ਸਮੱਗਰੀ 'ਤੇ ਜਾਓ

ਵਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਾਰ ਪੰਜਾਬੀ ਦਾ ਇੱਕ ਕਾਵਿ-ਰੂਪ ਹੈ। ਇਹ ਪਉੜੀ ਛੰਦ ਵਿੱਚ ਰਚੀ ਜਾਂਦੀ ਹੈ।[1] ਇਹ ਕਾਵਿ ਰੂਪ ਸਿੱਖ-ਸਾਹਿਤ ਵਿੱਚ ਵਧੇਰੇ ਪ੍ਰਚਲਿਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਦਰਜ ਹੋਇਆ ਹਨ। ਇਹ ਲੋਕ ਪਰੰਪਰਾ ਉੱਤੇ ਆਧਾਰਿਤ ਪੰਜਾਬੀ ਭਾਸ਼ਾ ਦਾ ਇੱਕ ਕਾਵਿ ਰੂਪ ਹੈ। ਵਾਰ ਕਾਵਿਮਈ ਉਤਸਾਹ ਵਰਧਕ ਵਾਰਤਾ ਹੈ ਜਿਸ ਵਿੱਚ ਆਕ੍ਰਮਣ ਜਾਂ ਸੰਘਰਸ਼ ਦੇ ਪ੍ਰਸੰਗ ਵਿੱਚ ਨਾਇਕ ਦਾ ਯਸ਼ ਗਾਇਆ ਜਾਂਦਾ ਹੈ। ਵਾਰਾਂ ਪਉੜੀਆਂ ਵਿੱਚ ਲਿਖੀਆਂ ਜਾਂਦੀਆਂ ਸਨ।। ਇਸ ਵਿੱਚ ਆਮ ਤੌਰ ’ਤੇ ਵੀਰ ਰਸ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਇਸ ਨੂੰ ਗਾਉਣ ਵਾਲੇ ਅਤੇ ਕਿਸੇਹੱਦ ਤਕ ਰਚੈਤਾ ਵੀ ਭੱਟ ਜਾਂ ਢਾਡੀ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਵਾਰ ਨੂੰ ਵੀਰ-ਰਸ ਦੇ ਖੇਤਰ ਵਿਚੋਂ ਕਢ ਕੇ ਅਧਿਆਤਮਿਕਤਾ ਦੀ ਸ਼ਾਂਤ ਭਾਵ-ਭੂਮੀ ਵੱਲ ਮੋੜੀਆਂ ਅਤੇ ਵਾਰ ਦੇ ਵਿਸ਼ੇ ਖੇਤਰ ਵਿੱਚ ਵਿਸਤਾਰ ਕੀਤਾ।

ਵਾਰ ਲੋਕ-ਮਾਨਸ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਮੁਕਤੀ-ਪ੍ਰਾਪਤੀ ਦੇ ਮਾਰਗ ਉਤੇ ਅਗੇ ਵਧਣ ਲਈ ਉਤਸਾਹਿਤ ਕੀਤਾ ਗਿਆ ਹੈ। ਅਧਿਆਤਮਿਕ ਵਾਰਾਂ ਵਿੱਚ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਨਾਇਕ ਮੰਨ ਕੇ ਉਹ ਦਾ ਯਸ਼ ਗਾਇਆ ਗਿਆ ਹੈ। ‘ਪਉੜੀ ’ ਦੇ ਦੋ ਰੂਪ ਵਰਤੇ ਗਏ ਹਨ—ਨਿਸ਼ਾਨੀ ਅਤੇ ਸਿਰਖੰਡੀ। ਇਸ ਦੀ ਭਾਸ਼ਾ ਜਨ- ਪੱਧਰ ਦੀ ਹੁੰਦੀ ਹੈ ਅਤੇ ਯੁੱਧ ਦਾ ਵਾਤਾਵਰਣ ਸਿਰਜਨ ਲਈ ਤਲਖ਼ ਅਤੇ ਕਠੌਰ ਧੁਨੀਆਂ ਵਾਲੇ ਵਰਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਢਾਡੀ ਲੋਕ ਗਾਉਣ ਵੇਲੇ ਵਿਆਖਿਆ ਦੀ ਰੁਚੀ ਅਧੀਨ ਪਉੜੀਆਂ ਨਾਲ ਸ਼ਲੋਕ ਵੀ ਜੋੜ ਦਿੰਦੇ ਸਨ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵੇਲੇ ਜੋ ਸ਼ਲੋਕ ਪੂਰਵ-ਵਰਤੀ ਗੁਰੂ ਸਾਹਿਬਾਨ ਦੀਆਂ ਵਾਰਾਂ ਨਾਲ ਜੁੜਚੁੱਕੇ ਸਨ, ਉਨ੍ਹਾਂ ਨੂੰ ਉਸੇ ਤਰ੍ਹਾਂ ਰਖ ਕੇ ਪਉੜੀਆਂ ਦੀ ਬਿਰਤੀ ਅਨੁਸਾਰ ਕਈ ਹੋਰ ਸ਼ਲੋਕ ਵੀ ਜੋੜ ਕੇ ਵਾਰ ਨੂੰ ਪਉੜੀ-ਬੰਧ ਦੀ ਥਾਂ ਸ਼ਲੋਕ-ਪਉੜੀ-ਬੰਧ ਵਾਲਾ ਰੂਪ ਦੇ ਦਿੱਤਾ।

