ਸਰ੍ਹੋਂ ਦਾ ਸਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਰੋਂ ਦਾ ਸਾਗ ਤੋਂ ਰੀਡਿਰੈਕਟ)
ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ
ਸਰੋਂ ਦੇ ਸਾਗ ਨਾਲ ਮੱਕੀ ਦੀ ਰੋਟੀ
ਸਰੋਤ
ਸੰਬੰਧਿਤ ਦੇਸ਼ਪਾਕਿਸਤਾਨ, ਭਾਰਤ
ਇਲਾਕਾਪੰਜਾਬ
ਖਾਣੇ ਦਾ ਵੇਰਵਾ
ਖਾਣਾMain course
ਮੁੱਖ ਸਮੱਗਰੀਸਰੋਂ ਦੇ ਪੱਤੇ

ਸਰੋਂ ਦਾ ਸਾਗ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦਾ ਬਹੁਤ ਮਸ਼ਹੂਰ ਭੋਜਨ ਹੈ। ਇਹ ਸਰੋਂ ਦੇ ਪੱਤਿਆਂ ਅਤੇ ਸਰ੍ਹੋਂ ਦੀਆਂ ਗੰਦਲਾਂ, ਪਾਲਕ,ਮੇਥੇ,ਬਾਥੂ, ਹਰੀਆਂ ਮਿਰਚਾਂ, ਅਤੇ ਮਸਾਲਿਆਂ ਨਾਲ ਬਣਦਾ ਹੈ। ਇਹ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਪੱਛਮੀਂ ਉੱਤਰ ਪ੍ਰਦੇਸ਼, ਜੰਮੂ,ਹਿਮਾਚਲ, ਹੋਰ ਗੁਆਂਢੀ ਰਾਜਾਂ ਵਿੱਚ ਵੀ ਬਹੁਤ ਮਸ਼ਹੂਰ ਹੈ। ਇਸਨੂੰ ਪਰੰਪਰਾਗਤ ਤੌਰ ਤੇ ਮੱਕੀ ਦੀ ਰੋਟੀ ਨਾਲ ਖਾਧਾ ਜਾਂਦਾ ਹੈ[1]। ਇਸ ਵਿੱਚ ਰੰਗ ਅਤੇ ਸਵਾਦ ਨੂੰ ਵਧਾਉਣ ਲਈ ਪਾਲਕ ਅਤੇ ਬਾਥੂ ਵੀ ਪਾਏ ਜਾਂਦੇ ਹਨ[2]

ਸਾਗ ਬਣਾਉਣ ਦਾ ਕੰਮ[ਸੋਧੋ]

ਸਭ ਤੋਂ ਪਹਿਲਾਂ ਸਰ੍ਹੋਂ ਦੀਆਂ ਕੂਲੀਆਂ ਨਰਮ ਗੰਦਲਾਂ ਤੋੜ ਕੇ ਛਿੱਲ ਛਲਾਈ ਦਾ ਕੰਮ ਕੀਤਾ ਜਾਂਦਾ ਹੈ। ਫਿਰ ਗੰਦਲਾਂ ਨੂੰ ਸਾਫ ਪਾਣੀ ਵਿੱਚ ਧੋਣ ਤੋਂ ਬਾਅਦ ਇਸ ਨੂੰ ਕੁਝ ਦੇਰ ਸੁਕਣ ਦਿੱਤਾ ਜਾਂਦੈ। ਫਿਰ ਸਾਗ ਨੂੰ ਚੀਰੀਆ ਜਾਂਦਾ ਹੈ। ਚੀਰੇ ਸਾਗ ਨੂੰ ਤੌੜੀ ਜਾਂ ਪਤੀਲੇ ਵਿੱਚ ਪਾਥੀਆਂ ਤੇ ਲੱਕੜਾਂ ਦੀ ਅੱਗ ‘ਤੇ ਖਾਸੀ ਦੇਰ ਰਿੱਝਣ ਲਈ ਰੱਖ ਦਿੱਤਾ ਜਾਂਦਾ ਏ। ਪਾਥੀਆਂ ਤੇ ਲੱਕੜ ਦੇ ਧੂੰਏਂ ਦੀ ਇੱਕ ਦਿਲਕਸ਼ ਮਹਿਕ ਵੀ ਸਾਗ ਵਿੱਚ ਰੱਚਦੀ ਰਹਿੰਦੀ ਹੈ ਜਿਸ ਨਾਲ ਇਸ ਦਾ ਸਵਾਦ ਹੋਰ ਵੀ ਲਾਜਵਾਬ ਹੋ ਜਾਂਦਾ ਹੈ। ਰਿੱਝੇ ਸਾਗ ਵਿੱਚ ਥੋੜ੍ਹਾ ਮੱਕੀ ਦਾ ਆਟਾ (ਅੱਲਣ) ਪਾ ਕੇ ਇਸ ਨੂੰ ਘੋਟਣੇ ਨਾਲ ਚੰਗੀ ਤਰ੍ਹਾਂ ਘੋਟਿਆ ਜਾਂਦਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਘੁਲ ਜਾਵੇ। ਇਸ ਨਾਲ ਸਾਗ ਵਿੱਚ ਮੱਖਣ ਪਾ ਕੇ ਖਾਣ ਲਈ ਤਿਆਰ ਹੋ ਜਾਂਦਾ ਹੈ।

