ਦਬੜੀਖਾਨਾ
ਦਬੜੀਖਾਨਾ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਰੀਦਕੋਟ |
ਬਲਾਕ | ਜੈਤੂ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਫ਼ਰੀਦਕੋਟ |
ਦਬੜੀਖਾਨਾ ਜੈਤੋ ਤਹਿਸੀਲ ਦਾ ਪਿੰਡ ਹੈ। ਇਹ ਇੱਕ ਵਿਰਾਸਤੀ ਪਿੰਡ ਹੈ।
ਇਤਿਹਾਸ
[ਸੋਧੋ]1857 ਦੇ ਗਦਰ ਤੋਂ ਪਹਿਲਾਂ ਇਸ ਜਗ੍ਹਾ ਵਸਦੇ ਪਿੰਡ ਦਾ ਨਾਮ ਛੋਟੀ ਜੈਤੋ ਹੁੰਦਾ ਸੀ। ਗਦਰ ਮੌਕੇ ਪਿੰਡ ’ਚ ਆਏ ਇੱਕ ਅਜ਼ਨਬੀ ਸਾਧ ਬਾਬਾ ਸ਼ਾਮ ਦਾਸ ਨੇ ਲੋਕਾਂ ਨੂੰ ਅੰਗਰੇਜ਼ਾਂ ਦੇ ਖਿਲਾਫ਼ ਭੜਕਾ ਕੇ ਜਮੀਨ ਦਾ ਮੁਆਮਲਾ ਦੇਣ ਤੋਂ ਇਨਕਾਰ ਕਰਵਾ ਦਿਤਾ। ਇਸ ਉੱਤੇ ਅੰਗਰੇਜਾਂ ਨੇ ਇਸ ਪਿੰਡ ਉੱਤੇ ਤੋਪ ਬੀੜ ਕੇ ਗੋਲਾ ਛੱਡ ਦਿਤਾ। ਪਿੰਡ ਦੇ ਸਾਰੇ ਲੋਕ ਦੌੜ ਗਏ। ਸੰਤ ਸ਼ਾਮ ਦਾਸ ਨੂੰ ਇੱਕ ਦਰੱਖਤ ਨਾਲ ਫਾਹੇ ਲਾ ਦਿਤਾ ਗਿਆ। ਲੋਕ ਕਹਿ ਰਹੇ ਸਨ: ‘ਤਾਪ ਨਾ ਤਪਾਲੀ,ਬਾਬੇ ਸ਼ਾਮ ਨੇ ਮਾਰੀ’। ਪਿੰਡ ਦੇ ਉਹ ਸਾਰੇ ਲੋਕ ਅਬੋਹਰ ਤਹਿਸੀਲ ਦੇ ਰਾਜਿਸਥਾਨ ਨਾਲ ਲਗਦੇ ਪਿੰਡ ਵਜੀਦਪੁਰ ਜਾ ਕੇ ਵੱਸ ਗਏ। ਜਦ ਇਹ ਪਿੰਡ ਕਾਫ਼ੀ ਸਮਾਂ ਵਿਹਲਾ ਪਿਆ ਰਿਹਾ ਤਾਂ ਇਸ ਪਿੰਡ ਦੇ ਲੋਕਾਂ ਦੇ ਦੌੜ ਜਾਣ ਕਾਰਨ, ਆਸ ਪਾਸ ਦੇ ਲੋਕਾਂ ਨੇ ਇਸ ਦਾ ਨਾਮ ਦੌੜੀਖਾਨਾ ਰੱਖ ਦਿਤਾ ਜੋ ਹੌਲੀ ਹੌਲੀ ਦਬੜ੍ਹੀਖਾਨਾ ਬਣ ਗਿਆ। ਉਸ ਤੋਂ ਬਾਦ ਮਹਾਰਾਜਾ ਨਾਭਾ ਦੀ ਰਾਣੀ ਚੰਦ ਕੌਰ ਨੇ ਫੂਲ ਦੇ ਆਪਣੇ ਢਿੱਲੋਂ ਭਰਾਵਾਂ ਨੂੰ ਇਹ ਅੱਧਾ ਪਿੰਡ ਅਲਾਟ ਕਰਵਾ ਦਿਤਾ। ਮਹਾਰਾਜਾ ਨਾਭਾ ਨੇ ਕੱਟੂ (ਸੰਗਰੂਰ) ਦੇ ਆਪਣੇ ਨੇੜਲਿਆਂ ਗਿੱਲ ਕਿਸਾਨਾਂ ਨੂੰ ਅੱਧਾ ਪਿੰਡ ਅਲਾਟ ਕਰ ਦਿਤਾ। ਢਿੱਲੋਂ ਗੋਤ ਦੇ ਲੋਕਾਂ ਨੇ ਆਪਣੇ ਬਜੁਰਗ ਗੋਬਿੰਦ ਸਿੰਘ ਦੇ ਨਾਂ ’ਤੇ ਇਸ ਪਿੰਡ ਦਾ ਨਾਮ ਗੋਬਿੰਦਗੜ ਰੱਖਿਆ ਜਦੋਂ ਕਿ ਗਿੱਲਾਂ ਨੇ ਆਪਣੇ ਬਜੁਰਗ ਫਤਿਹ ਸਿੰਘ ਨਾਂ ’ਤੇ ਪਿੰਡ ਦਾ ਨਾਮ ਫਤਿਹਗੜ ਰੱਖਿਆ। ਪਰ ਮੂੰਹ ਜ਼ੁਬਾਨੀ ਇਹ ਪਿੰਡ (ਗੋਬਿੰਦਗੜ- ਫਤਿਹਗੜ) ਦਬੜ੍ਹੀਖਾਨਾ ਦੇ ਨਾਂ ’ਤੇ ਹੀ ਪ੍ਰਸਿਧ ਰਿਹਾ ਤੇ ਅੱਜ ਵੀ ਹੈ।ਗਿੱਲ ਸਰਦਾਰਾਂ(ਜਗੀਰਦਾਰਾਂ) ਕੋਲ ਜ਼ਮੀਨ ਵੱਧ ਹੋਣ ਕਾਰਨ ਉਹ ਕੰਮ ਕਰਨ ਵਾਲੇ ਆਪਣੇ ਮੁਜ਼ਾਰੇ ਵੀ ਨਾਲ ਹੀ ਲੈ ਕੇ ਆਏ। ਅਜ਼ਾਦੀ ਤੋਂ ਪਿੱਛੋਂ ਲਾਲ ਪਾਰਟੀ ਵਲੋਂ ਤੇਜਾ ਸਿੰਘ ਸੁਤੰਤਰ ਦੀ ਅਗਵਾਈ ’ਚ ਲਾਏ ਜ਼ਮੀਨੀ ਘੋਲ ਦਾ ਇਹ ਮੁਜ਼ਾਰੇ ਵੀ ਹਿੱਸਾ ਬਣੇ। ਮੁਜ਼ਾਰਾ ਲਹਿਰ ਤੋਂ ਘਬਰਾ ਕੇ ਅਤੇ ਸਰਪਲੱਸ ਜਮੀਨ ਦਾ ਕਾਨੂੰਨ ਬਣ ਜਾਣ ਕਾਰਨ,ਬਹੁਤੇ ਗਿੱਲ ਸਰਦਾਰਾਂ ਨੇ ਇਹ ਜ਼ਮੀਨ ਵੇਚ ਦਿਤੀ। ਇਸ ’ਤੇ ਆਂਢ ਗੁਵਾਂਢ ਪਿੰਡਾਂ ਦੇ ਖਰੀਦਦਾਰ ਇਥੇ ਆਕੇ ਵੱਸ ਗਏ। ਇਹਨਾਂ ਵਿੱਚ ਪਿੰਡ ਬੰਬੀਹਾ ਭਾਈ,ਔਲਖ,ਬਲਾਹੜ,ਮਹਿਮਾ,ਚੂਹੜਚੱਕ, ਪੱਖੀ,ਗੋਲੇਵਾਲਾ ਅਤੇ ਝੱਖੜਵਾਲਾ ਆਦਿ ਸ਼ਾਮਿਲ ਹਨ। 1955 ਦੇ ਹੜ੍ਹਾਂ ’ਚ ਇਹ ਪਿੰਡ ਫਿਰ ਢਹਿ ਗਿਆ ਅਤੇ ਦੋਵਾਂ ਹਿੱਸਿਆਂ ਗੋਬਿੰਦਗੜ ਅਤੇ ਫਤਿਹਗੜ ਨੂੰ ਚੰਡੀਗੜ ਦੀ ਤਰਜ਼ ’ਤੇ ਮਾਡਲ ਟਾਊਨ ਦੇ ਤੌਰ ’ਤੇ ਵਸਾਇਆ ਗਿਆ। ਫਤਿਹਗੜ ਬਹੁਤੇ ਪਿੰਡਾਂ ਦੇ ਲੋਕਾਂ ਦਾ ਮਿਲਗੋਭਾ ਹੋਣ ਕਰਕੇ ਲੋਕ ਕੋਠਿਆਂ ’ਚ ਰਹਿਣ ਲੱਗੇ ਪਰ ਗੋਬਿੰਦਗੜ ਸਹੀ ਅਰਥਾਂ ’ਚ ਮਾਡਲ ਟਾਊਨ ਬਣਿਆ। ਉਹਨਾਂ ਗਿੱਲ ਸਰਦਾਰਾਂ ਵਿਚੋਂ ਹੀ ਸ: ਜੈ ਸਿੰਘ ਗਿੱਲ ਆਈ.