ਸੰਗੀਤ ਇਲਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਗੀਤ ਇਲਾਜ
ਦਖ਼ਲ
Power of Music by Louis Gallait. A brother and sister resting before an oldtomb. The brother is attempting to comfort his sibling by playing the violin, and she has fallen into a deep sleep, "oblivious of all grief, mental and physical."
ICD-9-CM93.84
MeSHD009147

ਸੰਗੀਤ ਇਲਾਜ ਜਾਂ ਸੰਗੀਤ ਥੈਰੇਪੀ ਸਿਹਤ ਸਬੰਧਿਤ ਇੱਕ ਪੇਸ਼ਾ ਅਤੇ ਵਿਗਿਆਨਕ ਜਾਂਚ ਦਾ ਖੇਤਰ ਹੈ। ਇਹ ਇੱਕ ਅੰਤਰ-ਨਿੱਜੀ ਕਾਰਵਾਈ ਹੈ ਜਿਸ ਵਿੱਚ ਵਿੱਚ ਇੱਕ ਪ੍ਰਸ਼ਿਕਸ਼ਿਤ ਸੰਗੀਤ ਚਿਕਿਤਸਕ ਸੰਗੀਤ ਅਤੇ ਇਸਦੇ ਸਾਰੇ ਪਹਿਲੂਆਂ, ਜਿਵੇਂ ਕਿ ਸਰੀਰਕ, ਭਾਵਨਾਤਮਕ, ਮਾਨਸਿਕ, ਸਮਾਜਕ, ਸੁਹਜਾਤਮਕ ਅਤੇ ਆਤਮਕ, ਦੀ ਵਰਤੋਂ ਕਰਕੇ ਮਰੀਜ਼ ਦੀ ਸਿਹਤ ਸੁਧਾਰਨ ਅਤੇ ਉਸਦੀ ਸਿਹਤ ਨੂੰ ਕਾਇਮ ਰੱਖਣ ਲਈ ਕਰਦਾ ਹੈ। ਮਰੀਜ਼ ਦਾ ਇਲਾਜ ਕਰਨ ਲਈ ਸੰਗੀਤ ਚਕਿਤਸਕ ਮੁੱਖ ਤੌਰ ਤੇ ਸੰਗੀਤ ਅਨੁਭਵ ਦੀ ਵਰਤੋਂ ਕਰਦੇ ਹਨ ਜਿਸ ਵਿੱਚ ਗਾਉਣਾ, ਗੀਤ ਲਿਖਣਾ, ਸੰਗੀਤ ਸੁਣਨਾ ਅਤੇ ਆਦਿ ਕਾਰਵਾਈਆਂ ਸ਼ਾਮਿਲ ਹੁੰਦੀਆਂ ਹਨ। ਸੰਗੀਤ ਇਲਾਜ ਨੂੰ ਇੱਕ ਕਲਾ ਅਤੇ ਵਿਗਿਆਨ ਦੋਹੇਂ ਮੰਨਿਆ ਜਾਂਦਾ ਹੈ ਅਤੇ ਇਸ ਖੇਤਰ ਵਿੱਚ ਘੋਖ ਦੀ ਬਹੁਤ ਗੁੰਜਾਇਸ਼ ਹੈ।

ਸੰਗੀਤ ਇਲਾਜ ਦੀ ਵਰਤੋਂ ਅੱਜ ਦੀ ਤਰੀਕ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਸੰਗੀਤ ਚਿਕਿਤਸਾ ਦੀ ਵਰਤੋਂ ਅੱਜ ਦੁਨੀਆ ਭਰ ਵਿੱਚ ਕਈ ਹਸਪਤਾਲਾਂ, ਸਕੂਲਾਂ, ਨਸ਼ਾ-ਛੁਡਾਊ ਕੇਂਦਰਾਂ ਆਦਿ ਥਾਵਾਂ ਵਿੱਚ ਕੀਤੀ ਜਾਂਦੀ ਹੈ। ਇਹ ਦੇਖਿਆ ਗਿਆ ਹੈ ਕਿ ਇਹ ਇਲਾਜ ਸਟ੍ਰੋਕ ਦੇ ਮਰੀਜਾਂ ਲਈ ਬਹੁਤ ਹੀ ਲਾਹੇਵੰਦ ਹੈ।

