ਸਮੱਗਰੀ 'ਤੇ ਜਾਓ

ਹਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੋਲ ਸ਼ਕਲ ਵਿਚ ਮਿੱਟੀ ਦੇ ਬਣੇ ਹੋਏ ਭੜੋਲੀ ਜਿਹੇ ਭਾਂਡੇ ਨੂੰ, ਜਿਸ ਵਿਚ ਪਾਥੀਆਂ ਪਾ ਕੇ, ਦੁੱਧ ਨੂੰ ਕਾੜ੍ਹਨੀ ਵਿਚ ਪਾ ਕੇ ਤੱਤਾ ਕੀਤਾ ਜਾਂਦਾ ਹੈ, ਹਾਰਾ ਕਹਿੰਦੇ ਹਨ। ਹਾਰੇ ਦੀ ਵਰਤੋਂ ਖੀਰ ਬਣਾਉਣ ਲਈ, ਪਾਣੀ ਗਰਮ ਕਰਨ ਲਈ ਵੀ ਕੀਤੀ ਜਾਂਦੀ ਸੀ। ਹਾਰੇ ਚਿਉਕਣੀ ਕਾਲੀ ਤੂੜੀ ਮਿੱਟੀ ਨਾਲ ਬਣਾਏ ਜਾਂਦੇ ਸਨ। ਹਾਰੇ ਦੋ ਕਿਸਮਾਂ ਦੇ ਬਣਦੇ ਸਨ। ਇਕ ਹਾਰਾ ਤਾਂ ਧਰਤੀ ਵਿਚ ਗੱਡ ਕੇ ਰੱਖਣ ਵਾਲਾ ਬਣਦਾ ਸੀ। ਦੂਜਾ ਚਕਮਾ ਹਾਰਾ ਬਣਦਾ ਸੀ। ਚਕਮੇ ਹਾਰੇ ਨੂੰ ਜਿਥੇ ਮਰਜ਼ੀ ਰੱਖ ਕੇ ਤੁਸੀਂ ਵਰਤ ਸਕਦੇ ਸੀ।

ਪਹਿਲਾਂ ਮੈਂ ਤੁਹਾਨੂੰ ਚੱਕਮੇ ਹਾਰੇ ਦੀ ਬਣਤਰ ਦੱਸਦਾ ਹਾਂ। ਚਕਮਾ ਹਾਰਾ ਬਣਾਉਣ ਲਈ ਟੁੱਟੀ ਹੋਈ ਚਾਟੀ ਦਾ ਗਲ ਲਿਆ ਜਾਂਦਾ ਸੀ ਜਿਸ ਨੂੰ ਕਲੀਂਡਰ ਕਹਿੰਦੇ ਸਨ। ਇਸ ਕਲੀਂਡਰ ਉਪਰ ਹਾਰੇ ਦਾ 18 ਕੁ ਇੰਚ ਵਿਆਸ ਦਾ ਗੁਲਾਈਦਾਰ ਥੱਲਾ (ਬੇਸ) ਬਣਾਇਆ ਜਾਂਦਾ ਸੀ। ਜਦ ਇਹ ਥੱਲਾ ਸੱਕ ਜਾਂਦਾ ਸੀ, ਫੇਰ ਇਸ ਉਪਰ 2/22 ਕੁ ਇੰਚ ਮੋਟੀ ਗੁਲਾਈਦਾਰ ਕੰਧ ਓਨੀ ਹੀ ਬਣਾਈ ਜਾਂਦੀ ਸੀ ਜਿੰਨੀ ਖੜ੍ਹੀ ਰਹਿ ਸਕੇ। ਜਦ ਇਹ ਬਣਾਈ ਕੰਧ ਸੁੱਕ ਜਾਂਦੀ ਸੀ ਫੇਰ ਉਸ ਉਪਰ ਓਨੀ ਕੰਧ ਹੋਰ ਬਣਾਈ ਜਾਂਦੀ ਸੀ ਜਿੰਨੀ ਖੜ੍ਹੀ ਰਹਿ ਸਕੇ। ਫੇਰ ਉਸ ਨੂੰ ਸੁਕਾਇਆ ਜਾਂਦਾ ਸੀ। ਇਸ ਵਿਉਂਤ ਅਨੁਸਾਰ ਹਾਰੇ ਦੀਆਂ ਕੰਧਾਂ ਨੂੰ ਤਿੰਨ ਕੁ ਫੁੱਟ ਤੱਕ ਉਸਾਰਿਆ ਜਾਂਦਾ ਸੀ। ਇਸ ਤਰ੍ਹਾਂ ਚਕਮਾ ਹਾਰਾ ਬਣਦਾ ਸੀ। ਚਕਮੇ ਹਾਰੇ ਨੂੰ ਸੋਹਣਾ ਦਿਸਣ ਲਈ ਫੇਰ ਉਸ ਉਪਰ ਬਗੈਰ ਤੂੜੀ ਵਾਲੀ ਮਿੱਟੀ ਲਾਈ ਜਾਂਦੀ ਸੀ। ਕਈ ਸ਼ੁਕੀਨ ਇਸਤਰੀਆਂ ਤਾਂ ਹਾਰੇ ਦੀ ਦਿੱਖ ਨੂੰ ਹੋਰ ਸੋਹਣਾ ਬਣਾਉਣ ਲਈ ਪਾਂਡੂ ਮਿੱਟੀ ਦਾ ਪਰੋਲਾ ਵੀ ਫੇਰ ਦਿੰਦੀਆਂ ਸਨ।

ਜੇਕਰ ਧਰਤੀ ਵਿਚ ਗੱਡ ਕੇ ਰੱਖਣ ਵਾਲਾ ਹਾਰਾ ਬਣਾਉਣਾ ਹੁੰਦਾ ਤਾਂ ਉਸ ਦੇ ਹੇਠ ਕਲੀਂਡਰ ਨਹੀਂ ਲਾਇਆ ਜਾਂਦਾ ਸੀ। ਉਸਾਰੀ ਉਸ ਦੀ ਚਕਮੇ ਹਾਰੇ ਦੀ ਤਰ੍ਹਾਂ ਹੀ ਹੁੰਦੀ ਸੀ। ਇਸ ਉਸਾਰੇ ਹੋਏ ਹਾਰੇ ਨੂੰ ਫੇਰ ਕੰਧ ਕੋਲ ਧਰਤੀ ਵਿਚ ਗੱਡ ਦਿੱਤਾ ਜਾਂਦਾ ਸੀ। ਹਾਰਿਆਂ ਉਪਰ ਦੇਣ ਲਈ ਮਿੱਟੀ ਦੇ ਜਾਲੀਦਾਰ ਚਾਪੜ ਵੀ ਬਣਾਏ ਜਾਂਦੇ ਸਨ। ਕਈ ਹਾਰਿਆਂ ਉਪਰ ਛੱਤ ਪਾ ਕੇ ਲੱਕੜ ਦੀ ਮੋਰੀਆਂ ਵਾਲੀ ਛੋਟੀ ਜਿਹੀ ਦਰਵਾਜ਼ੀ ਵੀ ਲਾਈ ਜਾਂਦੀ ਸੀ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.