ਵਿਕੀਪੀਡੀਆ:ਚੁਣਿਆ ਹੋਇਆ ਲੇਖ/31 ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਥੇ. ਗੁਰਚਰਨ ਸਿੰਘ ਟੌਹੜਾ (24 ਸਤੰਬਰ 1924- 31 ਮਾਰਚ 2004) ਨੇ ਸ. ਦਲੀਪ ਸਿੰਘ ਦੇ ਗ੍ਰਹਿ ਮਾਤਾ ਬਸੰਤ ਕੌਰ ਦੀ ਕੁੱਖੋਂ ਜਨਮ ਲਿਆ। ਉਨ੍ਹਾਂ ਵਿੱਚ ਬਚਪਨ ਤੋਂ ਹੀ ਧਾਰਮਿਕ ਰੁਚੀ ਪ੍ਰਬਲ ਸੀ, ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਉਨ੍ਹਾਂ ਗਿਆਨੀ ਕੀਤੀ। ਗੁਰਮਤਿ ਸਿਧਾਂਤਾਂ ਤੇ ਪੰਥਕ ਸੇਵਾ ਨੂੰ ਸਮਰਪਿਤ ਪਰਵਾਰ ਦੇ ਇਸ ਹੋਣਹਾਰ ਨੌਜਵਾਨ ਨੇ 1937 ਵਿੱਚ ਅੰਮ੍ਰਿਤਧਾਰੀ ਹੋ ਕੇ ਪਰਵਾਰ ਦੀ ਇਸ ਛੱਬ ਨੂੰ ਹੋਰ ਚਾਰ-ਚੰਨ ਲਾਏ। ਆਸਾ ਦੀ ਵਾਰ ਦਾ ਪਾਠ ਕੰਠ ਕਰ ਕੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਹੋਰ ਵੀ ਗੁਰਮਤਿ ਸਾਹਿਤ ਦਾ ਕਾਫ਼ੀ ਅਧਿਐਨ ਕੀਤਾ। ਆਪ ਨੇ ਅੰਮ੍ਰਿਤ-ਸੰਚਾਰ ਲਹਿਰ ਦੇ ਬਹੁਤ ਸਾਰੇ ਸਮਾਗਮਾਂ ਵਿੱਚ ਲਗਾਤਾਰ ਹਿੱਸਾ ਲਿਆ। ਜਥੇਦਾਰ ਟੌਹੜਾ 1938 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੇ। 1944 ਤੋਂ ਪੰਥਕ ਮੋਰਚਿਆਂ ਲਈ ਜੇਲ੍ਹ ਯਾਤਰਾ ਸ਼ੁਰੂ ਕੀਤੀ ਤੇ ਫਿਰ ਹਰ ਮੋਰਚੇ ਵਿੱਚ ਪਹਿਲੀ ਕਤਾਰ ’ਚ ਹੋ ਕੇ ਜੇਲ੍ਹ ਗਏ। 1942 ਵਿੱਚ ਜ਼ਿਲ੍ਹਾ ਅਕਾਲੀ ਜਥਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਚੁਣੇ ਗਏ। 1947 ਵਿੱਚ ਪਟਿਆਲਾ ਜ਼ਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਚੁਣੇ ਗਏ ਅਤੇ 1948 ਵਿੱਚ ਰਿਆਸਤੀ ਅਕਾਲੀ ਦਲ ਦੇ ਸਕੱਤਰ ਬਣੇ, ਇਹ ਸਫਰ ਨਿਰੰਤਰ ਜਾਰੀ ਰਿਹਾ। 1959 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੂਨੀਅਰ ਮੀਤ ਪ੍ਰਧਾਨ ਬਣੇ ਅਤੇ 1960 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਚੁਣੇ ਗਏ।