ਹਰੀ ਚੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਰੀ ਚੰਦ - ਭਾਰਤੀ, 2 ਵਾਰ ਓਲੰਪੀਅਨ
ਹਰੀ ਚੰਦ (1 ਅਪ੍ਰੈਲ 1953 -13 ਜੂਨ 2022))

ਹਰੀ ਚੰਦ (1 ਅਪ੍ਰੈਲ,1953 - 13 ਜੂਨ 2022)[1] ਪੰਜਾਬ, ਭਾਰਤ ਤੋਂ ਇੱਕ ਐਥਲੀਟ ਸੀ। ਲੰਬੀਆਂ ਦੌੜਾਂ ਦੇ ਦੌੜਾਕ ਹਰੀ ਚੰਦ ਨੇ 1978 ਦੇ ਏਸ਼ੀਆਈ ਮੁਕਾਬਲਿਆਂ ਵਿੱਚ 5,000 ਮੀਟਰ ਅਤੇ 10,000 ਮੀਟਰ ਦੀ ਦੌੜ ਵਿੱਚ ਸੋਨੇ ਦੇ ਤਮਗ਼ੇ ਜਿੱਤੇ।[2]

ਜੀਵਨ[ਸੋਧੋ]

ਭਾਰਤੀ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਵਿੱਚ ਪੈਂਦੇ ਪਿੰਡ ਘੋੜਾਵਾਹਾ ਦਾ ਜੰਮਪਲ਼ ਸੀ। ਪੰਜਾਬ ਦੇ “ਪ੍ਰੰਪਰਾਗਤ ਖੇਡ ਵਿਰਸੇ” ਦੇ ਮਾਲਕ ਬਾਜ਼ੀਗਰਾਂ[3] ਦੇ ਘਰ ਜਨਮਣ ਬਦੌਲਤ ਹਰੀ ਚੰਦ ਦੀਆਂ ਰਗ਼ਾਂ ਵਿੱਚ ਸਪੋਰਟਸ ਦਾ ਖ਼ੂਨ ਦੌੜਦਾ ਸੀ। ਉਹਦਾ ਦਾਦਾ ਕਮਾਲ ਦੀ ਬਾਜ਼ੀ ਪਾਉਂਦਾ, ਉਹਨੇ ਸਰੀਰ ਦੇ ਕਰਤੱਵਾਂ ਨਾਲ ਦੁਨੀਆ ਦੰਗ ਕੀਤੀ ਹੋਈ ਸੀ। ਦਾਦਾ ਸੋਲਾਂ ਹੱਥ ’ਤੇ ਨੰਗੀ ਤਲਵਾਰ ਰੱਖ ਲੈਂਦਾ, ਫਿਰ ਲੰਮੀ ਛਾਲ ਮਾਰ ਕੇ ਤਲਵਾਰ ਟੱਪਦਾ। ‘ਪਟੜੀ ਦੀ ਛਾਲ’ ਲਾਉਂਦਾ ਤਾਂ ਲੋਕ ਸਾਹ ਰੋਕ ਦੇ ਵੇਖਦੇ। ਹਰੀ ਚੰਦ ਨਿੱਕਾ ਹੁੰਦਾ ਨਿੱਤ 500 ਡੰਡ ਕੱਢਦਾ ਅਤੇ 1000 ਬੈਠਕਾਂ ਮਾਰਦਾ। ਪਿਤਾ ਉਹਨੂੰ ਪਹਿਲਵਾਨ ਬਣਾਉਣ ਦੀ ਸੋਚਕੇ ਘੁਲਣ ਲਈ ਕਹਿੰਦਾ ਭਾਵੇਂ ਕਿ ਉਹ ਆਪਣੇ ਵਰਗਿਆਂ ਨੂੰ ਢਾਹ ਲੈਂਦਾ। ਪਰ ਪਹਿਲਵਾਨੀ ਨੂੰ ਉਹਦਾ ਦਿਲ ਨਾਂਹ ਰੀਝਦਾ। ਮਨ ਦੌੜਨ ਨੂੰ ਲੋਚਦਾ, ਉਹਨਾਂ ਦੇ ਘਰੋਂ 5-6 ਸੌ ਮੀਟਰ ਦੀ ਵਿੱਥ ਉੱਪਰ ਇੱਕ ਖੰਭਾ ਸੀ। ਹਰੀ ਚੰਦ ਸਵੇਰੇ ਮੰਜੇ ਤੋਂ ਉੱਠਦਿਆਂ ਹੀ ਖੰਭੇ ਤੱਕ ਸਿਰ-ਮੈਦਾਨ ਦੌੜਦਾ ਤੇ ਸਿਰ-ਮੈਦਾਨ ਦੌੜਕੇ ਵਾਪਸ ਆਉਂਦਾ। ਬਚਪਨ ਵਿੱਚ ਇਹ ਉਹਦਾ ਨਿੱਤ ਦਾ ਕਸਬ ਸੀ ਤੇ ਇਹੋ ਉਹਦਾ ਸ਼ੌਕ। ਬਾਅਦ ਵਿੱਚ ਇਹੋ ਖੰਭਾ ਤੱਕ ਦੀ ਦੌੜ ਉਹਦੀਆਂ ਵੱਡੀਆਂ ਵੱਡੀਆਂ ਜਿੱਤਾਂ ਦਾ ਆਧਾਰ ਬਣੀ।

ਹਰੀ ਚੰਦ ਦੇ ਪਿਤਾ ਡੇਢ ਸਾਲ ਦੇ ਸਨ ਜਦੋਂ ਦਾਦੇ ਦੀ ਮੌਤ ਹੋ ਗਈ। ਹਰੀ ਚੰਦ ਦਾ ਤਾਇਆ ਅੱਖਾਂ ਤੋਂ ਆਰੀ ਸੀ। ਪਿਤਾ ਸੁਰਤ ਸਿਰ ਹੋਇਆ ਤਾਂ ਪਰਵਾਰ ਦੀ ਪਾਲਣਾ ਦਾ ਭਾਰ ਉਹਦੇ ਸਿਰ ਆਣ ਪਿਆ ਤੇ ਉਹਦੀਆਂ ਬਾਜ਼ੀ ਪਾਉਣ ਦੀਆਂ ਰੀਝਾਂ ਦੱਬੀਆਂ ਗਈਆਂ। ਅਸਲ ਵਿੱਚ ਉਹਨਾਂ ਦੱਬੀਆ ਰੀਝਾਂ ਨੇ ਹੀ ਹਰੀ ਚੰਦ ਦੇ ਰੂਪ ਵਿੱਚ ਜਨਮ ਲਿਆ। ਦਸਵੀਂ ਜਮਾਤ ਤੱਕ ਉਹ ਬੀ.ਐਸ.ਡੀ. ਹਾਈ ਸਕੂਲ ਕੰਧਾਲਾਂ ਜੱਟਾਂ ’ਚ ਪੜ੍ਹਿਆ ਜੋ ਕਿ ਉਹਨਾਂ ਦੇ ਪਿੰਡੋਂ ਇੱਕ ਮੀਲ ਦੂਰ ਹੈ। ਹਰੀ ਚੰਦ ਨੇ ਦੱਸਿਆ ਕਿ ਉਹਨੇ 1971 ’ਚ ਦਸਵੀਂ ਦਾ ਇਮਤਿਹਾਨ ਦਿੱਤਾ ਪਰ ਇੱਕ ਮਜ਼ਮੂਨ ਵਿੱਚੋਂ ਫੇਲ੍ਹ ਹੋ ਗਿਆ। ਓਦੋਂ ਰੂਲ ਈ ਇਹੋ ਜੇ ਸੀ ਉਹਨੂੰ ਫੇਲ੍ਹ ਕਰ ਦਿੱਤਾ। ਅਖ਼ੀਰ 1976 ਵਿੱਚ ਪਾਈਵੇਟ ਦਸਵੀਂ ਪਾਸ ਕੀਤੀ। ਦੌੜਨਾ ਉਹਨੇ ਸਕੂਲ ਤੋਂ ਸ਼ੁਰੂ ਲਿਆ ਸੀ। ਸਕੂਲਾਂ ਦੀਆਂ ਖੇਡਾਂ ’ਚ 1500 ਮੀਟਰ ਦੀ ਦੌੜ 4 ਮਿੰਟ 17 ਸੈਕੰਡ ’ਚ ਲਾਈ ਤੇ ਜ਼ਿਲ੍ਹੇ ’ਚੋਂ ਫਸਟ ਆਇਆ। 800 ਮੀਟਰ ਦੀ ਦੌੜ 2.12 ਮਿੰਟ 'ਚ ਲਾ ਕੇ ਫ਼ਸਟ ਆਇਆ ਤੇ ਲੰਮੀ ਛਾਲ 18 ਫੁਟ,10 ਇੰਚ ਲਾਈ। ਛਾਲ ਤਾਂ ਮੈਂ ਵੱਧ ਲਾ ਲੈਂਦਾ ਸੀ ਪਰ ਪਹਿਲਾਂ ਦੌੜ ਲਾਈ ਕਰਕੇ ਘੱਟ ਲੱਗੀ। ਉਂਜ ਫ਼ਸਟ ਫੇਰ ਵੀ ਆ ਗਿਆ। ਦਸਵੀਂ ਜਮਾਤ ’ਚ ਪੜ੍ਹਦਿਆਂ ਉਹਨੇ ਸਕੂਲਾਂ ਦੀਆਂ ਖੇਡਾਂ ਵਿੱਚ ਜ਼ਿਲ੍ਹਾ, ਪ੍ਰਾਂਤ ਤੇ ਦੇਸ ਸਭ ਥਾਈਂ ਜਿੱਤਾਂ ਦਿੱਤੀਆਂ।