ਵਾਰ ਦੇ ਪੁਰਾਤਨ ਹੋਣ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੌਂ ਵਾਰਾਂ ਦੇ ਲੋਕ-ਪ੍ਰਚਲਨ ਅਤੇ ਲੋਕ-ਪ੍ਰਿਯਤਾ ਕਾਰਣ ਪ੍ਰਵਾਨ ਚੜ੍ਹੀਆਂ ਧੁਨੀਆਂ ਤੋਂ ਹੋ ਜਾਂਦਾ ਹੈ। ਇਹ ਨੌਂ ਵਾਰਾਂ ਇਸ ਪ੍ਰਕਾਰ ਹਨ— ਵਾਰ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ, ਵਾਰ ਟੁੰਡੇ ਅਸਰਾਜੇ ਕੀ, ਵਾਰ ਰਾਇ ਕਮਾਲ ਦੀ ਮਉਜਦੀ, ਵਾਰ ਸਿਕੰਦਰ ਬਰਾਹਮ ਕੀ, ਵਾਰ ਲਲਾਬਹਿਲੀਮਾ ਕੀ, ਵਾਰ ਜੋਧੈ ਵੀਰੈ ਪੂਰਬਣੀ ਕੀ, ਵਾਰ ਰਾਇ ਮਹਿਮੇ ਹਸਨੇ ਕੀ, ਵਾਰ ਰਾਣੈ ਕੈਲਾਸ ਤਥਾ ਮਾਲਦੇ ਕੀ, ਵਾਰ ਮੂਸੇ ਕੀ। ਇਨ੍ਹਾਂ ਦੇ ਧੁਨੀ-ਗਤ ਸੰਕੇਤਾਂ ਤੋਂ ਪੁਰਾਤਨ ਵਿਰਸੇ ਦਾ ਬੋਧ ਹੁੰਦਾ ਹੈ। ਪਰ ਇਨ੍ਹਾਂ ਵਾਰਾਂ ਵਿੱਚ ਵਰਣਿਤ ਬ੍ਰਿੱਤਾਂਤਾਂ ਦੇ ਆਧਾਰ’ਤੇ ਸਪਸ਼ਟ ਹੁੰਦਾ ਹੈ ਕਿ ਇਨ੍ਹਾਂ ਵਿਚੋਂ ਪੰਜ ਦਾ ਸਮਾਂ ਗੁਰੂ-ਕਾਲ ਬਣਦਾ ਹੈ ਅਤੇ ਚਾਰ ਆਦਿ- ਕਾਲ ਵਿੱਚ ਸਮੇਟੀਆਂ ਜਾ ਸਕਦੀਆਂ ਹਨ। ਆਦਿ- ਕਾਲੀਨ ਚਾਰ ਵਾਰਾਂ ਹਨ—ਟੁੰਡੇ ਅਸ ਰਾਜੇ ਦੀ ਵਾਰ, ਸਿਕੰਦਰ ਬਰਾਹਮ ਕੀ ਵਾਰ, ਮੂਸੇ ਕੀ ਵਾਰ ਅਤੇ ਲਲਾ ਬਹਲੀਮਾ ਕੀ ਵਾਰ। ਇਨ੍ਹਾਂ ਵਾਰਾਂ ਦਾ ਪੂਰਾ ਪਾਠ ਨਹੀਂ ਮਿਲਦਾ। ਸਿੱਖ- ਇਤਿਹਾਸ-ਨੁਮਾ ਰਚਨਾਵਾਂ ਅਥਵਾ ਕੋਸ਼ਾਂ ਵਿੱਚ ਇਨ੍ਹਾਂ ਦੇ ਕੁਝ ਉਧਰਿਤ ਅੰਸ਼ ਜ਼ਰੂਰ ਮਿਲ ਜਾਂਦੇ ਹਨ।

ਸ਼ਬਦ ਨਿਰੁਕਤੀ

[ਸੋਧੋ]

ਵਾਰ ਸ਼ਬਦ ਦੀ ਨਿਰੁਕਤੀ ਬਾਰੇ ਬਹੁਤ ਸਾਰੇ ਮੱਤ ਹਨ। ਇਸ ਦੀ ਨਿਰੁਕਤੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ "ਵਰਣਾ" ਤੋਂ ਮੰਨੀ ਜਾਂਦੀ ਹੈ। ਇਹ ਢਾਡੀਆਂ ਦੁਆਰਾ ਲੋਕਾਂ ਦੇ "ਬਾਰ" ਉੱਤੇ ਖੜਕੇ ਗਾਏ ਜਾਣ ਵਾਲਾ ਰੂਪ ਹੈ।[2]

ਵਾਰ ਦੀਆਂ ਕਿਸਮਾਂ

[ਸੋਧੋ]

ਵਿਸ਼ੇ ਦੇ ਅਧਾਰ ਉੱਤੇ ਤਿੰਨ ਕਿਸਮ ਦੀਆਂ ਵਾਰਾਂ ਮਿਲਦੀਆਂ ਹਨ:-

  • ਅਧਿਆਤਮਕ ਅਤੇ ਧਾਰਮਕ ਵਾਰਾਂ
  • ਬੀਰ ਰਸੀ ਵਾਰਾਂ
  • ਸ਼ਿੰਗਾਰ ਰਸੀ ਵਾਰਾਂ

ਹਵਾਲੇ

[ਸੋਧੋ]
  1. ਨਜਾਬਤ. ਨਜਾਬਤ ਦੀ ਵਾਰ. pp. 5–6. ISBN 91-7647-035-X. {{cite book}}: Check |isbn= value: checksum (help)
  2. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਦੂਜੀ. ਭਾਸ਼ਾ ਵਿਭਾਗ ਪੰਜਾਬ. p. 929.