ਸਮੱਗਰੀ 'ਤੇ ਜਾਓ

ਨਜਮ ਹੁਸੈਨ ਸੱਯਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਜਮ ਹੁਸੈਨ ਸੱਯਦ (ਜਨਮ 1936) ਇੱਕ ਪਾਕਿਸਤਾਨੀ ਪੰਜਾਬੀ ਲੇਖਕ ਹਨ। ਉਹਨਾਂ ਦੀ ਪਛਾਣ ਦੋਹਾਂ ਪੰਜਾਬਾਂ ਵਿੱਚ ਇੱਕ ਪ੍ਰਬੁੱਧ ਗਲਪਕਾਰ, ਆਲੋਚਕ, ਸ਼ਾਇਰ, ਨਾਟਕਕਾਰ ਅਤੇ ਇੱਕ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਸਥਾਪਤ ਹੈ। ਉਹ ਕਿਸੇ ਤੁੱਕ, ਸ਼ਬਦ, ਰਚਨਾ ਦੀ ਵਿਆਖਿਆ ਆਪਣੇ ਖਾਸ ਅੰਦਾਜ਼ ਵਿੱਚ ਕਰਦੇ ਹਨ ਅਤੇ ਸਰੋਤੇ/ਪਾਠਕ ਨੂੰ ਲੁਕੀਆਂ ਰਮਜ਼ਾਂ ਸਮਝਾ ਜਾਂਦੇ ਹਨ।[1]

ਜੀਵਨ

[ਸੋਧੋ]

ਨਜਮ ਹੁਸੈਨ ਦਾ ਜਨਮ 1936 ਵਿੱਚ ਬਟਾਲਾ (ਹੁਣ ਪੰਜਾਬ, ਭਾਰਤ) ਵਿੱਚ ਹੋਇਆ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਕੀਤੀ ਅਤੇ ਸਰਕਾਰੀ ਨੌਕਰੀ ਤੇ ਲੱਗ ਗਏ। ਉਹ ਪਾਕਿਸਤਾਨ ਦੀ ਮਿਲਟਰੀ ਸਰਵਿਸਿਜ਼ ਵਿੱਚ ਚੀਫ ਅਕਾਊਂਟੈਂਟ ਰਹੇ ਤੇ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਰਹੇ।

ਜੁੰਮੇ ਦੀ ਸੰਗਤ

[ਸੋਧੋ]

ਨਜਮ ਹੁਸੈਨ ਹੁਰਾਂ ਦੀ ਲਾਹੌਰ ਵਿੱਚ ਰਿਹਾਇਸ (15 ਜੇਲ੍ਹ ਰੋਡ, ਲਾਹੌਰ) ਜੁੰਮੇ ਵਾਲੇ ਦਿਨ ਉਥੇ ਜੁੜਦੀ ਸੰਗਤ ਕਰ ਕੇ ਜਾਣੀ ਜਾਂਦੀ ਹੈ। ਤਲਵਿੰਦਰ ਸਿੰਘ ਦੇ ਸ਼ਬਦਾਂ ਵਿੱਚ, "ਪਿਛਲੇ ਕਈ ਸਾਲਾਂ ਤੋਂ ਸਾਂਝੀ ਪੰਜਾਬੀਅਤ ਨੂੰ ਸਮਰਪਤ ਜੁੰਮੇ ਦੀ ਸ਼ਾਮ ਨੂੰ ਸੰਗਤ ਜੁੜ ਬੈਠਦੀ ਹੈ ਤੇ ਸੰਗਤ ਦੀ ਇਸ ਲਗਾਤਾਰਤਾ ਨੇ ਕਈ ਪ੍ਰੋਢ ਲੇਖਕ ਪੈਦਾ ਕੀਤੇ ਹਨ। ਉਹਨਾਂ ਨੂੰ ਵਿਰਸੇ ਨਾਲ ਜੁੜਨ ਦੀ ਗੰਭੀਰ ਸਮਝ ਦਿੱਤੀ ਹੈ। ਮਕਸੂਦ ਸਾਕਿਬ, ਜ਼ੁਬੈਰ ਅਹਿਮਦ, ਨਾਦਰ ਅਲੀ, ਇਕਬਾਲ ਕੈਸਰ ਤੇ ਹੋਰ ਲੇਖਕ ਬੜੇ ਮਾਣ ਨਾਲ ਆਪਣੇ ਆਪ ਨੂੰ ਨਜਮ ਹੋਰਾਂ ਦੀ ਸੰਗਤ ਵਿੱਚੋਂ ਨਿਖਰ ਕੇ ਨਿਕਲੇ ਹੋਏ ਮੰਨਦੇ ਹਨ।"[1]

ਰਚਨਾਵਾਂ

[ਸੋਧੋ]

ਵਾਰਤਕ

[ਸੋਧੋ]

ਕਵਿਤਾ ਸੰਗ੍ਰਹਿ

[ਸੋਧੋ]

ਨਾਟਕ

[ਸੋਧੋ]

ਵੱਖ-ਵੱਖ ਆਲੋਚਕਾਂ ਦੁਆਰਾ ਨਜਮ ਹੁਸੈਨ ਸੱਯਦ ਦੀ ਆਲੋਚਨਾ-ਦ੍ਰਿਸ਼ਟੀ

[ਸੋਧੋ]

ਨਜਮ ਹੁਸੈਨ ਸੱਯਦ ਦੀ ਆਲੋਚਨਾ-ਦ੍ਰਿਸ਼ਟੀ ਬਾਰੇ ਵੀ ਵੱਖ-ਵੱਖ ਆਲੋਚਕਾਂ ਨੇ ਵਿੰਭਿਨ ਕਿਸਮ ਦੇ ਵਿਚਾਰ ਪ੍ਰਗਟ ਕੀਤੇ ਹਨ।ਸਭ ਤੋਂ ਪਹਿਲਾਂ ਉਹਨਾਂ ਆਲੋਚਕਾਂ ਦੇ ਵਿਚਾਰਾਂ ਨੂੰ ਪੇਸ਼ ਕਰਨਾ ਜ਼ਰੂਰੀ ਹੈ,ਜਿਹਨਾਂ ਨੂੰ ਨਜਮ ਹੁਸੈਨ ਸੱਯਦ ਦੀਆਂ ਰਚਨਾਵਾਂ ਵਿੱਚ ਪਰੰਪਰਾਗਤ ਮਾਰਕਸਵਾਦੀ ਸੰਕਲਪਾਂ ਅਤੇ ਸ਼ਬਦਾਵਲੀ ਦੀ ਵਰਤੋਂ ਪ੍ਰਾਪਤ ਨਹੀਂ ਹੁੰਦੀ। ਭਾਰਤੀ ਪੰਜਾਬ ਦੇ ਇੱਕ ਵਿਦਵਾਨ,ਕਰਨੈਲ ਸਿੰਘ ਥਿੰਦ ਨੇ ਨਜਮ ਹੁਸੈਨ ਸੱਯਦ ਦੀ ਵਿਧੀ ਬਾਰੇ ਵਿਚਾਰ ਕਰਦਿਆਂ ਲਿਖਿਆਂ ਹੈ ਕਿ, ਨਜਮ ਦੀ ਖੂਬੀ ਇਹ ਹੈ ਕਿ ਉਹ ਲੋਕ ਵਿਰਸੇ ਵਿਚੋਂ ਮਵਾਦ ਲੈ ਕੇ ਉਸਨੂੰ ਸਾਡੀ ਤਾਰੀਖ, ਸਮਾਜ ਤੇ ਰਹਿਤਲ ਦੇ ਪ੍ਰਸੰਗ ਵਿੱਚ ਰੱਖ ਕੇ ਨਵੇਂ ਨਜ਼ਰੀਏ ਤੋਂ ਪੇਸ਼ ਕਰਦਾ ਹੈ।

ਆਲੋਚਕ ਅਤਰ ਸਿੰਘ ਅਨੁਸਾਰ

[ਸੋਧੋ]

