ਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰ[ਸੋਧੋ]

ਵੀਹਵੀਂ ਸਦੀ ਦੇ ਚੌਥੇ ਦਹਾਕੇ ਨੂੰ ਸਮੁੱਚੀ ਵੀਹਵੀਂ ਸਦੀ ਦੇ ਪੰਜਾਬੀ ਦੇ ਸਾਹਿਤਕ ਸੱਭਿਆਚਾਰ ਵਿੱਚ ਕੇਂਦਰੀ ਸਥਾਨ ਪ੍ਰਾਪਤ ਹੈ। ਇਸ ਦਹਾਕੇ ਵਿੱਚ ਇਸ ਸਾਹਿਤਕ ਸੱਭਿਆਚਾਰ ਵਿੱਚ ਕੁਝ ਬੁਨਿਆਦੀ ਤਬਦੀਲੀਆਂ ਆਈਆਂ ਜਿਹੜੀਆਂ ਮਗਰਲੇ ਸਾਹਿਤ ਦਾ ਅਨਿੱਖੜ ਅੰਗ ਬਣਦੀਆਂ ਹੋਈਆਂ ਸਮਾਂ ਪੈਣ ਨਾਲ ਮਜ਼ਬੂਤ ਹੁੰਦੀਆਂ ਗਈਆਂ।ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਲੈ ਕੇ ਚੌਥੇ ਦਹਾਕੇ ਵਿੱਚ ਸਾਹਿਤਕ ਪਿੜ ਵਿੱਚ ਨਿੱਤਰਨ ਵਾਲੇ ਸਾਰੇ ਸਾਹਿਤਕਾਰ ਇਹਨਾਂ ਤਬਦੀਲੀਆਂ ਦੇ ਪ੍ਰਭਾਵ ਹੇਠ ਆਏ। ਮੋਹਨ ਸਿੰਘ , ਸੰਤ ਸਿੰਘ ਸੇਖੋਂ , ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫ਼ੀਰ, ਕਰਤਾਰ ਸਿੰਘ ਦੁੱਗਲ ਦਾ ਨਾਂਅ ਇਸ ਪੱਖੋਂ ਵਰਨਣਯੋਗ ਹੈ। ਇਹਨਾਂ ਵਿੱਚ ਸਭ ਤੋਂ ਮਹੱਤਵਪੂਰਨ ਤਬਦੀਲੀ ਇਹ ਸੀ ਕਿ ਸਾਹਿਤ 'ਸਮੂਹਿਕ ਖਪਤ' ਦੀ ਵਸਤ ਨਾ ਰਹਿ ਕੇ 'ਵਿਅਕਤੀਗਤ ਖਪਤ' ਦੀ ਚੀਜ਼ ਬਣ ਗਿਆ। ਸਮੂਹਿਕ ਖਪਤ ਦੀ ਆਦਰਸ਼ਕ ਇਕਾਈ ਵਜੋਂ ਪਰਿਵਾਰ ਵੀਹਵੀਂ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਹੀ ਸਾਹਮਣੇ ਆਉਂਦਾ ਹੈ।ਆਪਣੀ ਧੀ ਨੂੰ ਹੀਰ ਬਣਨ ਦੀ ਸਲਾਹ ਦੇਣ ਦੀ ਦਲੇਰੀ ਕੋਈ ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਹੀ ਕਰ ਸਕਦਾ ਸੀ। ਇਹ ਦਲੇਰੀ ਕਿਸੇ ਸਮਾਜਿਕ ਜਾਂ ਪਰਿਵਾਰਕ ਸਮੂਹ ਦੀ ਰਜ਼ਾਮੰਦੀ ਜਾਂ ਪ੍ਰਵਾਨਗੀ ਤੋਂ ਨਹੀਂ, ਸਗੋਂ ਵਿਅਕਤੀਗਤ ਕਦਰਾਂ - ਕੀਮਤਾਂ ਦੇ ਇੱਕ ਸਮਾਜਿਕ ਆਦਰਸ਼ ਵਜੋਂ ਪੱਕੀਆਂ ਜੜ੍ਹਾਂ ਫੜਨ ਤੋਂ ਤਾਕਤ ਲੈਂਦੀ ਸੀ।