ਸੁਹਾਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਹਾਗੀ, ਸੁਹਾਗੇ ਦਾ ਛੋਟਾ ਰੂਪ ਹੈ। ਇਸ ਨੂੰ ਬਲਦਾਂ ਦੀ ਇਕ ਜੋੜੀ ਖਿੱਚਦੀ ਹੈ। ਇਸ ਦੀ ਵਰਤੋਂ ਵਾਹੀ ਹੋਈ ਜ਼ਮੀਨ ਵਿਚ ਉੱਠੇ ਡਲਿਆਂ ਨੂੰ ਤੋੜਣ ਲਈ ਤੇ ਖੇਤ ਨੂੰ ਪੱਧਰਾ ਕਰਨ ਲਈ ਕੀਤੀ ਜਾਂਦੀ ਹੈ। ਸੁਹਾਗੀ ਦੇਣ ਨਾਲ ਜ਼ਮੀਨ ਵਿਚ ਗਿਲ ਕਾਫੀ ਦੇਰ ਤੱਕ ਰਹਿੰਦੀ ਹੈ। ਖੇਤ ਨੂੰ ਬੀਜਣ ਤੋਂ ਬਾਅਦ ਵੀ ਸੁਹਾਗੀ ਦਿੱਤੀ ਜਾਂਦੀ ਹੈ। ਸੁਹਾਗੀ ਦੇਣ ਨਾਲ ਬੀਜ ਵਧੀਆ ਉੱਗਦਾ ਹੈ। ਸੁਹਾਗੀ ਦੀ ਸ਼ਕਲ ਮੋਟੇ ਫੱਟੇ ਵਰਗੀ ਹੁੰਦੀ ਹੈ। ਦੋ ਫੱਟਿਆਂ ਨੂੰ ਜੋੜ ਕੇ ਬਣਾਈ ਜਾਂਦੀ ਹੈ। ਸੁਹਾਗੀ ਦੀ ਲੰਬਾਈ 6 ਕੁ ਫੁੱਟ ਹੁੰਦੀ ਹੈ। ਦੋ ਫੱਟਿਆਂ ਨੂੰ ਜੋੜਨ ਦੇ ਵਿਚਾਲੇ 3 ਕੁ ਇੰਚ ਦੀਆਂ ਛੋਟੀਆਂ-ਛੋਟੀਆਂ ਲੱਕੜ ਦੀਆਂ ਟੁਕੜੀਆਂ ਲਾਈਆਂ ਜਾਂਦੀਆਂ ਹਨ। ਇਨ੍ਹਾਂ ਟੁਕੜੀਆਂ ਨੂੰ ਮੁਕੰਨੇ ਕਹਿੰਦੇ ਹਨ। ਮੁਜੰਨਿਆਂ ਦੇ ਲੱਗਣ ਕਾਰਨ ਫੱਟਿਆਂ ਦੇ ਜੋੜਾਂ ਵਿਚ 3 ਕੁ ਇੰਚ ਦੀਆਂ ਵਿਰਲਾਂ ਰਹਿ ਜਾਂਦੀਆਂ ਹਨ। ਇਨ੍ਹਾਂ ਵਿਰਲਾਂ ਵਿਚ ਹੀ ਡਲੇ ਫਸ ਕੇ ਟੁੱਟਦੇ ਹਨ। ਸੁਹਾਗੀ ਦੇ ਦੋਵੇਂ ਸਿਰਿਆਂ ਤੋਂ ਦੋ ਕੁ ਫੁੱਟ ਅੰਦਰ ਕਰ ਕੇ ਦੋ ਡੰਡੇ ਲਾਏ ਜਾਂਦੇ ਹਨ। ਇਨ੍ਹਾਂ ਡੰਡਿਆਂ ਨੂੰ ਕੰਨੇ ਕਹਿੰਦੇ ਹਨ। ਕੰਨੇ ਸੁਹਾਗੀ ਦੇ ਫੱਟੇ ਨਾਲੋਂ 6 ਕੁ ਇੰਚ ਅੱਗੇ ਵਧੇ ਹੁੰਦੇ ਹਨ। ਕੰਨਿਆਂ ਵਿਚ ਵਾਢੇ ਪਾਏ ਹੁੰਦੇ ਹਨ। ਇਨ੍ਹਾਂ ਵਾਢਿਆਂ ਵਿਚ ਹੀ ਬਲਦਾਂ ਦੀ ਜੋੜੀ ਦੇ ਗਲ ਪਾਈ ਪੰਜਾਲੀ ਦੇ ਰੱਸੇ ਬੰਨ੍ਹ ਕੇ ਸੁਹਾਗੀ ਚਲਾਈ ਜਾਂਦੀ ਹੈ। ਇਕ ਬੰਦਾ ਹੀ ਸੁਹਾਗੀ ਉਪਰ ਖੜ੍ਹ ਕੇ ਸੁਹਾਗੀ ਨੂੰ ਚਲਾਉਂਦਾ ਹੈ।[1]

ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਹੁਣ ਸੁਹਾਗੀ ਕਿਸੇ ਥੋੜ੍ਹੀ ਜ਼ਮੀਨ ਵਾਲੇ ਤੇ ਮਾੜੀ ਆਰਥਿਕ ਹਾਲਤ ਵਾਲੇ ਜ਼ਿਮੀਂਦਾਰ ਨੇ ਹੀ ਰੱਖੀ ਹੋਈ ਹੈ।

ਹਵਾਲੇ[ਸੋਧੋ]

  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)