ਵਿਕੀਪੀਡੀਆ:ਚੁਣਿਆ ਹੋਇਆ ਲੇਖ/21 ਜਨਵਰੀ
ਵਲਾਦੀਮੀਰ ਇਲਿਚ ਲੈਨਿਨ(22 ਅਪਰੈਲ 1870 - 21 ਜਨਵਰੀ 1924) ਇੱਕ ਰੂਸੀ ਕਮਿਊਨਿਸਟ ਕ੍ਰਾਂਤੀਕਾਰੀ, ਰਾਜਨੇਤਾ ਅਤੇ ਰਾਜਨੀਤਕ ਚਿੰਤਕ ਸਨ। ਉਹ ਰੂਸੀ ਬਾਲਸ਼ਵਿਕ ਪਾਰਟੀ ਦੇ ਨਿਰਮਾਤਾ ਅਤੇ ਨਿਰਵਿਵਾਦ ਆਗੂ ਸਨ ਅਤੇ ਉਨ੍ਹਾਂ ਨੇ ਅਕਤੂਬਰ ਕ੍ਰਾਂਤੀ ਦੀ ਤੇ ਬਾਅਦ ਵਿੱਚ ਨਵੀਂ ਬਣੀ ਸੋਵੀਅਤ ਸਰਕਾਰ ਦੀ ਰਹਿਨੁਮਾਈ ਕੀਤੀ। ਟਾਈਮ ਮੈਗਜੀਨ ਨੇ ਉਨ੍ਹਾਂ ਨੂੰ ਬੀਹਵੀਂ ਸਦੀ ਦੇ 100 ਪ੍ਰਭਾਵਸਾਲੀ ਵਿਅਕਤੀਆਂ ਵਿੱਚ ਗਿਣਿਆ ਹੈ। ਮਾਰਕਸਵਾਦ ਵਿੱਚ ਉਨ੍ਹਾਂ ਦੀ ਦੇਣ ਨੂੰ ਲੈਨਿਨਵਾਦ ਕਿਹਾ ਜਾਂਦਾ ਹੈ।ਲੈਨਿਨ ਰੂਸੀ ਸਲਤਨਤ ਦੇ ਸ਼ਹਿਰ ਸਮਬਰਿਸਕ (ਜਿਸ ਦਾ ਨਾਮ ਤਬਦੀਲ ਕਰ ਕੇ ਉਲਿਆਨੋਵਸਕ ਕਰ ਦਿੱਤਾ ਗਿਆ) ਵਿੱਚ ਉਲੀਆ ਨਿਕੋਲਾਈ ਵਿੱਚ ਅਤੇ ਮਾਰਿਆ ਅਲੈਗਜ਼ੈਂਡਰੋਵਨਾ ਉਲੀਆਨੋਵਾ ਦੇ ਘਰ ਪੈਦਾ ਹੋਏ। ਉਨ੍ਹਾਂ ਦੇ ਪਿਤਾ ਸਿਖਿਆ ਦੇ ਖੇਤਰ ਵਿੱਚ ਇੱਕ ਕਾਮਯਾਬ ਰੂਸੀ ਅਧਿਕਾਰੀ ਸਨ। 1886 ਵਿੱਚ ਉਨ੍ਹਾਂ ਦੇ ਪਿਤਾ ਦਾ ਦਿਮਾਗ਼ੀ ਨਾੜੀ ਫਟਣ ਨਾਲ ਇੰਤਕਾਲ ਹੋ ਗਿਆ। ਮਈ 1887 ਵਿੱਚ ਜਦੋਂ ਲੈਨਿਨ ਸਤਾਰਾਂ ਸਾਲ ਦੇ ਸਨ ਤਾਂ ਉਨ੍ਹਾਂ ਦੇ ਭਾਈ ਅਲੈਗਜ਼ੈਂਡਰ ਨੂੰ ਜਾਰ ਅਲੈਗਜ਼ੈਂਡਰ ਤੀਜੇ ਤੇ ਹੋਣ ਵਾਲੇ ਕਾਤਲਾਨਾ ਹਮਲਾ ਦੇ ਮਨਸੂਬੇ ਵਿੱਚ ਸ਼ਾਮਿਲ ਹੋਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕਰ ਕੇ ਦਹਿਸ਼ਤਗਰਦੀ ਦੇ ਇਲਜ਼ਾਮ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਨ੍ਹਾਂ ਦੀ ਭੈਣ ਐਨਾ ਨੂੰ, ਜੋ ਗ੍ਰਿਫ਼ਤਾਰੀ ਦੇ ਵਕਤ ਆਪਣੇ ਭਾਈ ਦੇ ਨਾਲ ਸੀ ਨੂੰ ਮੁਲਕ ਬਦਰ ਕਰ ਕੇ ਕੋਕਸ਼ਕੀਨੋ ਭੇਜ ਦਿੱਤਾ ਗਿਆ ਜੋ ਕਾਜ਼ਾਨ ਤੋਂ 25 ਮੀਲ ਦੂਰ ਹੈ। ਇਸ ਵਾਕੇ ਨੇ ਲੈਨਿਨ ਨੂੰ ਇੰਤਹਾਪਸੰਦ ਬਣਾ ਦਿੱਤਾ। ਸੋਵੀਅਤ ਹਕੂਮਤ ਵਲੋਂ ਉਨ੍ਹਾਂ ਦੀ ਲਿਖੀ ਜੀਵਨੀ ਵਿੱਚ ਇਨ੍ਹਾਂ ਘਟਨਾਵਾਂ ਨੂੰ ਉਨ੍ਹਾਂ ਦੀ ਇਨਕਲਾਬੀ ਸੋਚ ਦਾ ਮਰਕਜ਼ ਗਰਦਾਨਿਆ ਗਿਆ ਹੈ।