ਸਮੱਗਰੀ 'ਤੇ ਜਾਓ

ਹਾਮਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

“ਹੀਰ ਦੇ ਕਿੱਸਾਕਾਰਾਂ ਵਿੱਚੋਂ ਹਾਮਦ ਦਾ ਨਾਂ ਵੀ ਉਲੇਖਯੋਗ ਹੈ। ਹਾਮਦ ਦਾ ਪੂਰਾ ਨਾਂ ਹਾਮਦ ਸ਼ਾਹ ਸੀ ਅਤੇ ਕੁਲ ਪਰੰਪਰਾ ਤੋਂ ਅਬਾਸੀ ਸੱਯਦ ਸੀ। ਇਸਦੇ ਪਿਤਾ ਦਾ ਨਾਂ ਸੱਯਦ ਅਤਾਉਲਾਸੀ। ਹਾਮਦ ਨੇ ਆਪਣੇ ਜਨਮ ਬਾਰੇ ਆਪ ‘ਜੰਗਿ ਹਾਮਦ` ਵਿੱਚ ਲਿਖਿਆ ਹੈ ਕਿ ਜਦੋਂ ਉਹ ਵੀਹਾਂ ਵਰ੍ਹਿਆਂ ਦਾ ਸੀ ਤਾਂ ਉਸਨੇ ਇਹ ਰਚਨਾ ਲਿਖਣੀ ਸ਼ੁਰੂ ਕੀਤੀ ਅਤੇ ਦਸਾਂ ਵਰ੍ਹਿਆਂ ਤੋਂ ਬਾਅਦ ਪੂਰੀ ਕੀਤੀ। ਉੁਦੋਂ ਹਿਜਰੀ ਦਾ 1191 ਸੰਨ ਸੀ, ਜਿਵੇ਼:- ਹਿਜਰਤ ਬਾਅਦ ਰਸੂਲ ਦੇ ਜਿਸ ਦਿਨ ਖੀਆਂ ਤਯਾਰ ਆਹਾ ਸੰਨ ਇੱਕਾਨਵੇਂ ਇੱਕ ਸੋ ਇੱਕ ਹਜ਼ਾਰ। ਇਸ ਤੋਂ ਸਪਸ਼ਟ ਹੈ ਕਿ ਹਾਮਦ ਦਾ ਜਨਮ 1748 ਈ ਵਿੱਚ ਹੋਇਆ। ਇਸ ਨੂੰ ਆਪਣੇ ਪਿੰਡ ਚੌਂਤਾ ਤਹਿਸੀਲ ਪਠਾਨਕੋਟ ਵਿੱਚ ਵੀ ਇਮਾਮ ਦਾ ਕੰਮ ਮਿਲ ਗਿਆ।”[1] “ਹਾਮਦ ਬੜਾ ਕੱਟੜ ਮੁਸਲਮਾਨ ਸੀ ਅਤੇ ਮਸੀਤੇ ਦਾ ਅਮਾਮ ਸੀ ਜਿਸ ਬਾਰੇ ਕਿ ਖੁਦ ਲਿਖਦਾ ਹੈ:

ਆ ਇੱਕ ਯਾਰ ਜਗਾਂਵਦਾ ਮੈਨੂੰ ਨਾਲ ਨਿਆਜ਼।

ਉਠ ਅਮਾਮਾ ਹਾਮਦਾ ਹੋਇਆਂ ਵਕਤ ਨਿਮਾਜ਼।

ਉਸਦੀ ਧਰਮ ਕੱਟੜਤਾ ਬਾਰੇ ਉਦਾਰਵਾਦੀ ਮੁਸਲਮਾਨਾਂ ਅਤੇ ਹਿੰਦੂਆਂ ਨੇ ਉਸ ਬਾਰੇ ਵਿਅੰਗਮਈ ਤੁਕ ਵੀ ਜੋੜੀ ਹੋਈ ਸੀ। ਹੀਰ ਦੀ ਰਚਨਾ ਬਾਰੇ ਉਸਨੇ ਖੁਦ ਲਿਖਿਆ ਹੈ।