ਹਰੀ ਚੰਦ ਵੇਖਣ ਨੂੰ ਅਥਲੀਟ ਨਹੀਂ ਲੱਗਦਾ। ਉਹਦਾ ਕੱਦ ਸਿਰਫ਼ 5 ਫ਼ੁੱਟ,2 ਇੰਚ ਹੈ। ਅਭਿਆਸ ਦੇ ਦਿਨਾਂ ’ਚ ਉਹਦਾ ਭਾਰ 48 ਕਿਲੋ ਹੁੰਦਾ ਤੇ ਆਫ਼ ਸੀਜ਼ਨ ਵਿੱਚ 52 ਕਿਲੋ ਹੋ ਜਾਂਦਾ। ਪੂਰੇ ਅਰਾਮ ਦੀ ਅਵਸਥਾ ਦੌਰਾਨ ਉਹਦੀ ਨਬਜ਼ ਇੱਕ ਮਿੰਟ ਵਿੱਚ ਸਿਰਫ਼ 32 ਵਾਰ ਧੜਕਦੀ। ਏਨੀ ਹੌਲੀ ਨਬਜ਼ ਕਿਸੇ ਤੰਦਰੁਸਤ ਬੰਦੇ ਦੀ ਨਹੀਂ ਸੁਣੀ। ਡਾਕਟਰ ਉਹਦੀ ਨਬਜ਼ ਵੇਖ ਕੇ ਉਹਨੂੰ ਬਿਮਾਰ ਸਮਝ ਲੈਂਦੇ। ਪਰ ਜਦੋਂ ਉਹਨਾਂ ਨੂੰ ਪਤਾ ਲਗਦਾ ਹੈ ਕਿ ਉਹ ਏਸ਼ੀਆ ਦਾ ਚੈਂਪੀਅਨ ਹੈ ਤਾਂ ਹੈਰਾਨ ਹੁੰਦੇ ਹਨ।

