ਸਮੱਗਰੀ 'ਤੇ ਜਾਓ

ਫ਼ਰਡੀਨੈਂਡ ਦ ਸੌਸਿਊਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫ਼ਰਡੀਨੈਂਡ ਦ ਸੌਸਿਊਰ

ਫ਼ਰਦੀਨਾ ਦ ਸੌਸਿਊਰ (ਫਰਾਂਸੀਸੀ: Ferdinand de Saussure; 26 ਨਵੰਬਰ 185722 ਫਰਵਰੀ 1913) ਇੱਕ ਸਵਿੱਸ ਭਾਸ਼ਾ ਵਿਗਿਆਨੀ ਸੀ। ਉਸਦਾ ਦਾ ਜਨਮ 1857 ਈ: ਵਿੱਚ ਜਨੇਵਾ ਵਿੱਚ ਹੋਇਆ। ਚੌਦਾਂ ਸਾਲ ਦੀ ਛੋਟੀ ਉਮਰੇ ਹੀ ਚੋਖੀ ਪ੍ਰਤਿਭਾ ਅਤੇ ਬੌਧਿਕ ਸਮਰਥਾ ਦੇ ਉਸਦੇ ਤਕੜੇ ਆਸਾਰ ਨਜ਼ਰ ਆਉਣ ਲੱਗ ਪਏ ਸਨ।[1] ਉਸ ਦੇ ਪਿਤਾ ਇੱਕ ਪ੍ਰਸਿੱਧ ਪ੍ਰਕਿਰਤਕ ਵਿਗਿਆਨੀ ਸਨ। ਇਸ ਲਈ ਉਹਨਾਂ ਦੀ ਪ੍ਰਬਲ ਇੱਛਾ ਸੀ ਕਿ ਸੌਸਿਊਰ ਵੀ ਇਸ ਖੇਤਰ ਵਿੱਚ ਆਪਣਾ ਅਧਿਐਨ-ਕਾਰਜ ਕਰੋ। ਪਰ ਸੌਸਿਊਰ ਦੀ ਰੁਚੀ ਭਾਸ਼ਾ ਸਿੱਖਣ ਦੇ ਵੱਲ ਜਿਆਦਾ ਸੀ। ਇਹੀ ਕਾਰਨ ਸੀ ਕਿ ਜੇਨੇਵਾ ਯੂਨੀਵਰਸਿਟੀ ਵਿੱਚ 1875 ਵਿੱਚ ਭੌਤਿਕ ਸ਼ਾਸਤਰ ਅਤੇ ਰਸਾਇਣ ਸ਼ਾਸਤਰ ਵਿੱਚ ਪਰਵੇਸ਼ ਹੋਣ ਤੋਂ ਪਹਿਲਾਂ ਹੀ ਉਹ ਗਰੀਕ ਭਾਸ਼ਾ ਦੇ ਨਾਲ਼-ਨਾਲ਼ ਫ਼ਰਾਂਸੀਸੀ, ਜਰਮਨ, ਅੰਗਰੇਜ਼ੀ ਅਤੇ ਲੈਟਿਨ ਭਾਸ਼ਾਵਾਂ ਤੋਂ ਵਾਕਫ਼ ਹੋ ਚੁੱਕਾ ਸੀ ਅਤੇ 1872 ਵਿੱਚ “ਭਾਸ਼ਾਵਾਂ ਦੀ ਸਧਾਰਨ ਵਿਵਸਥਾ” ਨਾਮਕ ਲੇਖ ਲਿਖ ਚੁੱਕਾ ਸੀ। ਪੰਦਰਾਂ ਸਾਲ ਦੀ ਉਮਰ ਵਿੱਚ ਲਿਖੇ ਇਸ ਲੇਖ ਵਿੱਚ ਉਸ ਨੇ ਇਹ ਦਰਸਾਉਣ ਦਾ ਜਤਨ ਕੀਤਾ ਕਿ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਦੇ ਮੂਲ ਵਿੱਚ ਤਿੰਨ ਅਧਾਰਭੂਤ ਵਿਅੰਜਨਾਂ ਦੀ ਵਿਵਸਥਾ ਹੈ।