੯ਵੀਂ- ੧੦ਵੀਂ ਸਦੀ ਦੇ ਤੁਰਕ-ਫ਼ਾਰਸੀ ਮਨੋਵਿਗਿਆਨਕ ਅਤੇ ਸੰਗੀਤ ਸਿਧਾਂਤਕਾਰ ਅਲ-ਫ਼ਰਾਬੀ ਨੇ ਆਪਣੀ ਕਿਤਾਬ “ਮਾਈਨਿੰਗ ਆਫ਼ ਦ ਇੰਟਲੈਕਟ” ਵਿੱਚ ਆਤਮਾ ਉੱਤੇ ਸੰਗੀਤ ਦੇ ਅਸਰ ਬਾਰੇ ਚਰਚਾ ਕੀਤੀ ਹੈ। ੧੭ਵੀਂ ਸਦੀ ਦੇ ਅੰਗਰੇਜ਼ ਵਿਦਵਾਨ ਰਾਬਰਟ ਬਰਟਨ ਨੇ ਆਪਣੀ ਕਿਤਾਬ “ਦ ਅਨਾਟਮੀ ਆਫ਼ ਦ ਮੈਲਨਕਲੀ” ਵਿੱਚ ਸੰਗੀਤ ਅਤੇ ਨਿਰਤ ਦੇ ਦਿਮਾਗੀ ਬਿਮਾਰੀਆਂ, ਖਾਸ ਕਰ ਕੇ ਝੋਰੇ ਦੇ ਰੋਗ, ਨੂੰ ਠੀਕ ਕਰਨ ਦੀ ਸਮਰੱਥਾ ਉੱਤੇ ਆਲੋਚਨਾਤਮਕ ਚਰਚਾ ਕੀਤੀ ਹੈ।

ਸੰਗੀਤ ਇਲਾਜ ਦਾ ਇਤਿਹਾਸ[ਸੋਧੋ]

ਸੰਗੀਤ ਇਲਾਜ ਕਰਨ ਲਈ ਸਦੀਆਂ ਤੋਂ ਵਰਤਿਆ ਜਾ ਰਿਹਾ ਹੈ।[1] ਇਹ ਬਾਇਬਲ ਦੇ ਜ਼ਮਾਨੇ ਤੋਂ ਚੱਲਿਆ ਆ ਰਿਹਾ ਹੈ ਜਦੋਂ ਡੇਵਿਡ ਨੇ ਹਾਰਪ (ਇਕ ਸਾਜ਼) ਦੀ ਵਰਤੋਂ ਕਰਕੇ ਰਾਜਾ ਸਾਊਲ ਦੀ ਆਤਮਾ ਦਾ ਇੱਕ ਭੂਤ ਤੋਂ ਛੁਟਕਾਰਾ ਕਰਵਾਇਆ ਸੀ। ੪੦੦ ਸਦੀ ਈਸਾ ਤੋਂ ਪਹਿਲਾਂ ਵਿੱਚ ਯੂਨਾਨੀ ਚਿਕਿਤਸਾ ਦਾ ਪਿਤਾ ਹਿਪੋਕਰੇਟੀਜ਼ ਆਪਣੇ ਮਾਨਸਿਕ ਮਰੀਜਾਂ ਲਈ ਸੰਗੀਤ ਦੀ ਵਰਤੋਂ ਕਰਦਾ ਸੀ। ਅਰਸਤੂ ਨੇ ਸੰਗੀਤ ਨੂੰ ਇੱਕ ਅਜਿਹੀ ਸ਼ਕਤੀ ਵਜੋਂ ਕਿਹਾ ਹੈ ਜੋ ਆਤਮਾ ਨੂੰ ਸ਼ੁੱਧ ਕਰ ਦਿੰਦੀ ਹੈ। ੧੩ਵੀਂ ਸਦੀ ਵਿੱਚ ਅਰਬ ਦੇ ਹਸਪਤਾਲਾਂ ਵਿੱਚ,ਮਰੀਜਾਂ ਦੇ ਫਾਇਦੇ ਲਈ, ਖਾਸ ਸੰਗੀਤ ਕਮਰੇ ਹੁੰਦੇ ਸਨ। ਅਮਰੀਕਾ ਵਿੱਚ ਆਦੀਵਾਸੀ ਅਕਸਰ ਨਿਰਤ ਅਤੇ ਮੰਤਰ-ਉਚਾਰਨ ਕਰਕੇ ਮਰੀਜਾਂ ਦਾ ਇਲਾਜ ਕਰਦੇ ਸਨ। ਆਧੁਨਿਕ ਸੰਗੀਤ ਚਿਕਿਤਸਾ ਵਿਸ਼ਵ-ਯੱਧਾਂ ਦੇ ਦੇਣ ਹੈ। ਇੰਗਲੈਂਡ ਵਿੱਚ ਸੰਗੀਤਕਾਰ ਵੱਖਰੇ-ਵੱਖਰੇ ਹਸਪਤਾਲਾਂ ਵਿੱਚ ਜਾ ਕੇ ਭਾਵਨਾਤਮਕ ਅਤੇ ਸਰੀਰਕ ਸਦਮੇ ਵਿੱਚ ਗਏ ਸੈਨਿਕਾਂ ਲਈ ਸੰਗੀਤ ਦੀ ਵਰਤੋਂ ਕਰਦੇ ਸਨ।