ਕਿੱਸਾ ਹੀਰ ਤੇ ਰਾਂਝੇ ਦਾ ਸ਼ਾਇਰਾਂ ਨੇ, ਬਹੁਤ ਵਿੱਚ ਪੰਜਾਬ ਦੇ ਬਣਾਇਆ ਏ। ਇੱਕ ਚਾਲ ਨਹੀਂ ਰੰਗਾ ਰੰਗ ਕਿੱਸਾ, ਮੂਲ ਕਥਾ ਦਾ ਅੰਤ ਨਾ ਪਾਇਆ ਏ। ਅਹਿਮਦ ਹੋਰ ਕਿਹਾ ਮੁਕਬਲ ਹੋਰ ਆਖੇ, ਬਾਗਾ ਕਾਦਰੀ ਹੋਰ ਜੁੜਾਇਆ ਏ। ਰਾਮਾ ਅਤੇ ਗੁਰਦਾਸ ਹੋਰ ਆਖਣ, ਸਭ ਸਾਇਰਾਂ ਜ਼ੋਰ ਲਗਾਇਆ ਏ।”[2]

ਰਚਨਾਵਾਂ

[ਸੋਧੋ]

ਹਾਮਦ ਦੀਆਂ ਰਚਨਾਵਾਂ ਹੇਠ ਲਿਖੇ ਅਨੁਸਾਰ ਹਨ:- ਜੰਗ ਹਾਮਦ ਤਫ਼ਸੀਰ ਹਾਮਦ ਅਖ਼ਬਾਰ ਹਾਮਦ ਹੀਰ ਹਾਮਦ ਗੁਲਜ਼ਾਰ ਹਾਮਦ ਤਫ਼ਸੀਰ ਹਾਮਦ ਫਕੀਰਨਾਮਾ ਹਾਮਦ

ਪ੍ਰਮੁੱਖ ਰਚਨਾ

[ਸੋਧੋ]

“ਹਾਮਦ ਦੀ ਪ੍ਰਮੁੱਖ ਰਚਨਾ ਹੀਰ ਹੈ। ਉਸਨੇ ਉਨ੍ਹੀਵੀਂ ਸਦੀਂ ਦੇ ਪਹਿਲੇ ਦਹਾਕੇ 1805 ਈਸਵੀਂ ਵਿੱਚ ਹੀਰ ਮੁਕੰਮਲ ਕੀਤੀ। ਉਹ ਆਪ ਦੱਸਦਾ ਹੈ ਕਿ ਚੜਦੀ ਜਵਾਨੀ ਵਿੱਚ ਉਸਨੂੰ ਹੀਰ-ਰਾਂਝੇ ਦੇ ਕਿੱਸਿਆ ਨਾਲ ਚਿੱੜ ਸੀ ਤੇ ਉਹ ਹੀਰ ਗਾਉਣ ਵਾਲਿਆਂ ਨਾਲ ਤਕਰਾਰ ਕਰਦਾ ਰਹਿੰਦਾ। ਪਰ ਪੁੰਨਿਆ ਦੀ ਇੱਕ ਰਾਤ, ਉਹਨੂੰ ਹੀਰ ਤੇ ਰਾਂਝੇ ਦਾ ਪ੍ਰਤੱਖ ਦੀਦਾਰ ਹੋਇਆ ਤੇ ਉਹ ਇਹਨਾਂ ਦੋਹਾਂ ਦੀ ਪਾਕ ਮੁਹੱਬਤ ਦਾ ਮੱਦਾਦ ਹੋ ਗਿਆ।”[3]

ਵਿਸ਼ਾ

[ਸੋਧੋ]