ਤਿਓਹਾਰ ਉੱਤੇ ਸਾਗ ਦੀ ਮਹੱਤਤਾ[ਸੋਧੋ]

ਪੋਹ ਮਹੀਨੇ ਦੇ ਆਖਰੀ ਦਿਨ ਮਾਘੀ ਦੀ ਸੰਗਰਾਂਦ ਤੋਂ ਇੱਕ ਰਾਤ ਪਹਿਲਾਂ ਪੰਜਾਬ ਦੇ ਹਰ ਘਰ ਵਿੱਚ ਸਰ੍ਹੋਂ ਦਾ ਸਾਗ ਬਣਾਇਆ ਜਾਂਦਾ ਹੈ ਅਤੇ ਇਹ ਅਗਲੇ ਦਿਨ ਸਰਗੀ ਵੇਲੇ ਖਾਧਾ ਜਾਂਦਾ ਹੈ, ਇਸ ਨੂੰ ‘ਪੋਹ ਰਿੱਧੀ ਤੇ ਮਾਘ ਖਾਧੀ’ ਕਿਹਾ ਜਾਂਦਾ ਹੈ।

ਸਿਹਤ ਲਈ ਸਾਗ ਦੇ ਗੁਣ[ਸੋਧੋ]

  • ਸਰੋਂ ਦੀਆਂ ਗੰਦਲਾ ਪੇਟ ਦੀਆਂ ਅੰਤੜੀਆਂਦੀ ਦੀ ਸਫਾਈ ਕਰਦੀਆਂ ਹਨ।
  • ਸਾਗ ਵਿੱਚ ਪਾਲਕ ਪਾਈ ਜਾਂਦੀ ਹੈ। ਪਾਲਕ ਵਿੱਚ ਵਿਟਾਮਿਨ ਏ. ਬੀ. ਸੀ., ਆਇਰਨ ਅਤੇ ਕੈਲਸ਼ੀਅਮ ਹੁੰਦੇ ਹਨ।
  • ਸਾਗ ਕੋਲੈਸਟ੍ਰੋਲ ਦੀ ਮਾਤਰਾ ਕੰਟ੍ਰੋਲ ਕਰਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਲਈ ਵੀ ਲਾਹੇ ਬੰਦ ਹੈ।
  • ਸਾਗ ਵਿੱਚ ਬਾਥੂ ਪਾਇਆ ਜਾਂਦਾ ਹੈ। ਬਾਥੂ ਵਿੱਚ ਲੋਹਾ ਬਹੁਤ ਮਾਤਰਾ ਵਿੱਚ ਹੁੰਦਾ ਹੈ,ਜੋ ਗੁਰਦੇ ਦੇ ਰੋਗ ਪਿਸ਼ਾਬ ਦੀ ਜਲਨ ਦੂਰ ਕਰਦਾ ਹੈ। ਬਾਥੂ ਪੇਟ ਗੈਸ ਦੀ ਤਕਲੀਫ ਨੂੰ ਦੂਰ ਕਰਦਾ ਹੈ।
  • ਸਾਗ ਵਿੱਚ ਮੇਥਿਆਂ ਦੀ ਵਰਤੋਂ ਸਰੀਰ ਲਈ ਲਾਹੇ ਬੰਦ ਹੈ।
  • ਸਾਗ ਨੂੰ ਅਦਰਕ ਦਾ ਤੜਕਾ ਲਗਾਇਆ ਜਾਂਦਾ ਹੈ ਅਤੇ ਅਦਰਕ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਖਣਿਜ, ਕੈਲਸ਼ੀਅਮ, ਫਾਸਫੋਰਸ, ਆਇਰਨ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਸੀ, ਆਇਉਡੀਨ, ਕਲੋਰੀਨ, ਵੀ ਹੁੰਦੇ ਹਨ ਅਤੇ ਇਹ ਪਾਚਣ ਸ਼ਕਤੀ ਠੀਕ ਰਖਦਾ ਹੈ।