ਭਾਰਤ ਵਿੱਚ[ਸੋਧੋ]

ਵੈਦਿਕ ਵਿਗਿਆਨ ਨੇ ਭਾਰਤੀ ਸ਼ਾਸਤਰੀ ਸੰਗੀਤ ਰਾਗਾਂ ਵਿੱਚ ਇਲਾਜੀ ਅਸਰ ਹੋਣ ਦਾ ਦਾਅਵਾ ਕੀਤਾ ਹੈ। ਪ੍ਰਾਚੀਨ ਕਾਲ ਤੋਂ ਹੀ ਸੰਗੀਤ ਨੂੰ ਇਲਾਜ ਕਰਨ ਲਈ ਵਰਤਿਆ ਜਾ ਰਿਹਾ ਹੈ। ਭਾਰਤ ਵਿੱਚ ਸੰਗੀਤ, ਮਿੱਠੀ ਅਵਾਜ਼ ਦੇ ਸਾਧਨ ਨਾਲ ਇੱਕ ਯੋਗ ਪ੍ਰਨਾਲੀ ਦੀ ਤਰ੍ਹਾਂ ਹੈ, ਜੋ ਮਨੁੱਖ ਉੱਤੇ ਕੰਮ ਕਰਦੀ ਹੈ ਅਤੇ ਆਤਮਗਿਆਨ ਦੀ ਹੱਦ ਲਈ ਉਨ੍ਹਾਂ ਦੇ ਢੁਕਵੇਂ ਕੰਮਾਂ ਨੂੰ ਜਾਗਰਤ ਅਤੇ ਵਿਕਸਿਤ ਕਰਦੀਆਂ ਹਨ, ਜੋ ਕਿ ਹਿੰਦੂ ਦਰਸ਼ਨ ਅਤੇ ਧਰਮ ਦਾ ਅਖ਼ੀਰਲਾ ਟੀਚਾ ਹੈ। ਮਿੱਠੀ ਲੈਅ ਭਾਰਤੀ ਸੰਗੀਤ ਦਾ ਪ੍ਰਧਾਨ ਤੱਤ ਹੈ। ਰਾਗ ਦਾ ਆਧਾਰ ਮਿੱਠੀ ਲੈਅ ਹੈ। ਵੱਖ-ਵੱਖ ਰਾਗ ਕੇਂਦਰੀ ਤੰਤੂ ਪ੍ਰਨਾਲੀ ਨਾਲ ਸਬੰਧਤ ਅਨੇਕਾਂ ਰੋਗਾਂ ਦੇ ਇਲਾਜ ਵਿੱਚ ਅਸਰਦਾਰ ਪਾਏ ਗਏ ਹਨ।[2]

