ਸਮੱਗਰੀ 'ਤੇ ਜਾਓ

ਸੂਤਕੀ ਬੁਖਾਰ (ਮਿਲਕ ਫੀਵਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੂਤਕੀ ਬੁਖਾਰ ਕਰਕੇ ਗਾਈਂ ਧੌਣ ਪਿਛਾਂਹ ਨੂੰ ਸੁੱਟ ਕੇ ਬੈਠੀ ਹੋਈ।

ਸੂਤਕੀ ਬੁਖਾਰ ਆਮ ਕਰਕੇ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਸੂਣ ਤੋਂ ੨-੩ ਦਿਨਾਂ ਮਗਰੋਂ ਈ ਹੁੰਦਾ ਏ। ਭਾਵੇਂਕਿ ਇਹ ਬਿਮਾਰੀ ਸੂਣ ਤੋਂ ਪਹਿਲੋਂ ਜਾਂ ਕੁਝ ਹਫ਼ਤੇ ਬਾਅਦ ਵੀ ਹੋ ਜਾਂਦੀ ਹੈ। ਇਸ ਨੂੰ ਸੂਣ ਤੋਂ ਮਗਰੋਂ ਦੀ ਨਿਢਾਲਤਾ ਵੀ ਆਖਦੇ ਹਨ। ਜ਼ਿਆਦਾਤਰ ਇਹ ਬਿਮਾਰੀ ਜਰਸੀ ਗਾਈਂਆਂ ਨੂੰ ਹੁੰਦੀ ਹੈ।

ਕਾਰਨ

[ਸੋਧੋ]

ਇਸ ਬਿਮਾਰੀ ਦਾ ਮੁੱਖ ਕਾਰਨ ਪਸ਼ੂ ਦੇ ਜ਼ਿਆਦਾ ਦੁੱਧ ਦੇਣ ਨਾਲ ਉਸ ਦੇ ਲਹੂ ਚ ਕੈਲਸ਼ੀਅਮ ਦੀ ਮਿਕਦਾਰ ਦਾ ਘਟਣਾ ਹੈ। ਪਸ਼ੂਆਂ ਦੇ ਸਰੀਰ ਦਾ ੯੯ ਫ਼ੀਸਦੀ ਕੈਲਸ਼ੀਅਮ ਹੱਡੀਆਂ ਤੇ ਦੰਦਾਂ ਵਿੱਚ ਜਮ੍ਹਾਂ ਹੁੰਦਾ ਹੈ ਅਤੇ ਸਿਰਫ਼ ੧ ਫ਼ੀਸਦੀ ਹੀ ਲਹੂ ਵਿੱਚ ਹੁੰਦਾ ਹੈ। ਤਾਜ਼ੇ ਸੂਏ ਪਸ਼ੂਆਂ ਦੀ ਇੱਕ ਲੀਟਰ ਬਹੁਲੀ ਵਿੱਚ ੨.੩ ਗ੍ਰਾਮ ਕੈਲਸ਼ੀਅਮ ਹੁੰਦਾ ਏ, ਇਸ ਤਰਾਂ ੧੦ ਲੀਟਰ ਬਹੁਲੀ ਦੇਣ ਵਾਲੇ ਪਸ਼ੂ ਵਿੱਚੋਂ ੨੩ ਗ੍ਰਾਮ ਕੈਲਸ਼ੀਅਮ ਦੁੱਧ ਥਾਣੀਂ ਬਾਹਰ ਨਿਕਲ ਜਾਂਦਾ ਹੈ। ਸੂਣ ਵੇਲੇ ਅੰਤੜੀਆਂ ਤੋਂ ਕੈਲਸ਼ੀਅਮ ਲਹੂ ਵਿੱਚ ਰਚਣਾ ਵੀ ਬੰਦ ਹੋ ਜਾਂਦਾ ਹੈ, ਹੱਡੀਆਂ ਅਤੇ ਦੰਦਾਂ ਵਿਚਲਾ ਕੈਲਸ਼ੀਅਮ ਵੀ ਛੇਤੀ ਦੇਣੀ ਲਹੂ ਵਿੱਚ ਨਹੀਂ ਆਉਂਦਾ, ਜੇਸ ਕਾਰਨ ਸੂਣ ਤੋਂ ਯੱਕਦਮ ਮਗਰੋਂ ਲਹੂ ਵਿੱਚ ਕੈਲਸ਼ੀਅਮ ਦੀ ਘਾਟ ਆ ਜਾਂਦੀ ਹੈ।

ਲੱਛਣ

[ਸੋਧੋ]

ਇਹ ਰੋਗ ਤਿੰਨ ਪੜਾਵਾਂ ਵਿੱਚ ਹੁੰਦਾ ਹੈ। ਸ਼ੁਰੂ ਵਿੱਚ ਪਸ਼ੂ ਨੂੰ ਕਾਹਲ਼ੀ ਪੈਂਦੀ ਰਹਿੰਦੀ ਏ, ਖਾਣਾ-ਪੀਣਾ ਛੱਡ ਘੱਤਦਾ ਹੈ, ਸਿਰ ਹਿਲਾਉਂਦਾ ਹੈ, ਜ਼ਬਾਨ ਬਾਹਰ ਰੱਖਦਾ ਏ, ਦੰਦ ਪੀਂਹਦਾ ਹੈ, ਮਗਰਲੀਆਂ ਲੱਤਾਂ ਆਕੜ ਜਾਂਦੀਆਂ ਹਨ ਤੇ ਕਈ ਵੇਰਾਂ ਥੋੜਾ ਜਿਹਾ ਬੁਖਾਰ ਹੋ ਜਾਂਦਾ ਹੈ।

