ਸਮੱਗਰੀ 'ਤੇ ਜਾਓ

ਨਜ਼ਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਜ਼ਮ ਅਰਬੀ ਭਾਸ਼ਾ ਦਾ ਮੂਲ ਸ਼ਬਦ ਹੈ ਜਿਸ ਦੇ ਅਰਥ ਹਨ-ਮੋਤੀਆਂ ਨੂੰ ਇੱਕ ਧਾਗੇ ਵਿੱਚ ਪਰੋਣਾ, ਤਰਤੀਬ ਦੇਣਾ, ਪ੍ਰਬੰਧ ਕਰਨਾ ਆਦਿ। ਸਾਹਿਤ ਵਿੱਚ ਨਜ਼ਮ ਦੇ ਅਰਥ ਭਾਵਾਂ ਤੇ ਵਿਚਾਰਾਂ ਨੂੰ ਇੱਕ ਖ਼ਾਸ ਵਜ਼ਨ-ਤੋਲ ਵਿੱਚ ਤਰਤੀਬ ਦੇਣ ਤੋਂ ਲਿਆ ਗਿਆ ਹੈ। ਨਜ਼ਮ ਵਿੱਚ ਬੁੱਧੀ ਤੱਤ ਜਾਂ ਵਿਚਾਰ ਦੀ ਸਦਾ ਹੀ ਪ੍ਰਧਾਨਤਾ ਹੁੰਦੀ ਹੈ। ਦਲੀਲ ਆਮ ਤੌਰ 'ਤੇ ਨਜ਼ਮ ਦੇ ਆਰ-ਪਾਰ ਫੈਲੀ ਹੁੰਦੀ ਹੈ। ਲੈਅ ਤਾਲ, ਛੰਦ ਤੇ ਸੰਗੀਤ ਆਦਿ ਕਾਵਿ ਤੱਤਾਂ ਦਾ ਮਹੱਤਵ ਨਜ਼ਮ ਵਿੱਚ ਉਸ ਤਰ੍ਹਾਂ ਨਹੀਂ ਦੇਖਿਆ ਜਾਂਦਾ ਜਿਵੇਂ ਕਿ ਪੁਰਾਤਨ ਕਵਿਤਾ ਜਾਂ ਸਰੋਦੀ ਕਵਿਤਾ ਵਿੱਚ ਹੁੰਦਾ ਹੈ। ਪੰਜਾਬੀ ਦੀ ਵਰਤਮਾਨ ਨਜ਼ਮ ਛੰਦ ਮੁਕਤ ਰਚੀ ਜਾ ਰਹੀ ਹੈ, ਜਿਸ ਵਿਚੋਂ ਸੰਗੀਤ, ਲੈਅ, ਤਾਲ ਸਭ ਗ਼ੈਰ ਹਾਜ਼ਰ ਹਨ। ਭਾਰਤ ਵਿੱਚ ਇਸ ਨੂੰ 'ਗੱਦ ਕਾਵਿ' ਅਤੇ ਪਾਕਿਸਤਾਨ ਵਿੱਚ 'ਨਜ਼ਮ' ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਬਹੁਤ ਸਾਰੇ ਕਵੀਆਂ ਨੇ ਛੰਦ ਬੱਧ ਨਜ਼ਮਾਂ ਦੀ ਰਚਨਾ ਵੀ ਕੀਤੀ ਹੈ। ਅਲੰਕਾਰ, ਪ੍ਰਤੀਕ ਤੇ ਬਿੰਬਾਂ ਦੀ ਬਹੁਤਾਤ ਨਜ਼ਮ ਦੇ ਤਰਕਮਈ ਸੁਭਾਅ ਤੇ ਸੱਟ ਮਾਰਦੀ ਹੈ। ਨਜ਼ਮ ਦੀ ਵਿਸ਼ੇਸ਼ਤਾ ਤਰਕ ਅਤੇ ਨਿਆਂਸ਼ੀਲ ਪ੍ਰਗਟਾਵੇ ਵਿੱਚ ਹੈ।