ਪੰਜਾਬੀ ਦੇ ਇੱਕ ਹੋਰ ਆਲੋਚਕ ਅਤਰ ਸਿੰਘ ਨੇ ਵੀ ਨਜਮ ਹੁਸੈਨ ਸੱਯਦ ਦੀ ਆਲੋਚਨਾ ਬਾਰੇ ਪ੍ਰਸੰਸਾਤਮਕ ਵਿਚਾਰ ਪ੍ਰਗਟਾਏ ਹਨ।ਨਜਮ ਹੁਸੈਨ ਸੱਯਦ ਦੇ ਆਲੋਚਨਾਤਮਕ ਲੇਖ ਪੜ੍ਹ ਕੇ ਇਉਂ ਮਹਿਸੂਸ ਹੋਇਆ ਕਿ ਜਿਵੇਂ ਪਹਿਲੀ ਵਾਰ ਸਾਹਿਤ ਦੀ ਭਰਪੂਰਤਾ ਦੇ ਗੌਰਵ ਦਾ ਹਾਣੀ ਆਲੋਚਕ ਉਜਾਗਰ ਹੋਇਆ ਹੈ ਪੰਜਾਬੀ ਸਾਹਿਤ ਸੰਬੰਧੀ ਇਤਨੀ ਸੁਗਮ,ਇਤਨੀ ਸਾਰਥਿਕ ਤੇ ਇੰਨੀ ਡੂੰਘੀ ਸਮੀਖਿਆ ਭਾਰਤੀ ਪੰਜਾਬ ਵਿੱਚ ਕਦੀ ਨਹੀਂ ਰਚੀ ਗਈ। ==

ਆਲੋਚਕ ਸਤਿੰਦਰ ਸਿੰਘ ਨੂਰ ਅਨੁਸਾਰ

[ਸੋਧੋ]

ਸਤਿੰਦਰ ਸਿੰਘ ਨੂਰ ਨੇ ਸੱਯਦ ਦੀ ਆਲੋਚਨਾ ਦੀ ਇੱਕ ਬਹੁਤ ਹੀ ਉਭਰਵੀ ਕਮਜ਼ੋਰੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ,"ਉਸ ਦਾ ਰੁਝਾਣ ਆਲੋਚਨਾ ਦੀ ਤਕਨੀਕੀ ਭਾਸ਼ਾ ਨੂੰ ਗ੍ਰਹਿਣ ਕਰਨ ਜਾਂ ਸਿਰਜਣ ਦਾ ਨਹੀਂ,ਉਹ ਸਾਧਾਰਣ ਸੰਚਾਰ ਦੀ ਭਾਸ਼ਾ ਤੇ ਲਹਿੰਦੀ ਦਾ ਮਿਲਗੋਭਾ ਵਰਤਦਾ ਹੈ ਤੇ ਉਹਨਾਂ ਪਾਠਕਾਂ ਨੂੰ ਜੋ ਆਲੋਚਨਾ ਪੜ੍ਹਦਿਆਂ ਵੀ ਗਲਪ ਦੇ ਪਾਠਕ ਹਨ,ਸਹਿਜੇ ਹੀ ਕੀਲ ਜਾਂਦਾ ਹੈ। ਇਹ ਵਿਚਾਰ ਕੇਵਲ ਤਕਨੀਕੀ ਭਾਸ਼ਾ ਦੀ ਅਣਹੋਂਦ ਨੂੰ ਉਭਾਰ ਕੇ,ਨਜਮ ਦੀ ਸਮੁੱਚੀ ਆਲੋਚਨਾ ਵਿਧੀ ਅਤੇ ਦ੍ਰਿਸ਼ਟੀਕੋਂਣ ਦੇ ਨਾਲ-ਨਾਲ ਉਸ ਦੇ ਮੂਲ ਸਿਧਾਂਤ,ਸਮਾਜ ਅਤੇ ਉਸਨੂੰ ਛੁਟਿਆਉਣ ਦਾ ਯਤਨ ਪ੍ਰਤੀਤ ਹੁੰਦਾ ਹੈ।ਤੇਜਵੰਤ ਸਿੰਘ ਗਿੱਲ,ਸੱਯਦ ਦੀ ਆਲੋਚਨਾ ਦਾ ਪ੍ਰਮੁੱਖ ਗੁਣ ਉਸ ਦੀ ਵਿਆਖਿਆਤਮਕ ਰੁਚੀ ਨੂੰ ਸਵੀਕਾਰ ਕਰਦਾ ਹੈ।

ਨਜਮ ਹੁਸੈਨ ਸੱਯਦ ਦੀ ਆਲੋਚਨਾ ਪੁਸਤਕ 'ਸੇਧਾ' ਦੇ ਅਧਿਐਨ ਰਾਹੀਂ ਪਤਾ ਲੱਗਦਾ ਹੈ ਕਿ ਉਸਨੂੰ ਅਧਿਐਨ ਵੇਲੇ ਵਿਆਖਿਆ ਸਿਧਾਂਤ ਤੇ ਸੰਕਲਪ ਨਾਲ ਕੋਈ ਬਹੁਤਾ ਮੋਹ ਨਹੀਂ ਤੇ ਇਸਦੇ ਬੰਧਨ ਵਿੱਚ ਹੀ ਬੱਝਣਾ ਚਾਹੁੰਦਾ ਹੈ।ਉਹ ਪਾਠ ਦਾ ਅਧਿਐਨ ਕਰਨ ਵੇਲੇ ਪਾਠਗਤ ਤੇ ਕਲਾਤਮਕ ਪੱਖਾਂ ਉੱਪਰ ਕੇਂਦਰਿਤ ਕਰਦਾ ਹੋਇਆ ਮਾਰਕਸਵਾਦੀ,ਸਮੀਖਿਆ ਸਿਧਾਂਤ ਤੋਂ ਵੀ ਆਸਰਾ ਲੈਂਦਾ ਹੈ ਤੇ ਨਾਲ ਹੀ ਮਨੋਵਿਸ਼ਲੇਸ਼ਣੀ ਤੇ ਸਰੰਚਨਾਤਮਕ ਦ੍ਰਿਸ਼ਟੀ ਵੀ ਬਣਾਈ ਰੱਖਦਾ ਹੈ। ਉਹ ਮਾਰਕਸਵਾਦ ਦਾ ਕੱਟੜ ਧਾਰਨੀ ਹੋਣ ਦੀ ਬਜਾਇ ਹੋਰਨਾਂ ਅਧਿਐਨ-ਵਿਧੀਆਂ ਤੋਂ ਵੀ ਆਸਰਾ ਲੈਂਦਾ ਹੈ ਭਾਵ ਉਹ ਪਾਠ ਦੇ ਇਤਿਹਾਸ ਅਧਿਐਨ ਨੂੰ ਸੁਹਜਬੱਧ ਨਿਰਣੇ ਰਾਹੀਂ ਸਮਝਦਾ ਹੈ।

ਨਜਮ ਹੁਸੈਨ ਸੱਯਦ ਦਾ ਅਧਿਐਨ ਖੇਤਰ

[ਸੋਧੋ]

