ਪੰਜਾਬੀ ਪਿੰਡ : ਬਦਲਦਾ ਮੁਹਾਂਦਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਣ ਪਛਾਣ[ਸੋਧੋ]

ਕੋਈ ਸਮਾਂ ਸੀ ਜਦੋਂ ਪਿੰਡਾਂ ਵਿੱਚ ਲੋਕ ਬੜੇ ਹੀ ਮੋਹ-ਪਿਆਰ ਦੀ ਭਾਵਨਾ ਨਾਲ ਲਬਰੇਜ ਸਨ। ਹਰ ਪਿੰਡ ਦੀ ਆਪਣੀ ਇੱਕ ਵੱਖਰੀ ਨੁਹਾਰ ਹੁੰਦੀ ਸੀ। ਪਿੰਡ ਦੇ ਅੰਦਰ ਵੜਦਿਆਂ ਹੀ ਇਹ ਅਹਿਸਾਸ ਹੋ ਜਾਂਦਾ ਸੀ ਕਿ ਇਸ ਪਿੰਡ ਦੀ ਆਪਣੀ ਇੱਕ ਵਿਲੱਖਣ ਹੀ ਰੌਣਕ ਅਤੇ ਖੁਸ਼ਹਾਲੀ ਹੈ।ਜਦੋਂ ਰੌਣਕ,ਖੁਸ਼ਹਾਤਪਲੀ,ਪਿਆਰ, ਮੁਹੱਬਤ ਅਤੇ ਅਪਣੱਤ ਦਾ ਸੰਯੋਗ ਹੁੰਦਾ ਹੈ ਤਾਂ ਕਿਸੇ ਖਿੱਤੇ ਦਾ ਵਿਸ਼ੇਸ਼ ਸਭਿਆਚਾਰ ਭਾਈਚਾਰਾ ਹੋਂਦ ਵਿੱਚ ਆਉਂਦਾ ਹੈ।ਪਿੰਡਾਂਂ ਦੇ ਲੋਕਾਂ ਵਿੱਚ ਨਾ ਕੇਵਲ ਭਾਈਚਾਰਕ ਸਾਂਝ ਹੁੰਦੀ ਸੀ ਸਗੋਂ ਪਿੰਡ ਦੇ ਲੋਕਾਂ ਦੀ ਤੰਦਰੁਸਤ ਸੋਚ ਅਤੇ ਸਮੱਰਥਾ ਵੀ ਹੁੰਦੀ ਸੀ।ਕਿਸੇ ਇੱਕ ਵਿਅਕਤੀ ਜਾਂ ਘਰ ਦੀ ਔਖ-ਸੌਖ ਸਮੁੱਚੇ ਪਿੰਡ ਦੀ ਸਮਝੀ ਜਾਂਦੀ ਸੀ।ਲੋਕਾਂ ਦੇ ਮਨਾਂ ਵਿੱਚ ਇੱਕ ਦੂਜੇ ਪ੍ਰਤੀ ਪੈਦਾ ਹੋਈ ਚਿੰਤਾ ਹੀ ਉਨ੍ਹਾਂ ਨੂੰ ਏਕਤਾ ਦੀ ਲੜੀ ਵਿੱੱਚ ਪਰੋਈ ਰੱਖਦੀ ਸੀ।ਪਰ ਜੇ ਅਸੀਂ ਅੱਜ ਦੇ ਪਿੰਡਾਂਂ ਦੀ ਗੱਲ ਕਰੀਏ ਤਾਂ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਅੱਜ ਉਹ ਦੁੱਖ-ਸੁੱਖ ਵਾਲੀ ਸਾਂਝ ਜਿਵੇਂ ਗਾਇਬ ਹੀ ਹੋ ਚੁੱਕੀ ਹੈ।ਪੰਜਾਬੀ ਪਿੰਡਾਂ ਵਿੱਚ ਜੇਕਰ ਲੋਕਾਂ ਵਿੱੱਚ ਆਪਸੀ ਨਿੱਘ ਦਾ ਰਿਸ਼ਤਾ ਬਣਿਆ ਹੋਇਆ ਸੀ ਤਾਂ ਉਹ ਆਪਸੀ ਅੜਾਂ-ਥੁੜਾਂ,ਅਮੀਰੀ-ਗ਼ਰੀਬੀ ਦੀਆਂ ਭਾਈਵਾਲੀਆਂ ਕਾਰਨ ਹੀ ਸੀ।[1]

ਆਪਸੀ ਭਾਈਚਾਰਾ ਅਤੇ ਰਸਮ ਰਿਵਾਜ[ਸੋਧੋ]

ਪਿੰਡ ਦੇ ਲੋਕਾਂ ਦਾ ਸੱਥਾਂ ਵਿੱਚ ਮਿਲ-ਜੁਲ ਕੇ ਬੈਠਣਾ,ਖੁੰਢਾਂ 'ਤੇ ਹੁੰਦੀਆਂ ਚਰਚਾਵਾਂ ਅਤੇ ਇੱਕ-ਦੂਜੇ ਦੇ ਦੁੱਖ-ਸੁੱਖ ਫੋਲਣੇ ਮਨੁੱਖ ਨੂੰ ਅਥਾਹ ਸ਼ਕਤੀ ਅਤੇ ਖੇੜੇ ਨਾਲ ਭਰਪੂਰ ਕਰਦੇ ਹੋਏ ਮਨ ਦੇ ਸਮੁੰਦਰ ਨੂੰ ਇਕਦਮ ਸ਼ਾਂਤ ਕਰ ਦਿੰਦੇ ਹਨ।ਪਿੰਡ ਦੇ ਲੋਕਾਂ ਦਾ ਵਿਭਿੰਨ ਮੌਕਿਆਂ 'ਤੇ ਪੈਦਾ ਹੋਇਆ ਮੇਲ-ਮਿਲਾਪ ਉਨ੍ਹਾਂ ਦੇ ਪਿਆਰ ਦੀਆਂ ਤੰਦਾਂ ਨੂੰ ਹੋਰ ਜ਼ਿਆਦਾ ਗਹਿਰਾਈ ਬਖ਼ਸ਼ਦਾ ਸੀ।ਜੇਕਰ ਕਿਸੇ ਦੀ ਧੀ-ਭੈਣ ਦਾ ਸਾਹਾ ਹੁੰਦਾ ਤਾਂ ਸਾਰੇ ਪਿੰਡ ਦੀ ਰੋਟੀ ਇਕੋ ਥਾਂ ਹੀ ਪੱਕਦੀ।ਸਾਰੇ ਮਿਲ-ਜੁਲ ਕੇ ਵਿਆਹ-ਸ਼ਾਦੀ ਵਿੱਚ ਹੱਥ ਵਟਾਉਂਦੇ।ਪਰ ਜੇ ਅੱਜ ਦੇ ਵਿਆਹ ਸ਼ਾਦੀਆਂ ਦੀ ਗੱਲ ਕਰੀਏ ਤਾਂ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਪਿੰਡਾਂ ਵਿੱਚ ਹਾਲਾਤ ਪਹਿਲਾਂ ਨਾਲੋਂ ਬਿਲਕੁਲ ਹੀ ਉਲਟ ਹੋ ਗਏ ਹਨ।ਬਰਾਤ ਵੀ ਜਿੱਥੇ ਸੱਤ-ਸੱਤ ਦਿਨ ਪਹਿਲਾਂ ਹੀ ਢੁੱਕ ਜਾਇਆ ਕਰਦੀ ਸੀ ਉਥੇ ਅੱਜ-ਕੱਲ੍ਹ ਸਭ ਕੁਝ ਬਦਲ ਗਿਆ ਹੈ।ਬਰਾਤ ਵੀ ਸਵੇਰੇ ਜਾ ਕੇ ਸ਼ਾਮ ਨੂੰ ਆ ਜਾਂਦੀ ਹੈ।ਕਈ ਪਿੰਡਾਂ ਵਿੱੱਚ ਤਾਂ ਰਾਤ ਦੇ ਵਿਆਹ ਨੂੰ ਤਰਜੀਹ ਦਿੱਤੀ ਜਾਣ ਲੱਗ ਗਈ।ਹੈ। ਵਿਆਹ ਪਹਿਲਾਂ ਦੀ ਤਰ੍ਹਾਂ ਘਰ੍ਹਾਂ ਵਿੱਚ ਨਾ ਹੋ ਕੇ ਮੈਰਿਜ ਪੈਲਿਸਾਂ ਵਿੱਚ ਹੋਣ ਲੱਗ ਪਏ ਹਨ।ਲੋਕ ਵਿਆਹ ਤੋਂ 21 ਦਿਨ ਪਹਿਲਾਂ ਲੋਕ ਗੀਤ ਗਾਉਣੇ ਸ਼ੁਰੂ ਕਰ ਦਿੰਦੇ ਸਨ।ਜੇਕਰ ਮੁੰਡੇ ਦਾ ਵਿਆਹ ਹੁੰਦਾ ਤਾਂ ਘੋੜੀਆਂ ਅਤੇ ਜੇ ਕੁੜੀ ਦਾ ਵਿਆਹ ਹੁੰਦਾ ਤਾਂ ਸੁਹਾਗ ਗਾਏ ਜਾਂਦੇ।ਜਿੱੱਥੇ ਵਿਆਹਾਂ ਵਿੱਚ ਬੰਬੀਹੇ ਬੁਲਾਏ ਜਾਂਦੇ,ਨਾਨਕੇ ਮੇਲ ਦੀ ਪ੍ਰਧਾਨਗੀ ਹੁੰਦੀ।ਮਾਮੀ ਮੇਲਣ ਬਣ ਕੇ ਜਾਗੋ ਚੁੱਕਦੀ ਅਤੇ ਛੱਜ ਕੁੱਟੇ ਜਾਂਦੇ।ਨਾਨਕਿਆਂ ਅਤੇ ਦਾਦਕਿਆਂ ਵੱਲੋਂ ਸਿੱਠਣੀਆਂ ਗਾ ਕੇ ਇੱਕ ਦੂਜੇ ਦੀ ਬੋਲਾਈ ਜਾਂਦੀ।[2]

ਪਿੰਡਾਂ ਦੇ ਘਰਾਂ ਬਾਰੇ[ਸੋਧੋ]

ਪਿੰਡਾਂ ਵਿੱਚ ਲੋਕਾਂ ਦੇ ਘਰ ਕੱਚੇ ਅਤੇ ਵੱਡੇ ਸਨ।ਪਰਿਵਾਰ ਵੀ ਬਹੁਤੇ ਸੰਯੁਕਤ ਹੀ ਸਨ।ਲੋਕ ਮਿਲ-ਜੁਲ ਕੇ ਜੀਵਨ ਦੀ ਤਾਣੀ ਉਣਤੇ ਸਨ।ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਜਿਵੇਂ-ਜਿਵੇਂ ਘਰ ਪੱਕੇ ਅਤੇ ਘਰਾਂ ਦਾ ਆਕਾਰ ਛੋਟਾ ਹੁੰਦਾ ਗਿਆ, ਲੋਕਾਂ ਅੰਦਰਲਾ ਪਿਆਰ ਖ਼ਤਮ ਹੋ ਕੇ ਸੁੰਗੜੇ ਹੋਏ ਪਰਿਵਾਰਾਂ ਦੇ ਰੂਪ ਵਿੱਚ ਸਾਹਮਣੇ ਆਇਆ।ਲੋਕਾਂ ਦੇ ਘਰ ਖੁੱਲ੍ਹੇ ਅਤੇ ਉਨ੍ਹਾਂ ਦੀਆਂ ਲੋੜ੍ਹਾਂ ਦੇ ਅਨੁਕੂਲ ਹੀ ਬਣਾਏ ਜਾਂਦੇ ਸਨ ਜਿਵੇਂ ਕਿ ਵਿਹੜਾ, ਸਬਾਤ,ਰੌਂਸ ਆਦਿ ਅਜਿਹੇ ਸ਼ਬਦ ਹਨ ਜਿਹੜੇ ਅੱਜ ਦੇ ਪਿੰਡਾਂ ਦੇ ਬੱਚਿਆਂ ਦੇ ਗਿਆਨ ਦੇ ਦਾਇਰੇ ਤੋਂ ਬਿਲਕੁਲ ਬਾਹਰ ਹਨ ਕਿਉਂਕਿ ਇਹ ਉਨ੍ਹਾਂ ਦਾ ਕਸੂਰ ਨਹੀਂ, ਇਸ ਦੇ ਪਿੱਛੇ ਸਾਡਾ ਪੂੰਜੀਵਾਦੀ ਪ੍ਰਬੰਧ ਅਤੇ ਵਿਸ਼ਵੀਕਰਨ ਦਾ ਪ੍ਰਭਾਵ ਹੀ ਕਾਰਜਸ਼ੀਲ ਹੈ।[3]

ਮੁੱਖ ਕਿੱਤੇ[ਸੋਧੋ]

ਪਿੰਡਾਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ।ਖੇਤੀ ਲਈ ਜੇ ਅਸੀਂ ਸੰਦਾਂ 'ਤੇ ਧਿਮਾਰ ਮਾਰੀਏ ਤਾਂ ਉਸ ਸਮੇਂ ਹਲਾਂ ਅਤੇ ਬਲਦਾਂ ਆਪਣਾ ਖ਼ਾਸ ਮਹੱਤਵ ਸੀ।ਪਰ ਹੁਣ ਇਨ੍ਹਾਂ ਦਾ ਬਦਲ ਟਰੈਕਟਰ ਅਤੇ ਕੰਬਾਈਨਾਂ ਵਿੱਚ ਹੋ ਚੁੱਕਾ ਹੈ।ਖ਼ੂਹਾਂ ਦੀ ਥਾਂ ਟਿਊਬੈਲ ਲੈ ਚੁੱਕੇ ਹਨ।ਜਿੱਥੇ ਹੁਣ ਨਾ ਤਾਂ ਖ਼ੂਹਾਂ ਤੋਂ ਪਾਣੀ ਭਰਦੀਆਂ ਮੁਟਿਆਰਾਂ ਦਾ ਅਜੀਬ ਦ੍ਰਿਸ਼ ਹੀ ਨਜ਼ਰ ਆਉਂਦਾ ਹੈ ਉਥੇ ਘਰਾਂ ਦੀਆਂ ਕੱਚੀਆਂਂ ਕੰਧਾਂ ਉਤੇ ਵੇਲ ਬੂਟੇ ਪਾ ਕੇ ਸਜਾਵਟ ਕਰਦੀਆਂਂ ਸੁਆਣੀਆਂ ਦੇ ਹੱਥਾਂ ਵਿਚਲਾ ਸੁਹਜ ਵੀ ਜਿਵੇਂ ਕਿਧਰੇ ਉਡਾਰੀ ਮਾਰ ਗਿਆ ਹੋਵੇ।ਘਰਾਂ ਦੀਆਂ।ਸੁਆਣੀਆਂ ਜਿੱਥੇ ਕੱਚੀਆਂ ਕੰਧਾਂ ਉਤੇ ਪਾਂਡੋਂ ਦਾ ਪੋਚਾ ਫੇਰਦੀਆਂ ਉਸ ਨੂੰ ਵਿਭਿੰਨ ਕਿਸਮ ਦੇ ਮੋਰ,ਤੋਤਿਆਂ, ਬੱਤਖਾਂ, ਫੁੱਲ-ਬੂਟਿਆਂ ਦੇ ਚਿੱਤਰਾਂ ਨਾਲ ਸਜਾਉਂਦੀਆਂਂ ਆਪਣੀ ਸੂਖ਼ਮ ਕਲਾਕਾਰੀ ਦਾ ਸਬੂਤ ਦਿੰਦੀਆਂ ਸਨ ਉਹ ਹੁਣ ਜਿਵੇਂ ਵਿਸ਼ਵੀਕਰਨ ਦੇ ਦੈਂਤ ਦੇ ਪੰਜਿਆਂ ਥੱਲੇ ਆ ਕੇ ਆਪਣਾ ਦਮ ਤੋੜਦੀਆਂ ਹੋਈਆਂ ਅਲੋਪਤਾ ਦੇ ਸਿਖ਼ਰ ਛੋਹ ਗਈਆਂ ਹਨ।[4]

ਮਨੋਰੰਜਨ[ਸੋਧੋ]

ਮਨੋਰੰਜਨ ਕਰਨ ਅਤੇ ਖੁਸ਼ੀ ਦੀਆਂ ਰਸਮਾਂ ਨੂੰ ਮਨਾਉਣ ਲਈ ਲਾਊਡ ਸਪੀਕਰ ਰਾਹੀਂ ਰਿਕਾਰਡ ਲਾਉਣ ਦਾ ਰਿਵਾਜ ਪਿੰਡਾਂ ਵਿੱਚ ਆਮ ਹੈ।ਇੱਕ ਸਮਾਂ ਸੀ ਕਿ ਵਿਆਹ ਸ਼ਾਦੀ ਵਾਲੇ ਦਿਨ ਬਰਾਤ ਦੇ ਨਾਲ ਢੱਡ ਸਾਰੰਗੀ ਨਾਲ ਗਾਉਣ ਵਾਲੇ ਲਿਜਾਏ ਜਾਂਦੇ ਸਨ।ਮਨੋਰੰਜਨ ਦਾ ਇਹ ਸਾਧਨ ਵੀ ਨਵੇਂ ਰੂਪ ਵਿੱਚ ਬਦਲ ਗਿਆ ਹੈ।ਸਾਰੰਗੀ ਦੀ ਲੈਅ ਨਾਲ ਗਾਈਆਂ ਵਾਰਾਂ, ਕਹਾਣੀਆਂ, ਸੁਣਨ ਦੀ ਦਿਲਚਸਪੀ ਘਟ ਗਈ ਹੈ।ਇਸ ਦੀ ਥਾਂ ਗਾਉਣ ਲਈ ਇੱਕ ਨੌਜਵਾਨ ਲੜਕੀ ਆਉਂਦੀ ਹੈ ਉਸਦੇ ਨਾਲ ਇੱਕ ਨੌਜਵਾਨ ਗਵੱਈਆ ਅਤੇ ਸਾਜਿੰਦੇ ਹੁੰਦੇ ਹਨ।ਉਹ ਇੱਕ ਘੰਟੇ ਦਾ ਪ੍ਰੋਗਰਾਮ ਦਿੰਦੀ ਹੈ ਅਤੇ ਤੁਰੰਤ ਟੈਕਸੀ ਉੱਤੇ ਵਾਪਸ ਚਲੀ ਜਾਂਦੀ ਹੈ।[5]

ਆਵਾਜਾਈ[ਸੋਧੋ]

