ਸਾਡੇ ਸਮੇਂ ਦਾ ਨਾਇਕ
ਸਾਡੇ ਸਮੇਂ ਦਾ ਨਾਇਕ (ਰੂਸੀ: Герой нашего времени, Geroy nashego vremeni), ਮਿਖ਼ਾਇਲ ਲਰਮਨਤੋਵ ਦਾ 1839 ਵਿੱਚ ਲਿਖਿਆ, 1840 ਵਿੱਚ ਪ੍ਰਕਾਸ਼ਿਤ, ਅਤੇ 1841 ਵਿੱਚ ਸੋਧਿਆ ਇੱਕ ਨਾਵਲ ਹੈ।
ਇਸ ਗੈਰ-ਜ਼ਰੂਰੀ ਆਦਮੀ ਨਾਵਲ ਦੀ ਇੱਕ ਉਦਾਹਰਨ ਹੈ, ਜੋ ਆਪਣੇ ਬਾਇਰੋਨਿਕ ਹੀਰੋ (ਜਾਂ ਐਂਟੀ ਹੀਰੋ) ਪਿਚੋਰਿਨ ਅਤੇ ਕਾਕੇਸ਼ਸ ਦੇ ਸੁੰਦਰ ਵਰਣਨ ਲਈ ਪ੍ਰਸਿੱਧ ਹੈ। ਇਸਦੇ ਕੀ ਅੰਗਰੇਜ਼ੀ ਅਨੁਵਾਦ ਹਨ, ਜਿਨ੍ਹਾਂ ਵਿੱਚ ਵਲਾਦੀਮੀਰ ਨਾਬੋਕੋਵ ਅਤੇ ਦਮਿਤਰੀ ਨਾਬੋਕੋਵ ਦਾ 1958 ਵਿੱਚ ਕੀਤਾ ਅਨੁਵਾਦ ਵੀ ਸ਼ਾਮਲ ਹੈ।
ਪਲਾਟ ਬਣਤਰ
[ਸੋਧੋ]ਇਸ ਕਿਤਾਬ ਨੂੰ ਪੰਜ ਛੋਟੀਆਂ ਕਹਾਣੀਆ ਵਿੱਚ ਵੰਡਿਆ ਗਿਆ ਹੈ, ਨਾਲ ਹੀ ਦੂਜੇ ਐਡੀਸ਼ਨ ਵਿੱਚ ਸ਼ਾਮਿਲ ਕੀਤਾ ਗਿਆ ਮੁੱਖਬੰਦ ਵੀ ਹੈ। ਇਸਦੇ ਤਿੰਨ ਪ੍ਰਮੁੱਖ ਕਥਾਕਾਰ ਹਨ। ਪਹਿਲਾ ਹੈ, ਇੱਕ ਨੌਜਵਾਨ, ਰੂਸੀ ਫੌਜ ਦਾ ਬੇਨਾਮ ਅਧਿਕਾਰੀ ਜੋ ਕਾਕੇਸ਼ਸ ਪਹਾੜਾਂ ਦੀ ਯਾਤਰਾ ਕਰ ਰਿਹਾ ਹੈ।ਉਹ ਆਪਣੀ ਯਾਤਰਾ ਦੇ ਵੇਰਵੇ ਬਾਅਦ ਨੂੰ ਪ੍ਰਕਾਸ਼ਿਤ ਕਰਵਾਉਣ ਲਈ ਲਿਖ ਰਿਹਾ ਹੈ। ਜਦ ਕਹਾਣੀ ਸ਼ੁਰੂ ਹੁੰਦੀ ਹੈ, ਉਹ ਕਪਤਾਨ ਮੈਕਸਿਮ ਮੈਕਸੀਵਿਚ ਨੂੰ ਮਿਲਦਾ ਹੈ, ਜੋ ਕਿ ਕਾਫ਼ੀ ਵੱਡੀ ਉਮਰ ਦਾ ਹੈ ਅਤੇ ਲੰਮੇ ਸਮੇਂ ਤੋਂ ਕਾਕੇਸ਼ਸ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਲਈ ਉਹ ਇਸ ਖੇਤਰ ਵਿੱਚ ਰੂਸੀ ਸਿਪਾਹੀਆਂ ਦੀ ਜੀਵਨ ਸ਼ੈਲੀ ਦਾ ਚੰਗਾ ਜਾਣੂੰ ਹੈ, ਅਤੇ ਇਹ ਗੱਲ ਉਹ ਸਥਾਨਕ ਓਸੇਤੀਅਨ ਕਬਾਇਲਿਆਂ ਨਾਲ ਆਪਣੇ ਵਿਹਾਰ ਰਾਹੀਂ ਕਥਾਕਾਰ ਨੂੰ ਤੁਰੰਤ ਜ਼ਾਹਰ ਕਰ ਦਿੰਦਾ ਹੈ।