ਉਹਦੇ ਪਿੰਡ ਘੋੜਾਬਾਹੇ ਦੇ ਹੀ ਪੰਜਾਬ ਪੁਲੀਸ ਦੇ ਦੌੜਾਕ ਨਵਾਬ ਸਿੰਘ (ਜਿਹਨਾਂ ਦਾ ਪੰਜਾਬ ਪੁਲੀਸ ਦਾ ਰੱਖਿਆ 800 ਮੀਟਰ ਤੇ 1500 ਮੀਟਰ ਦੌੜਾਂ ਦਾ ਰਿਕਾਰਡ ਪੰਜਾਬ ਪਲੀਸ ਦੇ ਦੌੜਾਕਾਂ ਲਈ ਦਹਾਕੇ ਤੱਕ ਚਣੌਤੀ ਬਣਿਆ ਰਿਹਾ।) ਨੇ ਹਰੀ ਚੰਦ ਨੂੰ ਪੁਲਸ ਵਿੱਚ ਭਰਤੀ ਹੋਣ ਦੀ ਸਲਾਹ ਦਿਤੀ। ਹਰੀ ਚੰਦ ਦੇ ਬਹੁਤ ਸਾਰੇ ਹਾਣੀ ਭਰਤੀ ਹੋ ਗਏ ਸਨ। ਦਸਵੀਂ ’ਚੋਂ ਫੇਲ੍ਹ ਹੋ ਕੇ ਵੀ ਉਹ ਭਰਤੀ ਹੋਣ ਦੀਆਂ ਸਕੀਮਾਂ ਲਾਉਣ ਲੱਗਾ। ਪਹਿਲਾਂ ਉਹ ਪੀ.ਏ.ਪੀ. ਜਲੰਧਰ ਵਾਲਿਆਂ ਕੋਲ ਗਿਆ। ਉਥੇ ਉਹ ਭਰਤੀ ਨਾ ਹੋ ਸਕਿਆ। ਬੀ.ਐਸ.ਐਫ. ਵਾਲਿਆਂ ਨੇ ਉਹਨੂੰ ਗੌਲਿਆ ਹੀ ਨਾਂਹ। ਉਹਦੇ ਅੰਦਰ ਤਕੜਾ ਦੌੜਾਕ ਬਣਨ ਦੀਆਂ ਸੰਭਾਵਨਾਵਾਂ ਨੂੰ ਕਿਸੇ ਨਾ ਵੇਖਿਆ। ਅਖ਼ੀਰ ਉਹ ਸੈਂਟਰਲ ਰਿਜ਼ਰਵ ਪੁਲਸ ਵੱਲ ਗਿਆ। 1972 ਵਿੱਚ ਨੈਸ਼ਨਲ ਰੂਰਲ ਸਪੋਰਟਸ ਜੈਪੁਰ ਵਿਖੇ ਉਹਨੇ 5000 ਮੀਟਰ ਦੀ ਦੌੜ 16 ਮਿੰਟ, 32 ਸੈਕਿੰਡ ਵਿੱਚ ਲਾਈ ਤਾਂ ਸੀ.ਆਰ.ਪੀ.ਐਫ਼.ਨੇ ਉਹਨੂੰ ਹੈੱਡ-ਕਾਂਸਟੇਬਲ ਭਰਤੀ ਕਰ ਲਿਆ। ਮਹੀਨੇ ਦੇ ਉਹਨੂੰ 204 ਰੁਪਏ ਮਿਲਣ ਲੱਗੇ।