ਇਲਾਜ ਦੇ ਰੂਪ ਵਿੱਚ ਸੰਗੀਤ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਜ਼ਰੂਰ ਪਤਾ ਕਰਨਾ ਚਾਹੀਦਾ ਹੈ ਕਿ ਕਿਸ ਪ੍ਰਕਾਰ ਦੇ ਸੰਗੀਤ ਦੀ ਵਰਤੋਂ ਕੀਤੀ ਜਾਵੇ। ਸੰਗੀਤ ਇਲਾਜ ਦਾ ਸਿੱਧਾਂਤ, ਠੀਕ ਅਵਾਜ਼ ਸ਼ੈਲੀ ਅਤੇ ਸੰਗੀਤ ਦੇ ਮੂਲ ਤੱਤਾਂ ਦੇ ਠੀਕ ਪ੍ਰਯੋਗ ਉੱਤੇ ਨਿਰਭਰ ਕਰਦਾ ਹੈ। ਜਿਵੇਂ ਕਿ ਸੁਰ, ਲੈਅ, ਤੀਬਰਤਾ,ਤਾਲ ਅਤੇ ਰਾਗਾਂ ਦੇ ਅੰਸ਼।

ਰਾਗ ਅਣਗਿਣਤ ਹਨ ਅਤੇ ਨਿਸ਼ਚਤ ਤੌਰ ਤੇ ਹਰ ਇੱਕ ਰਾਗ ਦੇ ਆਪਣੇ ਹੀ ਅਣਗਿਣਤ ਗੁਣ ਹਨ। ਇਹੀ ਕਾਰਨ ਹੈ ਕਿ ਅਸੀਂ ਕਿਸੇ ਵਿਸ਼ੇਸ਼ ਰਾਗ ਨੂੰ ਕਿਸੇ ਵਿਸ਼ੇਸ਼ ਰੋਗ ਲਈ ਸਥਾਪਤ ਨਹੀਂ ਕਰ ਸਕਦੇ ਹਾਂ। ਵੱਖ ਵੱਖ ਮਾਮਲਿਆਂ ਵਿੱਚ ਵੱਖ-ਵੱਖ ਪ੍ਰਕਾਰ ਦੇ ਰਾਗਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਦੋਂ ਸੰਗੀਤ ਚਿਕਿਤਸਾ ਸ਼ਬਦ ਦਾ ਪ੍ਰਯੋਗ ਹੁੰਦਾ ਹੈ ਤਾਂ ਅਸੀਂ ਚਿਕਿਤਸਾ ਦੀ ਵਿਸ਼ਵਵਿਆਪੀ ਪ੍ਰਣਾਲੀ ਦੇ ਬਾਰੇ ਵਿੱਚ ਸੋਚਦੇ ਹਾਂ। ਇਸ ਮਾਮਲੇ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਦਾ ਗਾਇਨ ਭਾਗ ਦਾ ਸਾਹਿਤ ਸਮਰੱਥ ਨਹੀਂ ਹੈ। ਆਪਣੇ ਅਦੁੱਤੀ ਸੁਰਾਂ/ਤਾਲਾਂ ਦੀ ਸੰਰਚਨਾ ਦੇ ਨਾਲ ਸ਼ਾਸਤਰੀ ਸੰਗੀਤ ਸ਼ਾਂਤ ਅਤੇ ਆਰਾਮਦਾਇਕ ਮਨੋਭਾਵਨਾ ਸੁਨਿਸਚਿਤ ਕਰਦਾ ਹੈ ਅਤੇ ਉਤੇਜਨਾ ਪੈਦਾ ਕਰਨ ਵਾਲੀਆਂ ਹਾਲਤਾਂ ਨਾਲ ੜੀ ਸੰਵੇਦਨਾ ਨੂੰ ਸ਼ਾਂਤ ਕਰਦਾ ਹੈ। ਸੰਗੀਤ ਤਥਾਕਥਿਤ ਭਾਵਨਾਤਮਕ ਅਸੰਤੁਲਨ ਨੂੰ ਜਿੱਤਣ ਵਿੱਚ ਇੱਕ ਪ੍ਰਭਾਵੀ ਭੂਮਿਕਾ ਨਿਭਾਉਂਦਾ ਹੈ। ਭਾਰਤ ਵਿੱਚ ਹਰ ਇੱਕ ਸਾਲ ੧੩ ਮਈ ਨੂੰ ਸੰਗੀਤ ਚਿਕਿਤਸਾ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਸੰਗੀਤ ਚਿਕਿਤਸਾ ਨਾਲ ਰੋਗਾਂ ਦਾ ਇਲਾਜ[ਸੋਧੋ]

