ਸ਼੍ਰੋਮਣੀ ਅਕਾਲੀ ਦਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼੍ਰੋਮਣੀ ਅਕਾਲੀ ਦਲ
ਪ੍ਰਧਾਨ ਸੁਖਬੀਰ ਸਿੰਘ ਬਾਦਲ
ਸਥਾਪਨਾ 14 ਦਸੰਬਰ 1920
ਮੁੱਖ ਦਫ਼ਤਰ ਬਲਾਕ #6, ਮਧ ਮਾਰਗ 28,
ਚੰਡੀਗੜ੍ਹ - 160019
ਲੋਕ ਸਭਾ ਸੀਟਾਂ
4 / 545
ਰਾਜ ਸਭਾ ਸੀਟਾਂ
3 / 245
ਸੂਬਾ ਸੀਟਾਂ
56 / 117
ਚੋਣ ਨਿਸ਼ਾਨ
ਤੱਕੜੀ
ਵੈੱਬਸਾਈਟ
http://www.shiromaniakalidal.net

ਸ਼੍ਰੋਮਣੀ ਅਕਾਲੀ ਦਲ[1] ਇੱਕ ਸਿੱਖ ਧਰਮ ਕੇਂਦਰਿਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ​​ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ। 1972 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਬਰਦਸਤ ਹਾਰ ਹੋਈ। ਇਸ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ਵਿਚ ਨਮੋਸ਼ੀ ਆਉਣੀ ਲਾਜ਼ਮੀ ਸੀ। ਅਕਾਲੀ ਦਲ ਵਲੋਂ ਪੰਜਾਬ ਦੀ ਖ਼ੁਸ਼ਹਾਲੀ ਵਿਚ ਜਮ੍ਹਾਂ-ਪੱਖੀ ਰੋਲ ਅਦਾ ਕੀਤੇ ਜਾਣ ਦੇ ਬਾਵਜੂਦ, ਅਕਾਲੀ ਦਲ ਦੀ ਹਾਰ ਦਾ ਕਾਰਨ ਵਰਕਰਾਂ ਦਾ ਪੁਰਾਣੀ ਲੀਡਰਸ਼ਿਪ ਤੋਂ ਯਕੀਨ ਉਠ ਚੁਕਿਆ ਸੀ। ਉਹ ਮਹਿਸੂਸ ਕਰਦੇ ਸਨ ਕਿ ਇਹ ਆਗੂ ਕੌਮ ਦਾ ਕੁੱਝ ਨਹੀਂ ਸੰਵਾਰ ਸਕਦੇ। ਆਮ ਅਕਾਲੀ ਵਰਕਰ ਚਾਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨੌਜੁਆਨ ਆਗੂਆਂ ਕੋਲ ਹੋਣੀ ਚਾਹੀਦੀ ਹੈ। ਕੁੱਝ ਅਕਾਲੀ ਆਗੂਆਂ ਨੇ ਚੋਣਾਂ ਵਿਚ ਹੋਈ ਹਾਰ ਨੂੰ ਸੰਤ ਫ਼ਤਿਹ ਸਿੰਘ ਦੀ ਲੀਡਰਸ਼ਿਪ ਦੀ ਹਾਰ ਆਖ ਕੇ ਉਸ ਤੋਂ ਅਸਤੀਫ਼ੇ ਦੀ ਮੰਗ ਕੀਤੀ, 17 ਮਾਰਚ, 1972 ਦੇ ਦਿਨ, ਨੌਜੁਆਨ ਆਗੂ ਗੁਰਚਰਨ ਸਿੰਘ ਟੌਹੜਾ ਨੇ ਫ਼ਤਿਹ ਸਿੰਘ ਤੋਂ ਮੰਗ ਕੀਤੀ ਕਿ ਉਹ ਸਰਗਰਮ ਸਿਆਸਤ ਤੋਂ ਪਿੱਛੇ ਹਟ ਜਾਵੇ। ਮਜਬੂਰ ਹੋ ਕੇ, 19 ਮਾਰਚ, 1972 ਦੇ ਦਿਨ, ਫ਼ਤਿਹ ਸਿੰਘ ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿਤਾ। ਉਸ ਨੇ 25 ਮਾਰਚ ਨੂੰ ਮੋਹਨ ਸਿੰਘ ਤੁੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿਤਾ। ਮਗਰੋਂ, 11 ਅਕਤੂਬਰ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਤੁੜ ਨੂੰ ਰਸਮੀ ਤੌਰ 'ਤੇ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਫ਼ਤਿਹ ਸਿੰਘ ਨੂੰ ਆਸ ਸੀ ਕਿ ਜਨਰਲ ਇਜਲਾਸ 'ਚ ਉਸ ਨੂੰ ਸਰਪ੍ਰਸਤ, ਚੇਅਰਮੈਨ ਜਾਂ ਕੁੱਝ ਅਜਿਹਾ 'ਰਸਮੀ ਸਨਮਾਨ' ਜ਼ਰੂਰ ਦਿਤਾ ਜਾਏਗਾ ਪਰ ਜਦੋਂ ਅਜਿਹਾ ਕੁੱਝ ਨਾ ਹੋਇਆ ਤਾਂ ਫ਼ਤਿਹ ਸਿੰਘ ਨੂੰ ਬੜਾ ਸਦਮਾ ਲੱਗਾ। ਇਸ ਬੇਇਜ਼ਤੀ ਨੇ ਉਸ ਦਾ ਦਿਲ ਤੋੜ ਦਿਤਾ। ਇਸ ਵੇਲੇ ਉਹ ਇਕ ਨਿੰਮੋਝੂਣਾ, ਉਦਾਸ, ਹਾਰਿਆ ਹੋਇਆ, ਬੇਬਸ, ਮੁਰਝਾਇਆ, ਬੇਦਿਲ, ਬੇਜਾਨ ਤੇ ਬਦਨਾਮ ਸ਼ਖ਼ਸ ਸੀ। ਇਸ ਹਾਲਤ ਵਿਚ ਉਹ 20 ਦਿਨ ਵੀ ਨਾ ਕੱਢ ਸਕਿਆ। 30 ਅਕਤੂਬਰ ਦੇ ਦਿਨ ਉਸ ਦੀ ਮੌਤ ਹੋ ਗਈ।

