ਹਰਵਿੰਦਰ ਧਾਲੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਰਵਿੰਦਰ ਧਾਲੀਵਾਲ
ਹਰਵਿੰਦਰ ਧਾਲੀਵਾਲ
ਹਰਵਿੰਦਰ ਧਾਲੀਵਾਲ
ਜਨਮਹਰਵਿੰਦਰ ਧਾਲੀਵਾਲ
(1968-03-30) 30 ਮਾਰਚ 1968 (ਉਮਰ 56)
ਬਿਲਾਸਪੁਰ, ਮੋਗਾ, ਭਾਰਤੀ ਪੰਜਾਬ
ਕਿੱਤਾਕਵੀ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਪੰਜਾਬ ਖੇਤੀਬਾੜੀ ਯੂਨੀਵਰਸਿਟੀ
ਸ਼ੈਲੀਪ੍ਰਗੀਤ, ਕਵਿਤਾ, ਗਜ਼ਲ, ਹਾਇਕੂ (ਮਾਈਕਰੋ ਕਵਿਤਾ)
ਵਿਸ਼ਾਪ੍ਰਕਿਰਤੀ, ਪੰਜਾਬੀ ਸਭਿਆਚਾਰ
ਪ੍ਰਮੁੱਖ ਕੰਮਅੰਤਰ ਯੁੱਧ

ਹਰਵਿੰਦਰ ਧਾਲੀਵਾਲ (ਜਨਮ 30 ਮਾਰਚ 1968) ਇੱਕ ਪੰਜਾਬੀ ਕਵੀ ਹੈ। ਨਿੱਕੀ ਕਵਿਤਾ ਦੀ ਜਾਪਾਨੀ ਵਿਧਾ, ਹਾਇਕੂ ਨੂੰ ਪੰਜਾਬੀ ਕਾਵਿ ਵਿਧਾ ਵਜੋਂ ਸਥਾਪਤ ਕਰਨ ਲਈ ਵੀ ਉਹ ਕਾਰਜਸ਼ੀਲ ਹੈ।[1]

ਜੀਵਨ ਵੇਰਵੇ[ਸੋਧੋ]

ਹਰਵਿੰਦਰ ਦਾ ਜਨਮ 30 ਮਾਰਚ 1968 ਨੂੰ ਪਿੰਡ ਬਿਲਾਸਪੁਰ, ਮੋਗਾ, ਭਾਰਤੀ ਪੰਜਾਬ ਵਿੱਚ ਹੋਇਆ। ਅੱਜਕੱਲ ਉਹ ਪੰਜਾਬ ਮੰਡੀ ਬੋਰਡ ਦਾ ਕਰਮਚਾਰੀ ਹੈ। ਉਸਨੇ ਦਸਵੀ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਫਿਰ ਪੱਤਰ ਵਿਹਾਰ ਰਾਹੀਂ ਬੀਏ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ 'ਡਿਪਲੋਮਾ ਇਨ ਐਗਰੀਕਲਚਰ' ਕੀਤਾ। ਉਹ ਲੇਖਕ ਵਿਚਾਰ ਮੰਚ ਪੰਜਾਬ, ਨਿਹਾਲ ਸਿੰਘ ਵਾਲਾ ਦਾ ਪਰਧਾਨ ਚੁਣਿਆ ਗਿਆ ਹੈ।ਪਿੰਡ ਪੱਧਰ ਤੇ ਉਹ ਸਵਰਨ ਬਰਾੜ ਯਾਦਗਾਰੀ ਲਾਇਬਰੇਰੀ ਦਾ ਪਰਬੰਧ ਕੁਸ਼ਲਤਾ ਨਾਲ ਚਲਾ ਰਿਹਾ ਹੈ।

ਰਚਨਾਵਾਂ[ਸੋਧੋ]

  • ਅੰਤਰ ਯੁੱਧ (ਮੌਲਿਕ - ਕਾਵਿ ਸੰਗ੍ਰਹਿ)[2]
  • ਕੋਕਿਲ ਅੰਬਿ ਸੁਹਾਵੀ ਬੋਲੇ – ਹਾਇਕੂ ਰੂਪ ਅਤੇ ਪ੍ਰਕਾਰਜ, (ਸੰਦੀਪ ਚੌਹਾਨ ਨਾਲ ਸਹਿ ਸੰਪਾਦਕ)

ਕਾਵਿ ਨਮੂਨਾ[ਸੋਧੋ]