ਸੰਗੀਤ ਦੇ ਅਸਰ ਕਈ ਪ੍ਰਕਾਰ ਦੇ ਰੋਗਾਂ ਦੇ ਇਲਾਜ ਕਰਨ ਵਿੱਚ ਦੇਖੇ ਗਏ ਹਨ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਬਾਕੀ ਇਲਾਜ ਵਿਧੀਆਂ ਦੇ ਨਾਲ ਸੰਗੀਤ ਚਿਕਿਤਸਾ ਦੇ ਪ੍ਰਯੋਗ ਕਰਨ ਨਾਲ ਇਲਾਜ ਦੀ ਰਫਤਾਰ ਵੱਧ ਜਾਂਦੀ ਹੈ।

ਸਟ੍ਰੋਕ ਇਲਾਜ[ਸੋਧੋ]

ਸੰਗੀਤ ਨੂੰ ਦਿਮਾਗ ਦੇ ਕੁੱਝ ਭਾਗਾਂ ਨੂੰ ਪ੍ਰਭਾਵਿਤ ਕਰਦੇ ਹੋਏ ਵਖਾਇਆ ਗਿਆ ਹੈ। ਇਸ ਚਿਕਿਤਸਾ ਦਾ ਇੱਕ ਭਾਗ, ਭਾਵਨਾਵਾਂ ਅਤੇ ਸਮਾਜਕ ਸਬੰਧਾਂ ਨੂੰ ਪ੍ਰਭਾਵਿਤ ਕਰਨ ਦੀ ਸੰਗੀਤ ਸਮਰੱਥਾ ਨਾਲ ਹੈ। ਸੰਗੀਤ ਚਿਕਿਤਸਕਾਂ ਦੁਆਰਾ ਕੀਤੀ ਗਈ ਖੋਜ ਤੋਂ ਪਤਾ ਚੱਲਿਆ ਹੈ ਕਿ ਸੰਗੀਤ ਚਿਕਿਤਸਾ, ਉਦਾਸੀ ਵਿੱਚ ਕਮੀ, ਬਿਹਤਰ ਮਨੋਦਸ਼ਾ, ਅਤੇ ਚਿੰਤਾ ਦੀ ਦਸ਼ਾ ਵਿੱਚ ਕਮੀ ਦੇ ਨਾਲ ਜੁੜੀ ਹੋਈ ਹੈ।[3] ਵਰਣਨਾਤਮਿਕ ਅਤੇ ਪ੍ਰਾਯੋਗਿਕ, ਦੋਨਾਂ ਅਧਿਐਨਾਂ ਨੇ ਜੀਵਨ ਦੀ ਗੁਣਵੱਤਾ, ਪਰਿਆਵਰਣ ਦੇ ਨਾਲ ਭਾਗੀਦਾਰੀ, ਭਾਵਨਾਵਾਂ ਦੀ ਪਰਕਾਸ਼ਨ, ਜਾਗਰੂਕਤਾ ਅਤੇ ਪ੍ਰਤੀਕਿਰਿਆ, ਸਕਾਰਾਤਮਕ ਸੰਘਾਂ, ਅਤੇ ਸਮਾਜੀਕਰਨ ਉੱਤੇ ਸੰਗੀਤ ਦੇ ਪ੍ਰਭਾਵਾਂ ਬਾਰੇ ਲਿਖਿਆ ਹੈ। ਇਸ ਤੋਂ ਇਲਾਵਾ ਚਿਕਿਤਸਕਾਂ ਨੇ ਖੋਜਿਆ ਹੈ ਕਿ ਸਮਾਜਕ ਅਤੇ ਵਿਵਹਾਰਕ ਨਤੀਜੀਆਂ ਉੱਤੇ ਸੰਗੀਤ ਚਿਕਿਤਸਾ ਦਾ ਸਕਾਰਾਤਮਕ ਅਸਰ ਪਿਆ ਹੈ ਅਤੇ ਇਸਨੇ ਮਨੋਦਸ਼ਾ ਦੇ ਸੰਬੰਧ ਵਿੱਚ ਕੁੱਝ ਉਤਸਾਹਜਨਕ ਰੁਝੇਵੇਂ ਦਿਖਾਏ ਹਨ।

