ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/18 ਅਗਸਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁਭਾਸ਼ ਚੰਦਰ ਬੋਸ ਆਜ਼ਾਦ ਹਿੰਦ ਫ਼ੌਜ ਦੇ ਬਾਨੀ ਸਨ। ਉਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੇ ਹੁੰਦਿਆਂ ਹੀ ਭਾਰਤ ਦੀ ਧਰਤੀ ਉਪਰ ਆਜ਼ਾਦ ਭਾਰਤ ਦਾ ਝੰਡਾ ਲਹਿਰਾ ਦਿੱਤਾ। ਅਪ੍ਰੈਲ 1919 ਦੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੇ ਸਾਰੇ ਪਾਸੇ ਤਰਥੱਲ ਮਚਾ ਦਿੱਤੀ। ਨੇਤਾ ਜੀ 1921 ਵਿਚ ਕਾਂਗਰਸ ਦੇ ਨੇਤਾ ਬਣ ਗਏ। 1921 ਵਿਚ ਇੰਗਲੈਂਡ ਦੇ ਬਾਦਸ਼ਾਹ ਦਾ ਸ਼ਹਿਜ਼ਾਦਾ ਭਾਰਤ ਆਇਆ। ਨੇਤਾ ਜੀ ਦੀ ਜ਼ਿੰਮੇਵਾਰੀ ਲਾਈ ਗਈ ਕਿ ਜਦ ਪ੍ਰਿਸ ਆਫ ਵੇਲਜ਼ ਕਲਕੱਤੇ ਆਵੇ ਤਾਂ ਸ਼ਹਿਰ ਵਿਚ ਹੜਤਾਲ ਕਰਾਈ ਜਾਵੇ। ਹੜਤਾਲ ਮੁਕੰਮਲ ਤੌਰ 'ਤੇ ਹੋਈ। ਸੁਭਾਸ਼ ਚੰਦਰ ਬੋਸ ਅਤੇ ਹੋਰ ਆਗੂਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਤੇ ਅੱਠਾਂ ਮਹੀਨਿਆਂ ਬਾਅਦ ਛੱਡ ਦਿੱਤਾ ਗਿਆ। 1929 ਵਿਚ ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ ਅਤੇ 1930 ਵਿਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਬਣੇ। 1938 ਵਿਚ 51ਵੇਂ ਇਜਲਾਸ ਦੇ ਪ੍ਰਧਾਨ ਚੁਣੇ ਗਏ। 16 ਜਨਵਰੀ, 1941 ਦੀ ਰਾਤ ਨੂੰ ਭੇਸ ਬਦਲ ਕੇ ਜਰਮਨੀ ਗਏ। ਨੇਤਾ ਜੀ ਨੇ ਭਾਰਤ ਆਜ਼ਾਦ ਕਰਾਉਣ ਲਈ ਆਜ਼ਾਦ ਹਿੰਦ ਫ਼ੌਜ ਦਾ ਪੁਨਰਗਠਨ ਕੀਤਾ ਤੇ 21 ਅਕਤੂਬਰ 1943 ਨੂੰ ਆਜ਼ਾਦ ਹਿੰਦ ਫ਼ੌਜ ਨੂੰ ਆਰਜ਼ੀ ਹਕੂਮਤ ਦਾ ਐਲਾਨ ਦਿੱਤਾ। ਆਜ਼ਾਦ ਹਿੰਦ ਫ਼ੌਜ ਦਾ ਨਾਅਰਾ ਸੀ 'ਦਿੱਲੀ ਚਲੋ'। 30 ਦਸੰਬਰ, 1943 ਨੂੰ ਨੇਤਾ ਜੀ ਨੇ ਇਨ੍ਹਾਂ ਦਿਨਾਂ ਵਿਚ ਸੁਤੰਤਰ ਭਾਰਤ ਦਾ ਝੰਡਾ ਝੁਲਾ ਦਿੱਤਾ।