ਨਜਮ ਹੁਸੈਨ ਸੱਯਦ ਦਾ ਮੁੱਖ ਕਾਰਜ ਮੱਧਕਾਲੀ ਸਾਹਿਤ ਦੀ ਆਲੇਚਨਾ ਨਾਲ ਸੰਬੰਧਿਤ ਹੈ। ਇਸੇ ਕਾਰਨ ਹੀ ਬਹੁਤ ਸਾਰੇ ਆਲੋਚਕ ਸੱਯਦ ਦੀ ਆਲੋਚਨਾ ਦ੍ਰਿਸ਼ਟੀ ਨੂੰ ਕਿਸ਼ਨ ਸਿੰਘ ਦੀ ਦ੍ਰਿਸ਼ਟੀ ਨਾਲ ਮੇਲ ਕੇ ਵੇਖਦੇ ਹਨ ਕਿਉਂਕਿ ਨੇ ਕਿਸ਼ਨ ਸਿੰਘ ਵਾਂਗ ਹੀ ਮੱਧਕਾਲੀ ਸਾਹਿਤ ਨੂੰ ਕ੍ਰਾਂਤੀਕਾਰੀ ਤੇ ਵਿਗਿਆਨਿਕ ਸਿੱਧ ਕਰਨ ਦੇ ਉਪਰਾਲੇ ਕੀਤੇ ਹਨ।ਉਸਨੇ ਮੱਧਕਾਲੀ ਸਾਹਿਤ ਵਿੱਚ ਸੂਫ਼ੀ ਕਾਵਿ ਤੇ ਕਿੱਸਾ ਕਾਵਿ ਸਮੇਤ ਲੋਕ ਗਾਥਾਵਾਂ ਦਾ ਅਧਿਐਨ ਪੇਸ਼ ਕੀਤਾ ਹੈ।ਮੱਧਕਾਲੀ ਸਾਹਿਤ ਵਿੱਚ ਉਹ ਸੂਫ਼ੀ ਕਾਵਿ,ਕਿੱਸਾ ਕਾਵਿ ਦੇ ਪ੍ਰਸਿੱਧ ਕਵੀਆਂ ਦੀ ਰਚਨਾ ਦਾ ਇਤਿਹਾਸਕ ਪਰਿਪੇਖ ਤੋਂ ਰੂਪਗਤ ਅਧਿਐਨ ਕਰਦਾ ਹੈ। ਉਸ ਲਈ ਮੱਧਕਾਲੀ ਸਾਹਿਤ ਇੱਕ ਸੰਪੂਰਨ ਇਕਾਈ ਹੈ ਤੇ ਸਾਰੇ ਪਾਠ ਕੁਝ ਸਾਂਝੇ ਨੇਮਾਂ।ਰੀਤਾਂ ਉਪਰ ਹੀ ਅਧਾਰਿਤ ਹਨ। ਇਸ ਤਰ੍ਹਾਂ ਉਹ 'ਸੇਧਾਂ' ਪੁਸਤਕ ਵਿਚਲੇ ਲੇਖ 'ਸਲੋਕ ਫਰੀਦ' ਵਿੱਚ ਅਜਿਹੀ ਹੀ ਤੁਲਨਾਤਮਕ ਤੇ ਸੰਰਚਨਾਤਮਕ ਵਿਧੀ ਦੇ ਆਧਾਰ ਉੱਪਰ ਕਵੀਆ ਦਾ ਅਧਿਐਨ ਕਰਦਾ ਹੈ।

ਪੰਜਾਬੀ ਸ਼ਿਅਰ ਰੀਤ ਦਾ ਪੁਹਾੜ ਉਹ ਸਦੀਵੀ ਸੁਭਾਅ ਹਨ, ਜਿਹੜੇ ਸਾਨੂੰ ਰੂਪ ਵਟਾਂਦੀਆਂ ਅਟਕਲਾ ਅੰਦਰ ਸਾਹ ਲੈਂਦੇ ਪਏ ਲੱਭਦੇ ਹਨ। ਫਰੀਦ ਦਾ ਸੰਬੰਧ ਸੋਲ੍ਹਵੀ ਸਦੀ ਵਿੱਚ ਸ਼ਾਹ ਹੁਸੈਨ ਨਾਲ,ਸਤਾਰਵੀਂ ਸਦੀ ਵਿੱਚ ਬੁਲ੍ਹੇ ਸ਼ਾਹ ਨਾਲ, ਅਠਾਰਵੀਂ ਸਦੀ ਵਿੱਚ ਸਚਲ ਸਰਮਸਤ ਨਾਲ ਤੇ ਉਨ੍ਹੀਵੀ ਵਿੱਚ ਗ਼ਲਾਮ ਫਰੀਦ ਨਾਲ ਇਹਨਾਂ ਸਦੀਵੀ ਸ਼ੁਭਾਵਾਂ ਰਾਹੀਂ ਬਣਿਆ ਏ।ਫਰੀਦ ਦਾ ਆਪਣਾ ਸੁਭਾਅ ਜੇ ਵੇਖੋ ਤੇ ਉਹ ਨਾ ਹੁਸੈਨ ਨਾਲ ਰਲਦਾ ਤੇ ਨਾ ਬੁਲ੍ਹੇ ਤੇ ਨਾ ਸਚਲ ਨਾਲ।

ਉਸਨੇ ਸੂਫੀ ਕਾਵਿ ਦੇ ਨਾਲ-ਨਾਲ ਕੁਝ ਕੁ ਗੁਰਮਤਿ ਕਾਵਿ ਦਾ ਅਧਿਐਨ ਵੀ ਪੇਸ਼ ਕੀਤਾ।ਮਿਸਾਲ ਵਜੋਂ ਉਸ ਦੀ ਪੁਸਤਕ 'ਸੱਚ ਸਦਾ ਆਬਾਦੀ ਕਰਨਾ' ਵੇਖੀ ਜਾ ਸਕਦੀ ਹੈ ਜਿਸ ਵਿੱਚ ਉਸਨੇ ਗੁਰੂ ਨਾਨਕ ਦੇਵ ਜੀ ਦੇ ਇੱਕ ਸਲੋਕ ਦਾ ਨਿਕਟ ਅਧਿਐਨ ਕੀਤਾ ਹੈ।[2]

ਨਜਮ ਹੁਸੈਨ ਸੱਯਦ ਦੀ ਅਧਿਐਨ ਦ੍ਰਿਸ਼ਟੀ ਦੇ ਮੂਲ ਆਧਾਰ

[ਸੋਧੋ]

ਸਿਧਾਂਤਕ ਪੱਖ ਉੱਪਰ ਆਧਾਰਿਤ ਦਿ੍ਸ਼ਟੀ

[ਸੋਧੋ]