ਆਵਾਜਾਈ ਦੇ ਸਾਧਨ ਵੀ ਅੱਜ ਨਾਲੋਂ ਬਿਲਕੁਲ ਵੱਖਰੀ ਭਾਂਤ ਦੇ ਹੋਇਆ ਕਰਦੇ ਸਨ।ਪਿੰਡਾਂ ਦੇ ਲੋਕ ਆਮ ਤੌਰ 'ਤੇ ਗੱਡਿਆਂ ਅਤੇ ਉਠਾਂਂ (ਬੋਤਿਆਂ)ਅਤੇ ਉਠਾਂਂ(ਬੋਤਿਆਂ)'ਤੇ ਆਉਂਦੇ ਜਾਂਦੇ ਸਨ।ਲੋਕ ਬਹੁਤਾ ਸਫ਼ਰ ਆਮ ਤੌਰ 'ਤੇ ਤੁਰ ਕੇ ਹੀ ਤਹਿ ਕਰਦੇ ਸਨ।ਜਦੋਂ ਲੰਮੇਰੀਆਂ ਵਾਟਾਂ ਤੈਅ ਕਰਦੇ ਸਿਆਣੇ ਪਿੰਡਾਂ ਵਿਚੋਂ ਦੀ ਹੋ ਕੇ ਲੰਘਦੇ ਤਾਂ ਪਿੰਡਾਂ ਦੀਆਂ ਸੁਆਣੀਆਂ ਉਸ ਅਜਨਬੀ ਮੁਸਾਫ਼ਰ ਨੂੰ ਨਾ ਕੇਵਲ ਲੱਸੀ ਹੀ ਪੁੱਛਦੀਆਂ ਸਗੋਂ ਕਈ ਵਾਰ ਤਾਂ ਉਨ੍ਹਾਂ ਨੂੰ ਹਾਜ਼ਰੀ ਰੋਟੀ ਪੁੱਛਦੀਆਂ ਉਨ੍ਹਾਂ ਨਾਲ ਅਜਿਹੀ ਸਦੀਵੀ ਸਾਂਝ ਪਾ ਲੈਂਦੀਆਂ ਸਨ ਕਿ ਕਿਸੇ ਦੀ ਧੀ ਦਾ ਵਿਆਹ ਹੋਵੇ ਜਾਂ ਪੁੱਤ ਦਾ ਉਹ ਉਨ੍ਹਾਂ ਨਾਲ ਆਪਣਿਆਂ ਵਾਂਗੂ ਵਰਤਦੀਆਂ ਸਨ।ਪਰ ਇਹ ਆਪਣਾਪਨ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਨਾਲ-ਨਾਲ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ।ਹੌਲੀ ਹੌਲੀ ਸਾਈਕਲ ਆ ਗਿਆ।ਇਹ ਵੀ ਕੁਝ ਕੁ ਲੋਕਾਂ ਦੇ ਘਰਾਂ ਵਿੱਚ ਹੀ ਹੋਇਆ ਕਰਦਾ ਸੀ।ਅੱਜ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਭਾਵੇਂ ਮਨੁੱਖ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਕਿ ਰਾਤੋਂ-ਰਾਤ ਸੱਤ ਸਮੁੰਦਰਾਂ ਨੂੰ ਪਾਰ ਕਰ ਸਕਦਾ ਹੈ।ਇਸੇ ਤਰੱਕੀ ਦੇ ਅਧੀਨ ਅੱਜ ਪੂਰਾ ਵਿਸ਼ਵ ਇੱਕ ਪਿੰਡ ਦੀ ਤਰ੍ਹਾਂ ਹੋ ਗਿਆ ਹੈ।[6]

ਖੇਡਾਂ[ਸੋਧੋ]

ਅਜੋਕੇ ਵਿਸ਼ਵੀਕਰਨ ਦੇ ਪ੍ਰਭਾਵ ਨੇ ਪਿੰਡਾਂ ਨੂੰ ਸ਼ਹਿਰਾਂ ਵਿੱਚ ਪਰਿਵਰਤਿਤ ਕਰ ਦਿੱਤਾ ਹੈ।ਪਿੰਡਾਂ ਵਿੱਚ ਖੇਡੀਆਂ ਜਾਂਦੀਆਂ ਖੇਡਾਂ ਵੀ ਪੂਰੀ ਤਰ੍ਹਾਂ ਅਲੋਪ ਹੋ ਚੁੱਕੀਆਂ ਹਨ।ਖੋਹ-ਖੋਹ ਅਤੇ ਮਾਂ ਖੇਡ ਕਬੱਡੀ ਘਰਾਂ ਤੋਂ ਬਾਹਰ ਖੇਡੀਆਂ ਜਾਂਦੀਆਂ ਸਨ।ਅਖਾੜਿਆਂ ਵਿੱਚ ਪਹਿਲਵਾਨ ਘੋਲ ਕਰਦੇ, ਪੀਪਿਆਂ ਦੇ ਪੀਪੇ ਘਿਉ ਦੇ ਖਾ ਜਾਂਦੇ।ਪਰ ਅੱਜ-ਕੱਲ੍ਹ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਟੈਲੀਵਿਯਨ,ਕੰਪਿਊਟਰ, ਮੋਬਾਇਲ ਅਤੇ ਇੰਟਰਨੈੱਟ ਨੇ ਪਿੰਡਾਂ ਦੇ ਲੋਕਾਂ ਦੀ ਸੋਚ ਨੂੰ ਇਸ ਕਦਰ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ ਕਿ ਉਨ੍ਹਾਂ ਦੀ ਮਾਨਸਿਕਤਾ ਪੂਰੀ ਤਰ੍ਹਾਂ ਖੁੰਢੀ ਜਾ ਚੁੱਕੀ ਹੈ।ਅੱਜ-ਕੱਲ੍ਹ ਦੇ ਬੱਚਿਆਂ ਨੂੰ ਸਿਰਫ ਇਨਡੋਰ ਖੇਡਾਂ ਹੀ ਪਸੰਦ ਹਨ।ਘਰ੍ਹਾਂ ਤੋਂ ਬਾਹਰ ਖੇਡੀਆਂ ਜਾਣ ਵਾਲੀਆਂ ਖੇਡਾਂ ਜਿੱਥੇ ਮਨੁੱਖ ਨੂੰ ਸਰੀਰਕ ਤੌਰ 'ਤੇ ਤਕੜਾਈ ਬਖ਼ਸ਼ਦੀਆਂ ਸਨ ਉੱਥੇ ਮਾਨਸਿਕ ਤੌਰ 'ਤੇ ਵੀ ਤੰਦਰੁਸਤੀ ਪ੍ਰਦਾਨ ਕਰਦੀਆਂ ਸਨ।ਪਰ ਘਰ੍ਹਾਂ ਵਿੱਚ ਬੰਦ ਹੋ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਨੇ ਨਾ ਕੇਵਲ ਸਰੀਰਕ ਵਿਕਾਸ ਨੂੰ ਹੀ ਰੋਕਿਆ ਹੈ ਸਗੋਂ ਹੋ ਰਹੀਆਂਂ ਖੋਜਾਂ ਦੇ ਅਨੁਸਾਰ ਮੋਬਾਇਲ ਵਰਗੇ ਖਤਰਨਾਕ ਯੰਤਰਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਨੇ ਬੱਚਿਆਂ ਅੰਦਰ ਮਾਨਸਿਕ ਵਿਗਾੜ ਵੀ ਪੈਦਾ ਕੀਤੇ ਹਨ।[7]

ਰਿਸ਼ਤਾ-ਨਾਤਾ[ਸੋਧੋ]

