ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/22 ਸਤੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਈ ਸੰਤੋਖ ਸਿੰਘ

ਭਾਈ ਸੰਤੋਖ ਸਿੰਘ ਮਹਾਂਕਵੀ ਸੰਸਕ੍ਰਿਤ ਦੇ ਪੰਡਤ, ਬ੍ਰਜ ਭਾਸ਼ਾ ਦੇ ਨਿਪੁੰਨ ਅਤੇ ਵਡ-ਆਕਾਰੀ ਕਵੀ ਅਤੇ ਪੰਜਾਬੀ ਸੰਵੇਦਨਾ ਦੇ ਗੂੜ੍ਹ-ਗਿਆਤਾ ਸਨ। ਆਪ ਦਾ ਜਨਮ ਪਿੰਡ ਸਰਾਏ ਨੂਰਦੀ, ਜ਼ਿਲ੍ਹਾ ਅੰਮ੍ਰਿਤਸਰ ਵਿੱਚ 22 ਸਤੰਬਰ 1788 ਨੂੰ ਭਾਈ ਦੇਸਾ ਸਿੰਘ ਦੇ ਘਰ ਮਾਤਾ ਰਾਜਦੇਈ ਦੀ ਕੁੱਖੋਂ ਹੋਇਆ। ਭਾਈ ਸੰਤੋਖ ਸਿੰਘ ਦੇ ਪਿਤਾ ਵਿਦਵਾਨ ਪੁਰਸ਼ ਸਨ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਇੱਕ ਚੰਗਾ ਵਿਦਵਾਨ ਬਣੇ। ਭਾਈ ਸਾਹਿਬ ਨੇ ਸੰਸਕ੍ਰਿਤ, ਹਿੰਦੀ, ਪੰਜਾਬੀ, ਕਾਵਿ-ਸ਼ਾਸਤਰ, ਵੇਦਾਂਤ ਅਤੇ ਗੁਰਬਾਣੀ ਆਦਿ ਦਾ ਭਰਪੂਰ ਅਧਿਐਨ ਕੀਤਾ। ਭਾਈ ਸਾਹਿਬ ਗਿਆਨੀ ਸੰਤ ਸਿੰਘ ਨੂੰ ਆਪਣਾ ਅੱਖਰ ਗੁਰੂ ਮੰਨਦੇ ਸਨ। ਉਹ ਵਿੱਦਿਆ ਵਿੱਚ ਬੜੇ ਚਤੁਰ ਅਤੇ ਹੁਸ਼ਿਆਰ ਸਨ। ਆਪ ਮਹਾਰਾਜਾ ਉਦੈ ਸਿੰਘ ਦੇ ਦਰਬਾਰੀ ਕਵੀ ਬਣੇ। ਮਹਾਰਾਜਾ ਪਟਿਆਲਾ ਅਤੇ ਕੈਥਲ ਦੇ ਮਹਾਰਾਜ ਉਦੈ ਸਿੰਘ ਦੀ ਪ੍ਰੇਰਨਾ ਉੱਤੇ ਉਨ੍ਹਾਂ ਸਿੱਖ ਇਤਿਹਾਸ ਲਿਖਣਾ ਸ਼ੁਰੂ ਕੀਤਾ ਸੀ। ਆਪ ਉੱਤੇ ਨਿਰਮਲਾ-ਪ੍ਰਣਾਲੀ ਦਾ ਬਹੁਤ ਅਸਰ ਸੀ। ਗੁਰਪ੍ਰਤਾਪ ਸੂਰਜ ਇਤਿਹਾਸ, ਸਾਹਿਤ, ਕਾਵਯ, ਕੋਸ਼ ਆਦਿਕ ਸਰਬ ਵਿੱਦਿਆ, ਬ੍ਰਹਮ ਵਿੱਦਿਆ, ਗਿਆਨ, ਵਿਗਿਆਨ, ਸ਼ਾਸ਼ਤਰ, ਮੀਰੀ, ਪੀਰੀ, ਭਗਤੀ, ਸ਼ਕਤੀ ਦਾ ਰਤਨਾਕਰ ਹੈ । ਇਸ ਗ੍ਰੰਥ ਵਿੱਚ ਕਾਵਯ ਦੇ ਤਮਾਮ ਗੁਣਾਂ, ਨਵ ਰਸ, ਅਲੰਕਾਰ, ਛੰਦ ਵਰਣਨ ਕੀਤੇ ਹਨ । ਸੂਰਜ ਪ੍ਰਕਾਸ਼ ਭਾਈ ਸਾਹਿਬ ਨੇ 10 ਸਾਲਾਂ ਦੀ ਕਰੜੀ ਮਿਹਨਤ ਕਰ ਕੇ ਤਿਆਰ ਕੀਤਾ। ਏਨੀ ਵੱਡੀ ਪੁਸਤਕ ਸੰਸਾਰ ਭਰ ਵਿੱਚ ਹੋਰ ਕਿਸੇ ਲਿਖਾਰੀ ਨੇ ਨਹੀਂ ਲਿਖੀ।