ਪਹਿਲੀ ਮੀਟਿੰਗ[ਸੋਧੋ]

ਗੁਰਦਵਾਰਾ ਸੇਵਕ ਦਲ' ਜਾਂ 'ਅਕਾਲੀ ਦਲ' ਦੀ ਸੈਂਟਰਲ ਬਾਡੀ ਦੀ ਕਾਇਮੀ ਵਾਸਤੇ ਪਹਿਲਾ ਇਕੱਠ 14 ਦਸੰਬਰ, 1920 ਦੇ ਦਿਨ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਗਿਆ। ਇਸ ਵਿਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਤਜਵੀਜ਼ ਕੀਤੀ: 'ਸਮਾਂ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਗੁਰਦਵਾਰਿਆਂ ਦਾ ਸੁਧਾਰ ਝੱਟ-ਪਟ ਕੀਤਾ ਜਾਵੇ। ਇਸ ਲਈ ਹਰ ਇਕ ਦੀ ਕੁਰਬਾਨੀ ਦੀ ਲੋੜ ਹੈ। ਇਸ ਲਈ ਅਕਾਲੀ ਦਲ ਕਾਇਮ ਕੀਤਾ ਜਾਵੇ। ਇਸ ਦੇ ਸੇਵਕ ਸਾਲ ਵਿਚ ਘੱਟੋ-ਘੱਟ ਇਕ ਮਹੀਨਾ ਪੰਥ ਨੂੰ ਅਰਪਣ ਕਰਨ। ਕੇਂਦਰ ਅੰਮਿ੍ਤਸਰ ਹੋਵੇ, ਜਿਥੇ ਹਰ ਵੇਲੇ 100 ਸਿੰਘ ਹਾਜ਼ਰ ਰਹਿਣ ਅਤੇ ਜਿਥੇ ਜਿਤਨੇ ਸਿੰਘ ਲੋੜ ਪੈਣ, ਭੇਜੇ ਜਾਣ। ਇਲਾਕਿਆਂ ਵਿਚ ਇਸ ਦੀਆਂ ਸ਼ਾਖਾਵਾਂ ਬਣਾਈਆਂ ਜਾਣ।' ਇਸ 'ਤੇ ਇਕੱਠ ਨੇ ਇਕ-ਰਾਇ ਨਾਲ ਮਤਾ ਪਾਸ ਕੀਤਾ ਕਿ 23 ਜਨਵਰੀ ਨੂੰ ਸੰਗਤ ਤਖ਼ਤ ਅਕਾਲ ਬੁੰਗੇ ਵਿਖੇ ਹੁੰਮ-ਹੁੰਮਾ ਕੇ ਪਹੁੰਚੇ ਤੇ ਜਥਾ ਕਾਇਮ ਕੀਤਾ ਜਾਵੇ। 23 ਜਨਵਰੀ, 1921 ਦੇ ਦਿਨ ਅਕਾਲ ਤਖ਼ਤ ਸਾਹਿਬ 'ਤੇ ਹੋਏ ਇਕੱਠ ਵਿਚ ਜਥੇਬੰਦੀ ਦਾ ਨਾਂ ਮਨਜ਼ੂਰ ਕਰਨਾ ਸੀ ਅਤੇ ਸੇਵਕ (ਅਹੁਦੇਦਾਰ) ਚੁਣੇ ਜਾਣੇ ਸਨ। ਇਹ ਮੀਟਿੰਗ ਦੋ ਦਿਨ ਚੱਲੀ। ਇਸ ਵਿਚ ਭਾਈ ਅਰਜਨ ਸਿੰਘ ਧੀਰਕੇ ਨੇ ਸੁਝਾਅ ਦਿਤਾ ਕਿ ਜਥੇਬੰਦੀ ਦਾ ਨਾਂ 'ਗੁਰਦਵਾਰਾ ਸੇਵਕ ਦਲ' ਰੱਖਿਆ ਜਾਵੇ ਪਰ ਅਖ਼ੀਰ ਇਸ ਦਾ ਨਾਂ 'ਅਕਾਲੀ ਦਲ' ਹੀ ਸਭ ਨੇ ਮਨਜ਼ੂਰ ਕੀਤਾ। 24 ਜਨਵਰੀ, 1921 ਦੇ ਦਿਨ ਇਸ ਦਲ ਦੇ ਪਹਿਲੇ ਜਥੇਦਾਰ ਸੁਰਮੁਖ ਸਿੰਘ ਝਬਾਲ ਚੁਣੇ ਗਏ।