ਮੈਕਸਿਮ ਮੈਕਸੀਵਿਚ ਦੂਜਾ ਕਥਾਕਾਰ ਹੈ, ਜੋ ਆਪਣੇ ਯਾਤਰਾ ਸਾਥੀ ਨੂੰ ਨਾਵਲ ਦੇ ਮੁੱਖ ਪਾਤਰ, ਪੇਚੋਰਿਨ ਨਾਲ ਵਿਹਾਰ ਦੀਆਂ ਆਪਣੀਆਂ ਕਹਾਣੀਆ ਸੁਣਾਉਂਦਾ ਹੈ। ਮੈਕਸਿਮ ਮੈਕਸੀਵਿਚ ਕੁਝ ਸਮੇਂ ਲਈ ਕਾਕੇਸ਼ਸ ਵਿੱਚ ਪੇਚੋਰਿਨ ਦੇ ਨਾਲ ਵੀ ਤਾਇਨਾਤ ਰਿਹਾ ਸੀ, ਪਰ ਕਦੋਂ ਅਤੇ ਕਿੰਨੇ ਚਿਰ ਲਈ, ਸਪਸ਼ਟ ਨਹੀਂ ਕੀਤਾ ਗਿਆ। ਆਖਰਕਾਰ, ਮੈਕਸਿਮ ਮੈਕਸੀਵਿਚ ਪੇਚੋਰਿਨ ਦੀਆਂ ਡਾਇਰੀਆਂ ਬੇਨਾਮ ਕਥਾਕਾਰ ਨੂੰ ਦੇ ਦਿੰਦਾ ਹੈ। ਪ੍ਰਤੀਤ ਹੁੰਦਾ ਹੈ, ਇਹ ਡਾਇਰੀਆਂ ਪੇਚੋਰਿਨ ਉਥੋਂ ਬਦਲੀ ਹੋਣ ਤੇ ਜਾਂਦੇ ਵਕਤ ਛੱਡ ਗਿਆ ਸੀ, ਅਤੇ ਬੁਢਾ ਕਪਤਾਨ ਉਦੋਂ ਤੋਂ ਉਨ੍ਹਾਂ ਨੂੰ ਸੰਭਾਲੀ ਫਿਰਦਾ ਸੀ।
ਤੀਜਾ ਕਥਾਕਾਰ ਪੇਚੋਰਿਨ ਆਪ ਹੈ। ਪਰ, ਪਹਿਲੇ ਦੋਵਾਂ ਦੇ ਉਲਟ, ਉਹ ਅਸਲ ਵਿੱਚ ਤੁਰੰਤ ਕਹਾਣੀ ਦਾ ਪਾਤਰ ਨਹੀਂ ਹੈ। ਇਸ ਦੀ ਬਜਾਇ, ਉਹ ਆਪਣੀਆਂ ਡਾਇਰੀਆਂ ਦੁਆਰਾ ਵਾਰਤਾ ਦੱਸਦਾ ਹੈ, ਜੋ ਕਿ ਪੇਚੋਰਿਨ ਦੀ ਮੌਤ ਦੇ ਬਾਅਦ ਬੇਨਾਮ ਕਥਾਕਾਰ ਦੇ ਯਾਤਰਾ ਵੇਰਵਿਆਂ ਦੇ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ। ਇਹ ਡਾਇਰੀਆਂ, ਘੱਟੋ ਘੱਟ ਇੱਕ ਵਾਰ ਭੂਤਕਾਲ (ਜਿਸ ਵਿੱਚ ਡਾਇਰੀ ਲਿਖੀ ਜਾਂਦੀ ਹੈ) ਤੋਂ ਵਰਤਮਾਨ ਕਾਲ ਵਿੱਚ ਸਵਿੱਚ ਕਰ ਗਈਆਂ ਜਾਪਦੀਆਂ ਹਨ। "ਸਾਡੇ ਸਮੇਂ ਦਾ ਨਾਇਕ" ਦਾ ਹੀਰੋ, ਪੇਚੋਰਿਨ ਮੈਕਸਿਮ ਮੈਕਸੀਵਿਚ ਦੀਆਂ ਕਹਾਣੀਆਂ ਰਾਹੀਂ ਕਦੇ ਆਵੇਗਸ਼ੀਲ ਅਤੇ ਕਦੇ ਹਿਸਾਬੀ ਦਿਖਾਇਆ ਗਿਆ ਹੈ।ਆਪਣੀਆਂ ਯਾਦਾਂ ਵਿੱਚ ਉਹ ਹਿਸਾਬੀ, ਗੈਰ-ਜਜ਼ਬਾਤੀ ਅਤੇ ਹੰਕਾਰੀ ਦਿਖਾਇਆ ਗਿਆ ਹੈ। ਪਰ ਉਹ ਸੰਵੇਦਨਸ਼ੀਲ ਅਤੇ ਸਨਕੀ ਹੋਣ ਦੇ ਨਾਲ ਨਾਲ ਬੁੱਧੀਮਾਨ ਵੀ ਹੈ ਅਤੇ ਇਸ ਤੱਥ ਤੋਂ ਉਹ ਆਪ ਚੰਗੀ ਤਰ੍ਹਾਂ ਜਾਣੂ ਹੈ।