ਨਜਮ ਹੁਸੈਨ ਸੱਯਦ ਆਪਣੀ ਆਲੋਚਨਾ-ਵਿਧੀ ਵਿੱਚ ਕਿਸੇ ਸਾਹਿਤ ਕਿਰਤ ਦੇ ਸਰਲ ਅਰਥੀ ਸਾਰ ਨੂੰ ਪੇਸ਼ ਕਰਨ ਦੀ ਥਾਂ,ਕਿਸੇ ਸਾਹਿਤ ਕਿਰਤ ਨੂੰ ਸਮੁੱਚ ਵਜੋਂ ਗ੍ਰਹਿਣ ਕਰਦਿਆਂ,ਇਸ ਕਿਰਤ ਦੇ ਪਾਠ ਨੂੰ ਆਧਾਰ ਬਣਾਉਂਦਿਆ ਇਸ ਵਿੱਚ ਪੇਸ਼ ਸਮਾਜਕ ਮਨੁੱਖੀ ਕੀਮਤਾਂ ਦੇ ਟਕਰਾਂ ਨੂੰ ਸਮਝਣ ਅਤੇ ਵਿਆਖਿਆਉਣ ਦਾ ਯਤਨ ਕਰਦਾ ਹੈ। ਇਹੀ ਕਾਰਣ ਹੈ ਕਿ ਉਹ ਲੇਕ-ਕਹਾਣੀਆਂ,ਸੂਫ਼ੀ ਕਵੀਆਂ ਦੀਆਂ ਕਾਫ਼ੀਆਂ ਜਾਂ ਪੂਰਨ ਆਦਿ ਕਿੱਸਿਆ ਵਿੱਚ ਪੇਸ਼ ਕੇਵਲ ਕਹਾਣੀਆਂ ਨੂੰ ਹੀ ਸਭ ਕੁੱਝ ਪ੍ਰਵਾਨ ਨਹੀਂ ਕਰਦਾ।ਇਸਦੇ ਉਲਟ ਉਹ ਸਾਹਿਤ ਕਿਰਤਾਂ ਵਿੱਚ ਪੇਸ਼ ਯਥਾਰਥ ਅਤੇ ਸਮਾਜਕ ਅਨੁਭਵ ਨੂੰ ਸਾਡੀ ਸੰਸਕਿ੍ਤੀ,ਸਮਾਜਿਕ ਜੀਵਨ ਅਤੇ ਇਤਿਹਾਸ ਦੇ ਇੱਕ ਵਿਸ਼ੇਸ਼ ਪ੍ਰਗਟਾ ਵਜੋਂ ਸਵੀਕਾਰ ਕਰਦਾ ਹੈ। ਉਹ ਸਾਹਿਤ ਕਿਰਤਾਂ ਜਾਂ ਲੋਕ ਕਹਾਣੀਆਂ ਵਿੱਚ ਪੇਸ਼ ਵਿਸ਼ੇਸ਼ ਪਾਤਰਾਂ,ਘਟਨਾਵਾਂ ਅਤੇ ਕਥਾਵਾਂ ਰਾਹੀਂ ਪੇਸ਼ ਵਿਆਪਕ ਅਤੇ ਸਦੀਵੀ ਮਨੁੱਖੀ ਸਮੱਸਿਆਵਾਂ ਨੂੰ ਸਮਝਣ ਅਤੇ ਸਮਝਾਉਣ ਦਾ ਯਤਨ ਕਰਦਾ ਹੈ।ਸੱਯਦ ਦੀ ਆਲੋਚਨਾ ਸਾਹਿਤ,ਸਮਾਜ,ਸੰਸਕ੍ਰਿਤੀ ਦੇ ਡੂੰਘੇ ਸੰਬੰਧਾਂ ਨੂੰ ਹੀ ਮੂਰਤੀਮਾਨ ਨਹੀਂ ਕਰਦੀ ਸਗੋਂ ਇਹ ਇਨ੍ਹਾਂ ਦੇ ਦਵੰਦਵਾਦੀ ਸੰਬੰਧਾਂ ਨੂੰ ਵੀ ਮੂਰਤੀਮਾਨ ਕਰਦੀ ਹੈ।ਇਹੀ ਕਾਰਣ ਹੈ ਕਿ ਉਸਦੇ ਵਿਚਾਰ ਵਿੱਚ ਸੰਸਕ੍ਰਿਤੀ ਅਤੇ ਸਮਾਜਕ ਜੀਵਨ,ਸਾਹਿਤ ਲਈ ਮਸਾਲਾ ਪ੍ਰਦਾਨ ਕਰਦੇ ਹਨ।

ਸੱਯਦ ਆਲੋਚਨਾ ਸਿਧਾਂਤਕ ਪੱਖ ਵਿੱਚ ਸਾਹਿਤ ਕਿਰਤਾਂ ਦੀ ਵਿਸਤਾਰ ਵਿੱਚ ਵਿਆਖਿਆ ਅਤੇ ਉਹਨਾਂ ਦੇ ਵਿਸ਼ਲੇਸ਼ਣ ਤੋਂ ਬਾਅਦ,ਇਨ੍ਹਾਂ ਵਿੱਚ ਪੇਸ਼ ਸਾਂਝੇ ਵਿਚਾਰਾਂ ਜਾਂ ਸਾਂਝੀਆਂ ਜੁਗਤਾਂ ਨੂੰ ਵੀ ਸਾਡੀ ਨਜ਼ਰ ਭਾਵ ਪੇਸ਼ ਕਰਦਾ ਹੈ। ਅਜਿਹਾ ਕਰਦਿਆਂ ਉਹ ਪੰਜਾਬੀ ਸਾਹਿਤ ਦੀ ਨਿਵੇਕਲੀ ਪਰੰਪਰਾ ਨੂੰ ਵੀ ਉਜਾਗਰ ਕਰਦਾ ਹੈ।ਉਹ ਇਸ ਪਰੰਪਰਾ ਵਿੱਚ ਪੇਸ਼ ਵਿਅਕਤੀਗਤ ਨਿਰੰਤਰਤਾ ਨੂੰ ਵੀ ਉਜਾਗਰ ਕਰ ਜਾਂਦਾ ਹੈ,ਜੋ ਹਰ ਸ਼ਾਇਰ ਆਪਣੀ ਨਿਵੇਕਲੀ ਅਤੇ ਵਿਸ਼ੇਸ਼ ਰਚਨਾ ਨਾਲ ਸਾਕਾਰ ਕਰਨੀ ਲੋਚਦਾ ਹੈ।ਆਪਣੀ ਆਲੋਚਨਾ ਵਿਧੀ ਵਿੱਚ ਸੱਯਦ ਸਾਹਿਤ ਕਿਰਤ ਵਿੱਚ ਪੇਸ਼ ਉਪਰਲੇ ਜਾਂ ਦਸਦੇ ਅਰਥਾਂ ਤੀਕ ਨਾ ਜਾ ਕੇ,ਇਸਦੇ ਲੁਪਤ ਭਾਵ ਲੁਕੇ ਹੋਏ ਅਰਥਾਂ ਤੀਕ ਪਹੁੰਚਣ ਦਾ ਯਤਨ ਕਰਦਾ ਹੈ।ਇਹੀ ਕਾਰਣ ਹੈ ਕਿ ਉਹ ਸਾਹਿਤ ਕਿਰਤਾਂ ਜਾਂ ਲੋਕ ਕਹਾਣੀਆਂ ਵਿੱਚ ਪੇਸ਼ ਵੱਖ-ਵੱਖ ਚਿੰਨ੍ਹਾਂ ਨੂੰ ਉਹਨਾਂ ਦੇ ਸਹੀ ਸਮਾਜਿਕ ਸੰਸਕਿ੍ਤਕ ਪਿਛੋਕੜ ਵਿੱਚ ਰੱਖ ਕੇ ਪੇਸ਼ ਕਰਦਾ ਹੈ। ਇਹੀ ਕਾਰਣ ਹੈ ਕਿ ਝਨਾਂ ਨੂੰ ਦੋ ਵਿਰੋਧੀ ਸਮਾਜਿਕ ਕੀਮਤਾਂ ਵਿਚਲੇ ਟਕਰਾਂ ਜਾਂ ਸਮਾਜਿਕ ਕੰਧ ਦੀ ਨਿਸ਼ਾਨੀ ਸਮਝਦਿਆਂ ਉਹ ਲਿਖਦਾ ਹੈ, "ਉਸ ਭਰਾਵਾਂ ਦੀ ਜੂਹ ਤੇ ਹੀਰ ਦੀ ਜੂਹ ਵਿਚਕਾਰ ਵਗਦੀ ਝਨਾਂ ਪਾਰ ਕੀਤੀ ਆਹੀ ਤੇ ਹੀਰ ਦੀ ਜੂਹੇ ਵੜਿਆ ਤਾਂ ਫੱਕਰ ਵਾਲਾ  ਨਿਹੁੰ ਪਕੇਰਾ ਥੀ ਗਿਆ।"

