ਸੰਤ ਸਿੰਘ ਸੇਖੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਪੰਜਾਬੀ ਸਾਹਿਤ ਵਿੱਚ ਆਧੁਨਿਕ ਆਲੋਚਨਾ ਦਾ ਆਰੰਭ ਮੱਧਕਾਲ ਸਾਹਿਤ ਨੂੰ ਵਿਚਾਰਦੇ ਹੋਏ ਟਿੱਪਣੀਆਂ, ਵਿਖਿਆਨਾ ਆਦਿ ਦੇ ਰੂਪ ਵਿੱਚ ਸ਼ੁਰੂ ਹੋਇਆ। ਸ਼ੁਰੂਆਤੀ ਪੜਾਅ ਦੌਰਾਨ ਮੌਲਾ ਬਖ਼ਸ਼ ਕੁਸ਼ਤਾ, ਬਾਵਾ ਬੁੱਧ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਅਤੇ ਮੋਹਨ ਸਿੰਘ ਦੀਵਾਨਾ ਆਦਿ  ਆਲੋਚਕਾਂ ਨੇ ਲੋਕ ਸਾਹਿਤ, ਮੱਧਕਾਲੀਨ ਕਾਫ਼ੀਆ, ਕਬਿਤ, ਸ਼ਲੋਕ ਆਦਿ ਸਾਹਿਤ ਰੂਪ ਦਾ ਆਪਣੀ ਸਮਝ ਅਤੇ ਧਾਰਮਿਕ ਬਿਰਤੀ ਅਨੁਸਾਰ ਅਲੋਚਨਾਤਮਕ ਵਿਖਿਆਨ ਕੀਤਾ। ਇਨ੍ਹਾਂ ਆਲੋਚਕਾਂ ਦੀ ਆਲੋਚਨਾ ਪ੍ਰਣਾਲੀ ਪ੍ਰਸ਼ੰਸ਼ਾਵਾਦੀ, ਪ੍ਰਭਾਵਵਾਦੀ ਸੀ ਜੋ ਪੂਰਵ ਸੇਖੋਂ ਸਾਹਿਤ ਨੂੰ ਸਾਂਭਦੇ ਹੋਏ ਇਸਦੀ ਵਡਿਆਈ ਕਰਦੇ ਹਨ।

         ਪਰ ਇਹਨਾਂ ਸਾਹਿਤਕ ਆਲੋਚਕਾਂ ਦੀ ਆਲੋਚਨਾ ਸਿਧਾਂਤਕ ਪਹਿਲੂਆਂ ਉੱਪਰ ਖਰੀ ਨਹੀਂ ਉੱਤਰਦੀ। ਆਧੁਨਿਕ ਪੰਜਾਬੀ ਸਾਹਿਤ ਵਿੱਚ ਸਿਧਾਂਤਕ ਆਲੋਚਨਾ ਦਾ ਮੋਢੀ ਸੰਤ ਸਿੰਘ ਸੇਖੋਂ ਨੂੰ ਪ੍ਰਵਾਨਿਆ ਗਿਆ ਹੈ। ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਉੱਪਰ ਮਾਰਕਸਵਾਦੀ ਸਿਧਾਂਤ ਨੂੰ ਅਪਣਾ ਕੇ ਸਹਿਤਕ ਰਚਨਾਵਾਂ ਨੂੰ ਜਾਂਚਣ ਦੀ ਇੱਕ ਨਵੀਂ ਤਰਕਸ਼ੀਲ ਸਿਧਾਂਤਕ ਦ੍ਰਿਸ਼ਟੀ ਦਿੰਦਾ ਹੈ। ਸੇਖੋਂ ਦੇ ਸਮਕਾਲੀ ਪੰਜਾਬੀ ਆਲੋਚਕ ਪ੍ਰੋ. ਕਿਸ਼ਨ ਸਿੰਘ, ਡਾ.ਅਤਰ ਸਿੰਘ, ਨਜ਼ਮ ਹੁਸੈਨ ਸਯੱਦ ਹਨ। ਸਮਕਾਲੀ ਆਲੋਚਕ ਪ੍ਰੋ. ਕਿਸ਼ਨ ਬਾਰੇ ਟਿੱਪਣੀ ਜ਼ਿਕਰਯੋਗ ਹੈ:

“ਸਾਡਾ ਇੱਕ ਅਖਾਉਂਤੀ ਆਲੋਚਕ ਤਾਂ ਵਾਰਿਸ ਸ਼ਾਹ ਦੀ ਹੀਰ ਨੂੰ ਸਿੱਖ ਇਨਕਲਾਬ ਦੇ ਸਿਧਾਂਤ ਦਾ ਗ੍ਰੰਥ ਆਖਣ ਚਲਾ ਜਾਂਦਾ ਹੈ।"1

         ਇਸ ਤਰ੍ਹਾਂ ਉਪਰੋਕਤ ਹਵਾਲੇ ਦੀ ਗਵਾਹੀ ਨਾਲ ਅਸੀ ਸੰਤ ਸਿੰਘ ਸੇਖੋਂ ਦੀ ਆਪਣੇ ਸਮਾਕਾਲੀ ਆਲੋਚਕਾਂ ਅਤੇ ਸਾਹਿਤਕ ਕਿਰਤਾਂ ਪ੍ਰਤੀ ਦ੍ਰਿਸ਼ਟੀਕੋਣ ਦਾ ਅੰਦਾਜ਼ਾ ਲਗਾ ਸਕਦੇ ਹਾਂ।

                 ਸੰਤ ਸਿੰਘ ਸੇਖੋਂ ਨੂੰ ਪੰਜਾਬੀ ਸਾਹਿਤ ਦਾ ‘ਬਾਬਾ ਬੋਹੜ` ਆਖਿਆ ਜਾਂਦਾ ਹੈ। ਉਹਨਾਂ ਨੇ ਲਗਭਗ ਹਰ ਪੰਜਾਬੀ ਸਾਹਿਤਕ ਵਿਧਾ ਵਿਚ ਆਪਣਾ ਯੋਗਦਾਨ ਪਾਇਆ। ਉਸਨੇ ਆਪਣੇ ਜੀਵਨ ਦੌਰਾਨ ਪੰਜ ਕਹਾਣੀ ਸੰਗ੍ਰਹਿ, ਚਾਰ ਇਕਾਂਗੀ ਸੰਗ੍ਰਹਿ, ਗਿਆਰਾਂ ਨਾਟਕ, ਦੋ ਨਾਵਲ, ਸ੍ਵੈ ਜੀਵਨੀ (ਦੋ ਜਿਲਦਾਂ ਵਿਚ) ਅਤੇ ਮੂਲਵਾਨ ਆਲੋਚਨਾ ਪੁਸਤਕਾਂ ਦੀ ਰਚਨਾ ਕਰਕੇ ਪੰਜਾਬੀ ਸਾਹਿਤ ਦੀ ਅਮੀਰੀ ਵਿੱਚ ਵਾਧਾ ਕੀਤਾ।

         ਉਸ ਦੀ ਸਾਹਿਤਕ ਰਚਨਾਵਾਂ ਵਿੱਚ ਬੌਧਿਕਤਾ ਪ੍ਰਧਾਨ ਰਹੀ ਹੈ ਅਤੇੇ ਉਸਨੇ ਪੂੰਜੀਵਾਦ ਦੇ ਆਗਮਨ ਨੂੰ ਪ੍ਰਤੱਖ ਰੂਪ ਵਿੱਚ ਚਿਤਰਿਆ। ਪੰਜਾਬੀ ਸਾਹਿਤ ਵਿੱਚ ਸੰਤ ਸਿੰਘ ਸੇਖੋਂ ਨੂੰ ਸਭ ਤੋਂ ਵੱਧ ਪ੍ਰਸਿੱਧੀ ਇੱਕ ਮਾਰਕਸਵਾਦੀ ਆਲੋਚਕ ਦੇ ਤੌਰ ਤੇ ਮਿਲੀ। ਮਾਰਕਸਵਾਦੀ ਸਿਧਾਂਤਾ ਨੂੰ ਅਪਣਾਉਣ ਵਾਲਾ ਪੰਜਾਬੀ ਸਾਹਿਤ ਦਾ ਉਹ ਪਹਿਲਾ ਆਲੋਚਕ ਹੈ। ਜਸਵਿੰਦਰ ਸਿੰਘ ਅਨੁਸਾਰ:-

         “ਮਾਰਕਸਵਾਦੀ ਚਿੰਤਕ ਹੋਣ ਕਾਰਨ ਉਹ ਸਾਹਿਤ, ਸਮਾਜ ਇਤਿਹਾਸ ਵੱਲ ਜਮਾਤੀ ਦ੍ਰਿਸ਼ਟੀਕੋਣ ਰੱਖਦਾ ਹੈ। ਉਸਨੇ ਸਪੱਸ਼ਟ ਤੌਰ ਤੇ ਕੁਲੀਨ ਸਿੱਖ ਵਰਗ ਅਤੇ ਲੋਕ ਹਿਤੈਸ਼ੀ ਗੁਰਮਤਿ ਸਾਹਿਤ ਤੇ ਸਿੱਖ ਲਹਿਰ ਵਿਚਕਾਰ ਨਿਖੇੜੇ ਕੀਤੇ। ਉਸਨੇ ਨਿੱਜੀ ਤੇ ਸਾਂਝੇ ਹਿੱਤਾਂ, ਜੀਵਨ-ਸ਼ੈਲੀਆਂ ਅਤੇ ਸਮੁੱਚੇ ਕਾਰ ਵਿਹਾਰ ਨੂੰ ਜਮਾਤੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਸਮਝਿਆ ਅਤੇ ਪ੍ਰਗਟਾਇਆ।"2      