ਪਿੰਡਾਂ ਵਿਚਲੇ ਰਿਸ਼ਤਾ ਨਾਤਾ ਪ੍ਰਬੰਧ ਦਾ ਮੁਹਾਂਦਰਾ ਵੀ ਬਦਲ ਚੁੱਕਿਆ ਹੈ।ਪੰਜਾਬੀ ਪਿੰਡਾਂ ਵਿੱਚ ਦਿਉਰ ਭਰਜਾਈ ਦਾ ਰਿਸ਼ਤਾ ਹਮੇਸ਼ਾ ਹੀ ਮੋਹ ਅਤੇ ਅਪਣੱਤ ਨਾਲ ਭਰਪੂਰ ਰਿਹਾ ਹੈ।ਭਾਬੀ ਦਿਉਰ ਨੂੰ ਕੱਚਾ ਦੁੱਧ ਤੱਕ ਦੇਣ ਨੂੰ ਤਿਆਰ ਹੁੰਦੀ ਹੈ ਪਰ ਜੇਠ ਨੂੰ ਉਹ ਲੱਸੀ ਵੀ ਨਹੀਂ ਦੇਣਾ ਚਾਹੁੰਦੀ।ਪਰ ਅੱਜ ਇਹ ਦਿਉਰ ਜੇਠ ਨਾਲ ਭਰਜਾਈ ਦੇ ਰਿਸ਼ਤਿਆਂ ਵਿਚਲਾ ਆਪਣਾਪਨ ਅਤੇ ਨਿੱਘ ਖ਼ਤਮ ਹੋ ਰਿਹਾ ਹੈ।ਨਾ ਕੇਵਲ ਰਿਸ਼ਤੇ ਸਗੋਂ ਦਿਉਰ ਭਰਜਾਈ, ਸੱਸ-ਨੂੰਹ,ਜੀਜਾ-ਸਾਲੀ ਦੇ ਰਿਸ਼ਤਿਆਂ ਦੇ ਗੀਤਾਂ ਦੀ ਘੂਕ ਵੀ ਇਸ ਪੱਧਰ 'ਤੇ ਅਲੋਪ ਹੋ ਚੁੱਕੀ ਹੈ ਕਿ ਇਹ ਸਿਰਫ਼ ਕਿਤਾਬਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ।ਜਿੱਥੇ ਪਹਿਲੇ ਪਿੰਡਾਂ ਦੇ ਬੱਚਿਆਂ ਵਿੱਚ ਆਪਣੇ ਨਾਨਕੇ-ਦਾਦਕੇ ਘਰ ਪ੍ਰਤੀ ਖਾਸ ਲਗਾਉ ਹੁੰਦਾ ਸੀ ਅਤੇ ਬੱਚੇ ਹਮੇਸ਼ਾ ਹੀ ਇਹ ਤੁਕ ਗਾਉਂਦੇ ਸਨ-

"ਨਾਨੀ ਕੋਲ ਜਾਵਾਂਗੇ,

ਦੁੱਧ ਮਲਾਈਆਂ ਖਾਵਾਂਗੇ,

ਮੋਟੇ ਹੋ ਕੇ ਆਵਾਂਗੇ।"

ਪਰ ਅੱਜ-ਕੱਲ੍ਹ ਬਿਲਕੁਲ ਵੀ ਬੱਚੇ ਨਾਨਕੇ ਘਰ ਨਾਲ ਲਗਾਉ ਨਹੀਂ ਰੱਖਦੇ।ਕਿਸੇ ਵੇਲੇ ਦਾ ਪ੍ਰਸਿੱਧ ਮੁਹਾਵਰਾ "ਨਾਨੀ ਚੇਤੇ ਆ ਜਾਣੀ"ਪੂਰੀ ਤਰ੍ਹਾਂ ਉਨ੍ਹਾਂ ਦੇ ਗਿਆਨ ਦੇ ਕੋਸ਼ ਵਿਚੋਂ ਗ਼ਾਇਬ ਹੈ।ਜਿਵੇਂ ਕਿ ਮੁਸੀਬਤ ਵਿੱਚ ਮਾਂ ਨੂੰ ਯਾਦ ਕੀਤਾ ਜਾਂਦਾ ਹੈ ਪਰ ਜਦੋਂ ਸਮੱਸਿਆ ਗੰਭੀਰ ਹੋਵੇ ਤਾਂ ਉਦੋਂ ਮਾਂ ਦੀ ਮਾਂ ਅਰਥਾਤ ਨਾਨੀ ਨੂੰ ਯਾਦ ਕੀਤਾ ਜਾਂਦਾ ਹੈ।ਇਹ ਮੁਹਾਵਰੇ ਵੀ ਸਾਡੇ ਰਿਸ਼ਤਾ-ਨਾਤਾ ਪ੍ਰਬੰਧ ਵਿਚੋਂ ਹੀ ਹੋਂਦ ਵਿੱਚ ਆਏ ਹਨ।[8]

ਖਾਣ-ਪੀਣ[ਸੋਧੋ]