ਸਭ ਤੋਂ ਲੰਮੀ ਕਹਾਣੀ, ਰਾਜਕੁਮਾਰੀ ਮਰਿਯਮ, ਵਿੱਚ ਪੇਚੋਰਿਨ ਰਾਜਕੁਮਾਰੀ ਨਾਲ ਆਸ਼ਕੀ ਕਰਦਾ ਹੈ, ਜਦਕਿ ਉਹ ਆਪਣੀ ਸਾਬਕਾ ਪ੍ਰੇਮਿਕਾ ਵੇਰਾ ਨਾਲ ਚੱਕਰ ਚਲਾਉਂਦਾ ਹੈ, ਅਤੇ ਆਪਣੇ ਦੋਸਤ ਗਰੁਸ਼ਨਿਤਸਕੀ (ਜਿਸ ਨੂੰ ਉਹ ਗੁਪਤ ਤੌਰ ਤੇ ਨਫਰਤ ਕਰਦਾ ਹੈ) ਨੂੰ ਦੁਵੰਦ ਯੁੱਧ ਵਿੱਚ ਮਾਰ ਦਿੰਦਾ ਹੈ। ਇਸ ਦੁਵੰਦ ਯੁੱਧ ਵਿੱਚ ਹਿੱਸਾ ਲੈਣ ਵਾਲੇ ਵਾਰੀ ਵਾਰੀ ਇੱਕ ਚੱਟਾਨ ਦੇ ਕਿਨਾਰੇ ਤੇ ਖੜਦੇ ਹਨ, ਤਾਂ ਜੋ ਇਸ ਹਾਰਨ ਵਾਲੇ ਦੀ ਮੌਤ ਦੀ ਵਿਆਖਿਆ ਦੁਰਘਟਨਾ ਵਜੋਂ ਕੀਤੀ ਜਾ ਸਕੇ। ਅਖੀਰ ਉਹ ਇੱਕ ਔਰਤ ਨੂੰ ਨਕਾਰ ਦਿੰਦਾ ਹੈ ਅਤੇ ਦੂਜੀ ਉਸ ਨੂੰ ਛੱਡ ਜਾਂਦੀ ਹੈ।
ਮੁੱਖਬੰਧ ਆਪਣੇ ਪਾਤਰ ਬਾਰੇ ਲੇਖਕ ਦਾ ਵਿਚਾਰ ਦੱਸਦਾ ਹੈ: "ਸਾਡੇ ਸਮੇਂ ਦਾ ਨਾਇਕ, ਮੇਰੇ ਪਿਆਰੇ ਪਾਠਕੋ, ਸੱਚਮੁੱਚ ਇੱਕ ਪੋਰਟਰੇਟ ਹੈ, ਪਰ ਇੱਕ ਆਦਮੀ ਦਾ ਨਹੀਂ। ਇਹ ਸਾਡੀ ਪੀੜ੍ਹੀ ਦੀਆਂ ਆਪਣੀ ਪੂਰੀ ਚੌੜ ਵਿੱਚ ਮਸਤੀਆਂ ਕੁੱਲ ਬੁਰਾਈਆਂ ਨੂੰ ਮਿਲ਼ਾ ਕੇ ਬਣਦਾ ਰੇਖਾ-ਚਿੱਤਰ ਹੈ। ਫਿਰ ਤੁਸੀਂ ਮੈਨੂੰ ਦੱਸੋਗੇ, ਕਿ ਇੱਕ ਮਨੁੱਖ ਏਨਾ ਦੁਸ਼ਟ ਨਹੀਂ ਹੋ ਸਕਦਾ, ਅਤੇ ਮੈਂ ਜਵਾਬ ਦੇਵਾਂਗਾ ਕਿ ਜੇਕਰ ਤੁਸੀਂ ਤ੍ਰਾਸਦੀ ਅਤੇ ਰੋਮਾਂਸ ਦੇ ਸਾਰੇ ਖਲਨਾਇਕਾਂ ਦੀ ਹੋਂਦ ਵਿੱਚ ਵਿਸ਼ਵਾਸ ਕਰ ਸਕਦੇ ਹੋ, ਤਾਂ ਫਿਰ ਇਹ ਵਿਸ਼ਵਾਸ ਕਿਉਂ ਨਹੀਂ ਕਰੋਗੇ ਕਿ ਇੱਕ ਪੇਚੋਰਿਨ ਹੁੰਦਾ ਸੀ? ਤੁਸੀਂ ਕਿਤੇ ਵੱਧ ਭਿਆਨਕ ਅਤੇ ਘਿਰਣਾ ਦੇ ਹੱਕਦਾਰ ਪ੍ਰਤਿਨਿਧ ਜਣਿਆਂ ਨੂੰ ਸਲਾਹ ਸਕਦੇ ਹੋ, ਤਾਂ ਫਿਰ ਤੁਸੀਂ ਇਸ ਪਾਤਰ ਪ੍ਰਤੀ ਵਧੇਰੇ ਤਰਸਵਾਨ ਕਿਉਂ ਨਹੀਂ, ਚਾਹੇ ਇਹ ਫਰਜ਼ੀ ਹੀ ਹੈ? ਕੀ ਇਹਦਾ ਕਰਨ ਇਹ ਨਹੀਂ , ਕਿ ਇਸ ਵਿੱਚ ਉਸ ਨਾਲੋਂ ਕਿਤੇ ਵਧੇਰੇ ਸੱਚ ਹੈ, ਜਿੰਨਾ ਤੁਸੀਂ ਚਾਹ ਸਕਦੇ ਹੋ?"