ਇਸ ਵਿਸ਼ਲੇਸ਼ਣ ਤੋਂ ਬਾਅਦ,ਸੱਯਦ ਦੀ ਆਲੋਚਨਾ-ਦ੍ਰਿਸ਼ਟੀ ਬਾਰੇ ਮੰਨਿਆ ਜਾ ਸਕਦਾ ਹੈ ਕਿ ਇਹ ਸਾਹਿਤ ਕਿਰਤ ਜਾਂ ਰਚਨਾ ਦੇ ਪਾਠ-ਮੂਲਕ ਵਿਸ਼ਲੇਸ਼ਣ ਤੋਂ ਆਰੰਭ ਹੋ ਕੇ,ਰਚਨਾ ਦਾ ਸੰਬੰਧ ਸਾਡੀ ਸੰਸਕ੍ਰਿਤੀ ਅਤੇ ਵਿਸ਼ੇਸ਼ ਸਮੇਂ ਦੇ ਸਮਾਜਿਕ ਜੀਵਨ ਦੇ ਸਾਹਿਤ ਰਚਨਾਵਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਨੂੰ ਦਵੰਦਾਤਮਕ ਢੰਗ ਨਾਲ ਪੇਸ਼ ਕਰਦੀ ਹੈ।ਮਾਰਕਸਵਾਦੀ ਆਲੋਚਨਾ ਵਿੱਚ ਸਾਹਿਤ ਨੂੰ ਸਮਾਜ ਦੇ ਸਿਰਜਣਾਤਮਕ ਪ੍ਰਤਿਬਿੰਬ ਵਜੋਂ ਸਵੀਕਾਰ ਕੀਤਾ ਜਾਂਦਾ ਹੈ।ਇਹ ਉਸਾਰ ਦਾ ਇੱਕ ਅੰਗ ਹੋਣ ਕਾਰਣ ਇੱਕ ਵਿਸ਼ੇਸ਼ ਵਿਚਾਰਧਾਰਕ ਰੂਪ ਹੈ ਪਰੰਤੂ ਮਾਰਕਸਵਾਦੀ ਦ੍ਰਿਸ਼ਟੀ ਨੀਂਹ ਦੇ ਦਵੰਦਾਤਮਕ ਸੰਬੰਧਾਂ ਨੂੰ ਸਵੀਕਾਰ ਕਰਦੀ ਹੈ।ਸੱਯਦ ਦੀ ਇਹ ਦ੍ਰਿਸ਼ਟੀ ਵੀ ਸਹੀ ਮਾਰਕਸਵਾਦੀ ਪਹੁੰਚ ਉੱਤੇ ਹੀ ਆਧਾਰਿਤ ਹੈ ਜਿਸ ਅਨੁਸਾਰ ਰਾਂਝਾ ਲੋਕ ਕਹਾਣੀਆਂ ਵਿਚੋਂ ਉਠ ਕੇ ਸਾਡੇ ਅਦਬ ਜਾਂ ਸਾਹਿਤ ਦਾ ਨਾਇਕ ਬਣ ਜਾਂਦਾ ਹੈ।ਰਾਂਝਾ ਜਦੋਂ ਪ੍ਰਚਲਿਤ ਸਭਿਅਤਾ ਦੇ ਵਿਹਾਰ ਨਾਲੋਂ ਆਪਣੇ ਸੰਬੰਧ ਤੋੜਦਾ ਹੈ ਤਾਂ ਉਹ ਉਹਨਾਂ ਸਮਾਜਿਕ ਕੀਮਤਾ ਦਾ ਵੀ ਵਿਰੋਧ ਕਰਦਾ ਹੈ ਜਿੱਥੇ ਕਿਸੇ ਮਨੁੱਖ ਦਾ ਸਤਿਕਾਰ ਉਸਦੇ ਮਨੁੱਖੀ ਗੁਣਾਂ ਕਰਕੇ ਨਹੀਂ ਸਗੋਂ ਉਸਦੇ ਕਬਜ਼ੇ ਹੇਠਲੀ ਜ਼ਮੀਨ,ਜਾਇਦਾਦ,ਉਸ ਦੀ ਜਾਤ ਜਾਂ ਗੋਤ ਕਾਰਣ ਉਸ ਨੂੰ ਮਹਾਨ ਜਾਂ ਵੱਡਾ ਮੰਨਿਆ ਜਾਂਦਾ ਹੈ।ਨਿੱਜੀ ਜਾਇਦਾਦ ਦੇ ਇਸ ਘਿਨਾਉਣੇ ਪੱਖ ਨੂੰ ਸੱਯਦ ਇਉਂ ਪੇਸ਼ ਕਰਦਾ ਹੈ,"ਮੂਲ ਬੰਦੇ ਨੂੰ ਆਪਣੇ ਆਪ ਨਾਲ ਹੋਰ ਮਖ਼ਲੂਕ ਨਾਲ ਕੋਈ ਸੱਚਾ ਸਾਗਾ ਨਹੀਂ ਕਰਨ ਦੇਂਦੀ।ਮੱਲ ਮੁਣਸ ਦੇ ਸਭ ਨੂੰ ਸੁਕਾ ਦੇਂਦਾ ਹੈ ਤੇ ਬੰਦੇ ਨੂੰ ਅਸਲੋਂ ਨਿਤਾਣਾ ਕਰਕੇ ਅਸਾਂਝ ਮਾਲਕੀ ਵਿਹਾਰ ਦੇ ਟੋਕੇ ਦਾ ਇੱਕ ਨਿੱਕਾ ਜਿਹਾ ਕਾਬਲਾ ਬਣਾ ਦੇਂਦਾ ਹੈ।" 

ਸੱਯਦ ਦਾ ਇਹ ਵਿਚਾਰ ਵੀ ਪੂਰਣ ਰੂਪ ਵਿੱਚ ਜਾਇਦਾਦ ਸੰਬੰਧੀ ਮਾਰਕਸਵਾਦੀ ਧਾਰਣਾ ਉੱਤੇ ਹੀ ਆਧਾਰਿਤ ਹੈ।ਇਨ੍ਹਾਂ ਸਾਰੀਆਂ ਉਪਰੋਕਤ ਉਦਾਹਰਣਾਂ ਤੋਂ ਸਪਸ਼ਟ ਹੈ ਕਿ ਸੱਯਦ ਨੇ ਲੋਕ-ਕਹਾਣੀ ਵਿੱਚ ਪ੍ਰੱਚਲਿਤ ਅਤੇ ਪੇਸ਼ ਕੀਤੇ ਵਿਰੋਧ ਨੂੰ ਨਿਰੋਲ ਪਾਤਰਾਂ ਦੇ ਦਿਸਦੇ ਵਿਰੋਧ ਤੋਂ ਅੱਗੇ ਜਾ ਕੇ,ਇਸਨੂੰ ਦੋ ਵਿਰੋਧੀ ਜਮਾਤਾਂ ਦੇ ਦ੍ਰਿਸ਼ਟੀਕੋਣ ਅਤੇ ਕੀਮਤਾਂ ਦੇ ਟਕਰਾ ਵਜੋਂ ਗ੍ਰਹਿਣ ਅਤੇ ਪ੍ਰਸਤੁਤ ਕੀਤਾ ਹੈ।ਅਜਿਹਾ ਕਰਕੇ ਉਸਦੀ ਆਲੋਚਨਾ ਸਾਹਿਤ ਅਤੇ ਸਮਾਜ ਤੇ ਸਾਹਿਤ ਅਤੇ ਸੰਸਕ੍ਰਿਤੀ ਦੇ ਦਵੰਦਾਤਮਕ ਸੰਬੰਧਾਂ ਨੂੰ ਸਹੀ ਮਾਰਕਸਵਾਦੀ ਦ੍ਰਿਸ਼ਟੀ ਤੋਂ ਉਜਾਗਰ ਕਰਦੀ ਹੈ।ਇਉਂ,ਇਹ ਕਹਾਣੀਆਂ ਸਾਹਿਤਕ-ਰਚਨਾਵਾਂ ਦੇ ਰੂਪ ਵਿੱਚ ਮਨ-ਪ੍ਰਚਾਵੇ ਦਾ ਸਾਧਨ ਨਾ ਰਹਿ ਕੇ ਸਾਡੇ ਸਮੁੱਚੇ ਸਾਂਸਕ੍ਰਿਤਕ ਅਤੇ ਸਮਾਜਿਕ ਇਤਿਹਾਸ ਦਾ ਇੱਕ ਸਜੀਵ ਪ੍ਰਤਿਬਿੰਬ ਹੋ ਨਿੱਬੜਦੀਆਂ ਹਨ। 

ਵਿਹਾਰਕ ਪੱਖ ਉੱਪਰ ਆਧਾਰਿਤ ਦ੍ਰਿਸ਼ਟੀ

[ਸੋਧੋ]