ਪੰਜਾਬੀਆ ਦੇ ਅੱਜ ਦੇ ਖਾਣ-ਪੀਣ ਵਿੱਚ ਪਹਿਲਾਂ ਨਾਲੋਂ ਕਾਫ਼ੀ ਅੰਤਰ ਆ ਗਿਆ ਹੈ।ਜਿੱਥੇ ਪਹਿਲੇ ਸਮਿਆਂ ਵਿੱਚ ਪਿੰਡਾਂ ਵਿੱਚ ਲੋਕ ਸਰਦੀਆਂ ਵਿੱਚ ਮੱਕੀ,ਬਾਜਰੇ ਦੀ ਰੋਟੀ,ਸਾਗ,ਮੋਠ ਬਾਜਰੇ ਦੀ ਖਿਚੜੀ ਬੜੇ ਹੀ ਸ਼ੌਕ ਨਾਲ ਖਾਂਦੇ ਸਨ।ਗਰਮੀਆਂ ਵਿੱਚ ਦਲੀਆ, ਭੁੱਜੇ ਜੋਆ ਦੇ ਬਣਾਏ ਪਕਵਾਨ ਜਿਸ ਨੂੰ ਸੱਤੂ ਕਹਿ ਦਿੱਤਾ ਜਾਂਦਾ ਹੈ ਵਿੱਚ ਮਿੱਠਾ ਰਲਾ ਕੇ ਪੀ ਲਿਆ ਜਾਂਦਾ ਸੀ।ਵਿਆਹ ਸ਼ਾਦੀਆਂ ਅਤੇ ਤਿੱਥ ਤਿਉਹਾਰਾਂ 'ਤੇ ਕੜਾਹ ਪ੍ਰਸ਼ਾਦ, ਖੀਰ ਪੂੜੇ, ਗੁਲਗੁਲੇ, ਲੱਡੂਆਂ ਆਦਿ ਦਾ ਖਾਸ ਦਬਦਬਾ ਹੁੰਦਾ।ਆਮ ਘਰਾਂ ਵਿੱਚ ਰੋਟੀ ਖਾਣ ਤੋਂ ਬਾਅਦ ਗੁੜ ਹੀ ਸਵੀਡਿਸ਼ ਦੀ ਤਰ੍ਹਾਂ ਖਾਧਾ ਜਾਂਦਾ ਸੀ।ਇਸ ਤੋਂ ਇਲਾਵਾ ਮੱਕੀ ਦੀਆਂ ਛੱਲੀਆਂ, ਛੋਲਿਆਂ ਦੀਆਂ ਹੋਲਾਂ ਅਤੇ ਕਣਕ ਦੇ ਮਰੂੰਡੇ ਲੋਕਾਂ ਦਾ ਮਨਪਸੰਦ ਆਹਾਰ ਸਨ।ਪਰ ਸਮੇਂ ਦੇ ਨਾਲ ਨਾਲ ਪਿੰਡਾਂ ਦੇ ਲੋਕਾਂ ਦੇ ਖਾਣ ਪੀਣ ਦਾ ਮੁਹਾਂਦਰਾ ਤਬਦੀਲ ਹੁੰਦਾ ਜਾ ਰਿਹਾ ਹੈ।ਅੱਜ ਕੱਲ੍ਹ ਫਾਸਟ ਫੂਡ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਣ ਲੱਗ ਪਈ ਹੈ।ਜਿਨ੍ਹਾਂ ਵਿੱਚ ਆਮ ਤੌਰ 'ਤੇ ਬਰਗਰ,ਪੀਜੇ,ਹੋਟਡੋਗਜ ਅਤੇ ਮੋਮੋਜ਼ ਆਦਿ ਸ਼ਾਮਿਲ ਹਨ।ਇਸ ਦੇ ਨਾਲ ਵਿਆਹ ਸ਼ਾਦੀਆਂ ਦੇ ਮੌਕੇ 'ਤੇ ਵੀ ਅੱਜ ਕੱਲ੍ਹ ਕਈ ਕਈ ਤਰ੍ਹਾਂ ਦੀਆਂ ਸਬਜ਼ੀਆਂ, ਚਾਵਲ,ਪੂਰੀਆਂ, ਨਾਹਨ,ਕਈ ਤਰ੍ਹਾਂ ਦੇ ਸਲਾਦ ਅਤੇ ਆਚਾਰਾਂ ਨੇ ਆਪਣੀ ਥਾਂ ਮੱਲ ਲਈ ਹੈ।ਮਿੱਠੇ ਵਿੱਚ ਕਈ ਕਈ ਤਰ੍ਹਾਂ ਦੀਆਂ ਆਈਸਕਰੀਮਾਂ ਖਾਧੀਆਂ ਜਾਦੀਆਂ ਹਨ।ਕੇਵਲ ਖਾਣ-ਪੀਣ ਹੀ ਨਹੀਂ ਸਗੋਂ ਖਾਣ-ਪੀਣ ਦੇ ਢੰਗ ਤਰੀਕੇ ਵੀ ਬਿਲਕੁਲ ਤਬਦੀਲ ਹੋ ਚੁੱਕੇ ਹਨ।[9]

ਪਹਿਰਾਵਾ[ਸੋਧੋ]

ਜਿੱਥੇ ਪੰਜਾਬੀ ਪਿੰਡਾਂ ਦੇ ਲੋਕ ਪਹਿਲਾਂ ਸੂਤੀ ਖੱਦਰ ਦੇ ਕੱਪੜੇ ਪਹਿਨਦੇ ਸਨ।ਮੁਟਿਆਰਾਂਂ ਲੰਮੀਆਂ ਸੂਤੀ ਕੁੜਤੀਆਂ,ਘੱਗਰਾ ਅਤੇ ਫੁੱਲਕਾਰੀ ਪਹਿਨਦੀਆਂ ਅਤੇ ਮਰਦ ਧੋਤੀ ਅਤੇ ਕੁੜਤਾ ਪਹਿਨਦੇ ਸਨ।ਹੌਲੀ-ਹੌਲੀ ਲੱਠਾ,ਕਰੇਬ,ਪਾਪਲੀਨ,ਟੈਰੀਕਾਟ ਅਤੇ ਸਿਲਕ ਆਦਿ ਸ਼ਾਮਲ ਹੋ ਗਏ।ਪਰ ਜਿਵੇਂਂ-ਜਿਵੇਂ ਪਹਿਰਾਵਾਾ ਵੀ ਪੱੱਛਮੀ ਪ੍ਰਭਾਵ ਦੀ ਮਾਰ ਹੇਠ ਆਇਆ।ਕੁੜੀਆਂਂ ਅਤੇੇ ਮੁੰੰਡਿਆਂ ਵਿੱਚ ਇੱਕ ਦੂੂਜੇ ਤੋਂ ਵੱੱਧ ਕੇ ਫੈਸ਼ਨ ਦਾ ਜਿਵੇਂ ਮੁੁੁਕਾਬਲਾ ਹੀ ਚੱੱਲ ਪਿਆ ਹੋਵੇ।ਵਿਦੇਸ਼ੀ ਪਹਿਰਾਵੇੇ ਨੂੰ ਤਰਜੀਹ ਦਿੱਤੀ ਜਾਣ ਲੱੱਗ ਪਈ।ਜਿਵੇਂ ਕਿ ਕੁੜੀਆਂ ਵਿੱਚ ਜੀਨ, ਟਾਪ,ਤੰਗ ਪਜਾਮੀ ਦਾ,ਔਰਤਾਂ ਵਿੱਚ ਸਾੜੀ ਅਤੇ ਮਰਦ ਸ਼ਰਟ,ਟੀ ਸ਼ਰਟ ਅਤੇ ਕੋਟ ਪੈਂਟਾ ਨੂੰ ਤਰਜੀਹ ਦੇਣ ਲੱਗ ਪਏ।ਸਾਡੀ ਪੁਰਾਤਨ ਘੱਗਰਾ ਅਤੇ ਸੂਤੀ ਕੁੜਤੀ ਪਹਿਨਣ ਦੀ ਰੀਤ ਨੂੰ ਪੱਛਮੀ ਪਹਿਰਾਵੇ ਨੇ ਅਜਿਹੀ ਢਾਹ ਲਾਈ ਕਿ ਜਿਵੇਂ ਇਹ ਅਲੋਪ ਹੀ ਹੋ ਗਿਆ ਹੋਵੇ।ਪਹਿਰਾਵੇ ਦੇ ਨਾਲ ਨਾਲ ਜੇ ਅਸੀਂ ਗਹਿਣਿਆਂ ਦੀ ਗੱਲ ਕਰੀਏ ਤਾਂ ਔਰਤਾਂ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਗਹਿਣੇ ਪਹਿਨਣ ਦਾ ਰਿਵਾਜ਼ ਸੀ।ਇਹ ਸੱਗੀ ਫੁੱਲ, ਚੌਂਕ ਚੰਦ,ਸ਼ਿੰਗਾਰ ਪੱਟੀ, ਟਿੱਕਾ,ਲੋਟਣ,ਤੁੰਗਲ,ਪਿੱਪਲ ਪੱਤੀਆਂ, ਬੂਜ਼ਲੀਆਂ,ਟੋਪਸ,ਕੰਢੀ,ਝੂਮਕੇ,ਰੇਲਾਂ, ਬਹਾਦਰਨੀਆਂ ਅਤੇ ਡੰਡੀਆਂ ਆਦਿ ਸਿਰ ਅਤੇ ਕੰਨ ਦੇ ਗਹਿਣੇ ਹਨ।ਨੱਕ ਵਿੱਚ ਲੌਂਗ,ਕੋਕਾ, ਮੱਛਲੀ, ਨੁਕਰਾ ਅਤੇ ਮੇਖ ਆਦਿ ਪਹਿਨੇ ਜਾਂਦੇ ਅਤੇ ਗਲੇ ਵਿੱਚ ਗਾਨੀ, ਗੁਲੂਬੰਦ,ਮਾਲਾ, ਕੰਠੀ, ਮਟਰਮਾਲਾ ਅਤੇ ਗਰਦਨ ਤੋਂ ਹੇਠਾਂ ਛਾਤੀ ਦੇ ਉਭਾਰਾਂ 'ਤੇ ਲਟਕਣ ਵਾਲੇ ਗਹਿਣੇ-ਤੱਗਾ,ਇਨਾਮ, ਹਮੇਲ,ਹੌਲ,ਦਿਲੀ,ਲੋਕਟ,ਪੈਂਡਲ,ਬੁਘਤੀਆਂ ਅਤੇ ਰਾਣੀਹਾਰ ਆਦਿ ਦਾ ਰੁਝਾਨ ਆਮ ਸੀ।ਬਾਂਹਾਂ ਅਤੇ ਗੁੱਟ ਲਈ ਚੂੜੀਆਂ, ਗਜਰੇ, ਗੁਖੜੂ,ਕੰਗਣ,ਘੜੀ ਅਤੇ ਬਾਂਕਾਂਂ ਆਦਿ ਪ੍ਰਚੱਲਿਤ ਸਨ।ਜਿੱਥੇ ਚੂੜਾ ਸੁਹਾਗ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ ਉਥੇ ਹੱਥਾਂ ਦੀਆਂ ਉਂਗਲਾਂ ਵਿੱਚ ਛਾਪਾਂਂ,ਛੱਲੇ, ਕਲੀਚੜੀਆਂ ਅਤੇ ਪੈਰਾਂ ਵਿੱਚ ਬਿਛੂਏ,ਗੁਠੜੇ,ਆਦਿ ਪਹਿਣਨ ਦਾ ਰਿਵਾਜ਼ ਸੀ।ਪਰ ਵਰਤਮਾਨ ਪੰਜਾਬੀ ਪਿੰਡਾਂ ਦੇ ਲੋਕਾਂ ਦੇ ਗਹਿਣੇ ਪੁਰਾਤਨ ਨਾਲੋਂ ਬਿਲਕੁਲ ਹੀ ਬਦਲ ਗਏ ਹਨ।ਆਧੁਨਿਕ ਬਨਾਉਟੀ ਚੀਜ਼ਾਂ ਦੀ ਚਮਕ ਦਮਕ ਦੀ ਆਮਦ ਨੇ ਪੁਰਾਤਨ ਸੱਭਿਆਚਾਰ ਨਾਲ ਜੁੜੇ ਹਰ ਪੱਖ ਨੂੰ ਜਿਵੇਂ ਆਪਣੀ ਲਪੇਟ ਵਿੱਚ ਲੈ ਲਿਆ ਹੋਵੇ।ਜਿੱਥੇ ਪੁਰਾਤਨ ਪਹਿਰਾਵਾ ਅਤੇ ਗਹਿਣੇ ਸਿਰਫ਼ ਨੌਜਵਾਨ ਮੇਲਿਆਂ ਵਿੱਚ ਗਿੱਧਾ ਪਾਉਂਂਦੀਆਂ ਮੁਟਿਆਰਾਂ ਅਤੇ ਪੰਘੜਾ ਪਾਉਂਦੇ ਨੌਜਵਾਨਾਂ ਦੁਆਰਾ ਹੀ ਪਹਿਣੇ ਦੇਖੇ ਜਾ ਸਕਦੇ ਹਨ।[10]

ਅੱਜ-ਕੱਲ੍ਹ ਪਿੰਡਾਂ ਦਾ ਮੂੰਹ ਮੁਹਾਂਦਰਾ ਪੂਰੀ ਤਰ੍ਹਾਂ ਤਬਦੀਲ ਹੋ ਚੁੱਕਾ ਹੈ।ਅੱਜ ਉਹ ਹਰ ਸਹੂਲਤ ਪਿੰਡਾਂ ਵਿੱਚ ਮੌਜੂਦ ਹੈ ਜਿਨ੍ਹਾਂ ਦਾ ਕਿਸੇ ਵੇਲੇ ਨਾਮੋਂ ਨਿਸ਼ਾਨ ਵੀ ਨਹੀਂ ਸੀ।ਜਿਵੇਂ ਕਿ ਹਸਪਤਾਲ, ਸਰਕਾਰੀ ਸਕੂਲ, ਅੰਗਰੇਜ਼ੀ ਸਕੂਲ, ਬੈਂਕ, ਡਾਕਖਾਨਾ, ਬਜਾਜੀ ਅਤੇ ਬਸਾਤੀ ਦੀਆਂ ਦੁਕਾਨਾਂ, ਬੂਟ ਚੱਪਲਾਂ ਦੀਆਂ ਅਤੇ ਫੋਟੋਗ੍ਰਾਫੀ ਦੀਆਂ ਦੁਕਾਨਾਂ, ਕਿਤਾਬਾਂ ਕਾਪੀਆਂ ਦੀਆਂ ਦੁਕਾਨਾਂ, ਦੁੱਧ ਦੀਆਂ ਡਾਇਰੀਆਂ ਅਤੇ ਮੋਬਾਈਲਾਂ ਦੀਆਂ ਦੁਕਾਨਾਂ ਆਦਿ ਅਜਿਹੀਆਂ ਸਹੂਲਤਾਂ ਹਨ ਜਿਹੜੀਆਂ ਕਿ ਪਿੰਡਾਂ ਵਿੱਚ ਮੌਜੂਦ ਹਨ ਕਿਸੇ ਵੇਲੇ ਲੋਕਾਂ ਨੂੰ ਆਪਣੀਆਂ ਇਹ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਪਰ ਅੱਜ-ਕੱਲ੍ਹ ਇਹ ਸਭ ਕੁਝ ਤਬਦੀਲ ਹੋ ਚੁੱਕਾ ਹੈ।

ਹਵਾਲੇ[ਸੋਧੋ]