ਗ੍ਰੈਗਰੀ ਅਲੈਗਜ਼ੈਂਡਰੋਵਿਚ ਪੇਚੋਰਿਨ
[ਸੋਧੋ]ਪੇਚੋਰਿਨ ਬਾਇਰਨਿਕ ਹੀਰੋ ਦਾ ਅਵਤਾਰ ਹੈ। ਬਾਇਰਨ ਦੀਆਂ ਲਿਖਤਾਂ ਨੂੰ ਇੰਟਰਨੈਸ਼ਨਲ ਪ੍ਰਸਿੱਧੀ ਪ੍ਰਾਪਤ ਸੀ ਅਤੇ ਲਰਮਨਤੋਵ ਨੇ ਨਾਵਲ ਵਿੱਚ ਉਸਦਾ ਦਾ ਜ਼ਿਕਰ ਕਈ ਵਾਰ ਕੀਤਾ ਹੈ। ਬਾਇਰਨਿਕ ਪਰੰਪਰਾ ਅਨੁਸਾਰ, ਪੇਚੋਰਿਨ ਵਿਰੋਧਾਭਾਸੀ ਪਾਤਰ ਹੈ। ਉਹ ਸੰਵੇਦਨਸ਼ੀਲ ਅਤੇ ਸਨਕੀ ਦੋਨੋ ਹੈ। ਉਹ ਸਿਰੇ ਦੇ ਘਮੰਡ ਦਾ ਭਰਿਆ ਹੈ, ਫਿਰ ਵੀ ਉਸਨੂੰਖੁਦ ਆਪਣੇ ਚਰਿਤਰ ਦੀ ਡੂੰਘੀ ਸਮਝ ਹੈ ਅਤੇ ਉਹ ਰੋਮਾਂਟਿਕ ਨਾਇਕ ਦੀ ਘੋਰ ਉਦਾਸੀ ਦਾ ਸਾਰ ਹੈ, ਜੋ ਹੋਂਦ ਦੀ ਅਨਰਥਤਾ ਅਤੇ ਮੌਤ ਦੇ ਸੱਚ ਤੇ ਵਿਰਲਾਪ ਕਰਦਾ ਹੈ। ਪੇਚੋਰਿਨ ਦਾ ਹੋਂਦ ਦਾ ਸਾਰਾ ਫ਼ਲਸਫ਼ਾ ਸਰਵਨਿਖੇਧਵਾਦ ਵੱਲ ਸੇਧਿਤ ਹੈ, ਜੋ ਉਸਦੀ ਸ਼ਖ਼ਸੀਅਤ ਨੂੰ ਹਟਵੀਂ, ਵਿਜੋਗੀ ਬਣਾ ਦਿੰਦਾ ਹੈ।* ਪੇਚੋਰਿਨ ਨਾਮ ਦੂਰ ਉੱਤਰ ਵਿੱਚ ਵਗਦੀ ਪੇਚੋਰਾ ਨਦੀ ਤੋਂ ਰੱਖਿਆ ਗਿਆ ਹੈ, ਅਲੈਗਜ਼ੈਂਡਰ ਪੁਸ਼ਕਿਨ ਦੇ ਯੇਵਗੇਨੀ ਓਨੇਗਿਨ ਨੂੰ ਮਾਣ ਦਿੱਤਾ ਹੈ, ਜਿਸਦਾ ਨਾਮ ਓਨੇਗਾ ਨਦੀ ਤੋਂ ਰੱਖਿਆ ਗਿਆ।[1]