ਨਜਮ ਹੁਸੈਨ ਸੱਯਦ ਨੇ ਕਿਸੇ ਵੀ ਪਾਠ ਉਪਰ ਵਿਚਾਰ ਕਰਨ ਲਈ ਵਿਆਖਿਆ ਪੱਧਤੀ ਦਾ ਆਸਰਾ ਲਿਆ ਹੈ। ਕਿਸੇ ਵੀ ਸਾਹਿਤ ਕਿਰਤਾ ਦੀ ਵਿਆਖਿਆ,ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨਾ ਹੀ ਕਿਸੇ ਆਲੇਚਕ ਦਾ ਅਸਲ ਕਰਤੱਵ ਪ੍ਰਵਾਨ ਕੀਤਾ ਜਾਂਦਾ ਹੈ। ਸਿਧਾਂਤ ਸਥਾਪਨ ਦੇ ਨਾਲ-ਨਾਲ ਸੱਯਦ ਨੇ ਵੱਖ-ਵੱਖ ਸਾਹਿਤ ਕਿਰਤਾਂ ਦੀ ਆਲੋਚਨਾ ਕਰਨ ਹਿਤ,ਕਈ ਵਿਲੱਖਣ ਜੁਗਤਾਂ ਨੂੰ ਪ੍ਰਯੋਗ ਵਿੱਚ ਲਿਆਂਦਾ ਹੈ। ਇਸ ਆਧਾਰ ਤੇ ਨਜਮ ਹੁਸੈਨ ਸੱਯਦ ਦੀ ਆਲੋਚਨਾ ਅੰਤਿਮ ਪੜਾਅ ਤੱਕ ਪੁੱਜਦੀ ਪ੍ਰਤੀਤ ਨਹੀਂ ਹੁੰਦੀ। ਡਾ. ਹਰਿਭਜਨ ਸਿੰਘ ਭਾਟੀਆ ਅਨੁਸਾਰ, "ਨਜਮ ਹੁਸੈਨ ਸੱਯਦ ਉਚੇਚੇ ਤੌਰ ਉਤੇ ਸਾਹਿਤ-ਸਿਧਾਂਤ ਦੀ ਉਸਾਰੀ ਵੱਲ ਰੁਚਿਤ ਨਹੀਂ,ਉਹ ਤਾਂ ਕੇਵਲ ਸਾਹਿਤ-ਪਾਠਾਂ ਦੀ ਆਲੋਚਨਾ ਕਰਨ ਨਾਲ ਹੀ ਆਪਣਾ ਬਹੁਤਾ ਵਾਹ-ਵਾਸਤਾ ਰੱਖਦਾ ਹੈ।"

ਵਿਹਾਰਕ ਆਲੋਚਨਾ ਵਿੱਚੋਂ ਹੀ ਸਿਧਾਂਤ ਦੀ ਉਸਾਰੀ ਹੁੰਦੀ ਹੈ ਤੇ ਫਿਰ ਸਿਧਾਂਤ ਤੇ ਵਿਹਾਰ ਦੀ ਦਵੰਦਾਤਮਕ ਪਹੁੰਚ ਰਾਹੀਂ ਸੋਧ ਦਾ ਸਿਲਸਿਲਾ ਨਿਰੰਤਰ ਚਲਦਾ ਰਹਿੰਦਾ ਹੈ। ਉਸ ਨੇ ਸਾਹਿਤ ਨੂੰ ਵਿਆਖਿਆ ਸਿਧਾਂਤ ਰਾਹੀਂ ਫਰੋਲਣ ਦਾ ਵਧੇਰੇ ਯਤਨ ਕੀਤਾ ਹੈ ਜਿਸ ਵਿੱਚ ਇਤਿਹਾਸ ਦ੍ਰਿਸ਼ਟੀ ਵੱਖ-ਵੱਖ ਪੱਖ ਤੋਂ ਕਾਰਜਸ਼ੀਲ ਰਹਿੰਦੀ ਹੈ।ਉਸ ਦੀ ਸਾਹਿਤ ਆਲੋਚਨਾ ਦੀ ਇੱਕ ਜੁਗਤ ਇਹ ਹੈ ਕਿ ਉਹ ਕਹਾਣੀ ਜਾਂ ਸਾਹਿਤ ਕਿਰਤ ਵਿੱਚ ਪੇਸ਼ ਵੱਖ-ਵੱਖ ਸ਼ਬਦਾਂ,ਸੰਕਲਪਾਂ ਨੂੰ ਵਿਸ਼ੇਸ਼ ਚਿੰਨ੍ਹਾਂ ਵਜੋਂ ਗ੍ਰਹਿਣ ਕਰਨ ਦਾ ਯਤਨ ਕਰਦਾ ਹੈ,ਜਿਹੜੇ ਨਿਸ਼ਚੇ ਹੀ ਸਾਡੀ ਸੰਸਕਿ੍ਤੀ ਨਾਲ ਜੁੜੇ ਹੋਣ ਕਾਰਣ ਹੀ ਆਪਣੇ ਵਿਸ਼ੇਸ਼ ਅਰਥ ਗ੍ਰਹਿਣ ਕਰਦੇ ਹਨ।ਹੁਣ ਤੀਕ ਦਾ ਅਧਿਐਨ ਉਸਦੀ ਆਲੋਚਨਾ-ਵਿਧੀ ਦੀ ਮੌਲਿਕਤਾ ਨੂੰ ਹੀ ਸਥਾਪਿਤ ਕਰਦਾ ਹੈ।

ਸੱਯਦ ਦੀ ਆਲੋਚਨਾ ਦੀ ਭਾਸ਼ਾ

[ਸੋਧੋ]

ਨਜਮ ਹੁਸੈਨ ਸੱਯਦ ਪਾਕਿਸਤਾਨੀ ਪੰਜਾਬੀ ਆਲੋਚਕ ਹੋਣ ਕਾਰਨ ਸ਼ਾਹਮੁਖੀ ਲਿਪੀ ਵਿੱਚ ਲਿਖਦਾ ਹੈ।ਉਸਦੀ ਵਧੇਰੇ ਰਚਨਾ ਉਪਰ ਲਹਿੰਦੀ ਦਾ ਅਸਰ ਹੈ।ਉਹ ਗਲਪੀ ਭਾਸ਼ਾ ਨੂੰ ਆਲੋਚਨਾ ਵਿੱਚ ਵਰਤਦਾ ਹੈ ਤੇ ਇਸ ਤਰ੍ਹਾਂ ਆਲੋਚਨਾ ਦੇ ਪਾਠਕ ਨੂੰ ਦੀ ਆਲੋਚਨਾ ਵਿਚੋਂ ਵੱਖਰਾ ਜਿਹਾ ਸੁਆਦ ਵੀ ਆਉਂਦਾ ਹੈ।ਉਸਦੀ ਭਾਸ਼ਾ ਨੂੰ 'ਰਚਨਾਤਮਕ ਭਾਸ਼ਾ' ਕਿਹਾ ਜਾ ਸਕਦਾ ਹੈ।ਉਸ ਦੀਆਂ ਆਲੋਚਨਾ ਪੁਸਤਕਾਂ ਦੇ ਲੇਖਾਂ ਦੇ ਸਿਰਲੇਖ ਪੜ੍ਹ ਕੇ ਹੀ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਉਹ ਆਲੋਚਨਾ ਵਿੱਚ ਗਲਪੀ ਭਾਸ਼ਾ ਦੀ ਵਰਤੋਂ ਕਰ ਰਿਹਾ ਹੈ।'ਸਾਰਾ' ਪੁਸਤਕ ਦੇ ਪਹਿਲੇ ਲੇਖ ਨਦੀਓ ਪਾਰ ਰਾਂਝਣ ਦਾ ਠਾਣਾ ਵਿਚਲੀਆਂ ਪਹਿਲੀਆਂ ਇਹ ਸਤਰਾਂ ਇਸ ਪੱਖੋ ਵਰਣਨਯੋਗ ਹਨ:- 'ਦਰਿਆ ਸਾਡਾ ਰਾਖਾ ਆਹਾ।ਸਾਨੂੰ ਖਲੋਣ ਤੋਂ,ਉਭਰਨ ਤੋਂ,ਵਧਣ ਤੋਂ ਵਰਜਦਾ।ਆਪਣੇ ਆਪ ਤੋਂ ਬਾਹਰ ਨਿਕਲਣੋਂ ਵਰਜਦਾ।ਸਾਡੀ ਸੋਚ ਉਡਾਰੀ ਕੋਲੋਂ, ਸਾਡਿਆਂ ਸੁਪਨਿਆਂ ਕੋਲੋਂ ਸਾਨੂੰ ਬਚਾਵੰਦਾ। ਆਪਣੀ 'ਮੈਂ' ਵੱਲੋ ਨਿਕਲ ਕੇ ਆਪਣੇ 'ਤੂੰ' ਵੱਲ ਵਗਣੋਂ ਹਟਕਦਾ। ਉਹ ਬਹੁਤੀ ਸੰਕਲਪ ਭਾਸ਼ਾ ਜਾਂ ਪਦਾਂ ਦੀ ਵਰਤੋਂ ਦੀ ਬਜਾਇ ਆਮ ਵਰਤੇ ਜਾਂਦੇ ਸ਼ਬਦਾਂ ਦੀ ਵਰਤੋ ਕਰਦਾ ਹੈ ਜਿਵੇਂ-ਸੈਨਤ,ਰਮਜ਼,ਰਹੱਸ,ਰੂਪ,ਰਸ,ਗੀਤ ਆਦਿ ਸ਼ਬਦ ਸੰਕਲਪਾਂ ਦੀ ਜਗ੍ਹਾਂ ਵਰਤੇ ਗਏ ਹਨ।