[1] ਵੀਹਵੀਂ ਸਦੀ ਦੇ ਮੱਧਲੇ ਦਹਾਕਿਆਂ ਵਿੱਚ ਪ੍ਰਗਤੀਵਾਦੀ ਲਹਿਰ ਨੇ ਜਨਮ ਲਿਆ। ਇਸ ਦੇ ਪ੍ਰਭਾਵ ਹੇਠ ਪੰਜਾਬੀ ਸਾਹਿਤ ਵਿੱਚ ਅਤੇ ਭਾਰਤੀ ਸਾਹਿਤ ਵਿੱਚ ਵੀ ਬਹੁਤ ਚੰਗੀਆਂ ਤਬਦੀਲੀਆਂ ਆਈਆਂ। ਪੰਜਾਬੀ ਵਿੱਚ ਇਸ ਲਹਿਰ ਦਾ ਵਿਕਾਸ ਅਨਿੱਖੜ ਤੌਰ ਤੇ ਮੱਧਵਰਗੀ ਵਿਅਕਤੀਵਾਦ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ। ਇਸਨੇ ਸਮਾਜਿਕ ਢਾਂਚੇ ਵਿੱਚ ਬੁਨਿਆਦੀ ਪਰਿਵਰਤਨ ਲਿਆਂਦੇ। ਜਿਸ ਨੂੰ ਅੱਗੇ ਜੁਝਾਰਵਾਦੀ ਕਾਵਿ ਨੇ ਵਧੇਰੇ ਤੀਖਣਤਾ ਨਾਲ ਪੇਸ਼ ਕੀਤਾ। ਚੌਥੇ ਅਤੇ ਪੰਜਵੇਂ ਦਹਾਕੇ ਵਿੱਚ ਮੱਧਵਰਗੀ ਵਿਅਕਤੀਵਾਦ ਨੂੰ ਪਰਣਾਇਆ ਸਾਡਾ ਬੁੱਧੀਜੀਵੀ ਆਪਣੀਆਂ ਸਮਰੱਥਾਵਾਂ ਤੋਂ ਚੇਤੰਨ ਹੁੰਦਾ ਹੈ, ਹਰ ਖੇਤਰ ਵਿੱਚ ਖ਼ਾਲੀ ਥਾਂ ਦੇਖਦਾ ਹੈ ਅਤੇ ਚਾਰੇ ਪਾਸੇ ਫੈਲ ਜਾਣ ਦਾ ਯਤਨ ਕਰਦਾ ਹੈ। ਇਸ ਸਮੇਂ ਦਾ ਇਹ ਪ੍ਰਤੀਨਿਧ ਵਰਤਾਰਾ ਹੈ ਕਿ ਕੋਈ ਵੀ ਸਾਹਿਤਕਾਰ ਕਿਸੇ ਇੱਕ ਸਾਹਿਤ ਰੂਪ ਤੱਕ ਆਪਣੇ ਆਪਣੇ ਨੂੰ ਸੀਮਤ ਨਹੀਂ ਰੱਖਦਾ। ਹਰ ਸਾਹਿਤਕਾਰ ਹਰ ਸਾਹਿਤ ਰੂਪ ਉੱਤੇ ਹੀ ਹੱਥ ਅਜ਼ਮਾਉਂਦਾ ਹੈ। ਇਸ ਸਮੇਂ ਦੇ ਪ੍ਰਮੁੱਖ ਸਾਹਿਤਕਾਰ ਇੱਕੋ ਵੇਲੇ ਕਵੀ, ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕਕਾਰ, ਆਲੋਚਕ ਸਭ ਕੁਝ ਹੀ ਹਨ, ਅਤੇ ਹਰ ਖੇਤਰ ਵਿੱਚ ਪ੍ਰਤੀਮਾਨ ਕਾਇਮ ਕਰਨ ਦੇ ਦਾਅਵੇਦਾਰ ਹਨ। ਇਸ ਨਾਲ ਪੰਜਾਬੀ ਸਾਹਿੱਤ ਵਿੱਚ ਹੁਲਾਰਾ ਆਉਂਦਾ ਹੈ।ਇਹ ਵਿਸ਼ਾਲਤਾ ਵਿੱਚ ਫੈਲਦਾ ਹੈ। ਇਹ ਫੈਲਾਅ ਡੂੰਘਾਈ ਦੀ ਕੀਮਤ ਉੱਤੇ ਹੁੰਦਾ ਹੈ। ਵੀਹਵੀਂ ਸਦੀ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਵਿਸ਼ਵੀਕਰਨ ਨੇ ਨਵੇਂ ਦੌਰ ਦਾ ਆਰੰਭ ਕੀਤਾ। ਇਸ ਨੇ ਪਰੰਪਰਕ ਸੱਭਿਆਚਾਰਕ ਆਰਥਿਕ ਬੰਦ ਰੂਪ ਵਾਲੇ ਸਮਾਜਾਂ ਸੱਭਿਆਚਾਰਾਂ ਨੂੰ ਤੋੜਨ ਅਤੇ ਵਿਸ਼ਾਲ ਵਿਸ਼ਵ ਪ੍ਰਸੰਗਾਂ ਨਾਲ ਜੋੜਨ ਲਈ ਨਵੇਂ ਦਿਸਹੱਦੇ ਸਿਰਜੇ ਹਨ।ਵਿਸ਼ਵੀਕਰਨ ਨੇ ਪੰਜਾਬੀ ਸਾਹਿਤਕ ਸੱਭਿਆਚਾਰ ਵਿੱਚ ਬਦਲਾਅ ਦਾ ਦੌਰਾਨ ਸ਼ੁਰੂ ਕੀਤਾ।ਵਿਸ਼ਵੀਕਰਨ ਦੇ ਉਭਾਰ ਵਿੱਚ ਪੱਛਮੀਕਰਨ ਨੇ ਵੀ ਪੰਜਾਬੀ ਸਾਹਿਤਕ ਸੱਭਿਆਚਾਰ ਤੇ ਆਪਣਾ ਪ੍ਰਭਾਵ ਛੱਡਿਆ। ਇਹ ਅਮਲ 1980 ਉਪਰੰਤ ਵਿਸ਼ੇਸ਼ ਤੇਜੀ ਇਖ਼ਤਿਆਰ ਕਰਦਾ ਹੈ।[2]

