ਵਿਕੀਪੀਡੀਆ:ਚੁਣਿਆ ਹੋਇਆ ਲੇਖ/29 ਅਪਰੈਲ
ਰਾਜਾ ਰਵੀ ਵਰਮਾ (29 ਅਪਰੈਲ 1848 – 2 ਅਕਤੂਬਰ 1906) ਨੂੰ ਤ੍ਰਾਵਨਕੋਰ (ਹੁਣ ਕੇਰਲ) ਦੀ ਇੱਕ ਰਿਆਸਤ ਦਾ ਇੱਕ ਮੰਨਿਆ-ਪ੍ਰਮੰਨਿਆ ਚਿੱਤਰਕਾਰ ਤੇ ਕਲਾਕਾਰ ਸੀ ਜਿਸ ਨੂੰ ਵਧੇਰੇ ਮਕਬੂਲੀਅਤ ਭਾਰਤੀ ਪ੍ਰਾਚੀਨ ਸਾਹਿਤ ਵਿਚਲੇ ਪਾਤਰਾਂ ਵਿਸ਼ੇਸ਼ਕਰ ਮਹਾਂਕਾਵਿ ਰਾਮਾਇਣ ਅਤੇ ਮਹਾਂਭਾਰਤ ਦਿਆਂ ਚਿੱਤਰਾਂ ਤੋਂ ਮਿਲੀ| ਉਸਨੂੰ ਭਾਰਤੀ ਚਿੱਤਰਕਲਾ ਦੇ ਮਹਾਨ ਚਿੱਤਰਕਾਰਾਂ ਵਿਚੋਂ ਇੱਕ ਗਿਣਿਆ ਜਾਂਦਾ ਹੈ ਤੇ ਉਸਦਿਆਂ ਚਿੱਤਰਾਂ ਨੂੰ ਭਾਰਤੀ ਕਲਾ ਤੇ ਯੂਰਪੀਨ ਕਲਾ ਦੇ ਸੁਮੇਲ ਦੀ ਉੱਤਮ ਉਦਾਹਰਨ ਮੰਨਿਆ ਜਾਂਦਾ ਹੈ। ਵਰਮਾ ਨੇ ਆਪਣੇ ਚਿੱਤਰਾਂ ਵਿੱਚ ਔਰਤ ਨੂੰ ਸਾੜੀ ਪਹਿਨੀ ਬਹੁਤ ਮਨਮੋਹਣੇ ਰੂਪ ਵਿੱਚ ਦਿਖਾਇਆ ਤੇ ਇਹੀ ਇਸ ਸਮੇਂ ਤੋਂ ਭਾਰਤੀ ਔਰਤ ਦੀ ਪਛਾਣ ਬਣ ਗਈ| ਵਰਮਾ ਨੂੰ ਤ੍ਰਾਵਨਕੋਰ ਦੇ ਮਹਾਰਾਜਾ ਅਯੀਲਿਅਮ ਥਿਰੁਨਲ ਦੀ ਤਵੱਜੋ ਹਾਸਿਲ ਸੀ| ਉਸਨੇ ਮਦੁਰਾ ਤੋਂ ਮੁਢਲੀ ਚਿੱਤਰਕਾਰੀ ਸਿੱਖੀ ਤੇ ਉਸ ਤੋਂ ਬਾਅਦ ਰਾਮਾ ਸਵਾਮੀ ਨਾਇਡੂ ਤੋਂ ਜਲ-ਚਿੱਤਰਕਲਾ ਅਤੇ ਡਚ ਚਿੱਤਰਕਾਰ ਥੀਓਡਰ ਜੈਨਸਨ ਤੋਂ ਤੇਲ-ਚਿੱਤਰਕਲਾ ਸਿੱਖੀ| 1873 ਵਿੱਚ ਵਿਆਨਾ ਵਿੱਚ ਹੋਈ ਇੱਕ ਚਿੱਤਰ-ਪ੍ਰਦਰਸ਼ਨੀ ਵਿੱਚ ਵਰਮਾ ਦੇ ਚਿੱਤਰ ਵੀ ਸ਼ਾਮਿਲ ਹੋਏ ਜਿਸ ਨਾਲ ਉਹ ਇੱਕ ਵੱਡੇ ਸਨਮਾਨ ਦਾ ਹਕ਼ਦਾਰ ਬਣਿਆ| ਵਰਮਾ ਦੇ ਚਿੱਤਰ ਵਿਸ਼ਵ ਕੋਲੰਬੀਅਨ ਪ੍ਰਦਰਸ਼ਨੀ ਵਿੱਚ ਵੀ ਗਏ ਜੋ ਤਿੰਨ ਸਨ-ਤਗਮਿਆਂ ਨਾਲ ਨਵਾਜ਼ੇ ਗਏ| ਉਹ ਵਿਸ਼ਿਆਂ ਦੀ ਤਲਾਸ਼ ਵਿੱਚ ਸਾਰੇ ਭਾਰਤ ਵਿੱਚ ਫਿਰਿਆ| ਉਸਨੇ ਦਖਣੀ ਭਾਰਤ ਦੀ ਕਈ ਔਰਤਾਂ ਦੇ ਚਿਹਰਿਆਂ ਦੇ ਆਧਾਰ ਤੇ ਹਿੰਦੂ ਧਰਮ ਦੇਵੀਆਂ ਦੇ ਚਿਹਰੇ ਚਿਤਰੇ| ਰਵੀ ਵਰਮਾ ਨੇ ਨਲ-ਦਮਿੰਤੀ ਅਤੇ ਦੁਸ਼੍ਯੰਤ-ਸ਼ਕੁੰਤਲਾ ਸੰਵਾਦ ਆਧਾਰਿਤ ਚਿੱਤਰ ਵੀ ਬਣਾਏ| ਅਜੋਕੇ ਸਮੇਂ ਤੱਕ ਵੀ ਭਾਰਤੀ ਮਿਥਿਆਸ ਦੀ ਜੋ ਕਲਪਨਾ ਕੀਤੀ ਜਾਂਦੇ ਹੈ ਜਾਂ ਉਸ ਦੀ ਵਿਆਖਿਆ ਕੀਤੀ ਜਾਂਦੀ ਹੈ, ਉਸ ਵਿੱਚ ਰਾਜਾ ਰਵੀ ਵਰਮਾ ਦਾ ਬਹੁਤ ਵੱਡਾ ਯੋਗਦਾਨ ਹੈ। ਉਸ ਦੇ ਚਿੱਤਰ ਭਾਰਤ ਵਿੱਚ ਜਿੰਨੇ ਸਰਾਹੇ ਗਏ ਓਨੇ ਹੀ ਨਕਾਰੇ ਵੀ ਗਏ| ਉਸ ਦੇ ਲਗਭਗ ਸਾਰੇ ਚਿੱਤਰ ਲਕਸ਼ਮੀ ਵਿਲਾਸ ਭਵਨ, ਵਡੋਦਰਾ ਵਿੱਚ ਸੰਭਾਲੇ ਹੋਏ ਹਨ।