ਨਵੀਆਂ ਧਾਰਨਾਵਾਂ ਅਪਣਾਉਣ ਵਾਲਾ ਆਲੋਚਕ

[ਸੋਧੋ]

ਸੱਯਦ ਅਜਿਹੀ ਕਿਸਮ ਦੀ ਆਲੋਚਨਾ ਵਿਧੀ ਨੂੰ ਨਕਾਰਦਾ ਹੈ ਜੋ ਸੁਣੀਆਂ-ਸੁਣਾਈਆਂ ਤੇ ਪ੍ਰਚਲਿਤ ਧਾਰਨਾਵਾਂ, ਮਨੌਤਾ ਉੱਪਰ ਆਧਾਰਿਤ ਹੁੰਦੀ ਹੈ।ਪੰਜਾਬੀ ਦੀ ਸ਼ੁਰੂਆਤੀ ਆਲੋਚਨਾ ਜੋ ਕਿ ਬਾਵਾ ਬੁੱਧ ਸਿੰਘ ਤੇ ਮੌਲਾ ਬਖ਼ਸ਼ ਕੁਸ਼ਤਾ ਹੋਰਾਂ ਨੇ ਕੀਤੀ, ਉਹ ਬਹੁਤੀ ਪ੍ਰਭਾਵਵਾਦੀ,ਪ੍ਰਸ਼ੰਸਾਵਾਦੀ ਕਿਸਮ ਦੀ ਸੀ,ਤੇ ਮਨੌਤਾਂ ਤੇ ਪ੍ਰਚਲਿਤ ਧਾਰਨਾਵਾਂ ਤੋਂ ਆਸਰਾ ਲੈਂਦੀ ਸੀ। ਇਸ ਕਿਸਮ ਦੀ ਆਲੋਚਨਾ ਤੋਂ ਨਜਮ ਹੁਸੈਨ ਸੱਯਦ ਦੂਰ ਕਰਦਾ ਹੈ। ਅਜਿਹੀ ਕਿਸਮ ਦੀ ਆਲੋਚਨਾ ਬਾਰੇ ਉਸਦਾ ਮੰਨਣਾ ਹੈ ਕਿ,ਅਸਾਡੀ ਪੁਰਾਣੀ ਸ਼ਾਇਰੀ ਨੂੰ ਪੜ੍ਹਨ ਦਾ ਇੱਕ ਪੁਰਾਣਾ ਢੰਗ ਹੈ।ਉਹ ਇਹ ਬਈ ਕਾਫ਼ੀ ਨੂੰ(ਜਾਂ ਕਿੱਸਾ,ਦੋਹੜਾ,ਜੋ ਵੀ ਸਾਹਮਣੇ ਹੋਵੇ,ਉਹਨੂੰ) ਇੱਕ ਉਚੇਰੀ ਕਿਰਤ ਜਾਂ ਬਣਤਰ ਨਹੀਂ ਸਮਝਿਆ ਜਾਂਦਾ।ਕੁਝ ਖਿਆਲਾਂ ਨੂੰ ਜਿਹੜੇ ਅਗਦੋਂ ਹੀ ਸਾਡੇ ਕੋਲ ਹੁੰਦੇ ਹਨ,ਕਾਫ਼ੀ ਉੱਤੇ ਥੋਪ ਦਿੱਤਾ ਜਾਂਦਾ ਹੈ।

ਇਸ ਪੱਖ ਤੋਂ ਉਹ ਉਪਰੋਕਤ ਸਿੱਧੜ ਤੇ ਪ੍ਰਭਾਵਾਵਾਦੀ ਦ੍ਰਿਸ਼ਟੀ ਦਾ ਖੰਡਨ ਕਰਦਾ ਹੈ ਤੇ ਅਜਿਹੀ ਆਲੋਚਨਾ ਨੂੰ ਰੱਦ ਕਰ ਦਿੰਦਾ ਹੈ।ਸੱਯਦ ਪ੍ਰਸੰਸਾਮਈ ਤੇ ਮਨਭਾਉਂਦੇ ਵਿਚਾਰਾਂ ਦੀ ਪੇਸ਼ਕਾਰੀ ਵਾਲੀ ਆਲੋਚਨਾ ਨੂੰ ਆਲੋਚਨਾ ਨਹੀਂ ਮੰਨਦਾ।ਇਸ ਤਰ੍ਹਾਂ ਸੱਯਦ ਦੀ ਦ੍ਰਿਸ਼ਟੀ ਰਚਨਾ ਦੇ ਸੰਰਚਨਾਤਮਕ ਅੰਗਾਂ ਬਣਤਰ ਤੇ ਬੁਣਤੀ ਦੇ ਵੱਖ-ਵੱਖ ਪੱਖਾਂ ਨੂੰ ਫੜ੍ਹ ਕੇ ਅਧਿਐਨ ਕਰਨ ਵਾਲੀ ਹੈ।