ਹੋਰ[ਸੋਧੋ]

ਸਰ੍ਹੋਂ ਦੇ ਹਰੇ ਪੱਤੇ/ਗੰਦਲਾਂ ਨੂੰ, ਜੋ ਰਿੰਨ ਕੇ ਸਬਜ਼ੀ ਵਜੋਂ ਖਾਧੇ ਜਾਂਦੇ ਹਨ, ਸਗੋਂ ਕਹਿੰਦੇ ਹਨ। ਸਿਆਲ ਦੇ ਮੌਸਮ ਵਿਚ ਸਰ੍ਹੋਂ ਦਾ ਸਾਗ ਖਾਣਾ ਪੰਜਾਬੀਆਂ ਦੀ ਮਨ-ਭਾਉਂਦੀ ਸਬਜ਼ੀ ਹੈ। ਸਾਗ ਲੋਹਾ, ਕੈਲਸ਼ੀਅਮ ਤੇ ਵਿਟਾਮਿਨ ਦਾ ਭੰਡਾਰ ਹੈ। ਪਹਿਲਾਂ ਸਰ੍ਹੋਂ ਦੇ ਪੱਤਿਆਂ ਦਾ ਸਾਗ ਬਣਾਇਆ ਜਾਂਦਾ ਹੈ। ਇਸ ਵਿਚ ਥੋੜ੍ਹਾ ਜਿਹਾ ਬਾਥੂ ਤੇ ਪਾਲਕ ਵੀ ਪਾ ਲੈਂਦੇ ਹਨ। ਜਦ ਸਰ੍ਹੋਂ ਦੇ ਗੰਦਲਾਂ ਨਿਕਲ ਆਉਂਦੀਆਂ ਹਨ, ਉਸ ਸਮੇਂ ਗੰਦਲਾਂ ਦਾ ਸਾਗ ਬਣਾਉਂਦੇ ਹਨ। ਹੱਥ ਨਾਲ ਸਾਗ ਚੀਰਨ ਵਾਲੀ ਦਾਤੀ ਨਾਲ ਪਹਿਲਾਂ ਸਰ੍ਹੋਂ ਦੇ ਪੱਤਿਆਂ/ਗੰਦਲਾਂ ਨੂੰ ਚੀਰਿਆ ਜਾਂਦਾ ਹੈ। ਵਿਚ ਬਾਬੂ ਤੇ ਪਾਲਕ ਚੀਰ ਲੈਂਦੇ ਹਨ। ਮਿੱਟੀ ਦੀ ਤੌੜੀ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਗਰਮ ਕਰਨ ਲਈ ਚੁੱਲ੍ਹੇ ਉੱਪਰ ਰੱਖਿਆ ਜਾਂਦਾ ਹੈ। ਚੁੱਲ੍ਹੇ ਵਿਚ ਲੱਕੜਾਂ, ਪਾਥੀਆਂ ਅਤੇ ਗੁੱਲਾਂ ਨਾਲ ਅੱਗ ਬਾਲੀ ਜਾਂਦੀ ਹੈ। ਜਦ ਪਾਣੀ ਗਰਮ ਹੋ ਜਾਂਦਾ ਹੈ ਤਾਂ ਉਸ ਵਿਚ ਚੀਰੇ ਹੋਏ ਪੱਤੇ/ਗੰਦਲਾਂ, ਪਾਲਕ ਤੇ ਬਾਥੂ ਪਾ ਦਿੰਦੇ ਹਨ। ਵਿਚ ਲੂਣ ਮਿਰਚਾਂ ਪਾ ਦਿੰਦੇ ਹਨ। ਆਮ ਤੌਰ ਤੇ ਸਾਗ ਵਿਚ ਹਰੀਆਂ ਮਿਰਚਾਂ ਪਾਉਂਦੇ ਹਨ। ਜਦ ਸਾਗ ਪੂਰਾ ਰਿੱਝ ਜਾਂਦਾ ਹੈ ਤਾਂ ਉਸ ਵਿਚ ਮੱਕੀ ਦੇ ਆਟੇ ਦਾ ਆਲਣ ਪਾ ਕੇ ਘੋਟਣੀ ਨਾਲ ਚੰਗੀ ਤਰ੍ਹਾਂ ਘੋਟਿਆ ਜਾਂਦਾ ਹੈ। ਇਕ ਦਿਨ ਦਾ ਧਰਿਆ ਸਾਗ ਤੜਕਾ ਲਾ ਕੇ ਕਈ-ਕਈ ਦਿਨ ਖਾਧਾ ਜਾਂਦਾ ਹੈ। ਸਭ ਤੋਂ ਸੁਆਦ ਸਾਗ ਸਰ੍ਹੋਂ ਦੀਆਂ ਗੰਦਲਾਂ ਦਾ ਬਣਦਾ ਹੈ। ਬਾਥੂ ਦੀ ਥਾਂ ਹੁਣ ਜ਼ਿਆਦਾ ਪਾਲਕ, ਮੇਥੀ/ ਮੇਥੇ ਪਾਇਆ ਜਾਂਦਾ ਹੈ।[3]