ਹਾਮਦ ਦਾ ਦ੍ਰਿਸ਼ਟੀਕੋਣ ਧਾਰਮਿਕ ਹੈ, ਉਹ ਮਜ਼ਹਬ ਦੇ ਨਜ਼ਰੀਏ ਤੋਂ ਹੀ ਪ੍ਰੀਤ-ਆਸ਼ਕਾਂ ਦਾ ਵਿਰੋਧ ਕਰਦਾ ਸੀ ਅਤੇ ਫਿਰ ਧਾਰਮਿਕ ਦ੍ਰਿਸ਼ਟੀ ਤੋਂ ਹੀ ਇਨ੍ਹਾਂ ਦੀ ਉਸਤਤੀ ਕਰਦਾ। “ਉਹ ਪ੍ਰੀਤ ਆਸ਼ਕਾਂ ਨੂੰ ਸਾਧਾਰਨ ਮਨੁੱਖਾਂ ਤੋਂ ਉਤਾਂਹ ਚੁੱਕ ਕੇ ਪਹੁੰਚੇ ਹੋਏ ਵਲੀ ਦਸ ਕੇ ਧਾਰਮਿਕ ਭਾਵਨਾਵਾਂ ਤੋਂ ਉਹਨਾਂ ਪ੍ਰਤੀ ਸ਼ਰਧਾ ਮੂਲਕ ਭਾਵਨਾ ਦਾ ਸੰਚਾਰ ਕਰਦਾ ਹੈ।”[4] ਹਾਮਦ ਨੇ ਹੀਰ ਦੀ ਰਚਨਾ ਪਿੰਡ ਵਿੱਚ ਕੀਤੀ ਅਤੇ ਉਸਨੇ ਪਿੰਡ ਦੇ ਸਰਦਾਰ ਦੀ ਸਿਫ਼ਤ ਵੀ ਕੀਤੀ ਹੈ। ਇਹ ਵਿੱਚ ਚੌਂਤੇ ਪਿੰਡ ਦੇ ਕੀਤਾ ਕੁਲ ਖਿਆਲ। ਹੀਰ ਰਾਂਝੇ ਦਾ ਆਖਿਆ ਕਿੱਸਾ ਹੈ ਖੁਸ਼ਹਾਲ। ਹਾਮਦ ਕਰੇ ਦੁਆ ਤਿਸ ਬਰਕਤ ਹੋਸ ਕਮਾਲ। ਹਾਮਦ ਨੇ ਪੰਜਾਬੀ, ਹਿੰਦੀ, ਫਾਰਸੀ ਵਿੱਚ ਲਿਖੀਆਂ ਪੂਰਬਲੀਆਂ ਹੀਰਾਂ ਦਾ ਅਧਿਐਨ ਕੀਤਾ ਅਤੇ ਕਥਾ ਤੇ ਰੂਪ ਵਿਧਾਨ ਦੀ ਸਿਰਜਣਾ ਸਮੇਂ ਉਨ੍ਹਾਂ ਤੋਂ ਲਾਭ ਉਠਾਇਆਂ।

ਕਲਾ ਪੱਖ

[ਸੋਧੋ]