ਖ਼ੁਫ਼ੀਆ ਜਨਰਲ ਇਜਲਾਸ[ਸੋਧੋ]

1935 ਦੇ ਐਕਟ ਹੇਠ ਚੋਣਾਂ ਦਾ ਐਲਾਨ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਕੱਲੇ ਤੌਰ 'ਤੇ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ ਸੀ। ਇਸ ਸਬੰਧ ਵਿਚ ਅਕਾਲੀ ਦਲ ਅਤੇ ਖ਼ਾਲਸਾ ਦਰਬਾਰ ਦੀਆਂ ਵਰਕਿੰਗ ਕਮੇਟੀਆਂ ਦੀ ਸਾਂਝੀ ਮੀਟਿੰਗ ਅੰਮ੍ਰਿਤਸਰ ਵਿਚ 14 ਜੂਨ, 1936 ਨੂੰ ਹੋਈ। ਬਹੁਤੀ ਗਿਣਤੀ ਅਕਾਲੀ ਦਲ ਦੇ ਕਾਂਗਰਸ ਨਾਲ ਸਾਂਝੇ ਉਮੀਦਵਾਰ ਖੜੇ ਕਰਨ ਦੇ ਖ਼ਿਲਾਫ਼ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਖ਼ਾਲਸਾ ਦਰਬਾਰ ਵਲੋਂ ਇਕੱਲਿਆਂ ਚੋਣ ਲੜਨ ਦੇ ਐਲਾਨ ਨਾਲ ਕੁੱਝ ਨਿਰਾਸ਼ ਆਗੂਆਂ ਨੇ ਇਕ 'ਕਾਂਗਰਸ ਸਿੱਖ ਪਾਰਟੀ' ਬਣਾ ਲਈ। ਇਸ ਵਿਚ ਮਾਸਟਰ ਮੋਤਾ ਸਿੰਘ, ਮਾ: ਕਾਬਲ ਸਿੰਘ, ਸੋਹਣ ਸਿੰਘ ਜੋਸ਼, ਗੋਪਾਲ ਸਿੰਘ ਕੌਮੀ ਅਤੇ ਕਰਮ ਸਿੰਘ ਮਾਨ ਆਦਿ ਸਨ ਪਰ ਇਹ ਮਾਹੌਲ ਜ਼ਿਆਦਾ ਦੇਰ ਨਾ ਚਲ ਸਕਿਆ। ਅਖ਼ੀਰ 13-14 ਨਵੰਬਰ, 1936 ਨੂੰ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਸਮਝੌਤਾ ਹੋ ਗਿਆ। 'ਕਾਂਗਰਸ ਸਿੱਖ ਪਾਰਟੀ' ਦੇ ਵਜੂਦ ਵਿਚ ਆਉਣ ਕਰ ਕੇ ਚੋਣਾਂ ਤੋਂ ਮਗਰੋਂ ਵੀ ਕੁੱਝ ਵਰਕਰ ਅਕਾਲੀ ਦਲ ਤੋਂ ਟੁੱਟ ਗਏ ਸਨ ਤੇ ਕੁੱਝ ਕਾਂਗਰਸੀਆਂ ਨੂੰ ਰੀਪੋਰਟਾਂ ਦੇਣ ਲੱਗ ਪਏ। ਅਕਾਲੀ ਦਲ ਦੀ ਅਜਿਹੀ ਜਥੇਬੰਦਕ ਹਾਲਤ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਦਾ ਖ਼ੁਫ਼ੀਆ ਜਨਰਲ ਇਜਲਾਸ ਅੰਮ੍ਰਿਤਸਰ ਵਿਚ 24 ਅਤੇ 25 ਅਪ੍ਰੈਲ, 1937 ਦੇ ਦਿਨ ਬੁਲਾਇਆ ਗਿਆ। ਤੇਜਾ ਸਿੰਘ ਅਕਰਪੁਰੀ ਦੀ ਪ੍ਰਧਾਨਗੀ ਹੇਠ ਇਜਲਾਸ ਵਿਚ 103 ਮੈਂਬਰ ਇਕੱਠੇ ਹੋਏ। ਦੂਜੇ ਪਾਸੇ 'ਕਾਂਗਰਸ ਸਿੱਖ ਪਾਰਟੀ' ਨੇ ਸਰਮੁਖ ਸਿੰਘ ਝਬਾਲ ਨੂੰ ਪ੍ਰਧਾਨ ਚੁਣ ਲਿਆ। ਇਸ ਪਾਰਟੀ ਵਿਚ ਗੋਪਾਲ ਸਿੰਘ ਕੌਮੀ, ਹੀਰਾ ਸਿੰਘ ਦਰਦ, ਸੋਹਣ ਸਿੰਘ ਭਕਨਾ, ਕਰਮ ਸਿੰਘ ਚੀਮਾ, ਸਰਦੂਲ ਸਿੰਘ ਕਵੀਸ਼ਰ, ਤੇਜਾ ਸਿੰਘ ਚੂਹੜਕਾਣਾ ਆਦਿ ਸ਼ਾਮਲ ਹੋ ਗਏ। 27 ਅਪ੍ਰੈਲ ਨੂੰ ਇਨ੍ਹਾਂ ਦੀ ਵਰਕਿੰਗ ਕਮੇਟੀ ਨੇ ਫ਼ੈਸਲਾ ਕੀਤਾ ਕਿ 'ਕਿਸੇ ਫ਼ਿਰਕੂ ਪਾਰਟੀ ਦਾ ਮੈਂਬਰ ਸਾਡਾ ਮੈਂਬਰ ਨਹੀਂ ਬਣ ਸਕੇਗਾ। ਇਸ ਮੀਟਿੰਗ ਵਿਚ ਬਾਹਰਲੇ ਕਿਸੇ ਵੀ ਸ਼ਖ਼ਸ ਨੂੰ ਵੀ ਅੰਦਰ ਨਾ ਆਉਣ ਦਿਤਾ ਗਿਆ। ਇਸ ਇਜਲਾਸ ਨੇ ਇਸ 'ਚ ਹੇਠ ਲਿਖੇ ਮਤੇ ਵੀ ਪਾਸ ਕੀਤੇ ਗਏ:

  • ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਜਥੇਬੰਦ ਕੀਤਾ ਜਾਵੇ।
  • ਸ਼੍ਰੋਮਣੀ ਅਕਾਲੀ ਦਲ ਦਾ ਅਹੁਦੇਦਾਰ, ਸ਼੍ਰੋਮਣੀ ਕਮੇਟੀ ਦਾ ਅਹੁਦੇਦਾਰ ਨਾ ਬਣੇ।
  • ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਪੂਰਾ ਯਕੀਨ ਹੋਵੇਗਾ।


11ਵੀਂ ਕਾਨਫ਼ਰੰਸ[ਸੋਧੋ]