ਇਸ ਨੂੰ 20ਵੀਂ ਸਦੀ ਦੇ ਭਾਸ਼ਾ ਵਿਗਿਆਨ ਦਾ ਪਿਤਾ ਮੰਨਿਆ ਜਾਂਦਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਉਸ ਨੇ ਭਾਸ਼ਾਵਾਂ ਦੇ ਸਿਸਟਮੀ ਅਧਿਐਨ ਨੂੰ ਅਜਿਹੀ ਨਵ-ਵਿਵਸਥਾ ਪ੍ਰਦਾਨ ਕੀਤੀ, ਜਿਸ ਸਦਕਾ ਵੀਹਵੀਂ ਸਦੀ ਦੇ ਭਾਸ਼ਾ ਵਿਗਿਆਨ ਵਿੱਚ ਨਵੀਆਂ ਮਹੱਤਵਪੂਰਨ ਪ੍ਰਾਪਤੀਆਂ ਸੰਭਵ ਹੋ ਸਕੀਆਂ।[2] ਪਹਿਲੀ ਗੱਲ , ਸੌਸਿਊਰ ਨੇ ਮਨੁੱਖੀ ਵਤੀਰੇ ਦੇ ਅਧਿਐਨ ਨੂੰ ਨਵੇਂ ਧਰਾਤਲ ਉਤੇ ਖੜਾ ਕਰਕੇ ਇਹ ਸਥਾਪਿਤ ਕੀਤਾ ਕਿ ਮਨੁੱਖ ਅਤੇ ਉਸ ਦੀਆਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ , ਜੋ ਮਨੁੱਖੀ ਵਤੀਰੇ ਨੂੰ ਪਦਾਰਥਕ ਜਗਤ ਦੇ ਘਟਨਾ-ਕ੍ਰਮ ਦੇ ਸਮਾਨਾਂਤਰ ਘਟਨਾਵਾਂ ਦੀ ਇੱਕ ਲੜੀ ਸਮਝ ਲਿਆ ਜਾਵੇ । ਸਮਾਜ ਵਿਚ ਮਨੁੱਖੀ ਕਾਰਜ ਅਤੇ ਵਸਤਾਂ ਦੇ ਅਰਥਾਂ ਨੂੰ ਨਜ਼ਰਅੰਦਾਜ਼ ਕਰਕੇ ਅਸੀਂ ਸਿਰਫ਼ ਭੌਤਿਕ ਘਟਨਾਵਾਂ ਦੇ ਅਧਿਐਨ ਵਲ ਹੀ ਰੁਚਿਤ ਹੁੰਦੇ ਹਾਂ । ਦੂਜੀ ਗੱਲ, ਉਸ ਨੇ ਚਿਹਨ-ਵਿਗਿਆਨ , ਚਿਹਨ-ਪ੍ਰਬੰਧ ਅਤੇ ਸੰਰਚਨਾਵਾਦ ਨੂੰ ਉੱਨਤ ਕਰਨ ਵਿਚ ਮਦਦ ਕੀਤੀ ਜੋ ਕਿ ਸਮਕਾਲੀ ਮਾਨਵ-ਸ਼ਾਸਤਰ, ਸਾਹਿਤ-ਸਮੀਖਿਆ ਅਤੇ ਭਾਸ਼ਾ ਵਿਗਿਆਨ ਵਿਚ ਇੱਕ ਮਹੱਤਵਪੂਰਣ ਪਰਵਿਰਤੀ ਦੇ ਰੂਪ ਵਿਚ ਦ੍ਰਿਸ਼ਟੀਗਤ ਹੁੰਦੇ ਹਨ | ਤੀਜੀ ਗੱਲ , ਆਪਣੀਆਂ ਵਿਧੀਮੂਲਕ ਟਿੱਪਣੀਆਂ ਅਤੇ ਭਾਸ਼ਾ ਪ੍ਰਤਿ ਸਾਧਾਰਣ ਪਹੁੰਚ ਵਿਚ ਉਸ ਨੇ ਆਧੁਨਿਕ ਵਿਚਾਰਧਾਰਾ ਦੇ ਤਰਕਸੰਗਤ ਪੈਂਤੜਿਆਂ ਸੰਬੰਧੀ ਆਪਣੇ ਵਿਚਾਰ ਸਪੱਸ਼ਟ ਕੀਤੇ ਅਤੇ ਇਹ ਧਾਰਣਾ ਪੇਸ਼ ਕੀਤੀ ਕਿ ਬਿਨਾਂ ਕਿਸੇ ਦ੍ਰਿਸ਼ਟੀਕੋਣ ਨੂੰ ਅਪਣਾਇਆਂ ਵਸਤੂ-ਜਗਤ ਦਾ ਨਿਰਪੇਖ ਰੱਬ ਵਰਗਾ ਦ੍ਰਿਸ਼ ਪ੍ਰਤੱਖਣ ਦਾ ਕੇਂਦਰ-ਬਿੰਦੂ ਨਹੀਂ ਬਣਾਇਆ ਜਾ ਸਕਦਾ, ਅਤੇ ਇਸ ਦ੍ਰਿਸ਼ਟੀਕੋਣ ਦੇ ਅੰਤਰਗਤ ਹੀ ਵਸਤੂਆਂ ਉਨ੍ਹਾਂ ਦੇ ਅੰਤਰ-ਸੰਬੰਧਾਂ ਦੁਆਰਾ ਪਰਿਭਾਸ਼ਿਤ ਕੀਤੀਆਂ ਜਾ ਸਕਦੀਆਂ ਹਨ | ਆਖ਼ਰੀ ਗੱਲ , ਸੌਸਿਊਰ ਦਾ ਭਾਸ਼ਾ-ਵਿਵੇਚਨ ਉਨ੍ਹਾਂ ਸਮੱਸਿਆਵਾਂ ਵਲ ਧਿਆਨ ਖਿੱਚਦਾ ਹੈ ।ਜਿਹੜੀਆਂ ਮਨੁੱਖ , ਖ਼ਾਸ ਤੌਰ ਤੇ ਭਾਸ਼ਾ ਅਤੇ ਮਨੁੱਖੀ ਮਨ ਦੇ ਗੂੜੇ ਸੰਬੰਧ ਬਾਰੇ ਚਿੰਤਨ ਦੀਆਂ ਨਵੀਆਂ ਵਿਧੀਆਂ ਨਾਲ਼ ਜੁੜੀਆਂ ਹੋਈਆਂ ਹਨ | ਭਾਸ਼ਾ-ਵਿਗਿਆਨ , ਸਮਾਜ ਵਿਗਿਆਨ , ਚਿਹਨ-ਵਿਗਿਆਨ ਅਤੇ ਸੰਰਚਨਾਵਾਦ ਨੂੰ ਦਿੱਤਾ ਇਹ ਯੋਗਦਾਨ ਸੌਸਿਊਰ ਨੂੰ ਆਧੁਨਿਕ ਬੁੱਧੀਜੀਵੀ ਇਤਿਹਾਸ ਵਿੱਚ ਇੱਕ ਮੋਢੀ ਦਾ ਦਰਜਾ ਦਿੰਦਾ ਹੈ।[2]

