ਵਿਕੀਪੀਡੀਆ:ਚੁਣਿਆ ਹੋਇਆ ਲੇਖ/18 ਨਵੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਮਦਮਾ ਸਾਹਿਬ ਜਾਂ ਤਲਵੰਡੀ ਸਾਬੋ ਪਿੰਡ ਸਾਬੋਕੀ ਤਲਵੰਡੀ ਪਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ, ਜਿਸ ਨੂੰ ਸਿਖਾਂ ਦੀ ਕਾਸ਼ੀ ਕਿਹਾ ਜਾਂਦਾ ਹੈ। ਪ੍ਰਸਿੱਧ ਇਤਿਹਾਸਕ ਨਗਰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ ਤਕਰੀਬਨ 28 ਕਿਲੋਮੀਟਰ ਦੂਰ ਦੱਖਣ ਵੱਲ ਸਥਿਤ ਹੈ। ਜਦ 18ਵੀਂ ਸਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ‘ਤੇ ਆਏ ਤਾਂ ਇੱਥੋਂ ਦੀ ਚੌਧਰ ਸਲੇਮ ਚੌਧਰੀ ਦੇ ਪੁੱਤਰ ਰਾਏ ਡੱਲੇ ਕੋਲ ਸੀ। ਗੁਰੂ ਜੀ ਜਦੋਂ ਮੁਕਤਸਰ ਦੀ ਆਖ਼ਰੀ ਲੜਾਈ ਤੋਂ ਬਾਅਦ ਤਲਵੰਡੀ ਸਾਬੋ ਨੂੰ ਆ ਰਹੇ ਸਨ ਤਾਂ ਭਾਈ ਡੱਲੇ ਨੂੰ ਪਤਾ ਲੱਗਾ। ਉਨ੍ਹਾਂ ਚਾਰ ਸੌ ਵਿਅਕਤੀਆਂ ਨੂੰ ਨਾਲ ਲੈ ਕੇ ਸੱਤ ਕੋਹ ਅੱਗੇ ਜਾ ਕੇ ਮੌਜੂਦਾ ਪਿੰਡ ਬੰਗੀ ਨਿਹਾਲ ਸਿੰਘ ਕੋਲ ਪਹੁੰਚ ਕੇ ਗੁਰੂ ਜੀ ਦਾ ਸਵਾਗਤ ਕੀਤਾ ਜਿੱਥੇ ਹੁਣ ਯਾਦਗਾਰ ਬਣੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਪਹੁੰਚ ਕੇ ਇੱਕ ਉੱਚੇ ਟਿੱਬੇ ‘ਤੇ ਬੈਠ ਕੇ ਦਮ ਲਿਆ। ਉਨ੍ਹਾਂ ਆਪਣਾ ਜੰਗੀ ਕਮਰਕਸਾ ਖੋਲ੍ਹਦਿਆਂ ਕਿਹਾ ਕਿ ਇਹ ਤਾਂ ਆਪਣਾ ਆਨੰਦਪੁਰ ਸਾਹਿਬ ਵਾਲਾ ਦਮਦਮਾ ਹੈ। ਜਿਸ ਕਰਕੇ ਇਸ ਨਗਰ ਦੇ ਨਾਲ ਸ੍ਰੀ ਦਮਦਮਾ ਸਾਹਿਬ ਜੁੜਿਆ ਹੈ। ਗੁਰੂ ਜੀ ਇੱਥੇ ਇੱਕ ਸਾਲ ਦੇ ਕਰੀਬ ਰਹੇ ਅਤੇ ਇਹ ਸਮਾਂ ਉਨ੍ਹਾਂ ਦਾ ਧਰਮ ਪ੍ਰਚਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਚਨਕਾਲ ਸੀ। ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਕਿਤ ਕਰਕੇ ਭਾਈ ਮਨੀ ਸਿੰਘ ਤੋਂ ਨਵੀਂ ਬੀੜ ਲਿਖਵਾ ਕੇ ਸੰਪੂਰਨ ਕਰਵਾਈ। ਇਸ ਦੇ ਹੋਰ ਉਤਾਰੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਤੋਂ ਕਰਵਾਏ ਗਏ। ਬੀੜ ਸੰਪੂਰਨ ਹੋਣ ਉਪਰੰਤ ਬਚੀ ਸਿਆਹੀ ਅਤੇ ਕਲਮਾਂ ਨੇੜੇ ਹੀ ਇੱਕ ਕੱਚੀ ਛੱਪੜੀ ਵਿੱਚ ਪਾਉਂਦਿਆਂ ਇਸ ਅਸਥਾਨ ਨੂੰ ਵਿਦਿਆ ਦਾ ਕੇਂਦਰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ। ਪ੍ਰੰਪਰਾ ਅਨੁਸਾਰ ਅੱਜ ਵੀ ਇੱਥੇ ਆਉਂਦੀਆ ਸੰਗਤਾਂ ਗੁਰਮੁਖੀ ਦੇ ਪੈਂਤੀ ਅੱਖਰ ਲਿਖ ਕੇ ਵਿਦਿਆ ਪ੍ਰਾਪਤੀ ਲਈ ਅਰਦਾਸ ਕਰਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪ੍ਰਾਪਤ ਕਰਨ ਵਾਲੇ ਪਹਿਲੇ 48 ਸਿੰੰਘਾਂ ਨੂੰ ਗੁਰੂ ਜੀ ਨੇ ਬ੍ਰਹਮ ਗਿਆਨੀ ਦਾ ਖ਼ਿਤਾਬ ਦਿੱਤਾ। ਇਹ ਬੀੜ ਬਾਅਦ ਵਿੱਚ ਹਜ਼ੂਰੀ ਜਾਂ ਦਮਦਮੀ ਬੀੜ ਵਜੋਂ ਮਸ਼ਹੂਰ ਹੋਈ। ਇਸੇ ਬੀੜ ਨੂੰ ਹੀ ਗੁਰੂ ਜੀ ਨੇ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਗੁਰਗੱਦੀ ਦਿੰਦਿਆਂ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਦਾ ਮਿਲਾਪ ਵੀ ਇਸ ਅਸਥਾਨ ‘ਤੇ ਹੀ ਹੋਇਆ ਸੀ।