ਜੁਲਾਈ ਵਿੱਚ ਉਹ ਭਰਤੀ ਹੋਇਆ ਅਤੇ ਅਗਸਤ ਤੋਂ 32 ਹਫ਼ਤਿਆਂ ਦੀ ਰੰਗਰੂਟੀ ਸ਼ੁਰੂ ਹੋ ਗਈ। ਕੋਰਸ ਦੌਰਾਨ ਸੀ.ਆਰ.ਪੀ. ਦੀਆਂ ਖੇਡਾਂ ਆ ਗਈਆਂ। 5000 ਮੀ. ਦੀ ਦੌੜ ਵਿੱਚ ਹਰੀ ਚੰਦ ਮਸਾਂ ਛੇਵੇਂ ਨੰਬਰ ’ਤੇ ਆਇਆ। ਡੀ.ਆਈ.ਜੀ. ਨੇ ਭਰਤੀ ਕਰਾਉਣ ਵਾਲੇ ਬੰਦੇ ਨੂੰ ਝਾੜਿਆ ਕਿ ਤੂੰ ਪੈਸੇ ਲੈਕੇ ਮਾੜਾ ਮੁੰਡਾ ਭਰਤੀ ਕਰਾ ਲਿਆ। ਦਰਅਸਲ ਕੋਰਸ ਦੌਰਾਨ ਹਰੀ ਚੰਦ ਨੂੰ ਦੌੜ ਦਾ ਅਭਿਆਸ ਕਰਨ ਲਈ ਸਮਾਂ ਹੀ ਨਹੀਂ ਸੀ ਮਿਲਿਆ। ਕੋਰਸ ਕਰਨ ਪਿੱਛੋਂ ਉਹਨੂੰ ਮਹਿਕਮੇ ਦੇ ਕੰਮ ਦਾ ਬੋਝ ਪੈ ਗਿਆ। ਅਖੀਰ ਉਹਨੇ ਇਨਚਾਰਜ ਕਰਨਲ ਨੂੰ ਆਪਣਾ ਦੁੱਖ ਦੱਸਿਆ। ਕਰਨਲ ਨੇ ਉਹਨੂੰ ਪ੍ਰੈਕਟਿਸ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ।1973 ਦੀਆਂ ਸੀ.ਆਰ.ਪੀ. ਖੇਡਾਂ ਵਿੱਚ ਉਹ ਆਪਣੀ ਦੌੜ ’ਚੋਂ ਤੀਜੇ ਨੰਬਰ ’ਤੇ ਆਇਆ। ਅਗਲੇ ਸਾਲ ‘ਆਲ ਇੰਡੀਆ ਪੁਲਸ ਮੀਟ’ ਜੈਪੁਰ ਵਿੱਚ ਹੋਈ। ਉਥੇ ਹਰੀ ਚੰਦ ਨੇ 10,000 ਮੀਟਰ ਦੀ ਦੌੜ 30 ਮਿੰਟ, 41 ਸੈਕਿੰਡ ਵਿੱਚ ਲਾ ਕੇ ਨਵਾਂ ਰਿਕਾਰਡ ਕੀਤਾ। ਦੌੜ ਤੋਂ ਪਹਿਲਾਂ ਇੱਕ ਡਾਕਟਰ ਨੇ ਹਰੀ ਚੰਦ ਤੋਂ ਪੁਛਿਆ ਸੀ, “ਏਨਾ ਮਾੜਾ ਜਿਹਾ ਹੋ ਕੇ ਹੌਲਦਾਰ ਬਣਿਆ ਫਿਰਦੈਂ। ਕਿੰਨੇ ਪੈਸੇ ਦੇ ਕੇ ਭਰਤੀ ਹੋਇਆਂ?”

ਹਰੀ ਚੰਦ ਕਹਿੰਦਾ, “ਦੌੜ ਲਾ ਕੇ ਦੱਸਾਂਗਾ। ਪਹਿਲਾਂ ਦੌੜ ਦੇਖ ਲਿਓ।”

1974 ਵਿੱਚ ਉਹ ਓਪਨ ਨੈਸ਼ਨਲ ਮੀਟ ’ਚ ਸੈਕੰਡ ਆਇਆ। ਉਸੇ ਸਾਲ ਉਹ ਸੀ.ਆਰ.ਪੀ. ਦਾ ਸਭ ਤੋਂ ਵਧੀਆ ਅਥਲੀਟ ਬਣ ਗਿਆ। ਉਹ 5000 ਤੇ 10,000 ਮੀਟਰ ਦੀਆਂ ਦੌੜਾਂ ਵਿੱਚ ਪ੍ਰਥਮ ਰਿਹਾ ਅਤੇ 1500 ਮੀਟਰ ਦੀ ਦੌੜ ਦੂਜੇ ਸਥਾਨ ’ਤੇ ਰਿਹਾ।