ਟੀ.ਆਰ  ਵਿਨੋਦ ਅਨੁਸਾਰ:-

         “ਸੇਖੋਂ ਦੀ ਦ੍ਰਿਸ਼ਟੀ ਵਿੱਚ ਸਮੀਖਿਆ ਕਿਸੇ ਸਾਹਿਤਕ ਕਿਰਤ ਦਾ ਉਹ ਵਿਸ਼ਲੇਸ਼ਣ ਹੈ ਜਿਸ ਤੋਂ ਇਸਦੇ ਮਹੱਤਵ ਅਤੇ ਮੂਲ ਦੀ ਪਛਾਣ ਹੋ ਜਾਂਦੀ ਹੈ।"3

         ਇਸ ਤਰ੍ਹਾਂ ਉਪਰੋਕਤ ਧਾਰਨਾ ਤੋ਼ ਅਸੀਂ ਸੰਤ ਸਿੰਘ ਸੇਖੋਂ ਦੀ ਪੂਰਵ ਸੇਖੋ ਸਾਹਿਤ ਬਾਰੇ ਮਾਰਕਸਵਾਦੀ ਦ੍ਰਿਸ਼ਟੀ ਦਾ ਪਤਾ ਲਗਾ ਸਕਦੇ ਹਾਂ, ਉਹ ਸਾਹਿਤਕ ਰਚਨਾਵਾਂ ਨੂੰ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਕਰਦਾ, ਸਗੋਂ ਇਹਨਾ ਨੂੰ ਵਾਸਤਵ ਨਾਲ ਜੋੜਦਾ ਹੈ।

         ਪੰਜਾਬੀ ਸਾਹਿਤ ਦੀਆਂ ਮੱਧਕਾਲੀਨ ਰਚਨਾਵਾਂ ਜਿਵੇਂ ਕਿੱਸਾ, ਸੂਫ਼ੀ ਕਾਵਿ, ਗੁਰਮਤਿ ਕਾਵਿ ਬਾਰੇ ਉਹ ਪਦਾਰਥਵਾਦੀ ਸੋਚ ਨੂੰ ਮੰਨਦਾ ਹੋਇਆ ਇਨ੍ਹਾਂ ਦਾ ਵਿਖਿਆਨ ਕਰਦਾ ਹੈ:-

         “ਪੰਜਾਬੀ ਵਿੱਚ ਬਹੁਤਾ ਪੁਰਾਤਨ ਸਾਹਿਤ, ਖਾਸ ਕਰ ਸੂਫ਼ੀ ਅਤੇ ਕਿੱਸਾ ਸਾਹਿਤ ਆਪਣੇ ਸਮੇਂ ਦੀ ਰਾਜਸੀ ਸਥਿਤੀ ਤੋਂ ਗਾਫ਼ਿਲ ਹੈ ਅਤੇ ਇਹ ਆਪਣੇ ਸਮੇ ਦੀ ਕੇੇਂਦਰੀ ਸਥਿਤੀ ਦੀ ਸੂਝ ਨਹੀਂ ਰੱਖਦਾ। ਸੂਫ਼ੀ ਸਾਹਿਤ ਕਿੱਧਰੇ ਵੀ ਕੋਈ ਪ੍ਰਭਾਵਸ਼ਾਲੀ ਇਤਿਹਾਸਕ ਪਰਿਣਾਮ ਉਤਪੰਨ ਨਹੀਂ ਕਰ ਸਕਿਆ।"4

         ਸੇਖੋਂ ਅਨੁਸਾਰ ਮੱਧਕਾਲ ਸਾਹਿਤ ਕਿਸੇ ਗੈਬੀ ਸ਼ਕਤੀ ਨਾਲ ਸੰਬੰਧਤ ਹੈ ਜੋ ਕਿ ਹਮੇਸ਼ਾਂ ਕਾਬਿਜ਼ ਰਾਜਸੀ ਸੱਤਾ ਦੇ ਹੱਕ ਵਿੱਚ ਪ੍ਰਸਤੁਤ ਹੁੰਦਾ ਹੈ ਪਰ ਉਹ ਉਸ ਕਾਲ ਦੀਆਂ ਸਮਾਜਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਦਾ ਸੰਦਰਭ ਨਹੀਂ ਜੋੜਦਾ। ਇਸ ਤੋਂ ਪਹਿਲਾ ਕਿ ਅਸੀਂ ਉਸਦੇ ਆਲੋਚਨਾ ਕਾਰਜ ਦੀਆਂ ਵਿਧੀਆਂ ਅਤੇ ਆਲੋਚਨਾ ਖੇਤਰਾਂ ਦਾ ਅਧਿਐਨ ਕਰੀਏ , ਸਾਨੂੰ ਉਸ ਦੇ ਆਲੋਚਨਾ ਪੁਸਤਕਾਂ ਦਾ ਕ੍ਰਮਵਾਰ ਅਧਿਐਨ ਕਰ ਲੈਣਾ ਚਾਹੀਦਾ ਹੈ ;

ਪ੍ਰਸਿੱਧ ਪੰਜਾਬੀ ਕਵੀ:-

         ‘ਪ੍ਰਸਿੱਧ ਪੰਜਾਬੀ ਕਵੀ` ਪੁਸਤਕ ਲਾਹੌਰ ਬੁੱਕ ਸ਼ਾਪ, ਲੁਧਿਆਣਾ ਨੇ 1955 ਈ: ਵਿੱਚ ਛਪੀ। ਇਸ ਕਿਤਾਬ ਵਿਚ ਮੱਧਕਾਲ ਵਿਚਲੇ 9 ਕਵੀਆਂ ਅਲੀ ਹੈਦਰ, ਨਜਾਬਤ, ਮੁਕਬਲ, ਬੁੱਲੇ ਸ਼ਾਹ, ਸਯੱਦ ਵਾਰਸ਼ ਸ਼ਾਹ, ਹਾਸ਼ਮ ਸ਼ਾਹ, ਅਹਿਮਦ ਯਾਰ, ਕਾਦਰ ਯਾਰ ਤੇ ਸ਼ਾਹ ਮੁਹੰਮਦ ਦੀਆਂ ਰਚਨਾਵਾਂ ਦਾ ਸਿਧਾਂਤਕ ਤੌਰ `ਤੇ ਆਲੋਚਨਾਤਮਕ ਅਧਿਐਨ ਕੀਤਾ ਅਤੇ ਇਤਿਹਾਸਕ ਸਾਹਿਤ ਨੂੰ ਸਮਝਣ ਲਈ ਨਵੀਂ  ਦ੍ਰਿਸ਼ਟੀ ਪ੍ਰਦਾਨ ਕੀਤੀ। ਉਹ ਇਸ ਵਿੱਚ ਸਮਾਜਿਕ ਸਰਗਰਮੀ ਅਤੇ ਲੋਕਪੱਖੀ ਆਲੋਚਨਾ ਦ੍ਰਿਸ਼ਟੀ ਅਪਣਾਕੇ ਕਵੀਆਂ ਦੀ ਰਚਨਾਵਾਂ ਬਾਰੇ  ਆਪਣੇ ਵਿਚਾਰ ਪ੍ਰਗਟਾਉਂਦਾ ਹੈ।

ਸਾਹਿਤਿਆਰਥ:-

         ‘ਸਾਹਿਤਿਆਰਥ` ਕਿਤਾਬ 1957 ਵਿੱਚ ਲਾਹੌਰ ਬੁੱਕ ਸ਼ਾਪ, ਲੁਧਿਆਣਾ ਨੇ ਛਾਪੀ ਹੈ। ਪਹਿਲੀ ਵਾਰ ਕਾਵਿ ਦੇ ਤੱਤਾਂ ਨੂੰ ਸਿਧਾਂਤਕ ਤੌਰ  `ਤੇ ਇਸ ਕਿਤਾਬ  ਵਿੱਚ ਵਿਸ਼ਲੇਸ਼ਿਤ ਕੀਤਾ ਗਿਆ। ਇਸ ਪੁਸਤਕ ਵਿੱਚ ਉਹ ਤਕਰਮਈ ਢੰਗ ਨਾਲ ਕਵਿਤਾ ਕੀ ਹੈ, ਕਵਿਤਾ ਅਤੇ ਅਨੁਭਵ, ਭਾਵੁਕਤਾ, ਉਪ ਭਾਵੁਕਤਾ, ਅਲੰਕਾਰ, ਛੰਦ, ਧੁਨੀ, ਬਿੰਬ, ਰਸ ਤੇ ਚਿੰੰਨ੍ਹ, ਕਵਿਤਾ ਦੀ ਪ੍ਰਕ੍ਰਿਤੀ, ਕਵਿਤਾ ਤੇ ਸੰਸਕ੍ਰਿਤੀ, ਕਵਿਤਾ ਤੇ ਸਮਾਜਿਕ ਆਲੋਚਨਾ ਅਤੇ ਕਵਿਤਾ ਦਾ ਵਿਗਿਆਨ ਨਾਲ ਸੰਬੰਧ ਆਦਿ ਦਾ ਸਿਧਾਂਤਕ ਤੌਰ ਤੇ ਉਲੇਖ ਕੀਤਾ ਹੈ। ਕਵਿਤਾ ਨਾਲ ਸੰਬੰਧਤ ਸਾਰੇ ਬੁਨਿਆਦੀ ਪਹਿਲੂਆਂ ਨੂੰ ਪੰਜਾਬੀ ਵਿੱਚ ਪਹਿਲੀ ਵਾਰ ਸਿਧਾਂਤਕ ਦਾਰਸ਼ਨਿਕ ਦ੍ਰਿਸ਼ਟੀ ਤੋਂ ਸੇਖੋਂ ਆਪਣੀ ਇਸ ਕਿਤਾਬ ਵਿੱਚ ਵਿਚਾਰਦਾ ਹੈ।

         ਸੇਖੋਂ ਪਾਸ ਕਵਿਤਾ ਅਤੇ ਹੋਰ ਸਹਿਤ ਰੂਪਾਂ ਦੀ ਗਹਿਰੀ ਸਮਝ ਹੈ। ਉਹ ਅਨੁਭਵ ਨੂੰ ਸਾਹਿਤ-ਸਿਰਜਣਾ ਦਾ ਜ਼ਰੂਰੀ ਆਧਾਰ ਮੰਨਦਾ ਹੈ। ਜਸਵਿੰਦਰ ਸਿੰਘ ਅਨੁਸਾਰ:

         “ਸੰਤ ਸਿੰਘ ਸੇਖੋਂ ਨੇ ‘ਸਾਹਿਤਿਆਰਥ` ਪੁਸਤਕ ਵਿਚ ‘ਪੁਰਾਤਨ ਕਾਵਿ ਅਨੁਭਵ` ਅਤੇ ‘ਆਧੁਨਿਕ ਕਾਵਿ ਅਨੁਭਵ` ਨਾਮੀ ਲੇਖਾਂ ਵਿੱਚ ਯੁਗਾਂ ਅਨੁਸਾਰ ਆਏ ਅਨੁਭਵੀ ਬਦਲਾਵ ਅਤੇ ਇਸਦੇ ਫਲਸਰੂਪ ਸਾਹਿਤ ਵਿੱਚ ਆਏੇ ਬਦਲਾਵਾਂ ਨੂੰ ਰੇਖਾਂਕਿਤ ਕੀਤਾ ਹੈ।"5

         ਇਸ ਤਰ੍ਹਾਂ ਉਹ ਵਿਗਿਆਨਿਕ ਢੰਗ ਨਾਲ ਸਮਝਦਾ ਹੋਇਆ ਕਵਿਤਾ ਪ੍ਰਤੀ ਪਹਿਲੀ ਵਾਰ ਇੱਕ ਨਵੀਂ ਦ੍ਰਿਸ਼ਟੀ ਦਿੰਦੀ ਹੈ। ਉਹ ਕਵਿਤਾ ਦੇ ਤੱਤਾਂ, ਰਸ, ਅਲੰਕਾਰ, ਬਿੰਬ, ਵਕੋ੍ਕਤੀ, ਔਚਿਤਯ ਆਦਿ ਸੰਬੰਧੀ ਵਿਗਿਆਨਿਕ ਢੰਗ ਨਾਲ ਵਿਚਾਰ ਕਰਦਾ ਹਨ। ਉਹ ਛੰਦ ਨੂੰ ਕਵਿਤਾ ਦਾ ਸਰੀਰਕ ਲਿੰਗ ਰੂਪ ਸਮਝਦਾ ਹੋਇਆ ਛੰਦ ਨੂੰ ਜਰੂਰੀ ਸਮਝਦਾ ਹੈ ਪਰ ਉਹ ਛੰਦ ਬਧ ਸ਼ਬਦਾਂ ਨੂੰ ਹੀ ਕਾਵਿ ਨਹੀਂ ਮੰਨਦਾ। ‘ਸਾਹਿਤਿਆਰਥ` ਕਿਤਾਬ ਪੰਜਾਬੀ  ਆਲੋਚਨਾ ਜਗਤ ਵਿੱਚ ਪੂਰਵ ਕਾਰਜ ਤੋਂ ਹੀ ਨਹੀਂ ਸਗੋਂ ਭਵਿੱਖ ਵਿੱਚ ਵੀ ਇਹ ਨਿਰੋਲ ਹੈ। ਪ੍ਰਸਿੱਧ ਪੰਜਾਬੀ ਆਲੋਚਕ ਡਾ. ਹਰਿਭਜਨ ਸਿੰਘ ਭਾਟੀਆ, ਡਾ. ਤੇਜਵੰਤ ਸਿੰਘ ਗਿੱਲ ਅਤੇ ਟੀ.ਆਰ ਵਿਨੋਦ ‘ਸਾਹਿਤਿਆਰਥ` ਕਿਤਾਬ ਨੂੰ ਅਜੇ ਤੱਕ ਇੱਕ ਮੌਲਿਕ ਰਚਨਾ ਮੰਨਦੇ ਹਨ।

ਸਮੀਖਿਆ ਪ੍ਰਣਾਲੀਆਂ:-

         ‘ਸਮੀਖਿਆ ਪ੍ਰਣਾਲੀਆਂ` ਪੁਸਤਕ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ ਵੱਲੋਂ 1975 ਵਿੱਚ ਪ੍ਰਕਾਸ਼ਿਤ ਹੋਈ। ਇਸ ਪੁਸਤਕ ਵਿੱਚ ਸੇਖੋਂ ਆਪਣੇ ਤੋਂ ਪਹਿਲਾਂ ਬਣੀਆਂ ਪ੍ਰਮਾਣਿਕਵਾਦ, ਪ੍ਰਸ਼ੰਸਾਵਾਦ, ਧਾਰਮਿਕ ਬਿਰਤੀ ਦੀ ਭਾਵਨਾ ਆਦਿ ਆਲੋਚਨਾ ਪ੍ਰਣਾਲੀਆਂ ਦਾ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਕ੍ਰਮਬੱਧ ਅਧਿਐਨ ਕਰਦਾ ਹੈ। ਉਹ ਆਪਣੀ ਪੁਸਤਕ ‘ਸਮੀਖਿਆ ਪ੍ਰਣਾਲੀਆਂ` ਵਿੱਚ ਜ਼ਿਕਰ ਕਰਦਾ ਹੈ:

“ਮਾਰਕਵਾਦ ਅਨੁਸਾਰ ਸਮਾਜਕ ਸੰਗਠਨ ਦਾ ਆਧਾਰ ਰੂਪ ਇਹ ਉਤਪਾਦਨ ਦੇ ਸਾਧਨ ਤੇ ਸਥਿਤੀਆਂ ਹੁੰਦੇ ਹਨ। ਇਸਦੇ ਉੱਪਰ ਧਰਮ, ਕਲਾ ਸਾਹਿਤ ਵਿਧੀ-ਸ਼ਾਸਤਰ, ਦਰਸ਼ਨ ਅਤੇ ਵਿਗਿਆਨ ਆਦਿ ਦੀ ਉਸਾਰੀ ਹੁੰਦੀ ਹੈ।"6

         ਇਸ ਤਰ੍ਹਾਂ ਅਸੀਂ ਜਾਣ ਸਕਦੇ ਹਾਂ ਕਿ ਵਾਸਤਵ ਬਾਰੇ ਉਸਦੀ ਗਹਿਰੀ ਸੂਝ ਹੈ। ਇਸ ਪੁਸਤਕ ਵਿੱਚ ਉਹ ਆਪਣੇ ਅਨੁਸਾਰ ਆਲੋਚਨਾ ਦਾ ਕਾਰਜ, ਸੁਭਾਅ, ਮੰਤਵ, ਵਿਧੀ ਅਤੇ ਦ੍ਰਿਸ਼ਟੀਕੋਣ ਸੰਬੰਧੀ ਚਰਚਾ ਕਰਦਾ ਹੈ। ਪਰ ਸੰਤ ਸਿੰਘ ਸੇਖੋਂ ਜ਼ਿਆਦਾਤਰ ਪਦਾਰਥਵਾਦ ਨੂੰ ਅਪਣਾਕੇ ਵਿਸ਼ੇਸ਼ਗਤ ਅਧਿਐਨ ਕਰਦਾ ਹੈ ਜਿਸ ਦੇ ਫਲਸਰੂਪ ਉਹ ਸਾਹਿਜ ਸੁਹਜ ਨੂੰ ਖ਼ਤਮ ਕਰਦਾ ਜ਼ਿਕਰ ਆਉਂਦਾ ਹੈ। ਪੰਜਾਬੀ ਦੇ ਸਾਰੇ ਮਾਰਕਸਵਾਦੀ ਚਿੰਤਕਾਂ ਵਿੱਚ ਇਹ ਕਮੀ ਪਾਈ ਜਾਂਦੀ ਹੈ।

ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁੱਗ:-

         ‘ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁੱਗ` ਪੁਸਤਕ ਲਾਹੌਰ ਬੁੁੱਕ ਸ਼ਾਪ, ਲੁਧਿਆਣਾ ਨੇ ਪਹਿਲੀ ਵਾਰ 1962 ਵਿੱਚ ਪ੍ਰਕਾਸ਼ਿਤ ਕੀਤੀ। ਇਸ ਵਿੱਚ ਭਾਈ ਵੀਰ ਸਿੰਘ ਦੀਆ ਰਚਨਾਵਾਂ ਬਾਰੇ ਸੇਖੋਂ ਆਲੋਚਨਾ ਕਰਦਾਹ ਹੋਇਆ ਉਸਦੇ ਵਿਸ਼ੇ ਅਤੇ ਅਦਰਸ਼ਵਾਦ ਨੂੰ ਪਕੜਦਾ ਹੈ ਅਤੇ ਉਸਦੀਆ ਰਚਨਾਵਾਂ ਦਾ ਰਵਿੰਦਰ ਨਾਥ ਟੈਗੋਰ ਦੀਆਂ ਰਚਨਾਵਾਂ ਨਾਲ ਤੁਲਨਾਤਮਕ ਅਧਿਐਨ ਕਰਦਾ ਹੈ। ਉਹ ਭਾਈ ਵੀਰ ਸਿੰਘ ਤੇ ਸਮਕਾਲੀ  ਸੰਘਰਸ਼ਮਈ ਰਾਜਸੀ ਪ੍ਰਸਥਿਤੀਆਂ ਬਾਰੇ ਸੀਮਿਤ ਮਾਨਵਾਵਾਦੀ ਦ੍ਰਿਸ਼ਟੀਕੋਣ ਰੱਖਣ ਦਾ ਦੋਸ਼ ਲਗਾਉਂਦਾ ਹੈ।

ਡਾ. ਹਰਿਭਜਨ ਸਿੰਘ ਭਾਟੀਆਂ ਅਨੁਸਾਰ:-

         “ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁੱਗ ਪੁਸਤਕ ਵਿੱਚ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਨੂੰ ਸਮਾਜਕ-ਆਰਥਿਕ ਸੰਦਰਭ ਅਤੇ ਇਤਿਹਾਸਕ ਤੇ ਸਮਾਜਕ ਸਥਿਤੀ ਵਿਚ ਹੀ ਪਰਖਿਆ ਜੋਖਿਆ ਗਿਆ  ਹੈ। ਉਹਦੀ ਰਚਨਾ ਵਿੱਚੋਂ ਵੀ ਸੇਖੋਂ ਨੂੰ ਅਗਰਗਾਮੀ ਢਾਂਚੇ ਦੀ ਉਸਾਰੀ ਲਈ ਲੋੜੀਦੀਂ ਤੱਤਾਂ ਦੀ ਅਣਹੋਂਦ ਪ੍ਰਤੀਤ ਹੁੰਦੀ ਹੈ।"7

         ਸੇਖੋਂ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦਾ ਵਿਸ਼ੇਗਤ ਅਧਿਐਨ ਕਰਕੇ ਉਸਨੂੰ ਮੂਲ ਗੁਰਮਤਿ ਸੰਘਰਸ਼ਮਈ ਵਿਸ਼ੇ ਨਾਲੋਂ ਨਿਖੇੜਦਾ ਹੋਇਆ ਕਹਿੰਦਾ ਹੈ ਕਿ ਭਾਈ ਵੀਰ ਸਿੰਘ ਆਪਣੇ ਕਾਲ ਦੀਆਂ ਸੰਘਰਸ਼ਮਈ ਸਥਿਤੀਆਂ ਤੋਂ ਦੂਰ ਭੱਜਦਾ ਨਜ਼ਰ ਆਉਂਦਾ ਹੈ।

ਪੰਜਾਬੀ ਕਾਵਿ ਸ਼੍ਰੋਮਣੀ:-

         ਪ੍ਰਸਿੱਧ ਪੁਸਤਕ ‘ਪੰਜਾਬੀ ਕਾਵਿ ਸ਼ੋ੍ਰਮਣੀ ` ਪਹਿਲੀ ਵਾਰ ਅਕਤੂਬਰ 1964 ਵਿੱਚ ਲਾਹੌਰ ਬੁੱਕ ਸ਼ਾਪ, ਲੁਧਿਆਣਾ ਨੇ ਪ੍ਰਕਾਸ਼ਿਤ ਕੀਤੀ।

         ਸੰਤ ਸਿੰਘ ਸੇਖੋਂ ਇਸ ਪੁਸਤਕ ਵਿੱਚ ਪੰਜਾਬੀ  ਸੂਫ਼ੀ ਕਾਵਿ ਅਤੇ ਕਿੱਸਾ ਕਾਵਿ ਸੰਬੰਧਿਤ ਸਮੀਖਿਆ ਕਰਕੇ ਉਨ੍ਹਾਂ ਦੁਆਰਾ ਪਾਏ ਗਏ ਇਤਿਹਾਸਕ ਵਖਰੇਵਿਆਂ ਨੂੰ ਵਿਚਾਰਦਾ ਹੈ। ਮਾਰਕਸਵਾਦੀ ਆਲੋਚਕ ਹੋਣ ਕਾਰਨ ਉਹ ਰੁਮਾਂਟਿਕ ਬਿਰਤੀ, ਮਿਥੀਕਰਨ ਅਤੇ ਅਧਿਆਤਮਕ ਦ੍ਰਿਸ਼ਟੀਕੋਣ ਨੂੰ ਵਡਿਆਉਂਦਾ ਨਹੀਂ ਹੈ।

ਭਾਈ ਗੁਰਦਾਸ (ਇੱਕ ਅਧਿਐਨ):-

         ‘ਭਾਈ ਗੁਰਦਾਸ (ਇਕ ਅਧਿਐਨ)` ਪੁਸਤਕ 1975 ਵਿੱਚ ਪਹਿਲੀ ਵਾਰ ਲਾਹੌਰ ਬੁੱਕ ਸ਼ਾਪ ਲੁਧਿਆਣਾ ਦੁਆਰਾ ਪ੍ਰਕਾਸ਼ਿਤ ਕੀਤੀ ਗਈ। ਇਸ ਪੁਸਤਕ ਵਿੱਚ ਪੰਜਾਬੀ ਦੇ ਪ੍ਰਬੁੱਧ ਵਿਦਵਾਨ ਅਤੇ ਗੁਰਮਤਿ ਸਾਹਿਤ ਦੇ ਵਿਆਖਿਕਾਰ ਭਾਈ ਗੁਰਦਾਸ ਦੇ ਜੀਵਨ ਅਤੇ  ਰਚਨਾ ਦੀ ਭਾਸ਼ਾ, ਸ਼ੈਲੀ, ਅਲੰਕਾਰ ਅਤ ਬਿੰਬਵਾਲੀ ਦਾ ਕ੍ਰਮਵਾਰ ਅਧਿਐਨ ਅਤੇ ਵਿਸ਼ੇਸ਼ਗਤ ਗੁਰਮਤਿ ਦੇ ਹਵਾਲੇ ਨਾਲ ਕੀਤਾ। ਇਸ ਸੰਬੰਧੀ ਸੇਖੋਂ ਨੇ ਕਈ ਗਹਿਰੀ ਦ੍ਰਿਸ਼ਟੀਆ ਪੇਸ਼ ਕੀਤੀਆਂ।

ਨਾਟਕ ਕਲਾ ਅਤੇ ਮੇਰਾ ਅਨੁਭਵ:-

         ‘ਨਾਟਕ ਕਲਾ ਅਤੇ ਮੇਰਾ ਅਨੁਭਵ` ਪੁਸਤਕ ਨੂੰ ਭਾਸ਼ਾ ਵਿਭਾਗ, ਪੰਜਾਬ ਨੇ 1978 ਵਿੱਚ ਪ੍ਰਕਾਸ਼ਿਤ ਕੀਤਾ। ਇਸ ਕਿਤਾਬ ਵਿੱਚ ਉਹ ਆਪਣੇ ਰਚੇ ਸਹਿਤ ਬਾਰੇ ਵਿਚਾਰ ਪ੍ਰਗਟਾਉਂਦੇ ਕਹਿੰਦਾ ਹੈ:

         “ਮੈਂ ਪਦਾਰਥਵਾਦੀ ਹਾਂ। ਭਾਗ ਦੇ ਸਿਧਾਂਤ ਨੂੰ ਨਹੀਂ ਮੰਨਦਾ... ਸਾਡੇ ਮਾਰਕਸਵਾਦੀ ਆਦਰਸ਼ਵਾਦੀ ਹਨ।"8

         ਸੇਖੋਂ ਮਾਰਕਸਵਾਦੀ ਦ੍ਰਿਸ਼ਟੀ ਦਾ ਹੋਣ ਦੇ ਬਾਵਜੂਦ ਵੀ ਉਹ ਮਾਰਕਸਵਾਦੀ ਫਲਸਫ਼ੇ ਨੂੰ ਇੰਨ ਬਿੰਨ ਲਾਗੂ ਨਹੀਂ ਕਰਦਾ।

ਨਾਵਲ ਅਤੇ ਪਲਾਟ:-

         ‘ਨਾਵਲ ਅਤੇ ਪਲਾਟ` ਪੁਸਤਕ ਭਾਸ਼ਾ ਵਿਭਾਗ ਪੰਜਾਬ, ਪਟਿਆਲੇ ਨੇ 1997 ਵਿੱਚ ਪ੍ਰਕਾਸ਼ਿਤ ਕੀਤੀ। ਇਸ ਕਿਤਾਬ ਵਿੱਚ ਗ਼ਲਪੀ ਵਿਧਾਵਾਂ ਦੇ ਤੱਤਾਂ ਬਾਰੇ ਮੁਲਵਾਨ ਜ਼ਿਕਰ ਕੀਤਾ ਹੈ।

A History of Punjabi Literature:-

         ਸੇਖੋਂ ਨੂੰ ਪੰਜਾਬੀ ਯੂਨੀਵਰਸਿਟੀ ਨੇ 'A History of Punjabi Literature' ਨੂੰ ਛੇ ਜਿਲਦੀ ਵਿੱਚ ਲਿਖਣ ਦਾ ਪ੍ਰੋਜੈਕਟ ਸੌਂਪਿਆ। ਪਹਿਲੀ ਜ਼ਿਲਦ 1995 ਅਤੇ ਦੂਜੀ ਜਿਲਦ 1996 ਵਿਚ ਪ੍ਰਕਾਸ਼ਿਤ ਹੋਈਆ ਜਿਸ ਵਿਚ ਉਹ ਮੱਧਕਾਨੀਨ ਸਾਹਿਤ ਦੀ  ਵਿਗਿਆਨਕ ਢੰਗ ਨਾਲ ਸਮੀਖਿਆ ਕਰਦਾ ਹੈ।

ਪੰਜਾਬੀ ਬੋਲੀ ਦਾ ਇਤਿਹਾਸ:-

         ‘ਪੰਜਾਬੀ ਬੋਲੀ ਦਾ ਇਤਿਹਾਸ` ਪੁਸਤਕ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਨੇ 1961 ਵਿੱਚ ਪ੍ਰਕਾਸ਼ਿਤ ਕੀਤੀ।ਇਸ ਪੁਸਤਕ ਵਿੱਚ ਸੇਖੋਂ ਪੰਜਾਬੀ ਬੋਲੀ ਦੇ ਇਤਿਹਾਸ ਅਤੇ ਵਿਕਾਸ ਦੇ ਪੜਾਵਾਂ ਬਾਰੇ ਜ਼ਿਕਰ ਕਰਦਾ ਹੋਇਆ ਸਮਕਾਲ ਤੱਕ ਪੰਜਾਬੀ ਦੇ ਵਿਕਾਸ ਨੂੰ ਦਰਸਾਉਂਦਾ ਹੈ।

 ਕਹਾਣੀ ਸ਼ਾਸਤਰ:ਸੰਤ ਸਿੰਘ ਸੇਖੋ:-

         ਇਸ ਪੁਸਤਕ ਵਿੱਚ ਡੀ.ਟੀ. ਆਰ. ਵਿਨੋਦ ਤੇ ਡਾ. ਜੀਤ ਸਿੰਘ ਜੋਸ਼ੀ ਨੇ ਸੰਤ ਸਿਘ ਸੇਖੋਂ ਦੇ ਗਿਆਰਾਂ ਲੇਖ ਸੰਪਾਦਿਤ ਕੀਤੇ। ਇਹ ਕਿਤਾਬ ਕਹਾਣੀ ਅਤੇ ਪੰਜਾਬੀ ਕਹਾਣੀ ਨੂੰ ਸਮਝਣ ਲਈ ਬਹੁਤ ਮਹੱਤਵ ਰੱਖਦੀ ਹੈ ਪਰ ਇਹ ਕਹਾਣੀ ਸ਼ਾਸਤਰ ਨਹੀਂ।

         ਸੇਖੋਂ ਦੀਆਂ ਇਨ੍ਹਾਂ ਆਲੋਚਨਾ ਪੁਸਤਕਾਂ ਤੋਂ ਬਿਨ੍ਹਾਂ ਖੋਜ ਪੱਤਰ, ਆਰਟੀਕਲ, ਭੂਮਿਕਾਵਾਂ ਵੀ ਮਿਲਦੀਆਂ ਹਨ। ਜੋ ਅਲੱਗ-ਅਲੱਗ ਪੁਸਤਕਾਂ, ਅਖਬਾਰਾਂ, ਰਸਾਲਿਆਂ ਵਿੱਚ ਸਮੇਂ-ਸਮੇਂ ਸਿਰ ਛਪਦੇ ਰਹੇ।

         ਇਸ ਤਰ੍ਹਾਂ ਸੰਤ ਸਿੰਘ ਸੇਖੋਂ ਦੇ ਆਲੋਚਨਾ ਕਾਰਜ ਬਾਰੇ ਚਰਚਾ ਕਰਨ ਤੋਂ ਬਾਅਦ ਅਸੀਂ ਉਸਦੀ ਸਮੁੱਚੀ ਆਲੋਚਨਾ ਨੂੰ ਬਹੁ ਦਿਸ਼ਾਵੀ ਅਤੇ ਬਹੁ ਮੁੱਖੀ ਵਿਚਾਾਰ ਸਕਦੇ ਹਾਂ ਉਸਦੀ ਸਮੁੱਚੀ ਪੰਜਾਬੀ ਆਲੋਚਨਾ ਦਾ ਵਿਧੀਬੱਧ ਵਿਸ਼ਲੇਸ਼ਣ ਇਸ ਤਰ੍ਹਾਂ ਹੈ:

                      ਸੰਤ ਸਿੰਘ ਸੇਖੋਂ ਦੀ ਸਮੁੱਚੀ ਆਲੋਚਨ ਦਾ ਵਿਧੀਬੱਧ ਵਿਸ਼ਲੇਸ਼ਣ                                          

                       [1]ਆਲੋਚਨਾ ਦੇ ਮੁੱਖ ਖੇਤਰ           [2] ਆਲੋਚਨਾ ਵਿਧੀ ਤੇ ਦ੍ਰਿਸ਼ਟੀ                                                                                          

ਸਿਧਾਂਤਕ          ਵਿਵਹਾਰਿਕ      ਇਤਿਹਾਸ,ਇਤਿਹਾਸਕਾਰੀ ਅਤੇ        ਅਧਿਐਨ   ਅਧਿਐਨ  

ਆਲੋਚਨਾ       ਆਲੋਚਨਾ       ਸਾਹਿਤ ਇਤਿਹਾਸਕਾਰੀ                 ਵਿਧੀ       ਦ੍ਰਿਸ਼ਟੀ

                                                                  ਪੰਜਾਬੀ ਭਾਸ਼ਾ

(ੳ)    ਸੇਖੋਂ ਆਲੋਚਨਾ ਦੇ ਮੁੱਖ ਖੇਤਰ:-

ਸਿਧਾਂਤਕ ਆਲੋਚਨਾ:-

         ਸੰਤ ਸਿੰਘ ਸੇਖੋਂ ਮਾਰਕਸਵਾਦੀ ਸਿਧਾਤਾਂ ਨੂੰ ਅਪਣਾਉਂਦਾ ਹੋਇਆ ਸਾਹਿਤ ਦਾ ਮੁਲਾਂਕਣ ਕਰਦਾ ਹੈ। ਉਹ ਧਾਰਮਿਕ, ਪ੍ਰਸ਼ੰਸਾਮਈ ਵਿਖਿਆਨ ਅਤੇ ਗੈਬੀ ਸ਼ਕਤੀ ਦਾ ਤਿਆਗ ਕਰਦਾ ਹੈ। ਸੁਚੇਤ ਪੱਧਰ ਤੇ ਜਮਾਤੀ ਸੰਘਰਸ਼ ਅਤੇ ਉਸ ਨਾਲ ਸੰਬੰਧਤ ਕਾਬਿਜ਼ ਰਾਜ ਸੱਤਾ ਦੇ ਸੰਦਰਭ ਵਿੱਚ ਆਲੋਚਨਾ ਕਰਦਾ ਹੈ।

ਹਰਿਭਜਨ ਸਿੰਘ ਭਾਟੀਆ ਅਨੁਸਾਰ:- “ਸੰਤ ਸਿੰਘ ਸੇਖੋਂ ਦੇ ਸਾਹਿਤ ਸਿਧਾਂਤ ਚਿੰਤਨ ਦੀ ਪ੍ਰਕਿਰਤੀ ਮੁੱਖ ਰੂਪ ਵਿਚ ਦੋ ਬਿੰਦੂਆਂ ਨਾਲ ਸੰਬੰਧਤ ਹੈ। ਪਹਿਲਾ ਹੈ ਮਾਰਕਸਵਾਦੀ ਲੈਨਿਨਵਾਦੀ ਵਿਵਸਥਿਤ ਦਰਸ਼ਨ ਪ੍ਰਬੰਧ ਅਤੇ ਦੂਸਰਾ ਭਾਰਤੀ ਇਤਿਹਾਸ ਦੇ ਕੁਝ ਨਿਯਮ।"9

ਡਾ. ਮਾਨ ਸਿੰਘ ਢੀਂਡਸਾ ਅਨੁਸਾਰ:-

         “ਸੰਤ ਸਿੰਘ ਸੇਖੋ਼ ਦੇ ਸਿਧਾਂਤਕ ਚਿੰਤਨ ਵਿੱਚ ਸਾਹਿਤਕ ਕਿਰਤ ਦੀ ਬੁਨਿਆਦੀ ਜ਼ਿੰਮੇਵਾਰੀ ਰਾਜਸੀ ਹੈ। ਉਹ ਹਰੇਕ ਰਚਨਾ ਨੂੰ ਉਸਦੇ ਸਮਕਾਲੀ ਰਾਜਸੀ ਪਰਿਪੇਖ ਵਿੱਚ ਰੱਖ ਕੇ ਵਿੱਚ ਉਤਰਦੀ ਜਮਾਤੀ ਵਿਚਾਰਧਾਰਾ ਅਨੁਸਾਰ ਮੁਲਾਂਕਣ ਕਰਨ ਦਾ ਤਰਕ ਪੇਸ਼ ਕਰਦਾ ਹੈ।"10

         ਸੇਖੋਂ ਦੇ ਪੈਮਾਨਿਆਂ ਅਨੁਸਾਰ ਉਹ ਰਚਨਾ ਸਾਹਿਤ ਵਿੱਚ ਆਉਂਦੀ ਹੈ ਜੋ ਸਮਾਜ ਦਾ ਕਲਿਆਣ ਅਤੇ ਪ੍ਰਗਤੀ ਵਿੱਚ ਹਿੱਸਾ ਪਾਉਂਦੀ ਹੋਈ ਕਿਰਤੀ ਸ਼੍ਰੇਣੀ ਦੀ ਹਾਮੀ ਭਰਦੀ ਹੈ। ਉਹ ਸਾਹਿਤ ਨੂੰ ਬਾਕੀ ਦੀ ਸਮਾਜਿਕ ਕਿਰਤਾਂ ਦੇ ਬਰਾਬਰ ਸਮਝਦਾ ਹੈ।

         ਉਸ ਦੀ ਸਿਧਾਂਤਕਾਰੀ ਨੂੰ ਸਮਝਣ ਲਈ ਅਸੀਂ ਆਖ ਸਕਦੇ ਹਾਂ ਕਿ ‘ਪ੍ਰਸਿੱਧ ਪੰਜਾਬੀ ਕਵੀ'(1955), ‘ਸਹਿਤਿਆਰਥ`,‘ਸਮੀਖਿਆ ਪ੍ਰਣਾਲੀ`(1997), ‘ਪੰਜਾਬੀ ਕਵੀਂ ਸ਼੍ਰੋਮਣੀ`(1964) ਉਸ ਦੀਆਂ ਸਿਧਾਂਤਕ ਪੁਸਤਕਾਂ ਹਨ। ਸੰਤ ਸਿੰਘ ਸੇਖੋਂ ਵਾਸਤਵਵਾਦ ਨੂੰ ਮੰਨਦਾ ਹੋਇਆ ‘ਕਲਾ ਕਲਾ ਲਈ` ਦੇ ਸਿਧਾਂਤ ਦਾ ਵਿਰੋਧ ਕਰਦਾ ਹੈ ਅਤੇ ਸਾਹਿਤ ਨੂੰ ਨਿਰੋਲ ਅਫ਼ਸਾਨਾ ਨਹੀਂ ਮੰਨਦਾ। ਸੰਤ ਸਿੰਘ ਸੇਖੋਂ ਮਾਰਕਸਵਾਦੀ ਸਿਧਾਂਤਾਂ ਨੂੰ ਅਪਣਾਉ਼ਂਦਾ ਤਾਂ ਹੈ ਪਰ ਉਸ ਹਵਾਲੇ ਪੰਜਾਬੀ ਸਾਹਿਤ ਅਤੇ ਸਮਾਜ ਦੇ ਸੰਦਰਭ ਵਿੱਚ ਵੇਖਦਾ ਹੈ। ਸਮਾਕਾਲੀ ਸਾਹਿਤਕ ਆਲੋਚਕਾਂ ਵਿੱਚੋਂ ਇਹੋ ਮੁੱਖ ਕਾਰਨ ਉਸਨੂੰ ਵਖਰਾਉਂਦਾ ਹੈ। ਜਿਸ ਤੋੋਂ ਇਹ ਸਿੱਧ ਹੁੰਦਾ ਹੈ ਕਿ ਉਸਦੇ ਸਿਧਾਂਤ ਨਿਰੋਲ ਮਾਰਕਸਵਾਦੀ ਨਹੀਂ ਰਹਿੰਦੇ ਸਮਕਾਲੀ ਆਲੋਚਕਾਂ ਨਾਲ ਵਖਰੇਵਾਂ ਹੀ ਇਨ੍ਹਾਂ ਸਿਧਾਂਤਕ ਪੈਮਾਨਿਆ ਕਾਰਨ ਹੁੰਦਾ ਹੈ। ਗਦ ਦੀ ਪ੍ਰਕਿਰਤੀ ਨੂੰ ਨਿਖੇੜਨ ਵਾਲੀਆਂ ਅੰਤਰ ਦ੍ਰਿਸ਼ਟੀਆਂ ਜ਼ਿਕਰਯੋਗ ਹਨ:

(i)     ਗਦ ਲਿਖ਼ਤ ਦਾ ਮਨੋਰਥ ਕਾਵਿ ਨਾਲੋਂ ਵਧੇਰੇ, ਸੀਮਤ ਅਤੇ ਨਿਸ਼ਚਿਤ ਹੁੰਦਾ ਹੈ।"11

(ii)     ਗਦ ਕਵਿਤਾ ਨਾਲੋਂ ਵਧੇਰੇ ਆਪਾ-ਪ੍ਰਗਟਾਉ ਹੁੰਦੀ ਹੈ। ਕਵਿਤਾ ਸਧਾਰਣ ਰੋਚਿਕ ਤੇ ਪ੍ਰਭਾਵਿਤ ਅਭਿਵਿਅੰਜਨ ਕਰਦੀ ਹੈ, ਗੱਦ ਨਿਸ਼ਚਿਤ ਤੇ ਨਿਜਨਾਮੀ ਗੱਲ ਕਰਦੀ ਹੈ।12

(iii)    ਗੱਦ ਵਿਚ ਲਚਕ ਵਧੇਰੇ ਹੁੰਦੀ ਹੈ।13

ਵਿਵਹਾਰਕ ਆਲੋਚਨਾ:-

         ਸੰਤ ਸਿੰਘ ਸੇਖੋਂ ਵਿਵਹਾਰਕ ਪੱਧਰ ਤੇ ਮੱਧਕਾਲੀ ਸੂਫ਼ੀ ਸਾਹਿਤ, ਫ਼ਰੀਦ ਬਾਣੀ, ਕਿੱਸਾ, ਗੁਰਮਤਿ ਕਾਵਿ ਨੂੰ ਆਪਣੇ ਅਧਿਐਨ ਲਈ ਚੁਣਦਾ ਹੈ। ਸੇਖੋਂ ਆਲੋਚਨਾ ਰਸਾਲੇ ਵਿੱਚ ‘ਸੇਧਾਂ ਤੇ ਸਾਰਾ` ਸਿਰਲੇਖ ਹੇਠ ਫ਼ਰੀਦ ਬਾਣੀ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹੈ:

         “ਸ਼ੇਖ ਫ਼ਰੀਦ ਦੀ ਬਾਣੀ ਵਿੱਚ ਕਿੱਧਰੇ ਵੀ ਰਾਜ ਜਾਂ ਸਮਾਜ ਅਧਿਕਾਰੀਆ ਦਾ ਵਿਰੋਧ ਨਹੀਂ ਮਿਲਦਾ। ਇਹ ਸਿੱਖਿਆ ਟੇਢੇ ਢੰਗ ਨਾਲ ਉਸੇ ਸਮਾਜ ਰਾਜ ਦੀ ਪਕਿਆਈ ਕਰਨ ਵਾਲੀ ਉਸ ਦੀ ਸਹਾਇਕ ਹੈ।"14

         ਇਵੇਂ ਹੀ ਉਹ ਆਪਣੀ ਵਿਵਹਾਰਕ ਆਲੋਚਨਾ ਵਿੱਚ ‘ਕਿੱਸਾ ਕਾਵਿ` ਬਾਰੇ ਦੱਸਦਾ ਹੈ:-

         “ਪੰਜਾਬੀ ਕਿੱਸਾਕਾਰਾਂ ਦੀ ਕਵਿਤਾ ਲੋਕਯਾਨ ਦੀ ਅਬੁੱਧਤਾ ਤੇ ਅਣਸਾਹਿਕਤਾ ਤੋਂ ਉਪਰ ਨਹੀਂ ਉੱਠ ਸਕੀ।15

         ਇਸ ਤਰ੍ਹਾਂ ਉਹ ਸ਼ੇਖ ਫ਼ਰੀਦ ਦੀ ਬਾਣੀ ਅਤੇ ਪੰਜਾਬੀ ਕਿੱਸੇ-ਕਾਵਿ ਦੇ ਨਾਲ-ਨਾਲ ਗੁਰਮਤਿ ਕਾਵਿ ਨੂੰ ਵੀ ਗੈਬੀ ਸ਼ਕਤੀ ਨਾਲ ਸੰਬੰਧਤ ਹੋਣ ਕਾਰਨ ਸਾਹਸੀ ਢੰਗ ਨਾਲ ਵਿਚਾਰਦਾ ਹੈ। ਸੇਖੋਂ ਅਨੁਸਾਰ ਇਹ ਸਾਹਿਤ ਕਾਬਿਜ਼ ਰਾਜਸੀ ਸੱਤਾ ਦੇ ਹੱਕ ਵਿੱਚ ਭੁਗਤਦਾ ਹੈ।

ਇਤਿਹਾਸ, ਇਤਿਹਾਸਕੀ ਅਤੇ ਸਾਹਿਤ ਇਤਿਹਾਸਕਾਰੀ:-

         ਸੰਤ ਸਿੰਘ ਸੇਖੋਂ ਪੰਜਾਬੀ ਜਗਤ ਵਿੱਚ ਸਾਹਿਤ ਇਤਿਹਸਕਾਰੀ ਕਰਕੇ ਆਪਣਾ ਯੋਗਦਾਨ ਪਾਉਂਦਾ ਹੈ। ਮੱਧਕਾਲੀਨ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਸੰਬੰਧੀ ਉਸਨੇ ਦੋ ਕਿਤਾਬਾਂ ਲਿਖੀਆਂ। ਸੇਖੋਂ ਆਪਣੇ ਅੰਦਰ ਇੱਕ ਸਿੱਖ ਇਤਿਹਾਸ ਸਮੋਈ ਬੈਠਾ ਹੈ ਅਤੇ ਗਹਿਰੇ ਇਤਿਹਾਸਿਕ ਗਿਆਨ ਹੋਣੇ ਕਾਰਨ ਉਸਦੀ ਸਾਹਿਤਕ ਦ੍ਰਿਸ਼ਟੀ ਵੀ ਕਮਾਲ ਹੈ।

ਪੰਜਾਬੀ ਭਾਸ਼ਾ:-

ਸੇਖੋਂ ਦਾ ਆਲੋਚਨਾ ਖੇਤਰ ਦੇ ਨਾਲ-ਨਾਲ ਪੰਜਾਬੀ ਭਾਸ਼ਾ ਸੰਬੰਧੀ ਵੀ ਮਹੱਤਵਪੂਰਨ ਕਾਰਜ ਹੈ। ਇਸ ਨਾਲ ਸੰਬੰਧਿਤ ਉਹ ‘ਪੰਜਾਬੀ ਬੋਲੀ ਦਾ ਇਤਿਹਾਸ`, ‘ਭਾਈ ਗੁਰਦਾਸ ਇੱਕ ਅਧਿਐਨ` ਮਹੱਤਵਪੂਰਨ ਪੁਸਤਕਾਂ ਹਨ। ਉਹ ਗੁਰਮਤਿ ਅਤੇ ਸੂਫ਼ੀ ਸਾਹਿਤ ਵਿੱਚਲੀ ਭਾਸ਼ਾ ਦਾ ਬਣਦਾ ਸਥਾਨ ਦਿਵਾਉਣ ਵਿੱਚ ਕੋਸ਼ਿਸ਼ ਕਰਦਾ ਹੈ। ਇਹ ਸਮੱਸਿਆ ਅਜੋਕੇ ਸਮੇਂ ਤੱਕ ਹੈ।

ਜਸਵਿੰਦਰ ਸਿੰਘ ਅਨੁਸਾਰ:-

         “ਉਸਦਾ ਮਤ ਹੈ ਕਿ ਵੱਖਰੇ ਮੁਲਕਾਂ ਦੀ ਹੋਂਦ ਰੱਖ ਕੇ ਵੀ ਸਾਨੂੰ ਭਾਸ਼ਾਈ-ਸਭਿਆਚਾਰਕ ਪਹਿਲੂਆਂ ਤੋਂ ਪੀੜੀ ਦਰ ਪੀੜੀ ਸਾਂਝ ਰੱਖਕੇ ਇੱਕ ਪੰਜਾਬੀ  ਕੌਮ ਨੂੰ ਬਣਾਈ ਰੱਖਣਾ ਬਣਦਾ ਹੈ।"16