16-17 ਨਵੰਬਰ, 1957 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ 11ਵੀਂ ਕਾਨਫ਼ਰੰਸ ਬਠਿੰਡਾ ਵਿਚ ਕੀਤੀ ਗਈ। 'ਸੇਵਾ ਸਿੰਘ ਠੀਕਰੀਵਾਲਾ ਨਗਰ' ਦੇ ਵੱਡੇ ਪੰਡਾਲ ਵਿਚ ਲੱਖਾਂ ਸਿੱਖ ਇਸ ਕਾਨਫ਼ਰੰਸ ਵਿਚ ਸ਼ਾਮਲ ਹੋਏ। ਪਹਿਲੇ ਦਿਨ ਜਲੂਸ ਦੀ ਅਗਵਾਈ ਮਾਸਟਰ ਤਾਰਾ ਸਿੰਘ, ਸੰਪੂਰਨ ਸਿੰਘ ਰਾਮਾ ਤੇ ਫ਼ਤਿਹ ਸਿੰਘ ਗੰਗਾਨਗਰ ਕਰ ਰਹੇ ਸਨ। ਇਸ ਕਾਨਫ਼ਰੰਸ ਨੇ ਰੀਜਨਲ ਫ਼ਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ।

ਅਕਾਲੀ ਕਾਨਫ਼ਰੰਸ[ਸੋਧੋ]

28 ਅਕਤੂਬਰ, 1978 ਦੇ ਦਿਨ, ਲੁਧਿਆਣਾ ਵਿਖੇ, 18ਵੀਂ ਅਕਾਲੀ ਕਾਨਫ਼ਰੰਸ ਹੋਈ ਇਸ ਮੌਕੇ ਬਹੁਤ ਵੱਡਾ ਇਕੱਠ ਹੋਇਆ ਜਿਸ ਵਿਚ 5 ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ 1929 (ਲਾਹੌਰ) ਅਤੇ 1956 (ਅੰਮ੍ਰਿਤਸਰ) ਦੇ ਜਲੂਸਾਂ ਵਾਂਗ, ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸਵਾਗਤੀ ਕਮੇਟੀ ਦੇ ਪ੍ਰਧਾਨ ਸ. ਸੁਰਜਨ ਸਿੰਘ ਠੇਕੇਦਾਰ ਦਾ ਹਾਥੀ ਉਤੇ ਬਿਠਾ ਕੇ ਜਲੂਸ ਕਢਿਆ ਗਿਆ। ਇਸ ਕਾਨਫ਼ਰੰਸ ਵਿਚ ਅਨੰਦਪੁਰ ਸਾਹਿਬ ਦੇ ਮਤਾ ਦੇ ਆਧਾਰ 'ਤੇ 12 ਮਤੇ ਪਾਸ ਕੀਤੇ ਗਏ ਅਤੇ ਨਾਲ ਹੀ ਨਿਰੰਕਾਰੀਆਂ ਦੀਆਂ ਕਿਤਾਬਾਂ ਉਤੇ ਪਾਬੰਦੀ ਦੀ ਮੰਗ ਵੀ ਕੀਤੀ ਗਈ।

ਪਾਰਟੀ ਪ੍ਰਧਾਨਾਂ ਦੀ ਸੂਚੀ[ਸੋਧੋ]

  1. ਸਰਮੁਖ ਸਿੰਘ ਝੱਬਲ
  2. ਬਾਬਾ ਖੜਕ ਸਿੰਘ
  3. ਮਾਸਟਰ ਤਾਰਾ ਸਿੰਘ
  4. ਗੋਪਾਲ ਸਿੰਘ ਕੌਮੀ
  5. ਤਾਰਾ ਸਿੰਘ ਥੇਥਰ
  6. ਤੇਜਾ ਸਿੰਘ ਅਕਾਰਪੁਰੀ
  7. ਬਾਬੂ ਲਾਭ ਸਿੰਘ
  8. ਉਧਮ ਸਿੰਘ ਜੀ ਨਾਗੋਕੇ
  9. ਗਿਆਨੀ ਕਰਤਾਰ ਸਿੰਘ
  10. ਪ੍ਰੀਤਮ ਸਿੰਘ ਗੋਧਰਾਂ
  11. ਹੁਕਮ ਸਿੰਘ
  12. ਸੰਤ ਫਤਿਹ ਸਿੰਘ
  13. ਅੱਛਰ ਸਿੰਘ ਜਥੇਦਾਰ
  14. ਭੁਪਿੰਦਰ ਸਿੰਘ
  15. ਮੋਹਨ ਸਿੰਘ ਤੁੜ
  16. ਜਗਦੇਵ ਸਿੰਘ ਤਲਵੰਡੀ
  17. ਹਰਚੰਦ ਸਿੰਘ ਲੌਂਗੋਵਾਲ
  18. ਸੁਰਜੀਤ ਸਿੰਘ ਬਰਨਾਲਾ
  19. ਪ੍ਰਕਾਸ਼ ਸਿੰਘ ਬਾਦਲ
  20. ਸੁਖਬੀਰ ਸਿੰਘ ਬਾਦਲ

ਹਵਾਲੇ[ਸੋਧੋ]