ਏ. ਐਸ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਬਣੇ। ਇਸ ਪਿੰਡ ਦੀ ਆਬਾਦੀ 10 ਹਜ਼ਾਰ ਅਤੇ ਵੋਟ 4500 ਦੇ ਕਰੀਬ ਹੈ। ਜਮੀਨੀ ਰਕਬਾ 5200 ਏਕੜ ਹੈ। ਇਸ ਪਿੰਡ ’ਚ ਹਰ ਮਜ਼ਹਬ, ਜਾਤ,ਗੋਤ ਦੇ ਲੋਕ ਰਹਿੰਦੇ ਹਨ। 20 ਸਾਲ ਪਹਿਲਾਂ ਫਤਿਹਗੜ ਦੀਆਂ ਦੋ ਹੋਰ ਨਵੀਆਂ ਪੰਚਾਇਤਾਂ ਕੋਠੇ ਬੰਬੀਹਾ ਭਾਈ ਅਤੇ ਕੋਠੇ ਮਹਿਲੜ ਬਣ ਗਈਆਂ ਪਰ ਗੋਬਿੰਦਗੜ ਦੀ ਇਕੋੋ ਹੀ ਪੰਚਾਇਤ ਹੈ। ਗੋਬਿੰਦਗੜ ਦੇ ਮੌਜੂਦਾ ਸਰਪੰਚ ਗੁਰਦਿੱਤ ਸਿੰਘ ਢਿੱਲੋਂ, ਫਤਿਹਗੜ ਦੇ ਸਰਪੰਚ ਪਰਮਜੀਤ ਕੌਰ ਗੋਲੇਵਾਲੀਆ, ਕੋਠੇ ਬੰਬੀਹਾ ਦੇ ਸਰਪੰਚ ਗੁਰਪ੍ਰੀਤ ਸਿੰਘ ਸਿੱਧੂ ਅਤੇ ਕੋਠੇ ਮਹਿਲੜ ਦੇ ਸਰਪੰਚ ਬਲਵੰਤ ਸਿੰਘ ਸਿਵੀਆ ਹਨ। ਪਿੰਡ ਦੇ ਨੌਜਵਾਨਾਂ ਨੇ ਸਰਦਾਰੀਆਂ ਕਲੱਬ ਬਣਾ ਕੇ ਨੌਜਵਾਨਾਂ ’ਚ ਦਸਤਾਰ ਬੰਨ੍ਹਣ ਦੀ ਲਹਿਰ ਛੇੜੀ ਹੋਈ ਹੈ।
ਪਿੰਡ ਵਿੱਚ ਇਮਾਰਤਾਂ
[ਸੋਧੋ]ਵੱਡਾ ਗੁਰਦਵਾਰਾ, ਸਰਕਾਰੀ ਸਕੂਲ,ਡੰਗਰ ਹਸਪਤਾਲ ਅਤੇ ਸਹਿਕਾਰੀ ਸਭਾ ਦੋਵਾਂ ਪਿੰਡਾਂ ਦੇ ਸਾਂਝੇ ਹਨ। ਦੋਵਾਂ ਦੀਆਂ ਆਪਣੀਆਂ ਅਨਾਜ ਮੰਡੀਆਂ ਅਤੇ ਜਲ ਘਰ ਵੱਖੋ ਵੱਖਰੇ ਹਨ ਵੱਡੇ ਗੁਰਵਾਰੇ ਦੇ ਸੂਝਵਾਨ ਗਰੰਥੀ ਸਵੇਰੇ ਲਾਊਡ ਸਪੀਕਰ ’ਚ ਸਿਰਫ ਵਾਕ ਲੈ ਕੇ ਹੀ ਲਾਊਡ ਸਪੀਕਰ ਬੰਦ ਕਰ ਦਿੰਦੇ ਹਨ। ਇਸ ਤਰ੍ਹਾਂ ਹੋਰ ਪਿੰਡਾਂ ਦੀ ਬਨਿਸਬਤ ਇਹ ਪਿੰਡ ਕਾਫੀ ਹੱਦ ਤਕ ਸਪੀਕਰਾਂ ਦੇ ਸ਼ੋਰ -ਪਰਦੂਸ਼ਣ ਤੋਂ ਰਹਿਤ ਹੈ।
ਸਮਾਜਿਕ ਸੰਸਥਾਵਾਂ