  • ਮੂੰਹ

ਬੀੜੀ ਦੇ ਧੂੰਏਂ ਨਾਲ
ਫੁਕ ਚੁੱਕੀਆਂ ਰਗਾਂ ਚੋਂ
ਜਦ
ਸਬਜ਼ੀ ਦਾ ਹੋਕਾ ਨਿੱਕਲਦਾ ਹੈ ਤਾਂ
ਉਸਦੇ ਜਬਾੜ੍ਹੇ ਦੀਆਂ ਹੱਡੀਆਂ
ਤੇ ਮਾਸਪੇਸ਼ੀਆਂ ਦੀ ਲੜਾਈ
ਸਾਫ਼ ਦੇਖੀ ਜਾ ਸਕਦੀ ਹੈ

ਉਹ ਜਦ
ਬੇਹੀ ਤਬੇਹੀ
ਪੱਤਾ ਗੋਭੀ ਦਾ ਫੁੱਲ
ਗਾਹਕ ਅੱਗੇ ਕਰਦਾ ਹੈ ਤਾਂ
ਇੰਝ ਲੱਗਦਾ ਹੈ
ਜਿਵੇਂ ਉਹ
ਨਾਮੁਰਾਦ ਬਿਮਾਰੀ ਦੀ
ਲਪੇਟ ‘ਚ ਆਈ
ਆਪਣੀ ਵਹੁਟੀ ਦਾ
ਘੁੰਡ ਚੁੱਕ ਕੇ
ਉਸਦਾ ਪੀਲਾ ਭੂਕ ਮੂੰਹ
ਵਿਖਾ ਰਿਹਾ ਹੋਵੇ
ਤੇ ਕੁਝ ਮਦਦ ਦੀ
ਗੁਹਾਰ ਲਾ ਰਿਹਾ ਹੋਵੇ

ਛੱਪੜ ਦੇ ਕਿਨਾਰੇ
ਇੱਕ ਕੱਚਾ ਕੋਠਾ ਹੈ ਉਸਦਾ
ਪਿਛਲੀਆਂ ਬਰਸਾਤਾਂ ਵੇਲੇ
ਜਿਸਨੂੰ ਬਚਾਉਣ ਲਈ
ਪੁਰਾਣੇ ਜਾਮਣ ਦੇ ਰੁੱਖ ਨੇ
ਬਥੇਰੀ ਵਾਹ ਲਾਈ
ਸਾਰੀ ਰਾਤ
ਜਾਮਣ ਦੇ ਪੱਤੇ
ਕੱਚੇ ਬਨ੍ਹੇਰੇ ਨਾਲ ਲਿਪਟੇ ਰਹੇ
ਪਰ ਹੋਣੀ ਨੂੰ
ਕੁੱਝ ਹੋਰ ਈ ਮਨਜੂਰ ਸੀ
ਕਾਨਿਆਂ ਦੀ ਛੱਤ ਦਾ
ਇਕ ਖਣ ਡਿੱਗ ਪਿਆ

ਤਰਕਾਲਾਂ ਵੇਲੇ
ਇਸ ਕੋਠੇ ਵੱਲ
ਗੁਰੂ ਘਰ ਦੇ
ਨਿਸ਼ਾਨ ਸਾਹਿਬ ਦਾ ਪਰਛਾਵਾਂ
ਮੁੜਦਾ ਤਾਂ ਹੈ !
ਤੇ ਡਿੱਗੇ ਖਣ ‘ਤੇ
ਕਿਸੇ ਸ਼ਤੀਰ ਵਾਂਗ
ਟਿਕਦਾ ਵੀ ਹੈ
ਪਰ ਫੇਰ ਹੌਲੀ ਹੌਲੀ
ਜੌੜੀਆਂ ਕੋਠੀਆਂ ਵੱਲ
ਮੁੜ ਜਾਂਦਾ ਹੈ

ਹੁਣ ਮੈਂ
ਉਸ ਕੋਲੋਂ
ਉਸਦੀ ਘਰਵਾਲੀ
ਤੇ ਉਸਦੇ ਬੱਚਿਆਂ ਦੇ
ਪੀਲੇ ਤੇ ਕੁਮਲਾਏ ਮੂੰਹ
ਅਕਸਰ ਖਰੀਦਦਾ ਹਾਂ !

ਹਵਾਲੇ[ਸੋਧੋ]