ਸੌਸਿਊਰ ਆਪਣੇ ਤੋਂ ਪਹਿਲਾਂ ਹੋ ਚੁੱਕੇ ਭਾਸ਼ਾ-ਵਿਗਿਆਨਿਕ ਅਧਿਐਨ ਨਾਲ਼ ਸੰਤੁਸ਼ਟ ਨਹੀਂ ਸੀ ਕਿਉਂਕਿ ਉਸ ਦੇ ਮਤ ਅਨੁਸਾਰ ਭਾਸ਼ਾ-ਵਿਗਿਆਨ ਨੇ ਕਦੇ ਵੀ ਵਿਚਾਰ ਅਧੀਨ ਵਸਤੂ ਦੀ ਪ੍ਰਕਿਰਤੀ ਨੂੰ ਨਿਸ਼ਚਿਤ ਕਰਨ ਦਾ ਜਤਨ ਨਹੀਂ ਕੀਤਾ ਅਤੇ ਅਜਿਹੇ ਜਤਨ ਦੀ ਅਣਹੋਂਦ ਵਿਚ ਕੋਈ ਵੀ ਵਿਗਿਆਨ ਸਹੀ ਵਿਧੀ ਦਾ ਨਿਰਮਾਣ ਨਹੀਂ ਕਰ ਸਕਦਾ। ਇਸ ਲਈ ਸੌਸਿਊਰ ਆਪਣੀ ਗੱਲ ਭਾਸ਼ਾ ਤੋਂ ਆਰੰਭ ਕਰਦਾ ਹੈ । ਭਾਸ਼ਾ ਕੀ ਹੈ ? ਸੌਸਿਊਰ ਦੇ ਮਤ ਅਨੁਸਾਰ ਭਾਸ਼ਾ ਇੱਕ ਚਿਹਨ-ਪ੍ਰਬੰਧ ਹੈ । ਸ਼ੋਰੀਲੀਆਂ ਧੁਨੀਆਂ ਨੂੰ ਸਿਰਫ਼ ਉਦੋਂ ਹੀ ਭਾਸ਼ਾ ਮੰਨਿਆ ਜਾ ਸਕਦਾ ਹੈ , ਜਦੋਂ ਉਹ ਵਿਚਾਰ ਪ੍ਰਗਟ ਕਰਨ ਜਾਂ ਵਿਚਾਰਾਂ ਦਾ ਸੰਚਾਰ ਕਰਨ| ਅਜਿਹਾ ਨਾ ਹੋਣ ਦੀ ਸੂਰਤ ਵਿਚ ਅਜਿਹੀਆਂ ਧੁਨੀਆਂ ਨਿਰਾ ਸ਼ੋਰ ਹਨ | ਅਤੇ ਵਿਚਾਰਾਂ ਦਾ ਸੰਚਾਰ ਕਰਨ ਲਈ ਉਨ੍ਹਾਂ ਦਾ ਮਰਯਾਦਾਵਾਂ ਦੇ ਇੱਕ ਪ੍ਰਬੰਧ , ਚਿਹਨਾਂ ਦੇ ਇੱਕ ਪ੍ਰਬੰਧ ਦਾ ਅੰਗ ਹੋਣਾ ਵੀ ਲਾਜ਼ਮੀ ਹੈ । ਚਿਹਨ ਇੱਕ ਅਜਿਹੇ ਰੂਪ ਦਾ ਸਮੂਹ ਹੈ ਜੋ ਚਿਹਨੀਕਰਣ ਕਰਦਾ ਹੈ , ਜਿਸ ਨੂੰ ਸੌਸਿਊਰ ਚਿਹਨਕ (signified) ਆਖਦਾ ਹੈ ਅਤੇ ਵਿਚਾਰ ਨੂੰ ਚਿਹਨਿਤ (signifier)ਕਹਿੰਦਾ ਹੈ । ਭਾਵੇਂ ਅਸੀਂ ਚਿਹਨਕ ਅਤੇ ਚਿਹਨਿਤ ਬਾਰੇ ਇਉਂ ਗੱਲ ਕਰ ਰਹੇ ਹੋਈਏ ਜਿਵੇਂ ਦੋਹਾਂ ਦਾ ਸ਼ੁੱਧ ਸੁਤੰਤਰ ਅਸਤਿਤਵ ਹੋਵੇ, ਪਰ ਇਨ੍ਹਾਂ ਦੀ ਹੋਂਦ ਚਿਹਨ ਦੇ ਦੋ ਹਿੱਸਿਆਂ ਦੇ ਰੂਪ ਵਿਚ ਹੀ ਹੈ । ਚਿਹਨ ਭਾਸ਼ਾ ਦਾ ਕੇਂਦਰੀ ਸੱਚ ਹੈ , ਇਸ ਲਈ ਚਿਹਨ ਦੀ ਪ੍ਰਕ੍ਰਿਤੀ ਨੂੰ ਪਛਾਣਨਾ ਜ਼ਰੂਰੀ ਹੋ ਜਾਂਦਾ ਹੈ |

ਸੌਸਿਊਰ ਦੇ ਭਾਸ਼ਾ-ਸਿੱਧਾਂਤ ਦਾ ਪਹਿਲਾ ਨਿਯਮ ਚਿਹਨ ਦੇ ਲਾਜ਼ਮੀ ਗੁਣ ਨਾਲ਼ ਸੰਬੰਧਿਤ ਹੈ । ਭਾਸ਼ਕ ਚਿਹਨ ਆਪਹੁਦਰਾ ਹੁੰਦਾ ਹੈ । ਚਿਹਨਕ ਅਤੇ ਚਿਹਨਿਤ ਦਾ ਇੱਕ ਖ਼ਾਸਸੁੱਟ ਆਪਹੁਦਰੀ ਹੋਂਦ ਹੈ । ਇਹ ਭਾਸ਼ਾ ਦਾ ਅਤੇ ਭਾਸ਼ਕ-ਵਿਧੀ ਦਾ ਕੇਂਦਰੀ ਸੱਚ ਹੈ । ਇਥੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਚਿਹਨ ਦੇ ਆਪਹੁਦਰੇ ਹੋਣ ਤੋਂ ਸੌਸਿਊਰ ਦਾ ਕੀ ਭਾਵ ਹੈ ? ਇਸ ਦਾ ਇੱਕ ਸਾਧਾਰਣ ਉੱਤਰ ਇਹ ਹੋ ਸਕਦਾ ਹੈ । ਕਿ ਚਿਹਨਕ ਅਤੇ ਚਿਹਨਿਤ ਵਿਚਕਾਰ ਕੋਈ ਕੁਦਰਤੀ ਜਾਂ ਅਮਿਟ ਸੰਬੰਧ ਨਹੀਂ । ਮੈਂ ਕਿਉਂਕਿ ਪੰਜਾਬੀ ਬੋਲਦਾ ਹਾਂ ਇਸ ਲਈ ਮੈਂ ਇੱਕ ਖ਼ਾਸ ਕਿਸਮ ਦੇ ਚਿੱਤਰ ਲਈ ਤਸਵੀਰ ਚਿਹਨਕ ਵਰਤਦਾ ਹਾਂ | ਪਰ ਇਸ ਦਾ ਅਰਥ ਇਹ ਨਹੀਂ ਕਿ ਜੇ ਮੈਂ ਚਿੱਤਰ ਦੇ ਲਈ ਤਸਵੀਰ ਚਿਹਨਕ ਦੀ ਥਾਂ ਮੂਰਤ ਜਾਂ ਫੋਟੋ ਚਿਹਨਕਾਂ ਦਾ ਪ੍ਰਯੋਗ ਕਰਨਾ ਉਚਿਤ ਸਮਝਾਂ ਜਿਨ੍ਹਾਂ ਦੇ ਧੁਨੀਮ ਪਹਿਲੇ ਚਿਹਨਕ ਨਾਲ਼ੋਂ ਬਿਲਕੁਲ ਵੱਖਰੇ ਹਨ, ਤਾਂ ਇਨ੍ਹਾਂ ਦੀ ਵਰਤੋਂ ‘ਤਸਵੀਰ’ ਚਿਹਨਤ/ਸੰਕਲਪ ਦੇ ਪ੍ਰਗਟਾਉਣ ਲਈ ਨਹੀਂ ਕੀਤੀ ਜਾ ਸਕਦੀ | ਸਪੱਸ਼ਟ ਹੈ ਕਿ ਚਿਹਨਕ ਤੇ ਚਿਹਨਿਤ ਦਾ ਸੰਬੰਧ ਨਾ ਕੁਦਰਤੀ ਹੈ ਅਤੇ ਨਾ ਹੀ ਅਮਿਟ ਹੈ|

ਉਸ ਨੇ ਆਪਣਾ ਅਧਿਐਨ ਕਾਰਜ ਜੇਨੇਵਾ, ਪੈਰਿਸ ਅਤੇ ਲੇਪਜਿੰਗ ਵਿੱਚ ਸੰਸਕ੍ਰਿਤ ਅਤੇ ਤੁਲਨਾਤਮਕ ਭਾਸ਼ਾ ਵਿਗਿਆਨ ਦੇ ਅੰਤਰਗਤ ਮੁਕੰਮਲ ਕੀਤਾ। ਨਾਲ਼ ਹੀ ਨਾਲ਼ ਉਹ ਲੇਪਜਿੰਗ ਯੂਨੀਵਰਸਿਟੀ ਵਿੱਚ ਨਵੇਂ ਵਿਆਕਰਣਕਾਰਾਂ (ਬਰੁਗਮੈਨ ਅਤੇ ਕਾਰਲ ਬੱਬੜ) ਦੇ ਸੰਪਰਕ ਵਿੱਚ ਆਇਆ। ਇੱਕੀ ਸਾਲ ਦੀ ਉਮਰ ਵਿੱਚ ਉਸ ਨੇ ਯੂਰਪੀ ਭਾਸ਼ਾਵਾਂ ਦੀ ਅਧਾਰਭੂਤ ਵਿਵਸਥਾ ਉੱਤੇ ਲੇਖ ਲਿਖਿਆ। ਇਸ ਲੇਖ ਦੇ ਅਨੁਸਾਰ ਉਸ ਨੇ ਅਨੇਕ ਅਧਾਰਭੂਤ ਸੰਕਲਪਨਾਵਾਂ ਉੱਤੇ ਨਾ ਕੇਵਲ ਸਿਧਾਂਤਕ ਚੋਟ ਕੀਤੀ ਬਲਕਿ‌ ਭਾਸ਼ਾ-ਸਬੰਧੀ ਖੋਜ ਦੇ ਖੇਤਰ ਵਿੱਚ ਪ੍ਰਣਾਲੀਗਤ ਵਿਸ਼ਲੇਸ਼ਣ ਦੀ ਗੱਲ ਵੀ ਉਠਾਈ।

ਉਸ ਦਾ ਦੂਜਾ ਅਧਾਰ ਕੰਮ ਡਾਕਟਰੇਟ ਦੀ ਉਪਾਧੀ ਲਈ ਪੇਸ਼ ਸ਼ੋਧ-ਪ੍ਰਬੰਧ ਸੀ। ਉਸ ਦੀ ਖੋਜ ਦਾ ਵਿਸ਼ਾ “ਸੰਸਕ੍ਰਿਤ ਭਾਸ਼ਾ" ਵਿੱਚ ਸੰਬੰਧਕਾਰਕ ਦੀ ਪ੍ਰਕਿਰਤੀ ਅਤੇ ਪ੍ਰਯੋਗ” ਸੀ। ਡਾਕਟਰੇਟ ਦੀ ਉਪਾਧੀ ਦੇ ਬਾਅਦ ਉਹ ਜਰਮਨੀ ਵਿੱਚ ਹੋਰ ਜਿਆਦਾ ਨਹੀਂ ਰੁਕਿਆ ਕਿਉਂਕਿ ਉਸਨੂੰ ਜਰਮਨੀ ਦਾ ਸਮਾਜਕ ਅਤੇ ਅਕੈਡਮਿਕ ਮਾਹੌਲ ਪਸੰਦ ਨਹੀਂ ਆਇਆ।