1975 ਵਿੱਚ ਉਹਨੇ ‘ਆਲ ਇੰਡੀਆ ਪੁਲਸ ਮੀਟ’ ਦੀਆਂ ਤਿੰਨੇ ਦੌੜਾਂ ਜਿੱਤੀਆਂ। ਇਉਂ ਉਹਦੀ ‘ਧੰਨ ਧੰਨ’ ਹੋ ਗਈ। ਉਸੇ ਸਾਲ ਉਹ ਭਾਰਤੀ ਟੀਮ ਦੇ ਕੋਚਿੰਗ ਕੈਂਪ ਲਈ ਚੁਣਿਆ ਗਿਆ। ਉਦੋਂ ਉਹ ਸਬ-ਇਨਸਪੈਕਟਰ ਸੀ ਤੇ ਉਹਦਾ ਨਵਾਂ-ਨਵਾਂ ਵਿਆਹ ਹੋਇਆ ਸੀ। ਪਟਿਆਲੇ ਕੈਂਪ 'ਚੋਂ ਉਹ ਪਿੰਡ ਚਲਾ ਜਾਂਦਾ। ਐੱਨ.ਆਈ.ਐੱਸ. ਪਟਿਆਲੇ ਉਹ ਕੋਚਾਂ ਦੀਆਂ ਗੱਲਾਂ ਸੁਣਦਾ ਤੇ ਪਿੰਡ ਵਹੁਟੀ ਦੀਆਂ। ਉਹਦਾ ਮਨ ਦੋਹੀਂ ਪਾਸੀਂ ਸੀ ਤੇ ਉਹ ਸ਼ਟਲ ਵਾਂਗ ਘੁੰਮ ਰਿਹਾ ਸੀ। ਕੋਰੀਆ ਦੇ ਸ਼ਹਿਰ ਸਿਓਲ ਵਿੱਚ ‘ਏਸ਼ਿਆਈ ਅਥਲੈਟਿਕ ਮੀਟ’ ਹੋਣੀ ਸੀ। ਬਾਹਰ ਜਾਣ ਤੇ ਜਹਾਜ਼ ਚੜ੍ਹਨ ਦਾ ਬੜਾ ਵਧੀਆ ਮੌਕਾ ਸੀ। ਪਟਿਆਲੇ ਵਾਲੇ ਸਾਥੀ ਕਹਿੰਦੇ, “ਮਰ ਜਾ ਹੁਣ” ਪਿੰਡੋਂ ਆਵਾਜ਼ ਆਉਂਦੀ, “ਆ ਜਾ ਹੁਣ।”

ਅਖ਼ੀਰ ਉਹਨੇ ਪਟਿਆਲੇ ਹੀ ਬਰੇਕਾਂ ਲਾ ਲਈਆਂ। ਪਿੰਡੋਂ ਉਹਦੇ ਪਿਤਾ ਜੀ ਘਿਉ ਲੈ ਕੇ ਆਉਂਦੇ ਤੇ ਤਾਕੀਦ ਕਰਦੇ, “ਏਥੇ ਈ ਰਹੀਂ।"

ਸਿਓਲ ਵਿੱਚ 10 ਜੂਨ ਨੂੰ 10,000 ਮੀਟਰ ਦੀ ਦੌੜ ਹੋਈ। ਮੂਹਰੇ ਸ਼ਿਵਨਾਥ ਸਿੰਘ ਲੱਗ ਗਿਆ ਤੇ ਮਗਰ ਹਰੀ ਚੰਦ। ਜਪਾਨੀ ਤੇ ਹੋਰ ਉਹਨਾਂ ਤੋਂ ਪਿੱਛੇ। ਚੌਧਵੇਂ ਚੱਕਰ ’ਚ ਸ਼ਿਵਨਾਥ ਹਰੀ ਚੰਦ ਨੂੰ ਤੋੜ ਕੇ ਅੱਗੇ ਵਧਣ ਲੱਗਾ ਪਰ 20ਵੇਂ ਗੇੜੇ ਤੱਕ ਹਰੀ ਚੰਦ ਫਿਰ ਮਿਲ ਗਿਆ। ਹਰੀ ਚੰਦ ਨੂੰ ਪਤਾ ਲੱਗ ਗਿਆ ਕਿ ਸ਼ਿਵਨਾਥ ਦੇ ਦਾਣੇ ਮੁੱਕ ਚੱਲੇ ਹਨ। 21ਵੇਂ ਚੱਕਰ ’ਚ ਉਹ ਸ਼ਿਵਨਾਥ ਨੂੰ ਕੱਟ ਗਿਆ। ਟਰੈਕ ਦੇ ਪੱਚੀ ਗੇੜਿਆਂ ਦੀ ਦੌੜ 29 ਮਿੰਟ, 12 ਸੈਕੰਡ ਵਿੱਚ ਲਾ ਕੇ ਉਹਨੇ ਏਸ਼ੀਆ ਦਾ ਨਵਾਂ ਰਿਕਾਰਡ ਰੱਖ ਦਿਤਾ। ਸਿਓਲ ਵਿੱਚ ਹੀ 5000 ਮੀਟਰ ਦੀ ਦੌੜ ਹਰੀ ਚੰਦ 14 ਮਿੰਟ, 2.4 ਸੈਕਿੰਡ ’ਚ ਪੂਰੀ ਕਰਕੇ ਤੀਜਾ ਸਥਾਨ ’ਤੇ ਰਿਹਾ। ਜੀਹਨੂੰ ਲੋਕ ਅਥਲੀਟ ਨਹੀਂ ਸੀ ਸਮਝਦੇ, ਉਹ ਏਸ਼ੀਆ ਦੇ ਕਰੋੜਾਂ ਜੁਆਨਾਂ 'ਚੋਂ ਝੰਡੀ ਲੈ ਗਿਆ। 10 ਜੂਨ 1975 ਨੂੰ ਹੀ ਉਹਦੇ ਮਹਿਕਮੇ ਨੇ ਉਹਨੂੰ ਇਨਸਪੈਕਟਰ ਬਣਾ ਦਿਤਾ।

