ ਹੱਲ ਛੱਡ ਤੇ ਲੋਟਣ[2]
ਪੰਜਾਬੀ ਲੋਕਧਾਰਾ ਵਿੱਚ
[ਸੋਧੋ]ਪੰਜਾਬੀ ਲੋਕ ਗੀਤਾਂ ਅਤੇ ਬੋਲੀਆਂ ਵਿੱਚ ਇਸ ਦਾ ਖਾਸ਼ ਮਹੱਤਵ ਹੈ। ਕੁਝ ਉਦਾਹਰਨਾਂ ਪੇਸ਼ ਹਨ:
"ਛਾਪੇ ਛਾਪੇ ਛਾਪੇ,
ਲੌਂਗ ਕਰਾਂ ਮਿੱਤਰਾਂ,
ਮੱਛਲੀ ਪਾਉਣਗੇ ਮਾਪੇ,
ਲੌਂਗ ਕਰਾਂ ........"
"ਤੇਰੇ ਲੌਂਗ ਦਾ ਪਿਆ ਲਿਸ਼ਕਾਰਾ,
ਹਾਲੀਆਂ ਨੇ ਹੱਲ ਡੱਕ ਤੇ।"
"ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ,
ਮੱਥੇ ਚਮਕੇ ਟਿੱਕਾ,
ਨੀ ਤੇਰੇ ਮੂਹਰੇ ਚੰਨ ਅੰਬਰਾਂ ਦਾ,
ਲੱਗਦਾ ਫਿੱਕਾ ਫਿੱਕਾ,
ਹੱਥੀ ਤੇਰੇ ਛਾਪਾਂ ਛੱਲੇ,
ਬਾਹੀੰ ਛੁੜਾ ਛਣਕੇ,
ਨੀ ਫਿਰ ਕਦ ਨੱਚੇਗੀ,
ਨੱਚ ਲੈ ਪਟੋਲਾ ਬਣਕੇ,
ਨੀ ਫਿਰ ਕਦ ........"
ਹਵਾਲੇ
[ਸੋਧੋ]- ↑ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2013). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ - ਜਿਲਦ 8. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 2079. ISBN 81-7116-176-6.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.