ਸਾਹਿਤ ਸਿਧਾਂਤ ਬਾਰੇ ਨਜਮ ਦੇ ਵਿਚਾਰ

[ਸੋਧੋ]
  • ਸਾਹਿਤ ਰਚਨਾ ਕਲਾ ਤੇ ਕਥ ਦੀ ਸੰਯੁਕਤੀ ਦਾ ਨਾਂ ਹੈ।
  • ਜਿਹੜੀਆਂ ਰਮਜ਼ਾਂ ਤੇ ਸੈਨਤਾਂ,ਸਾਹਿਤਕਾਰ ਆਪਣੀ ਰਚਨਾ ਵਿੱਚ ਵਰਤਦਾ ਹੈ,ਉਹ ਉਹਦੇ ਵਸੇਬ,ਆਪਣੇ ਆਲੇ ਦੁਆਲੇ ਅਤੇ ਹੱਡਵਰਤੀ ਵਿਚੋਂ ਹੁੰਦੀਆਂ ਹਨ।
  • ਸਾਹਿਤ ਰਚਨਾ ਦਾ ਸਰੂਪ ਸਿੱਧ ਪੱਧਰਾ ਤੇ ਇਕਹਿਰਾ ਨਹੀਂ ਹੁੰਦਾ ਬਲਕਿ ਅਤਿ ਡੂੰਘਾ ਅਤੇ ਗੁੰਝਲਦਾਰ ਹੁੰਦਾ ਹੈ।
  • ਇਸ ਤਰ੍ਹਾਂ ਸਾਹਿਤ ਦੀ ਹੋਂਦ ਵਿਧੀ ਬਾਰੇ ਚਰਚਾ ਕਰਦਾ ਹੋਇਆ,ਉਹ ਆਮ ਭਾਸ਼ਾ ਤੇ ਸਾਹਿਤ ਭਾਸ਼ਾ ਦਾ ਨਿਖੇੜਾ ਕਰਦਾ ਹੈ,ਅਤੇ ਸਾਹਿਤ ਦੀ ਜਟਿਲ ਹੋਂਦ ਬਾਰੇ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ।ਉਹ ਆਪਣੀ ਸਾਹਿਤ ਆਲੇਚਨਾ ਉੱਪਰ ਸਾਹਿਤ ਸਿਧਾਂਤ ਨੂੰ ਭਾਰੂ ਨਹੀਂ ਹੋਣ ਦਿੰਦਾ ਜਿਹਾ ਕਿ ਕਈ ਪੰਜਾਬੀ ਆਲੇਚਕਾਂ ਦੀ ਕਮਜ਼ੋਰੀ ਦਿਸਦੀ ਹੈ,ਪਰ ਸਹਿਜ ਰੂਪ ਵਿੱਚ ਵੀ ਸਿਧਾਂਤ ਦੀ ਗੱਲ ਕਰ ਜਾਂਦਾ ਹੈ।[3]

ਨਜਮ ਹੁਸੈਨ ਸੱਯਦ ਦੀਆਂ ਆਲੋਚਨਾਤਮਕ ਜੁਗਤਾਂ

[ਸੋਧੋ]

ਨਜਮ ਹੁਸੈਨ ਸੱਯਦ ਆਪਣੇ ਸਮੁੱਚੇ ਆਲੋਚਨਾ ਵਿਹਾਰ ਨੂੰ ਆਮ ਬੋਲ-ਚਾਲ ਦੀ ਭਾਸ਼ਾ ਅਤੇ ਲਹਿੰਦੀ ਉਪਬੋਲੀ ਦੇ ਮਿਸ਼ਰਨ ਨਾਲ ਉਸਾਰਿਆ ਹੈ।ਪੰਜਾਬੀ ਦੇ ਕੁੱਝ ਚਿੰਤਕਾਂ ਨੇ ਉਸ ਦੀ ਕੀਲ ਲੈਣ ਵਾਲੀ ਸਧਾਰਨ ਸੰਚਾਰ ਦੀ ਭਾਸ਼ਾ ਤੇ ਲਹਿੰਦੀ ਦੇ ਮਿਲਗੋਭੇ ਦੀ ਖ਼ੂਬ ਪ੍ਰਸੰਸਾ ਕੀਤੀ ਹੈ।ਨਜਮ ਹੁਸੈਨ ਸੱਯਦ ਵਿਆਖਿਆ ਵੇਲੇ ਉਹ ਆਪਣਾ ਧਿਆਨ ਸ਼ਾਇਰੀ ਦੀ ਭਾਸ਼ਾ ਉੱਪਰ ਟਿਕਾਉਂਦਾ ਹੋਇਆ ਉਸਦੇ ਨਵੇਕਲੇ ਅੰਦਾਜ਼ ਰਾਹੀ,ਮਹੀਨ ਤੇ ਪੁਖਤਾਂ ਨਜ਼ਰ ਨਾਲ,ਉਸ ਦੀ ਰੂਹ ਤੱਕ ਅਪੜਣ ਦਾ ਯਤਨ ਕਰਦਾ ਹੈ।ਉਹ ਆਪਣੀਆਂ ਲਿਖਤਾਂ ਨੂੰ ਲੋਕਾਂ ਤੱਕ ਸਾਧਾਰਨ ਭਾਸ਼ਾ ਵਿੱਚ ਪਹੁੰਚਾਉਂਦਾ ਹੈ।ਉਸਨੇ ਕੋਲ ਹਰ ਕਥਾ ਨੂੰ ਆਪਣੀ ਸੋਚ ਦੇ ਅਨੁਸਾਰੀ ਬਣਾ ਲੈਣ ਦੀ ਅਟਕਲ ਮੌਜੂਦ ਹੈ,ਅਤੇ ਇਸ ਚਕਾਚੌਂਪ ਕਰਨ ਵਾਲੀ ਅਟਕਲ ਦੀ ਉਹ ਖ਼ਬੂ ਵਰਤੋਂ ਕਰਦਾ ਹੈ।[4]

ਮੁਲਾਂਕਣ

[ਸੋਧੋ]

ਨਜਮ ਹੁਸੈਨ ਸੱਯਦ ਦੀ ਆਲੋਚਨਾ ਦ੍ਰਿਸ਼ਟੀ ਦਾ ਮੁਲਾਂਕਣ ਕਰਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਉਸਨੇ ਮੱਧਕਾਲੀ ਸਾਹਿਤ ਉੱਪਰ ਧਿਆਨ ਕੇਂਦਰਿਤ ਕਰਦਿਆ ਵਿਹਾਰਕ ਆਲੋਚਨਾ ਅਧੀਨ ਸਾਹਿਤ,ਸੱਭਿਆਚਾਰ,ਸਮਾਜ ਤੇ ਇਤਿਹਾਸ ਦੇ ਦਵੰਦਾਤਮਕ ਸੰਬੰਧਾਂ ਨੂੰ ਵਿਗਿਆਨਕ ਢੰਗ ਨਾਲ ਪੇਸ਼ ਕੀਤਾ ਹੈ।ਉਸਨੇ ਆਪਣੇ ਅਧਿਐਨ ਵਿੱਚ ਸੰਰਚਨਾਤਮਕ,ਰੂਪਗਤ,ਨਵ-ਆਲੋਚਨਾ ਦੇ ਸੰਕਲਪਾਂ ਨੂੰ ਵਰਤੋਂ ਵਿੱਚ ਲਿਆਂਦਾ ਹੈ ਤੇ ਤੱਥਾਂ ਦੇ ਆਧਾਰ ਤੇ ਸਾਹਿਤ ਦੀ ਪਰਖ-ਆਲੋਚਨਾ ਵਿੱਚ ਅੰਤਰ-ਅਨੁਸ਼ਾਸਨੀ ਅਧਿਐਨ ਦੀਆਂ ਨਵੀਆਂ ਪੈੜਾਂ ਨੂੰ ਸਥਾਪਿਤ ਕੀਤਾ ਹੈ।ਉਹ ਮੂਲ ਰੂਪ ਵਿੱਚ ਵਿਰਸੇ ਦੀ ਚਕਾਚੌਂਧ ਕਰ ਦੇਣ ਵਾਲੀ ਪ੍ਰਤੀਕਵਾਦੀ ਵਿਆਖਿਆ ਕਰਨ ਵਾਲਾ ਆਲੋਚਕ ਹੈ।

ਹਵਾਲੇ

[ਸੋਧੋ]
  1. 1.0 1.1 ਜੁੰਮੇ ਦੀ ਸੰਗਤ ਤੇ ਨਜਮ ਹੁਸੈਨ ਸੱਯਦ
  2. ਮਾਰਕਸਵਾਦੀ ਪੰਜਾਬੀ ਆਲੋਚਨਾ,ਸੁਰਜੀਤ ਸਿੰਘ ਭੱਟੀ
  3. ਪੰਜਾਬੀ ਆਲੋਚਨਾ ਸਿਧਾਂਤ ਤੇ ਵਿਹਾਰ
  4. ਪੁਨਰ ਸੰਵਾਦ,ਤੇਜਵੰਤ ਸਿੰਘ ਗਿੱਲ