1976 ਵਿੱਚ ਉਹਨੇ ਆਲ ਇੰਡੀਆ ਪੁਲਸ ਮੀਟ ਦੇ ਤਿੰਨ ਰਿਕਾਰਡ ਨਵੇਂ ਕਾਇਮ ਕੀਤੇ। ਫਿਰ ਉਹ ਮਾਂਟਰੀਅਲ ਉਲੰਪਿਕ(ਕੈਨੇਡਾ) ਦੇ ਕੈਂਪ ਲਈ ਚੁਣਿਆ ਗਿਆ ਉਲੰਪਿਕ ਟਰਾਇਲਾਂ ਸਮੇਂ ਉਹਨੇ ਦਸ ਹਜ਼ਾਰ ਮੀਟਰ ਦੀ ਦੌੜ 29 ਮਿੰਟ, 13.4 ਸੈਕੰਡ ਵਿੱਚ ਲਾਈ। ਮੌਂਟਰੀਅਲ ਦੀਆਂ ਉਲੰਪਿਕ ਖੇਡਾਂ ਵਿੱਚ ਬੇਸ਼ਕ ਹਰੀ ਚੰਦ ਕੋਈ ਸਥਾਨ ਤਾਂ ਹਾਸਲ ਨਹੀਂ ਕਰ ਸਕਿਆ ਪਰ ਉਥੇ ਉਹ 10,000 ਮੀਟਰ ਦੀ ਦੌੜ ਆਪਣੇ ਜੀਵਨ ਦੇ ਬਿਹਤਰੀਨ ਸਮੇਂ 28 ਮਿੰਟ, 48.72 ਸੈਕਿੰਡ ਵਿੱਚ ਦੌੜਿਆ।।”[4]

ਹਵਾਲੇ[ਸੋਧੋ]

  1. Hari Chand, India's Long-Distance Running Legend, Dies Aged 69
  2. ਏਸ਼ੀਆਈ ਖੇਡਾਂ - ਪੰਜਾਬੀ ਪੀਡੀਆ
  3. "'ਸਚਿੱਤਰ ਕੌਮੀ ਏਕਤਾ' ਸੰਪਾਦਕ ਰਾਜਿੰਦਰ ਸਿੰਘ ਭਾਟੀਆ, ਨਵੀਂ ਦਿੱਲੀ,". {{cite journal}}: Cite journal requires |journal= (help)
  4. ਸਰਵਣ, ਸਿੰਘ (1982). “ਪੰਜਾਬੀ ਖਿਡਾਰੀ”. ਪਟਿਆਲਾ।: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਿਸਟੀ,.{{cite book}}: CS1 maint: extra punctuation (link)