ਸਮੱਗਰੀ 'ਤੇ ਜਾਓ

ਵਰ ਟੋਲਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲਾੜੇ ਨੂੰ ਵਰ ਕਹਿੰਦੇ ਹਨ। ਧੀ ਲਈ ਠੀਕ ਮੁੰਡੇ ਦੀ ਭਾਲ ਕਰਨ ਨੂੰ ਵਰ ਟੋਲਣਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਛੋਟੀ ਉਮਰ ਵਿਚ ਹੀ ਵਿਆਹ ਕਰਨ ਦਾ ਰਿਵਾਜ ਸੀ। ਇਸ ਲਈ ਜਦ ਲੜਕੀ 12-13 ਸਾਲ ਦੀ ਹੋ ਜਾਂਦੀ ਸੀ, ਉਸ ਸਮੇਂ ਹੀ ਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਜਾਂਦੀ ਸੀ।ਉਨ੍ਹਾਂ ਸਮਿਆਂ ਵਿਚ ਰਿਸ਼ਤਾ ਕਰਨ ਸਮੇਂ ਲੜਕੀ ਦੀ ਰਾਏ ਨਹੀਂ ਪੁੱਛੀ ਜਾਂਦੀ ਸੀ। ਪਰ ਸਾਡੇ ਲੋਕ ਗੀਤ ਉਨ੍ਹਾਂ ਸਮਿਆਂ ਦੀਆਂ ਲੜਕੀਆਂ ਦੀਆਂ ਇੱਛਾਵਾਂ ਜ਼ਰੂਰ ਦੱਸਦੇ ਹਨ। ਧੀ ਦੀ ਪਹਿਲੀ ਇੱਛਾ ਹਾਣ ਦਾ ਵਰ ਦੀ ਹੁੰਦੀ ਸੀ। ਵਰ ਗੋਰਾ, ਲੰਮਾ-ਲੰਮਾ ਹੋਵੇ। ਘਰ ਪੱਕਾ ਹੋਵੇ। ਬਹੁਤੀਆਂ ਮੱਝਾਂ ਹੋਣ ਤਾਂ ਜੋ ਖਾਣ-ਪੀਣ ਦੀ ਮੌਜ ਰਹੇ। ਸੱਸ-ਸਹੁਰਾ ਸ਼ਰੀਫ ਹੋਣ। ਸੱਸ ਦੇ ਬਹੁਤੇ ਪੁੱਤ ਹੋਣ ਤਾਂ ਜੋ ਘਰ ਵਿਚ ਵਿਆਹਾਂ ਦੀ ਰੌਣਕ ਲੱਗੀ ਰਹੇ। ਰਿਸ਼ਤਾ ਕੀਤਾ ਵੀ ਨੇੜੇ ਜਾਵੇ ਤਾਂ ਜੋ ਆਉਣ ਜਾਣ ਦੀ ਸੌਖ ਰਹੇ। ਜੰਗਲ ਦੇ ਇਲਾਕੇ ਦਾ ਵਰ ਨਾ ਭਾਲਿਆ ਜਾਵੇ ਕਿਉਂ ਜੋ ਉਨ੍ਹਾਂ ਸਮਿਆਂ ਵਿਚ ਜੰਗਲ ਦੇ ਇਲਾਕੇ ਵਿਚ ਪਾਣੀ ਦੀ ਬਹੁਤ ਥੁੜ/ਤੋਟ ਸੀ। ਵਿਆਹ ਤੋਂ ਕਈ ਸਾਲਾਂ ਪਿੱਛੋਂ ਮੁੰਡੇ/ਕੁੜੀ ਦੇ ਜੁਆਨ ਹੋਣ ਤੇ ਮੁਕਲਾਵਾ ਦਿੱਤਾ ਜਾਂਦਾ ਸੀ।

ਪਹਿਲੇ ਸਮਿਆਂ ਵਿਚ ਲੜਕੀ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ ਪਰ ਕਢਾਈ, ਬੁਣਾਈ, ਸਿਲਾਈ ਤੇ ਘਰ ਦੇ ਕੰਮਾਂ ਵਿਚ ਮਾਹਰ ਕੀਤਾ ਜਾਂਦਾ ਸੀ।ਅੱਜ ਲੜਕੀਆਂ ਨੂੰ ਪੜ੍ਹਾਇਆ ਜਾਂਦਾ ਹੈ। ਇਸ ਲਈ ਲੜਕੀਆਂ ਦਾ ਵਿਆਹ ਹੁਣ ਜੁਆਨੀ ਵਿਚ ਕੀਤਾ ਜਾਂਦਾ ਹੈ। ਹੁਣ ਲੜਕੀ ਨਾ ਤਾਂ ਬਹੁਤੀਆਂ ਮੱਝਾਂ ਵਾਲੇ ਘਰ ਭਾਲਦੀ ਹੈ ਅਤੇ ਨਾ ਹੀ ਸੱਸ ਦੇ ਬਹੁਤੇ ਪੁੱਤ ਵਾਲਾ ਘਰ ਭਾਲਦੀ ਹੈ ਕਿਉਂ ਜੋ ਉਹ ਬਹੁਤਾ ਕੰਮ ਕਰ ਕੇ ਰਾਜ਼ੀ ਨਹੀਂ ਹੈ। ਹੁਣ ਦੀ ਲੜਕੀ ਆਪਣਾ ਵਰ ਹਾਣ ਦਾ, ਗੋਰਾ ਚਿੱਟਾ, ਚੰਗੇ ਕੱਦ-ਕਾਠ ਵਾਲਾ, ਪੈਸੇ ਵਾਲਾ, ਕੋਠੀ ਵਾਲਾ ਤੇ ਰੁਜ਼ਗਾਰ ਤੇ ਲੱਗਿਆ ਭਾਲਦੀ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.