ਸ਼ੈਲੀ ਦੇ ਪੱਖੋਂ[ਸੋਧੋ]

ਸ਼ੈਲੀ ਦੇ ਪੱਖੋਂ ਪ੍ਰੋ. ਪੂਰਨ ਸਿੰਘ ਨੂੰ ਇਸ ਵਿਅਕਤੀਵਾਦ ਵੱਲ ਤਬਦੀਲੀ ਦਾ ਅਗਵਾਨੂੰ ਸਮਝਿਆ ਜਾ ਸਕਦਾ ਹੈ।ਪਰ ਵਿਸ਼ੇ ਵਸਤੂ ਵਿਚਲੀ ਤਬਦੀਲੀ ਤੋਂ ਬਿਨਾਂ ਨਿਰੋਲ ਰੂਪਕ ਤਬਦੀਲੀ ਨੂੰ ਕੋਈ ਨਿਰਣਾਇਕ ਮਹੱਤਤਾ ਨਹੀਂ ਦਿੱਤੀ ਜਾ ਸਕਦੀ। ਵਿਸ਼ੇਸ਼ ਵਸਤੂ ਵਿੱਚ ਪੂਰਨ ਸਿੰਘ ਵੀ ਅਜੇ ਪਰਿਵਾਰਕ ਖਪਤ ਦੇ ਆਦਰਸ਼ ਤੋਂ ਬਾਹਰ ਨਹੀਂ ਜਾਂਦਾ।

ਵਿਸ਼ੈ ਵਸਤੂ ਦੇ ਪੱਖੋਂ[ਸੋਧੋ]

ਵਿਸ਼ੈ ਵਸਤੂ ਦੇ ਪੱਖੋਂ ਇਸ ਪਾਸੇ ਵੱਲ ਪਹਿਲਾ ਅਤੇ ਨਿਰਣਾਇਕ ਕਦਮ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪੁੱਟਿਆ। ਬਾਵਜੂਦ ਆਪਣੀ ਸਾਊ ਬੋਲੀ, ਸ਼ੈਲੀ ਅਤੇ ਆਸ਼ੇ ਦੇ ਉਸਦਾ ਉਹ ਸਾਹਿਤ, ਜਿਹੜਾ ਉਸਦੀ ਵਿਲੱਖਣ ਦੇਣ, ਪਰਿਵਾਰ ਵਿੱਚ ਬੈਠ ਕੇ ਪੜ੍ਹੇ ਜਾਣ ਦੇ ਆਦਰਸ਼ ਉੱਤੇ ਪੂਰਾ ਨਹੀਂ ਉੱਤਰਦਾ ਬੁਨਿਆਦੀ ਤੌਰ ਤੇ ਇਹ ਇਕੱਲ ਵਿੱਚ ਮਾਨਣ ਵਾਲੇ ਸਾਹਿਤ ਦਾ ਆਰੰਭ ਹੈ।

ਮਨੋਵਿਗਿਆਨਕ ਯਥਾਰਥਵਾਦ[ਸੋਧੋ]

ਮਨੋਵਿਗਿਆਨਕ ਯਥਾਰਥਵਾਦ ਸਾਡੇ ਅੱਜ ਦੇ ਸਾਹਿਤਕ ਸੱਭਿਆਚਾਰ ਵਿੱਚ ਮੁੱਖ ਨਿਰਣਾਇਕ ਅੰਸ਼ ਬਣ ਗਿਆ ਹੈ।ਸਾਹਿਤਕ ਵਿਧੀ ਦੇ ਪੱਖੋਂ ਵੀ ਅਤੇ ਸਾਹਿਤਕ ਸਵਾਦ ਦੇ ਪੱਖੋਂ ਵੀ। ਸੁਲਝੇ ਪਾਠਕ ਦੀ ਦਿਲਚਸਪੀ ਘਟਨਾ ਵਿੱਚ ਨਹੀਂ, ਪਾਤਰ ਵਿੱਚ ਹੁੰਦੀ ਹੈ ਜਿਹੜਾ ਘਟਨਾ ਨੂੰ ਜਨਮ ਦਿੰਦਾ, ਜਿਉਂਦਾ ਅਤੇ ਉਸ ਦੇ ਸਿੱਟੇ ਨੂੰ ਭੋਗਦਾ ਹੈ।

ਹਵਾਲੇ[ਸੋਧੋ]

  1. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪ੍ਰੋ ਗੁਰਬਖਸ਼ ਸਿੰਘ ਫ਼ਰੈਂਕ, ਪੰਨਾ 139
  2. ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ, ਡਾ. ਜਸਵਿੰਦਰ ਸਿੰਘ, ਪੰਨਾ 208