ਦੂਸਰੇ ਪੜਾਅ ਵਿੱਚ ਪਸ਼ੂ ਬਹਿ ਜਾਂਦਾ ਏ, ਸੁਸਤ ਹੋ ਜਾਂਦਾ ਹੈ, ਅੱਖੀਂ ਬਾਹਰ ਨਿਕਲ ਆਉਂਦੀਆਂ ਹਨ, ਬੰਨ੍ਹ ਪੈ ਜਾਂਦਾ ਹੈ, ਧੌਣ ਆਮ ਕਰਕੇ ਖੱਬੀ ਵੱਖੀ ਵੱਲੇ ਮੁੜ ਜਾਂਦੀ ਹੈ, ਕੰਨ ਤੇ ਥਣ ਠੰਢੇ ਪੈ ਜਾਂਦੇ ਹਨ ਅਤੇ ਸਰੀਰ ਦਾ ਤਾਪਮਾਨ ਆਮ ਨਾਲੋਂ ਘਟ ਜਾਂਦਾ ਏ। ਅਖ਼ੀਰ ਵਿੱਚ ਪਸ਼ੂ ਨੌਂ-ਨਿੱਸਲ ਪੈ ਜਾਂਦਾ ਹੈ ਤੇ ਇਲਾਜ ਨਾ ਹੋਣ 'ਤੇ ਮੌਤ ਹੋ ਜਾਂਦੀ ਏ।

ਬਚਾਅ

[ਸੋਧੋ]

ਸੂਣ ਮਗਰੋਂ ਥਣਾਂ ਨੂੰ ਬਿਲਕੁਲ ਖਾਲੀ ਨਈਂ ਕਰਨਾ ਚਾਹੀਦਾ।

ਸੂਣ ਤੋਂ ਕੁਝ ਦਿਨ ਪਹਿਲੋਂ ਪਹੂ ਨੂੰ ਦਾਣਾ ਵਧੇਰੇ ਦੇਣਾ ਸ਼ੁਰੂ ਕਰ ਦਿਓ।

ਗੱਭਣ ਪਸ਼ੂ ਨੂੰ ਆਖ਼ਰੀ ਤਿਮਾਹੀ ਵਿੱਚ ਜ਼ਿਆਦਾ ਕੈਲਸ਼ੀਅਮ ਨਹੀਂ ਦੇਣਾ ਚਾਹੀਦਾ, ਅਖੀਰਲੀ ਤਿਮਾਹੀ ਵਿੱਚ ਪਹੂ ਨੂੰ ਔਸਤਨ ੩੦ ਗ੍ਰਾਮ ਕੈਲਸ਼ੀਅਮ ਫ਼ੀ ਦਿਨ ਜ਼ਰੂਰਤ ਹੁੰਦੀ ਹੈ।

ਗੱਭਣ ਪਸ਼ੂ ਦੀ ਅਖੀਰਲੀ ਤਿਮਾਹੀ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਦੀ ਮਿਕਦਾਰ ੧:੨ ਹੋਣੀ ਚਾਹੀਦੀ ਹੈ, ਤਾਂ ਜੁ ਪੈਰਾਥਾਇਰੋਡ ਗ੍ਰੰਥੀ ਕੰਮ ਕਰਦੀ ਰਵੇ।

ਸੂਣ ਤੋਂ ਕੁਝ ਦਿਨ ਪਹਿਲੋਂ ਪਹੂ ਨੂੰ ੧੦੦ ਗ੍ਰਾਮ ਕੈਲਸ਼ੀਅਮ ਫ਼ੀ ਦਿਨ ਸ਼ੁਰੂ ਕਰ ਦਿਓ। ਸੂਣ ਤੋਂ ੨ ਦਿਨ ਪਹਿਲੋਂ ਤੇ ਸੂਣ ਤੋਂ ੧੫ ਦਿਨ ਬਾਅਦ ਤੀਕਰ ੧੫੦ ਗ੍ਰਾਮ ਕੈਲਸ਼ੀਅਮ ਰੋਜ਼ਾਨਾ ਦੇਣਾ ਚਾਹੀਦਾ ਏ। 

ਇਲਾਜ

[ਸੋਧੋ]

ਇਸ ਰੋਗ ਵਿੱਚ ਘਾਬਰਣਾ ਨਹੀਂ ਚਾਹੀਦਾ ਅਤੇ ਤੁਰਤ ਪਸ਼ੂ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ। ਇਲਾਜ ਦਾ ਅਸਰ ਜਾਦੂ ਦੀ ਤਰਾਂ ਹੁੰਦਾ ਏ ਤੇ ਪਸ਼ੂ ਘੰਟਿਆਂ ਵਿੱਚ ਈ ਠੀਕ ਹੋ ਜਾਂਦਾ ਹੈ।[1][2][3]

ਹਵਾਲੇ

[ਸੋਧੋ]
  1. ਪਸ਼ੂ ਪਾਲਣ ਨਿਰਦੇਸ਼ਿਕਾ. ਰਾਸ਼ਟਰੀ ਪਸ਼ੂ ਵਿਕਾਸ ਬੋਰਡ.
  2. ਡੇਅਰੀ ਫਾਰਮਿੰਗ. ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ, ਮੁੱਲਾਂਪੁਰ.
  3. ਡੇਅਰੀ ਫਾਰਮਿੰਗ. ਗਡਵਾਸੂ.