ਵਿਕੀਪੀਡੀਆ:ਚੁਣਿਆ ਹੋਇਆ ਲੇਖ/13 ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਅੰਮ੍ਰਿਤਸਰ, ਪੰਜਾਬ, ਭਾਰਤ ਵਿੱਚ ਹਰਿਮੰਦਰ ਸਾਹਿਬ ਦੇ ਨਜਦੀਕ ਜਲਿਆਂਵਾਲਾ ਬਾਗ ਵਿੱਚ 13 ਅਪ੍ਰੈਲ 1919 ਨੂੰ (ਵਿਸਾਖੀ ਦੇ ਦਿਨ) ਹੋਇਆ ਸੀ। ਉਥੇ ਰੌਲਟ ਐਕਟ ਦਾ ਵਿਰੋਧ ਕਰਨ ਲਈ ਇੱਕ ਸਭਾ ਹੋ ਰਹੀ ਸੀ ਜਿਸ ਵਿੱਚ ਮੌਜੂਦ ਭੀੜ ਉੱਤੇ ਜਨਰਲ ਰੇਜੀਨਾਲਡ ਡਾਇਰ ਨਾਮਕ ਇੱਕ ਅੰਗਰੇਜ਼ ਅਧਿਕਾਰੀ ਨੇ ਅਕਾਰਨ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਸੀ। 13 ਅਪ੍ਰੈਲ 1919 ਐਤਵਾਰ ਦੇ ਦਿਨ ਅਮ੍ਰਿਤਸਰ ਦੇ ਨਾਗਰਿਕ ਸ਼ਾਮ ਦੇ 4 ਵਜੇ ਆਪਣੇ ਨੇਤਾਵਾਂ ਡਾਕਟਰ ਸੈਫੁੱਦੀਨ ਕਿਚਲੂ ਅਤੇ ਡਾਕਟਰ ਸਤਿਆਪਾਲ ਦੀ ਗਿਰਫਤਾਰੀ ਦੇ ਵਿਰੋਧ ਲਈ ਜਲ੍ਹਿਆਂਵਾਲਾ ਬਾਗ਼ ਵਿੱਚ ਇਕੱਤਰ ਹੋਏ। ਜਨਰਲ ਡਾਇਰ ਨੇ ਕਿਸੇ ਵੱਡੀ ਬਗਾਵਤ ਨੂੰ ਭਾਂਪਦਿਆਂ ਨੇ ਸਭਾ ਜਲਸਿਆਂ ਉੱਤੇ ਤਿੰਨ ਦਿਨ ਪਹਿਲਾਂ ਰੋਕ ਲਗਾ ਦਿੱਤਾ ਸੀ। ਇਹ ਬਾਗ ਦੋ ਸੌ ਗਜ ਲੰਮਾ ਅਤੇ ਇੱਕ ਸੌ ਗਜ ਚੌੜਾ ਸੀ। ਉਸਦੇ ਚਾਰੇ ਪਾਸੇ ਦੀਵਾਰ ਸੀ ਅਤੇ ਦੀਵਾਰ ਦੇ ਨਾਲ ਹੀ ਘਰ ਸਨ। ਬਾਹਰ ਨਿਕਲਣ ਲਈ ਇੱਕ ਛੋਟਾ ਜਿਹਾ ਤੰਗ ਰਸਤਾ ਸੀ। ਸਾਰਾ ਬਾਗ ਖਚਾ ਖਚ ਭਰਿਆ ਹੋਇਆ ਸੀ। ਇਸ ਸਮੇਂ ਜਨਰਲ ਡਾਇਰ ਨੇ 50 ਗੋਰਖਾ ਸੈਨਿਕਾਂ ਨੂੰ ਲੈ ਕੇ ਜਲ੍ਹਿਆਂਵਾਲਾ ਬਾਗ਼ ਨੂੰ ਘੇਰ ਲਿਆ ਅਤੇ ਮਸ਼ੀਨਗੰਨਾਂ ਨਾਲ ਅੰਧਾਧੁੰਦ ਗੋਲੀਬਾਰੀ ਕਰ ਦਿੱਤੀ। ਲੱਗਪਗ 10 ਮਿੰਟ ਤੱਕ ਗੋਲੀਬਾਰੀ ਜਾਰੀ ਰਹੀ। ਉਦੋਂ ਬੰਦ ਹੋਈ ਜਦੋਂ ਬਾਰੂਦ ਮੁੱਕ ਗਿਆ। ਡਾਇਰ ਅਨੁਸਾਰ 1,650 ਗੋਲੀਆਂ ਚਲੀਆਂ ਗਈਆਂ। ਇਹ ਗਿਣਤੀ ਸੈਨਿਕਾਂ ਦੇ ਘਟਨਾ ਸਥਾਨ ਤੋਂ ਚੁਗੇ ਖੋਖਿਆਂ ਉੱਤੇ ਅਧਾਰਿਤ ਲੱਗਦੀ ਹੈ। ਸਰਕਾਰੀ ਸਰੋਤਾਂ ਅਨੁਸਾਰ 379 ਲਾਸਾਂ ਅਤੇ 1,100 ਜਖਮੀਆਂ ਦੀ ਪਛਾਣ ਕੀਤੀ ਗਈ। ਭਾਰਤੀ ਰਾਸ਼ਟਰੀ ਕਾਂਗਰਸ ਅਨੁਸਾਰ ਪੀੜਤਾਂ ਦੀ ਗਿਣਤੀ 1,500 ਤੋਂ ਵਧ ਅਤੇ ਮਰਨ ਵਾਲੇ ਲੱਗਪਗ 1,000 ਸਨ। ਸ. ਊਧਮ ਸਿੰਘ ਉਸ ਤੋਂ ਬਦਲਾ ਲੈਣ ਦੇ ਮਕਸਦ ਨਾਲ ਸੰਨ 1933 ਵਿੱਚ ਲੰਡਨ ਪਹੁੰਚ ਗਿਆ ਸੀ। 16 ਮਾਰਚ 1940: ਨੂੰ ਇੰਡੀਆ ਹਾਊਸ ਵਿੱਚ ਜਲਸਾ ਹੋ ਰਿਹਾ ਸੀ।ਪੰਜਾਬ ਦੀ ਧਰਤੀ ਦੇ ਵੀਰ ਸਪੂਤ ਸ. ਊਧਮ ਸਿੰਘ ਨੇ ਠਾਹ-ਠਾਹ ਕਰਦੀਆਂ ਤਿੰਨ ਗੋਲੀਆਂ ਉਸ ਦੀ ਛਾਤੀ ਵਿੱਚ ਦਾਗ ਦਿੱਤੀਆਂ ਅਤੇ ਉਸ ਨੇ 21 ਸਾਲ ਬਾਅਦ ਬੇਕਸੂਰੇ ਪੰਜਾਬੀਆਂ ਦੇ ਖੂਨ ਅਤੇ ਬੇਇੱਜਤੀ ਦਾ ਬਦਲਾ ਲੈ ਕੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦਿੱਤੀ।