ਸਤਿਗੁਰੂ ਜਗਜੀਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ (20 ਨਵੰਬਰ 1920-14 ਦਸੰਬਰ 2012) ਦਾ ਜਨਮ ਸ੍ਰੀ ਭੈਣੀ ਸਾਹਿਬ ਵਿਖੇ ਹੋਇਆ।

ਕਾਰਜਕਾਲ[ਸੋਧੋ]

ਸਤਿਗੁਰੂ ਜਗਜੀਤ ਸਿੰਘ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਵਜੋਂ ਆਪਣੇ ਪਿਤਾ ਤੇ ਸਤਿਗੁਰੂ ਪ੍ਰਤਾਪ ਸਿੰਘ ਦੇ ਦੇਹਾਂਤ ਬਾਅਦ 1959 ਵਿੱਚ ਗੱਦੀ ਸੰਭਾਲੀ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਜਿੱਥੇ ਸ੍ਰੀ ਭੈਣੀ ਸਾਹਿਬ ਅੰਤਰਰਾਸ਼ਟਰੀ ਮੁਕਾਮ ’ਤੇ ਪੁੱਜਾ ਉੱਥੇ ਇਸ ਪਵਿੱਤਰ ਨਗਰ ਦੇ ਵਿਕਾਸ ਦਾ ਸਿਹਰਾ ਵੀ ਉਨ੍ਹਾਂ ਸਿਰ ਬੱਝਦਾ ਹੈ। ਉਨ੍ਹਾਂ ਦੇ ਯਤਨਾਂ ਸਦਕਾ ਹੀ ਨਾਮਧਾਰੀ ਸ਼ਹੀਦਾਂ ਨਾਲ ਸਬੰਧਤ ਯਾਦਗਾਰਾਂ ਮਲੇਰਕੋਟਲਾ, ਪੁਰਾਣੀ ਜੇਲ੍ਹ ਲੁਧਿਆਣਾ ਅਤੇ ਸ੍ਰੀ ਅੰਮ੍ਰਿਤਸਰ ਵਿਖੇ ਉਸਾਰੀਆਂ ਗਈਆਂ। ਲੁਧਿਆਣਾ ਦਾ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਵੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਸਥਾਪਿਤ ਹੋਇਆ। ਜੰਗ-ਏ-ਅਜ਼ਾਦੀ ਦੇ ਮਹੱਤਵਪੂਰਣ ਅਧਿਆਇ ਅਤੇ ਨਾਮਧਾਰੀ ਮੁਖੀ ਸਤਿਗੁਰੂ ਰਾਮ ਸਿੰਘ ਦੀ ਅਗਵਾਈ ਵਿੱਚ ਚਲਾਏ ਗਏ ‘ਕੂਕਾ ਅੰਦੋਲਨ’ ਦਾ ਸਾਲ 2007 ਵਿੱਚ 150 ਸਾਲਾ ਵੀ ਉਨ੍ਹਾਂ ਦੀ ਅਗਵਾਈ ਵਿੱਚ ਮਨਾਇਆ ਗਿਆ, ਜਿਸ ਦੌਰਾਨ ਸਿੱਕੇ, ਡਾਕ ਟਿਕਟ ਜਾਰੀ ਕਰਨ ਤੋਂ ਇਲਾਵਾ ਪੰਜਾਬ ਭਰ ਵਿੱਚ ਸਰਕਾਰ ਵੱਲੋਂ ਨਾਮਧਾਰੀ ਸ਼ਹੀਦਾਂ ਦੇ ਨਾਂ ’ਤੇ ਵੱਖ-ਵੱਖ ਥਾਂਵਾਂ,ਸੜ੍ਹਕਾਂ ਤੇ ਚੌਕਾਂ ਦਾ ਨਾਮਕਰਣ ਕੀਤਾ ਗਿਆ। ਇਸ ਤੋਂ ਇਲਾਵਾ ਸਤਿਗੁਰੂ ਰਾਮ ਸਿੰਘ ਜੀ ਦੀ ਸੰਸਦ ਵਿੱਚ ਤਸਵੀਰ ਵੀ ਉਨ੍ਹਾਂ ਦੇ ਯਤਨਾਂ ਨਾਲ ਲੱਗੀ।

ਸੰਗੀਤ ਉਪਾਸਕ[ਸੋਧੋ]

ਸੰਗੀਤ ਦੇ ਬਹੁਤ ਹੀ ਜ਼ਿਆਦਾ ਉਪਾਸਕ ਹੋਣ ਕਾਰਨ ਉਨ੍ਹਾਂ ਨੇ ਬਹੁਤ ਸਾਰੇ ਸੰਗੀਤਕਾਰ ਭੈਣੀ ਸਾਹਿਬ ਦੀ ਧਰਤੀ ਤੋਂ ਪੈਦਾ ਕੀਤੇ ਅਤੇ ਵੱਡੇ-ਵੱਡੇ ਸੰਗੀਤ ਸੰਮੇਲਨ ਕਰਵਾਏ, ਜਿਹਨਾਂ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਸੰਗੀਤਕਾਰ ਸ਼ਿਰਕਤ ਕਰਦੇ ਰਹੇ। ਉਨ੍ਹਾਂ ਦੀ ਹਾਜ਼ਰੀ ਵਿੱਚ ਹੀ ਭੈਣੀ ਸਾਹਿਬ ਵਿਖੇ ਨਿਰਧਾਰਤ ਰਾਗਾਂ ਵਿੱਚ ਤੰਤੀ ਸਾਜ਼ਾਂ ਨਾਲ ਗੁਰਬਾਣੀ ਦੇ ਕੀਰਤਨ ਦੀ ਰਵਾਇਤ ਸ਼ੁਰੂ ਹੋਈ ਜੋ ਅੱਜ ਵੀ ਜਾਰੀ ਹੈ।25 ਅਪ੍ਰੈਲ 2012 ਨੂੰ ਸਤਿਗੁਰੂ ਜਗਜੀਤ ਸਿੰਘ ਨੂੰ ਸੰਗੀਤ ਨਾਟਕ ਅਕੈਡਮੀ ਦੁਆਰਾ ਟੈਗੋਰ ਰਤਨ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।[1]

ਖੇਡਾਂ[ਸੋਧੋ]

ਖੇਡਾਂ ਦੇ ਖੇਤਰ ਵਿੱਚ ਮਹੱਤਵਪੂਰਣ ਯੋਗਦਾਨ ਪਾਉਂਦਿਆਂ ਉਨ੍ਹਾਂ ਨੇ ਨਾਮਧਾਰੀ ਹਾਕੀ ਟੀਮ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਈ ਅਤੇ ਭੈਣੀ ਸਾਹਿਬ ਵਿਖੇ ਨਾਮਧਾਰੀ ਖੇਡ ਅਕਾਡਮੀ ਸਥਾਪਤ ਕਰ ਕੇ ਹਾਕੀ ਐਸਟਰੋਟਰਫ਼, ਆਊਟਡੋਰ ਤੇ ਇੰਨਡੋਰ ਸਟੇਡੀਅਮ ਵੀ ਬਣਵਾਏ।

ਫ਼ਸਲੀ ਵਿਭਿੰਨਤਾ ਨੂੰ ਬਾਗ਼ਬਾਨੀ[ਸੋਧੋ]

ਇਸ ਤੋਂ ਇਲਾਵਾ ਖੇਤੀ ਵਿੱਚ ਫ਼ਸਲੀ ਵਿਭਿੰਨਤਾ ਨੂੰ ਬਾਗ਼ਬਾਨੀ ਰਾਹੀਂ ਬਹੁਤ ਪਹਿਲਾਂ ਲਾਗੂ ਕਰ ਕੇ, ਦੇਸ਼ਾਂ-ਵਿਦੇਸ਼ਾਂ ਵਿੱਚ ਨਾਮਧਾਰੀ ਸੀਡ ਅਤੇ ਨਾਮਧਾਰੀ ਸੀਡ ਦੁਆਰਾ ਤਿਆਰ ਕੀਤੀਆਂ ਫ਼ਲ ਅਤੇ ਸਬਜ਼ੀਆਂ ਦੀ ਵੱਡੀ ਪੱਧਰ ’ਤੇ ਬਰਾਮਦ ਕਰਵਾਈ।

ਸਮੂਹਿਕ ਆਨੰਦ ਕਾਰਜ[ਸੋਧੋ]

ਨਾਮਧਾਰੀ ਸਤਿਗੁਰੂ ਸ੍ਰੀ ਰਾਮ ਸਿੰਘ ਦੁਆਰਾ ਸੰਨ 1863 ਵਿੱਚ ਪਿੰਡ ਖੋਟੇ ਤੋਂ ਸ਼ੁਰੂ ਕੀਤੀ ਸਵਾ ਰੁਪਈਏ ਨਾਲ ਸਮੂਹਿਕ ਆਨੰਦ ਕਾਰਜ ਦੀ ਰੀਤ ਨੂੰ ਉਨ੍ਹਾਂ ਹੁਣ ਤੱਕ ਬਾਦਸਤੂਰ ਜਾਰੀ ਰੱਖਿਆ। ਪਸ਼ੂ ਧਨ ਦੀ ਸੰਭਾਲ ਵਿੱਚ ਗਊਆਂ ਦੇ ਦੁੱਧ ਅਤੇ ਸੁੰਦਰਤਾ ਦੇ ਅਨੇਕਾਂ ਹੀ ਮੁਕਾਬਲੇ ਜਿੱਤਣ ਪਿੱਛੋਂ ਉਨ੍ਹਾਂ ਨੂੰ ਗੋਪਾਲ ਰਤਨ ਦੀ ਉਪਾਧੀ ਨਾਲ ਸਨਮਾਨਤ ਵੀ ਕੀਤਾ ਗਿਆ। ਸ੍ਰੀ ਭੈਣੀ ਸਾਹਿਬ ਵਿਖੇ ਹਰ ਸਾਲ ਸਵਾ ਮਹੀਨੇ ਦਾ ਜਪੁ ਪ੍ਰਯੋਗ, ਹੋਲੇ ਮਹੱਲੇ ਦੇ ਸਮਾਗਮ ਕਰਵਾਉਣ ਵਾਲੇ ਅਤੇ ਕੌਮਾਂਤਰੀ ਪੱਧਰ ’ਤੇ ਵਿਦਿਅਕ ਕਾਨਫ਼ਰੰਸਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਸਤਿਗੁਰੂ ਜਗਜੀਤ ਸਿੰਘ ਨੇ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਬਹੁਤ ਯੋਗਦਾਨ ਪਾਇਆ।

ਦੇਹਾਂਤ[ਸੋਧੋ]

ਉਨ੍ਹਾਂ ਨੇ ਲੁਧਿਆਣਾ ਵਿਖੇ 14 ਦਸੰਬਰ 2012 ਆਖ਼ਰੀ ਸਾਹ ਲਿਆ। ਉਹ ਆਪਣੇ ਪਿੱਛੇ ਧਰਮ ਪਤਨੀ ਮਾਤਾ ਚੰਦ ਕੌਰ,ਧੀ ਸਾਹਿਬ ਕੌਰ ਛੱਡ ਗਏ ਹਨ।

  1. "Tagore Ratna and Tagore Puraskar". Wikipedia.