ਇੱਕ ਨਵੀਂ ਖੋਜ ਮੁਤਾਬਕ ਪਤਾ ਲੱਗਿਆ ਹੈ ਕਿ ਸੰਗੀਤ, ਮਰੀਜ਼ ਦੀ ਪ੍ਰੇਰਨਾ ਅਤੇ ਸਕਾਰਾਤਮਕ ਭਾਵਨਾਵਾਂ ਨੂੰ ਵਧਾ ਸਕਦਾ ਹੈ। ਇੱਕ ਖੋਜ ਅਨੁਸਾਰ ਦੇਖਿਆ ਗਿਆ ਹੈ ਕਿ ਸਟ੍ਰੋਕ ਦੇ ਮਰੀਜਾਂ ਦਾ ਇਲਾਜ ਕਰਨ ਵੇਲੇ ਰਵਾਇਤੀ ਇਲਾਜ ਵਿਧੀ ਦੇ ਨਾਲ ਸੰਗੀਤ ਚਿਕਿਤਸਾ ਦਾ ਪ੍ਰਯੋਗ ਕਰਨ ਨਾਲ ਇਲਾਜ ਦੀ ਰਫਤਾਰ ਵਿੱਚ ਵਾਧਾ ਦੇਖਿਆ ਗਿਆ ਹੈ।

ਅਲਜਾਈਮਰ ਅਤੇ ਡਿਮੈਨਸ਼ੀਆ ਵਿੱਚ[ਸੋਧੋ]

ਅਲਜਾਈਮਰ ਅਤੇ ਡਿਮੈਨਸ਼ੀਆ ਦੋ ਅਜਿਹੇ ਰੋਗ ਹਨ ਜਿੰਨ੍ਹਾਂ ਨੂੰ ਠੀਕ ਕਰਨ ਲਈ ਸੰਗੀਤ ਚਿਕਿਤਸਾ ਦਾ ਪ੍ਰਯੋਗ ਆਮ ਹੀ ਕੀਤਾ ਜਾਂਦਾ ਹੈ। ੩੩੦ ਮਰੀਜਾਂ ਦੇ ਇੱਕ ਅਧਿਐਨ ਤੋਂ ਦੇਖਿਆ ਗਿਆ ਹੈ ਕਿ ਸੰਗੀਤ ਚਿਕਿਤਸਾ ਨਾਲ ਇਨ੍ਹਾਂ ਰੋਗਾਂ ਵਿੱਚ ਬਹੁਤ ਹੀ ਜਿਆਦਾ ਸੁਧਾਰ ਆਇਆ। ਪਰ ਵੱਖੋ-ਵੱਖਰੀਆਂ ਖੋਜਾਂ ਇੱਕ ਦੂਜੇ ਦੇ ਸਮਰੂਪ ਨਹੀਂ ਸਨ ਜਿਸ ਕਰਕੇ ਸੰਗੀਤ ਚਿਕਿਤਸਾ ਵਿੱਚ ਖੋਜ ਦੀ ਬਹੁਤ ਗੁੰਜਾਇਸ਼ ਹੈ।

ਦਿਲ ਦਿਆਂ ਰੋਗਾਂ ਵਿੱਚ[ਸੋਧੋ]

੨੦੦੯ ਵਿੱਚ ਕੋਹਰੇਨ ਰਿਵਿਊ[4] ਦੁਆqਰਾ ਕੀਤੀ ਗਏ ੨੩ ਕਲੀਨਿਕਲ ਪਰਖਾਂ ਤੋਂ ਪਤਾ ਲੱਗਿਆ ਹੈ ਕਿ ਸੰਗੀਤ ਚਿਕਿਤਸਾ ਨਾਲ ਦਿਲ ਦੇ ਰੋਗਾਂ ਤੋਂ ਪੀੜਤ ਰੋਗੀਆਂ ਵਿੱਚ ਦਿਲ ਦੀ ਗਤੀ, ਖੂਨ ਦੇ ਦਬਾਅ ਅਤੇ ਸਾਹ ਦੀ ਰਫਤਾਰ ਨੂੰ ਘੱਟ ਕੀਤਾ ਜਾ ਸਕਦਾ ਹੈ।

ਮਿਰਗੀ ਵਿੱਚ[ਸੋਧੋ]