         ਇਸ ਤੋਂ ਬਿਨਾਂ ਉਹ ਪੰਜਾਬੀ ਭਾਸ਼ਾ  ਦੇ ਨਿਕਾਸ ਤੇ ਵਿਕਾਸ ਬਾਰੇ ਗੱਲ ਕਰਦਾ ਹੋਇਆ ਆਧੁਨਿਕ ਭਾਸ਼ਾ ਦੀ ਗੱਲ ਵੀ ਕਰਦਾ ਹੈ। ਪਕਿਸਤਾਨੀ ਪੰਜਾਬ ਅਤੇ ਭਾਰਤ ਪੰਜਾਬ ਵਿੱਚ ਆਏ  ਪੰਜਾਬੀ ਭਾਸ਼ਾ ਦੇ ਸਰੂਪ ਸੰਬੰਧੀ ਆਪਣੀ ਚਿੰਤਾ ਪ੍ਰਗਟਾਉਂਦਾ ਹੈ।

(ਅ) ਅਧਿਐਨ ਵਿਧੀ ਅਤੇ ਦ੍ਰਿਸ਼ਟੀ:-

ਅਧਿਐਨ ਵਿਧੀ:-

         ਸਾਹਿਤਕ ਆਲੋਚਨਾ ਵਿੱਚ ਸੰਤ ਸਿੰਘ ਸੇਖੋਂ ਦੀ ਅਧਿਐਨ ਵਿਧੀ ਬਾਰੇ ਜਾਣਨਾ ਉਸਦੀ ਸਾਹਿਤਕ ਆਲੋਚਨਾ ਦਾ ਇੱਕ ਅਹਿਮ ਪਾਸਾਰ ਹੈ। ਸੰਤ ਸਿਘ ਦੀ ਅਧਿਐਨ ਵਿਧੀ ਤਿਕੋਣੇ ਆਧਾਰ ਵਾਲੀ ਹੈ:

(1) ਵਾਸਤਵ: ਆਰਥਿਕ, ਸਮਾਜਿਕ,                                       (2) ਫ਼ਲਸਫਾ, ਵਿਚਾਰਧਾਰਾ

ਰਾਜਨੀਤਿਕ, ਪ੍ਰਭਾਵ ਦਾ ਸਮੁੱਚਾ

ਪ੍ਰਕਰਣ

                                                      

(3) ਕਲਾ ਅਥਵਾ ਸਾਹਿਤ-ਸਿਰਜਣਾ ਦੀ ਸਮੁੱਚੀ ਅਮਲੀ ਪ੍ਰਕਿਰਿਆ

         ਸੇਖੋਂ ਵਾਸਤਵ ਪੱਧਰ ਤੇ ਸਾਹਿਤਕ ਕਿਰਤਾਂ ਨੂੰ ਵੇਖਦਾ ਤੇ ਸਮਝਦਾ ਹੈ ਅਤੇ ਉਸਦੇ ਪ੍ਰਸੰਗ ਵਿੱਚ ਸਮਕਾਲੀ ਆਰਥਿਕ, ਸਮਾਜਿਕ, ਰਾਜਸੀ ਪ੍ਰਸਿਥਿਤੀਆਂ ਨੂੰ ਵੇਖਦਾ ਹੈ।

         ਸੇਖੋਂ ਦੀ ਅਧਿਐਨ ਦੀ ਵਿਧੀ ਵਿੱਚ ਮਾਰਕਸਵਾਦੀ ਵਿਚਾਰਧਾਰਾ ਅਤੇ ਜਮਾਤੀ ਸੰਘਰਸ਼ ਚੇਤਨਾ ਸਪੱਸ਼ਟ ਭਾਂਤ ਸਾਹਮਣੇ ਆਉਂਦੀ ਹੈ। ਉਹ ਸਾਹਿਤਕ ਸਮੀਖਿਆ ਨੂੰ ਵਿਗਿਆਨਕ ਕਲਾ ਆਖਦਾ ਹੈ। ਉਸਦੀ ਅਧਿਐਨ ਵਿਧੀ ਬੌਧਿਥ ਅਤੇ ਤਰਕਸ਼ੀਲ ਹੈ। ਸਾਹਿਤ ਨੂੰ ਸਮਝਣ ਲਈ ਉਹ ਇਤਿਹਾਸਕ ਅਤੇ ਸਮਕਾਲੀ ਹਾਲਤਾਂ ਬਾਰੇ ਬਾਖੂਬੀ ਗਿਆਨ ਰੱਖਦਾ ਹੈ। ਉਹ ਸਮਾਕਾਲੀ ਸਾਹਿਤ  ਵਿੱਚ ਉਪਮਾਈ ਵਿਧੀ ਵਰਤਦਾ ਹੈ।

         ਸੇਖੋਂ ਅਨੁਸਾਰ ਆਲੋਚਕ ਨੂੰ ਜੱਜ ਨਹੀ਼ ਵਕੀਲ ਹੋਣਾ ਚਾਹੀਦਾ ਹੈ। ਉਸਦੀ ਪ੍ਰਸਿੱਧ ਪੁਸਤਕ ਵਿੱਚ ਪ੍ਰਗਟਾਏ ਤੁਲਨਾਵੀਂ ਅਧਿਐਨ ਬਾਰੇ ਅਸੀਂ ਜਾਣੂੰ ਹੋ ਸਕਦੇ ਹਾਂ:

         1.      “ਛੰਦ ਰਹਿਤ ਕਾਵਿ ਮਈ ਰਚਨਾ ਲਿੰਗ-ਰਹਿਤ ਇਸਤ੍ਰੀ ਰੂਪ ਜੀਣ ਵਾਂਕਰ ਹੈ।"17

         2.      “ਨਾਟਕ ਤੇ ਰੰਗਮੰਚ ਦਾ ਸੰਬੰਧ ਇੱਕ ਯੁਵਤੀ ਤੇ ਵਿਆਹ ਵੇਦੀ ਵਾਲਾ ਹੈ... ਇੱਕ ਨਾਟਕ ਜੋ ਖੇਡਿਆ ਨਹੀਂ ਗਿਆ, ਉਸ ਯੁਵਤੀ ਵਾਂਕਰ ਹੈ ਜਿਸ ਦਾ ਵਿਆਹ ਨਹੀਂ ਹੋਇਆ।"18

         ਇਸ ਤਰ੍ਹਾਂ ਅਸੀਂ ਸੇਖੋਂ ਦੀ ਅਧਿਐਨ ਵਿਧੀਆਂ ਦੇ ਪਾਸਾਰ ਬਾਰੇ ਜਾਣੂੰ ਹੋ ਸਕਦੇ ਹਾਂ।

ਅਧਿਐਨ ਦ੍ਰਿਸ਼ਟੀ:-

         ਸੰਤ ਸਿੰਘ ਸੇਖੋਂ ਸਾਹਿਤ ਨੂੰ ਇਤਿਹਾਸਵਦੀ ਮਾਰਕਸਵਾਦੀ ਦ੍ਰਿਸ਼ਟੀ ਤੋਂ ਪਰਖਦਾ ਹੈ ਅਤੇ ਸਮੁੱਚੇ ਕਾਰ-ਵਿਹਾਰ ਨੂੰ ਜਮਾਤੀ ਹਿੱਤ ਜਾਂ ਦੋਸ਼ ਵਿੱਚ ਵਾਚਦਾ ਹੈ। ਉਹ ਪੰਜਾਬੀ ਦਾ ਪਹਿਲਾ ਮਾਰਕਸਵਾਦੀ ਚਿੰਤਕ ਹੈ, ਜਿਸਨੇ ਪੂਰਵ ਸਾਹਿਤ ਨੂੰ ਸਮਝਣ ਲਈ ਇੱਕ ਨਿਰੋਲ ਦ੍ਰਿਸ਼ਟੀ ਪ੍ਰਾਪਤ ਕੀਤੀ ਅਤੇ ਪੰਜਾਬੀ ਸਾਹਿਤ ਜਗਤ ਵਿੱਚ ਉਸਨੂੰ ਪ੍ਰਗਟਾਇਆ। ਇਸਦੇ ਸੰਦਰਭ ਵਿੱਚ ਪ੍ਰਸਿੱਧ ਪੰਜਾਬੀ ਵਿਦਵਾਨਾਂ ਦੇ ਉਲੇਖ ਜ਼ਿਕਰਯੋਗ ਹਨ:

ਡਾ. ਰਹਿਭਜਨ ਸਿੰਘ ਭਾਟੀਆ ਅਨੁਸਾਰ:-

         “ਦਰਅਸਲ ਸੰਤ ਸਿੰਘ ਸੇਖੋਂ ਪਹਿਲਾ ਸਮੀਖਿਅਕ ਹੈ ਜੋ ਸੁਚੇਤ ਪੱਧਰ ਉੱਪਰ ਸਾਹਿਤ ਸਮੀਖਿਆ ਨੂੰ ਤਾਰਕਿਕ ਅਤੇ ਵਿਗਿਆਨਕ ਆਧਾਰ ਪ੍ਰਦਾਨ ਕਰਦਾ ਹੈ।"19

ਜਸਵਿੰਦਰ ਸਿੰਘ ਅਨੁਸਾਰ:-

         “ਮਾਰਕਸਵਾਦੀ ਚਿੰਤਕ ਹੋਣ ਕਾਰਨ ਉਹ ਸਾਹਿਤ, ਸਮਾਜ, ਇਤਿਹਾਸ ਵੱਲ ਜਮਾਤੀ ਦ੍ਰਿਸ਼ਟੀਕੋਣ ਰੱਖਦਾ ਹੈ।"20