ਹਾਮਦ ਨੇ ਹੀਰ-ਰਾਂਝੇ ਦਾ ਬਿਰਤਾਂਤ ਬੈਤਾਂ ਵਿੱਚ ਹੀ ਲਿਖਿਆ ਹੈ, ਪਰ ਆਪਣੀ ਵਲੋਂ ਥੋੜ੍ਹੀ ਜਿਹੀ ਜਿੱਦਤ ਕੀਤੀ ਹੈ। ਹਾਮਦ ਨੇ ਪਹਿਲਾਂ ਦੋ ਦੋਹੜੇ ਦਿੱਤੇ ਹਨ ਅਤੇ ਉਸ ਪਿੱਛੋਂ ਚਾਰ ਪੰਕਤੀਆਂ ਦਾ ਇੱਕ ਬੈਤ। ਦੋਹੜਿਆਂ ਵਿੱਚ ਕਈ ਨੇ ਹੀਰ ਦੇ ਪ੍ਰਸੰਗ ਦੀ ਵਿਆਖਿਆ ਕੀਤੀ ਹੈ ਜਾਂ ਫਿਰ ਇਸ਼ਕ ਦੇ ਪ੍ਰਭਾਵ ਦਾ ਵਰਣਨ ਕੀਤਾ ਹੈ। ਜਿਵੇਂ: “ਦਿਲ ਰਾਂਝੇ ਦੇ ਮੁਲਕ ਆਬਾਦੀ ਇਸ਼ਕੇ ਘੇਰਾ ਪਾਇਆਂ। ਫੌਜ਼ ਬ੍ਰਿਹੋਂ ਦੇ ਚੜ੍ਹੀ ਸਵਾਰੀ ਹੋਸ਼ ਕਿਆਸਨ ਆਇਆਂ। ਅਕਲ ਸ਼ਊਰ ਗਏ ਨੱਸ ਦੋਂਵੇ ਇਸ਼ਕੇ ਹੁਕਮ ਚਲਾਇਆ। ਹਾਮਦ ਸੁਫ਼ਨੇ ਖਬਰ ਹੋਈਆਂ ਰਾਂਝਣ ਹੀਰ ਸਦਾਇਆ।”[5] ਹੇਠਾਂ ਦਿੱਤੀ ਉਦਾਹਰਣ ਭਾਰਤੀ ਅਭਿਅਵਿਅੰਜਨਾ ਸ਼ੈਲੀ ਦੀ ਪ੍ਰਤੀਨਿਧਤਾ ਕਰਦੀ ਹੈ:- ਕੋਇਲ ਅਤੇ ਭੰਬੀਰੀ ਨੂੰ ਜਿੱਦ ਪਈ, ਕੂਕ ਜਿਗਰੇ ਚੋਝ ਲਾਂਵਦੀਏ। ਦਾਦਰ ਮੋਰ ਚਿਨਕਾਰਦਾ ਵਿੱਚ ਬਨਾਂ, ਮੇਰੇ ਕਾਲਜੇ ਅੱਗ ਲਗਾਂਵਦੀਏ। ਬਿਜਲੀ ਚਮਕਦੀ ਬੋਲਦਾ ਜਦੋਂ ਬਦਲ, ਬ੍ਰਿਹੀ ਜਾਨ ਨੂੰ ਇਹ ਡਰਾਂਵ ਦੀਏ। ਭਿੰਨ-ਭਿੰਨ ਰਸਾਂ ਦੇ ਪ੍ਰਯੋਗ ਦੇ ਨਾਲ-ਨਾਲ ਅਲੰਕਾਰਾਂ ਦੀਆਂ ਸੁੰਦਰ ਵੰਨਗੀਆਂ ਉਸਦੀ ਰਚਨਾ ਵਿੱਚ ਸੁੱਤੇ ਸਿੱਧ ਆ ਗਈਆ। ਜਲ ਬਲ ਹੋਇਆ ਰਾਂਝਾ ਇੱਕ ਕੋਲਾ, ਪੌਂਦਾ ਵਿੱਚ ਝਨਾਂ ਦੀ ਧਾਰ ਮੀਆਂ। ਅੱਗ ਭੜਕ ਨਦੀ ਹੈ ਕਿ ਤੇਲ ਵਹੀ, ਬਾਹਰ ਮੱਛੀਆਂ ਪੈਣ ਤੜਫਾਰ ਮੀਆਂ।”[6] ਹਾਮਦ ਪਹਿਲਾ ਮੁਸਲਮਾਨ ਪੰਜਾਬੀ ਕਿੱਸਾਕਾਰ ਹੈ ਜਿਸ ਨੇ ਭਾਰਤੀ ਅਤੇ ਇਸਲਾਮੀ ਪਰੰਪਰਾ ਦਾ ਦਿਲਕਸ਼ ਸੁਮੇਲ ਪੈਦਾ ਕੀਤਾ ਹੈ। ਹਾਮਦ ਦੀ ਸ਼ਾਇਰੀ ਇਨਸਾਨੀ ਜ਼ਜਬਿਆਂ ਦੀ ਸਹੀ ਤਰਜ ਮਾਨੀ ਏ। ਹਾਮਦ ਸ਼ਿਲਪਕਾਰੀ ਵਿੱਚ ਨਿਪੁੰਨ ਅਤੇ ਬੈਂਤ ਦਾ ਉਸਤਾਦ ਕਵੀ ਹੈ। ਚਾਰ ਵਰਣਾਂ ਵਾਲਾ ਬੈਂਤ ਵਰਤਿਆ ਹੈ। ਹਾਮਦ ਵਿੱਚ ਲੌਕਿਕ ਰੰਗਣ ਵਧੇਰੇ ਹੈ ਅਤੇ ਉਹਦਾ ਮੁੱਖ ਜਟਕੀ ਪੇਂਡੂ ਸ੍ਰੇਣੀ ਵੱਲ ਹੈ।