  1. ਸੰਪਾਦਕ, ਪ੍ਰੋ .ਵਰੇਸ਼ ਗੁਪਤਾ, ਪ੍ਰੋ.ਰਵਿੰਦਰ ਸਿੰਘ (2018). ਪੰਜਾਬੀ ਸੱਭਿਆਚਾਰ 'ਤੇ ਵਿਸ਼ਵੀਕਰਨ ਦਾ ਪ੍ਰਭਾਵ. ਪਟਿਆਲਾ: ਗਰੇਸ਼ੀਅਸ ਬੁਕਸ. p. 91. ISBN 978-93-87276-91-8.{{cite book}}: CS1 maint: multiple names: authors list (link)
  2. ਸੰਪਾਦਕ, ਪ੍ਰੋ.ਵਰੇਸ਼ ਗੁਪਤਾ, ਪ੍ਰੋ.ਰਵਿੰਦਰ ਸਿੰਘ (2018). ਪੰਜਾਬੀ ਸੱਭਿਆਚਾਰ 'ਤੇ ਵਿਸ਼ਵੀਕਰਨ ਦਾ ਪ੍ਰਭਾਵ. ਪਟਿਆਲਾ: ਗਰੇਸ਼ੀਅਸ ਬੁਕਸ. p. 92. ISBN 978-93-87276-91-8.{{cite book}}: CS1 maint: multiple names: authors list (link)
  3. ਸੰਪਾਦਕ, ਪ੍ਰੋ.ਵਰੇਸ਼ ਗੁਪਤਾ, ਪ੍ਰੋ.ਰਵਿੰਦਰ ਸਿੰਘ (2018). ਪੰਜਾਬੀ ਸੱਭਿਆਚਾਰ 'ਤੇ ਵਿਸ਼ਵੀਕਰਨ ਦਾ ਪ੍ਰਭਾਵ. ਪਟਿਆਲਾ: ਗਰੇਸ਼ੀਅਸ ਬੂਕਸ. pp. 93, 96. ISBN 978-93-87276-91-8.{{cite book}}: CS1 maint: multiple names: authors list (link)
  4. ਸੰਪਾਦਕ, ਪ੍ਰੋ.ਵਰੇਸ਼ ਗੁਪਤਾ, ਪ੍ਰੋ਼.ਰਵਿੰਦਰ ਸਿੰਘ (2018). ਪੰਜਾਬੀ ਸੱਭਿਆਚਾਰ 'ਤੇ ਵਿਸ਼ਵੀਕਰਨ ਦਾ ਪ੍ਰਭਾਵ. ਪਟਿਆਲਾ: ਗਰੇਸ਼ੀਅਸ ਬੁਕਸ. p. 93. ISBN 978-93-87276-91-8.{{cite book}}: CS1 maint: multiple names: authors list (link)
  5. ਸੰਪਾਦਕ, ਡਾ:ਸੁਰਿੰਦਰ ਸਿੰਘ ਸ਼ੇਰਗਿੱਲ (1986). ਪੰਜਾਬ ਦਾ ਸੱਭਿਆਚਾਰਿਕ ਵਿਰਸਾ. ਲੁਧਿਆਣਾ: ਲਾਹੌਰ ਬੁਕ ਸ਼ਾਪ,ਲੁਧਿਆਣਾ. p. 94.
  6. ਸੰਪਾਦਕ, ਪ੍ਰੋ.ਵਰੇਸ਼ ਗੁਪਤਾ, ਪ੍ਰੋ.ਰਵਿੰਦਰ ਸਿੰਘ (2018). ਪੰਜਾਬੀ ਸੱਭਿਆਚਾਰ 'ਤੇ ਵਿਸ਼ਵੀਕਰਨ ਦਾ ਪ੍ਰਭਾਵ. ਪਟਿਆਲਾ: ਗਰੇਸ਼ੀਅਸ ਬੁਕਸ. pp. 94, 95. ISBN 978-93-87276-91-8.{{cite book}}: CS1 maint: multiple names: authors list (link)
  7. ਸੰਪਾਦਕ, ਪ੍ਰੋ.ਵਰੇਸ਼ ਗੁਪਤਾ, ਪ੍ਰੋ.ਰਵਿੰਦਰ ਸਿੰਘ (2018). ਪੰਜਾਬੀ ਸੱਭਿਆਚਾਰ 'ਤੇ ਵਿਸ਼ਵੀਕਰਨ ਦਾ ਪ੍ਰਭਾਵ. ਪਟਿਆਲਾ: ਗਰੇਸ਼ੀਅਸ ਬੁਕਸ. pp. 95, 96. ISBN 978-93-87276-91-8.{{cite book}}: CS1 maint: multiple names: authors list (link)
  8. ਸੰਪਾਦਕ, ਪ੍ਰੋ.ਵਰੇਸ਼ ਗੁਪਤਾ, ਪ੍ਰੋ.ਰਵਿੰਦਰ ਸਿੰਘ (2018). ਪੰਜਾਬੀ ਸੱਭਿਆਚਾਰ 'ਤੇ ਵਿਸ਼ਵੀਕਰਨ ਦਾ ਪ੍ਰਭਾਵ. ਪਟਿਆਲਾ: ਗਰੇਸ਼ੀਅਸ ਬੁਕਸ. p. 97. ISBN 978-93-87276-91-8.{{cite book}}: CS1 maint: multiple names: authors list (link)
  9. ਸੰਪਾਦਕ, ਪ੍ਰੋ.ਵਰੇਸ਼ ਗੁਪਤਾ, ਪ੍ਰੋ.ਰਵਿੰਦਰ ਸਿੰਘ (2018). ਪੰਜਾਬੀ ਸੱਭਿਆਚਾਰ 'ਤੇ ਵਿਸ਼ਵੀਕਰਨ ਦਾ ਪ੍ਰਭਾਵ. ਪਟਿਆਲਾ: ਗਰੇਸ਼ੀਅਸ ਬੁਕਸ. pp. 97, 98. ISBN 978-93-87276-91-8.{{cite book}}: CS1 maint: multiple names: authors list (link)
  10. ਸੰਪਾਦਕ, ਪ੍ਰੋ.ਵਰੇਸ਼ ਗੁਪਤਾ, ਪ੍ਰੋ.ਰਵਿੰਦਰ ਸਿੰਘ (2018). ਪੰਜਾਬੀ ਸੱਭਿਆਚਾਰ 'ਤੇ ਵਿਸ਼ਵੀਕਰਨ ਦਾ ਪ੍ਰਭਾਵ. ਪਟਿਆਲਾ: ਗਰੇਸ਼ੀਅਸ ਬੁਕਸ. pp. 99, 100. ISBN 978-93-87276-91-8.{{cite book}}: CS1 maint: multiple names: authors list (link)