ਸਾਗ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਖਾਧਾ ਜਾਂਦਾ ਹੈ। ਹੁਣ ਦੀਆਂ ਬਹੁਤੀਆਂ ਇਸਤਰੀਆਂ ਸਾਗ ਬਣਾਉਣਾ ਵੀ ਨਹੀਂ ਚਾਹੁੰਦੀਆਂ। ਸਾਗ ਹੁਣ ਹੱਥ ਵਾਲੀ ਦਾਤੀ ਨਾਲ ਨਹੀਂ ਚੀਰਿਆ ਜਾਂਦਾ। ਹੁਣ ਸਾਗ ਚੀਰਨ ਵਾਲੀਆਂ ਮਸ਼ੀਨਾਂ ਬਾਜ਼ਾਰ ਵਿਚੋਂ ਮਿਲ ਜਾਂਦੀਆਂ ਹਨ। ਸਾਗ ਹੁਣ ਮਿੱਟੀ ਦੀ ਤੌੜੀ ਦਾ ਥਾਂ ਦੇਗ ਦੇ ਪਤੀਲਿਆਂ ਜਾਂ ਪ੍ਰੈਸ਼ਰ ਕੁੱਕਰਾਂ ਵਿਚ ਬਣਾਇਆ ਜਾਂਦਾ ਹੈ। ਕਈ ਪਰਿਵਾਰ ਸਾਗ ਨੂੰ ਹੁਣ ਘਟਣੀ ਨਾਲ ਘਟਣ ਦੀ ਥਾਂ ਮਿਕਸੀ ਵਿਚ ਘੋਟ ਕੇ ਆਲਣ ਪਾ ਲੈਂਦੇ ਹਨ। ਸਾਗ ਦੀ ਹੁਣ ਪਹਿਲੇ ਵਾਲੀ ਚੜ੍ਹਤ ਨਹੀਂ ਰਹੀ।[3]

ਹਵਾਲੇ[ਸੋਧੋ]

  1. Laveesh Bhandari, Sumita Kale, "Indian states at a glance, 2008-09: Punjab: performance, facts and figures", Pearson Education India, 2009, ISBN 81-317-2345-3, section 4.7.2
  2. Jiggs Kalra, Pushpesh Pant, "Classic Cooking Of Punjab", Allied Publishers, 2004, ISBN 81-7764-566-8, page 42.
  3. 3.0 3.1 ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.