ਹਵਾਲੇ

[ਸੋਧੋ]
  1. ਰਤਨ ਸਿੰਘ ਜੱਗੀ (ਡਾ.), ਪੰਜਾਬੀ ਸਾਹਿਤ ਦਾ ਇਤਿਹਾਸ ਭਾਗ ਦੂਜਾ (1701 ਈ. - 1900 ਈ.), ਪੰਜਾਬੀ ਯੂਨੀਵਰਸਿਟੀ ਪਟਿਆਲਾ, 2011,ਪੰਨਾ 32
  2. ਕੁਲਬੀਰ ਸਿੰਘ ਕਾਂਗ, ਹੀਰ ਰਾਂਝਾ ਦੇ ਕਿੱਸੇ, ਵਾਰਿਸ ਸ਼ਾਹ ਫਾਉਡੇਰਸ਼ਨ ਅੰਮ੍ਰਿਤਸਰ, 2004, ਪੰਨਾ 72
  3. ਹਰਿਭਜਨ ਸਿੰਘ, ਉਨ੍ਹੀਵੀ ਸਦੀ ਦਾ ਚੋਣਵਾਂ ਪੰਜਾਬੀ ਸਾਹਿਤ, ਨੈਸ਼ਨਲ ਬੁੱਕ ਟਰੱਸਟ ਇੰਡੀਆਂ, ਪੰਨਾ 72
  4. ਅਜਮੇਰ ਸਿੰਘ (ਡਾ.), ਪੰਜਾਬੀ ਸਾਹਿਤ ਦਾ ਆਲੋਚਾਨਤਮਿਕ ਅਧਿਐਨ, ਭਾਸ਼ਾ ਵਿਭਾਗ ਪੰਜਾਬ,1983, ਪੰਨਾ 160
  5. ਹਰਜੋਧ ਸਿੰਘ (ਡਾ.), ਕਿੱਸਾ ਕਾਵਿ (ਸਰੂਪ, ਸਿਧਾਂਤ ਤੇ ਵਿਕਾਸ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2012, ਪੰਨਾ 54
  6. ਅਜਮੇਰ ਸਿੰਘ (ਡਾ.), ਪੰਜਾਬੀ ਸਾਹਿਤ ਦਾ ਆਲੋਚਨਾਤਮਿਕ ਅਧਿਐਨ, ਭਾਸ਼ਾ ਵਿਭਾਗ ਪੰਜਾਬ, 1983, ਪੰਨਾ 162

1) ਰਤਨ ਸਿੰਘ ਜੱਗੀ (ਡਾ.), ਪੰਜਾਬੀ ਸਾਹਿਤ ਦਾ ਇਤਿਹਾਸ ਭਾਗ ਦੂਜਾ (1701 ਈ. - 1900 ਈ.), ਪੰਜਾਬੀ ਯੂਨੀਵਰਸਿਟੀ ਪਟਿਆਲਾ, 2011,ਪੰਨਾ 32 2) ਕੁਲਬੀਰ ਸਿੰਘ ਕਾਂਗ, ਹੀਰ ਰਾਂਝਾ ਦੇ ਕਿੱਸੇ, ਵਾਰਿਸ ਸ਼ਾਹ ਫਾਉਡੇਰਸ਼ਨ ਅੰਮ੍ਰਿਤਸਰ, 2004, ਪੰਨਾ 72 3) ਹਰਿਭਜਨ ਸਿੰਘ, ਉਨ੍ਹੀਵੀ ਸਦੀ ਦਾ ਚੋਣਵਾਂ ਪੰਜਾਬੀ ਸਾਹਿਤ, ਨੈਸ਼ਨਲ ਬੁੱਕ ਟਰੱਸਟ ਇੰਡੀਆਂ, ਪੰਨਾ 72 4) ਅਜਮੇਰ ਸਿੰਘ (ਡਾ.), ਪੰਜਾਬੀ ਸਾਹਿਤ ਦਾ ਆਲੋਚਾਨਤਮਿਕ ਅਧਿਐਨ, ਭਾਸ਼ਾ ਵਿਭਾਗ ਪੰਜਾਬ,1983, ਪੰਨਾ 160 5) ਹਰਜੋਧ ਸਿੰਘ (ਡਾ.), ਕਿੱਸਾ ਕਾਵਿ (ਸਰੂਪ, ਸਿਧਾਂਤ ਤੇ ਵਿਕਾਸ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2012, ਪੰਨਾ 54 6) ਅਜਮੇਰ ਸਿੰਘ (ਡਾ.), ਪੰਜਾਬੀ ਸਾਹਿਤ ਦਾ ਆਲੋਚਨਾਤਮਿਕ ਅਧਿਐਨ, ਭਾਸ਼ਾ ਵਿਭਾਗ ਪੰਜਾਬ, 1983, ਪੰਨਾ 162