         ਉਪਰੋਕਤ ਹਵਾਲਿਆਂ ਤੇ ਅਧਾਰਿਤ ਅਸੀਂ ਸੇਖੋ ਦੀ ਪਦਾਰਥਵਾਦੀ ਦ੍ਰਿਸ਼ਟੀ ਦਾ ਪਤਾ ਲਗਾ ਸਕਦੇ ਹਾਂ। ਉਹ ਸਾਹਿਤਕ ਕਿਰਤਾਂ ਨੂੰ ਵਾਸਤਵ ਨਾਲ ਜੋੜਦਾ ਹੈ। ਮਾਰਕਸਵਾਦੀ ਦ੍ਰਿਸ਼ਟੀ ਨੂੰ ਲੈ ਕੇ ਉਹ ਆਪਣੀਆਂ ਸਾਹਿਤਕ ਕਿਰਤਾਂ ਵਿੱਚ ਸਮਾਜਾਵਾਦ ਦਾ ਸੁਪਨਾ ਪੇਸ਼ ਕਰਦਾ ਹੈ।

         ਸੋ ਉਪਰੋਕਤ ਚਰਚਾ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਪਹਿਲਾ ਮਾਰਕਸਵਾਦੀ ਆਲੋਚਕ ਹੈ। ਸੇਖੋਂ ਪੂਰਵ ਆਲੋਚਕਾਂ ਵਾਂਗ ਸਾਹਿਤ ਨੂੰ ਧਾਰਮਿਕ ਬਿਰਤੀ, ਪ੍ਰਸੰਸਾਮਈ ਢੰਗ, ਰੁਮਾਂਟਿਕ ਭਾਵ, ਅਧਿਆਤਮ ਜਾਂ ਸ਼ਕਤੀ ਦੇ ਪ੍ਰਸੰਗ ਵਿਚ ਨਹੀਂ ਵਿਚਾਰਦਾ ਸਗੋ਼ ਸਾਹਿਤ ਨੂੰ ਵਾਸਤਵ ਨਾਲ ਜੋੜਦਾ ਹੈ। ਸਾਹਿਤਕ ਵਿਧਾਵਾਂ ਜਿਵੇਂ ਕਾਵਿ, ਨਾਵਲ, ਨਾਟਕ ਆਦਿ ਦੇ ਤੱਤਾਂ ਬਾਰੇ ਉਹ ਵਿਗਿਆਨਿਕ ਪਹਿਲੂ ਪੇਸ਼ ਕਰਦਾ ਹੈ। ਇਸਦਾ ਹਵਾਲਾ ਉਸਦੀ ਆਲੋਚਨਾ ਅਤੇ ਗ਼ਲਪੀ ਵਿਧਾਵਾਂ ਵਿੱਚ ਮਿਲਦਾ ਹੈ। ਉਹ ਪੂੰਜੀਵਾਦ ਦੇ ਹਿੱਤਾਂ ਨੂੰ ਨੰਗਾ ਚਿੱਤ੍ਰਦਾ ਹੈ।

         ਸੇਖੋਂ ਮੂਲ ਮਾਰਕਸਵਾਦ ਨੂੰ ਅਪਣਾਉਂਦਾ ਹੋਇਆ ਇਸਦੇ ਪ੍ਰਸੰਗਿਕ ਹਵਾਲੇ ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਲੱਭਦਾ ਨਜ਼ਰ ਆਉਂਦਾ ਹੈ ਜੋ ਕਿ ਉਸਨੂੰ ਸਮਕਾਲੀ ਮਾਰਕਸਵਾਦੀ ਆਲੋਚਕ ਪ੍ਰੋ. ਕਿਸ਼ਨ ਸਿੰਘ ਤੋਂ ਵੱਖ ਕਰਦਾ ਹੈ। ਉਹ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾ ਕੇ ਆਲੋਚਨਾ ਕਰਦਾ ਹੈ ਪਰ ਸਮੇਂ ਦੇ ਅੰਤਰਾਲ ਨਾਲ ਉਸ ਦੀਆਂ ਆਲੋਚਨਾ ਪ੍ਰਣਾਲੀਆਂ ਵਿਚ ਵਖਰੇਵਾਂ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਸੇਖੋ਼ ਆਪਣੀ ਆਲੋਚਨਾ ਪ੍ਰਣਾਲੀਆਂ ਉਪਰ ਸਥਿਰ ਰਹਿੰਦਾ ਸਗੋਂ ਸਮੇਂ ਨਾਲ ਬਦਲਦਾ ਰਹਿੰਦਾ ਹੈ।

         ਸੰਤ ਸਿੰਘ ਸੇਖੋਂ ਸਾਹਿਤ ਨੂੰ ਤਰਕ ਨਾਲ ਵਾਚਣ ਤੇ ਉਹ ਸਾਹਿਤ ਸੁਹਜ ਅਤੇ ਕਲਪਨਾ ਭਾਵ ਖ਼ਤ ਕਰਦਾ ਹੈ ਪਰ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਜਗਤ ਵਿੱਚ ਪਹਿਲੀ ਵਾਰ ਮਾਰਕਸਵਾਦੀ ਸਿਧਾਂਤ ਅਪਣਾ ਕੇ ਆਲੋਚਨਾ ਨੂੰ ਨਵੀਂ ਦਿਸ਼ਾ ਦਿੰਦਾ ਹੈ।

ਵੱਲੋਂ :

ਪ੍ਰਵੀਨ ਕੌਰ (ਐਂਮ ਏ ਪੰਜਾਬੀ,ਭਾਗ ਪਹਿਲਾ)

ਫ਼ਿਰੋਜ਼ ਖਾਨ (ਐਂਮ ਏ ਪੰਜਾਬੀ,ਭਾਗ ਪਹਿਲਾ ਰੌਲ ਨੰ: 17391115)

ਲਵਪ੍ਰੀਤ ਸਿੰਘ (ਐਂਮ ਏ ਪੰਜਾਬੀ,ਭਾਗ ਪਹਿਲਾ ਰੌਲ ਨੰ:17391022)

ਰਾਜਵੀਰ ਕੌਰ (ਐਂਮ ਏ ਪੰਜਾਬੀ,ਭਾਗ ਪਹਿਲਾ ਰੌਲ ਨੰ:17391022)

(ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ, ਪਟਿਆਲਾ)  

ਹਵਾਲੇ

1.      ਸਿਰਜਣਾ, ਅਪ੍ਰੈਲ-ਜੂਨ 1975 ਪੰਨਾ 1

2.      ਜਸਵਿੰਦਰ ਸਿੰਘ, ਸੰਤ ਸਿੰਘ ਸੇਖੋਂ! ਜੀਵਨ ਤੇ ਰਚਨਾਂ, ਪੰਨਾ-70

3.      ਸੰਪਾ: ਡਾ. ਜਤਿੰਦਰ ਸਿੰਘ, ਪੰਜਾਬੀ ਸੱਭਿਆਚਾਰ, ਭਾਸ਼ਾ ਅਤੇ ਸਾਹਿਤ: ਪੁਨਰ ਮੁਲੰਕਣ ਟੀ. ਆਰ ਵਿਨੋਦ, ਪੰਨਾ-241

4.      ਪੰਜਾਬੀ ਕਾਵਿ ਸ਼ੋ੍ਰਮਣੀ, ਪੰਨਾ-18

5.      ਜਸਵਿੰਦਰ ਸਿੰਘ, ਸੰਤ ਸਿੰਘ ਸੇਖੋਂ: ਜੀਵਨ ਤੇ ਰਚਨਾ, ਪੰਨਾ-62

6.      ਸਮੀਖਿਆ ਪ੍ਰਣਾਲੀਆਂ, ਪੰਨਾ-18

7.      ਡਾ. ਹਰਿਭਜਨ ਸਿੰਘ ਭਾਟੀਆਂ, ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ

8.      ਸੰਤ ਸਿੰਘ ਸੇਖੋਂ, ਨਾਟਕ ਕਲਾ ਤੇ ਮੇਰਾ ਅਨੁਭਵ, ਪੰਨਾ-37

9.      ਹਰਿਭਜਨ ਸਿੰਘ ਭਾਟੀਆ, ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ, ਪੰਨਾ-108

10.    ਪੰਜਾਬੀ ਸਾਹਿਤ ਦਾ ਇਤਿਹਾਸ: ਆਧੁਨਿਕ ਕਾਲ (1901-1995) ਪੰਨਾ-157

11.     ਸਾਹਿਤ ਸਮਾਚਾਰ, ਵਾਰਤਕ ਅੰਕ, ਪੰਨਾ-28

12.     ਉਹੀ ਪੰਨਾ-84

13.     ਉਹੀ ਪੰਨਾ-85

14.     ਆਲੋਚਨਾ ਰਸਾਲਾ, ਅੰਕ ਅਪ੍ਰੈਲ-ਜੂਨ 1977, ਪੰਨਾ-16

15.     ਸਿਰਜਣਾ ਅਪੈ੍ਰਲ-ਜੂਨ 1975, ਪੰਨਾ-3

16.    ਜਸਵਿੰਦਰ ਸਿੰਘ, ਸੰਤ ਸਿੰਘ ਸੇਖੋਂ: ਜੀਵਨ ਤੇ ਰਚਨਾ, ਪੰਨਾ-77

17.     ਸਾਹਿਤਿਆਰਥ, ਪੰਨਾ-11

18.     ਨਾਟਕ ਕਲਾ ਤੇ ਮੇਰਾ ਅਨੁਭਵ, ਪੰਨਾ-104

19.    ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ, ਸੰਪਾ: ਗੁਰਚਰਨ ਸਿੰਘ, ਪੰਨਾ

20.    ਜਸਵਿੰਦਰ ਸਿੰਘ, ਸੰਤ ਸਿੰਘ ਸੇਖੋਂ ਜੀਵਨ ਤੇ ਰਚਨਾ, ਪੰਨਾ-78