[ਸੋਧੋ]ਇਸ ਪਿੰਡ ਦੇ ਕਾਫੀ ਲੋਕ ਬਾਹਰਲੇ ਦੇਸ਼ਾਂ ਕੈਨੇਡਾ,ਅਮਰੀਕਾ,ਆਸਟਰੇਲੀਆ,ਫਰਾਂਸ ਅਤੇ ਅਰਬ ਮੁਲਕਾਂ ਵਿੱਚ ਗਏ ਹੋਏ ਹਨ। ਵੈਸੇ ਤਾਂ ਪਿੰਡ ਵਿੱਚ ਕਾਫੀ ਸਮਾਜ ਸੇਵੀ ਕਲੱਬ ਹਨ ਪਰ ਪਿਛਲੇ ਇੱਕ ਸਾਲ ਤੋਂ ਸ਼ਹੀਦ ਭਗਤ ਸਿੰਘ ਕਲੱਬ ਗੋਬਿੰਦਗੜ ਦੇ ਮੈਂਬਰਾਂ ਨੇ ਪਿੰਡ ਗੋਬਿੰਦਗੜ ’ਚ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੀ ਸਥਾਪਨਾ ਕਰਕੇ ਪਿੰਡ ’ਚ ਨਵੀਂ ਜਾਗ੍ਰਤੀ ਲਹਿਰ ਸ਼ੁਰੂ ਕੀਤੀ ਹੈ। ਲਾਇਬ੍ਰੇਰੀ ਸੰਚਾਲਕ ਡਾ: ਅਮਰਜੀਤ ਅਤੇ ਹਰਦੀਪਕ ਢਿੱਲੋਂ ਨੇ ਦੱਸਿਆ ਕਿ ਉਹਨਾਂ ਦਾ ਮਕਸਦ ਲੋਕਾਂ ਨੂੰ ਕਿਤਾਬਾਂ ਪੜ੍ਹਣ ਦੀ ਰੁਚੀ ਲਾਉਣ ਦੇ ਨਾਲ ਨਾਲ ਵਾਤਾਵਰਣ ਬਾਰੇ ਸੁਚੇਤ ਕਰਨਾ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਜਾਗ੍ਰਿਤ ਕਰਨਾ ਹੈ। ਇਸ ਸਬੰਧੀ ਲਾਇਬ੍ਰੇਰੀ ਕਮੇਟੀ ਹੁਣ ਤਕ ਦੋ ਹਜ਼ਾਰ ਰੁੱਖਾਂ ਦੇ ਪੌਦੇ ਲਿਆ ਕੇ ਲੋਕਾਂ ’ਚ ਵੰਡ ਚੁਕੀ ਹੈ।
ਖੇਡ ਮੈਦਾਨ
[ਸੋਧੋ]ਇਸ ਲਾਇਬ੍ਰੇਰੀ ਵਿੱਚ ਹੀ ਮੈਦਾਨ ਅਤੇ ਇੱਕ ਵੱਡੀ ਸਟੇਜ ਦੀ ਉਸਾਰੀ ਕੀਤੀ ਗਈ ਹੈ ਤਾਂ ਕਿ ਇਥੇ ਲੋਕ ਵਿਆਹ ਸ਼ਾਦੀਆਂ ਦੇ ਸਾਦੇ ਸਮਾਗਮ ਕਰ ਸਕਣ। ਇਸ ਦੇ ਨਾਲ ਹੀ ਸਾਲ ’ਚ ਦੋ ਵਾਰੀ ਇਥੇ ਸੱਭਿਆਚਾਰਕ ਪ੍ਰੋਗ੍ਰਾਮ ਕਰਵਾਉਣ ਦਾ ਵੀ ਪ੍ਰੋਗ੍ਰ੍ਰਾਮ ਉਲੀਕਿਆ ਗਿਆ ਹੈ। ਸ਼ਾਮ ਨੂੰ ਨੌਜਵਾਨ ਇਥੇ ਆਕੇ ਕਬੱਡੀ ਤੇ ਵਾਲੀਵਾਲ ਖੇਡਦੇ ਹਨ। ਇਸੇ ਲਾਇਬ੍ਰੇਰੀ ਦੇ ਵਰਾਂਡੇ ਵਿੱਚ ਹੀ ਪਿੰਡ ਦੀਆਂ ਲੜਕੀਆਂ ਲਈ ਮੁਫ਼ਤ ਸਿਲਾਈ ਸੈਂਟਰ ਵੀ ਚਲਾਇਆ ਜਾ ਰਿਹਾ ਹੈ।