ਖੋਜ ਅਨੁਸਾਰ ਦੱਸਿਆ ਗਿਆ ਹੈ ਕਿ ਮੋਜ਼ਾਰਟ ਦੇ ਪਿਆਨੋ ਸੋਨਾਟਾ K448 ਨੂੰ ਸੁਣਨ ਨਾਲ ਮਿਰਗੀ ਦੇ ਮਰੀਜਾਂ ਵਿੱਚ ਦੌਰਿਆਂ ਦੀ ਗਿਣਤੀ ਘੱਟ ਕੀਤੀ ਜਾ ਸਕਦੀ ਹੈ, ਇਸਨੂੰ ਮੋਜਾਰਟ ਪ੍ਰਭਾਵ ਕਿਹਾ ਜਾਂਦਾ ਹੈ। ਹਾਲਾਂਕਿ, ਹਾਲ ਹੀ ਵਿੱਚ, ਮੋਜਾਰਟ ਪ੍ਰਭਾਵ ਦੀ ਵੈਧਤਾ ਅਤੇ ਇਸ ਸਿਧਾਂਤ ਤੱਕ ਪੁੱਜਣ ਲਈ ਹੋਏ ਘੋਖਾਂ ਉੱਤੇ ਸ਼ੱਕ ਕੀਤਾ ਗਿਆ ਹੈ, ਅਜਿਹਾ ਮੂਲ ਅਧਿਐਨ ਦੇ ਤਹਿਤ ਹੱਦਾਂ ਅਤੇ ਬਾਅਦ ਦੀਆਂ ਘੋਖਾਂ ਵਿੱਚ ਮੋਜਾਰਟ ਸੰਗੀਤ ਦੇ ਪ੍ਰਭਾਵਾਂ ਨੂੰ ਸਿੱਧ ਕਰਨ ਵਿੱਚ ਪੇਸ਼ ਹੋਣ ਵਾਲਿਆਂ ਮੁਸੀਬਤਾਂ ਦੇ ਕਾਰਨ ਹੋਇਆ ਹੈ।

ਹੋਰ ਬਿਮਾਰੀਆਂ ਵਿੱਚ[ਸੋਧੋ]

ਸੰਗੀਤ ਦੀ ਵਰਤੋਂ ਕਈ ਹੋਰ ਬਿਮਾਰੀਆਂ ਦੇ ਇਲਾਜ ਵਿੱਚ ਲਾਭਦਾਇਕ ਸਿੱਧ ਹੋਈ ਹੈ, ਇਨ੍ਹਾਂ ਵਿੱਚ ਉਦਾਸੀ(ਡਿਪ੍ਰੈਸ਼ਨ), ਇਕ-ਮਾਨਸਿਕਤਾ(ਸਕਿਜੋਫ੍ਰੇਨੀਆ) ਅਤੇ ਹੋਰ ਕਈ ਤਰ੍ਹਾਂ ਦੇ ਮਨੋ-ਰੋਗ ਸ਼ਾਮਿਲ ਹਨ।

ਹਵਾਲੇ[ਸੋਧੋ]

  1. "ਲੋਕ ਚਿਕਿਤਸਾ". ਪੰਜਾਬੀ ਪੀਡੀਆ. Retrieved 1 Jan 2014.
  2. "ਪੰਜਾਬ ਦੀ ਸੰਗੀਤ ਪਰੰਪਰਾ ਦੇ ਮਜ਼ਬੂਤ ਸਤੰਭ ਸੰਗੀਤ ਅਕੈਡਮੀ ਐਵਾਰਡੀ ਸ੍ਰੀ ਸ਼ੰਕਰ ਲਾਲ ਮਿਸ਼ਰਾ". Dailyashiana.com. Retrieved 01 jan 2014. {{cite web}}: Check date values in: |accessdate= (help)[permanent dead link]
  3. S, Nayak. "Effect of music therapy on mood and social interaction among individuals with acute traumatic brain injury and stroke". 45 (3): 274–283. {{cite journal}}: Cite journal requires |journal= (help); Text "Rehabitation Psychology" ignored (help)
  4. Bradt, T; Diles, C (15/04/2009). "Music for stress and anxiety reduction in coronary heart patients". Cochrane Database of Systematic Reviews(2): CD006577. {{cite journal}}: Check date values in: |date= (help)