1880 ਵਿੱਚ ਸੌਸਿਊਰ ਜਰਮਨੀ ਛੱਡ ਕੇ ਫ਼ਰਾਂਸ ਆ ਗਿਆ। ਪੈਰਿਸ ਵਿੱਚ ਉਸ ਨੇ ਲਗਭਗ ਦਸ ਸਾਲਾਂ ਤੱਕ ਇਤਿਹਾਸਿਕ ਭਾਸ਼ਾ ਵਿਗਿਆਨ ਦਾ ਅਧਿਐਨ ਕੀਤਾ। ਬਾਅਦ ਵਿੱਚ ਉਹ ਪੈਰਿਸ ਦੀ ਭਾਸ਼ਾ ਵਿਗਿਆਨ ਸਬੰਧੀ ਸੰਸਥਾ ਦੇ ਮੈਂਬਰ ਬਣਿਆ। ਜਰਮਨੀ ਤੋਂ ਪਰਤਣ ਦੇ ਬਾਅਦ ਜਵਾਨ ਭਾਸ਼ਾ ਵਿਗਿਆਨੀ ਸੌਸਿਊਰ ਨੇ ਇੱਕ ਸਰਗਰਮ ਮੈਂਬਰ ਵਜੋਂ ਸਮਾਜ ਵਿੱਚ ਆਪਣਾ ਮਹੱਤਵਪੂਰਨ ਸਥਾਨ ਬਣਾ ਲਿਆ। ਗਿਆਰਾਂ ਸਾਲ ਉਹ "ਇੱਕੋਲ ਪਰਾਤੀਕ ਦ ਹੌਤਸ ਇਤਿਊਦਜ਼" ਨਾਮ ਦੀ ਪ੍ਰਸਿੱਧ ਖੋਜ ਸੰਸਥਾ ਵਿੱਚ ਪੜ੍ਹਾਉਂਦਾ ਰਿਹਾ। ਇਸ ਦੌਰਾਨ ਉਸ ਦਾ ਨਾਮ Chevalier de la Légion d'Honneur (ਲੀਜਨ ਆਫ਼ ਆਨਰ ਦਾ ਸੂਰਮਾ) ਪੈ ਗਿਆ।[3] ਜਦੋਂ 1891 ਵਿੱਚ ਜਨੇਵਾ ਤੋਂ ਪ੍ਰੋਫੈਸਰੀ ਦੀ ਪੇਸ਼ਕਸ਼ ਹੋਈ,ਉਹ ਵਾਪਸ ਪਰਤ ਆਇਆ। ਇਥੇ ਹੀ ਜੇਨੇਵਾ ਯੂਨੀਵਰਸਿਟੀ ਵਿੱਚ ਉਸ ਨੂੰ ਸਧਾਰਨ ਭਾਸ਼ਾ ਵਿਗਿਆਨ ਪੜ੍ਹਾਉਣ ਦਾ ਮੌਕਾ ਪ੍ਰਾਪਤ ਹੋਇਆ। ਉਸਨੇ ਇਸ ਵਿਸ਼ੇ ਵਿੱਚ 1907, 1909 ਅਤੇ 1911 ਵਿੱਚ ਤਿੰਨ ਵਾਰ ਅਧਿਆਪਨ ਕਾਰਜ ਕੀਤਾ। ਇਹ ਲੈਕਚਰ ਲੜੀ ਹੀ ਉਹਨਾਂ ਦੀ ਕਿਤਾਬ ਦਾ ਅਧਾਰ ਬਣੀ, ਜਿਸਨੂੰ ਉਸ ਦੇ ਦੋ ਪ੍ਰਬੁੱਧ ਸਾਥੀਆਂ ਨੇ 1913 ਵਿੱਚ ‘ਕੋਰਸ ਆਫ ਲਿੰਗੁਇਸਟਿਕ’ ਨਾਮਕ ਜਰਨਲ ਵਿੱਚ ਸੰਪਾਦਤ ਕੀਤਾ। ਸੌਸਿਊਰ ਦੇ ਨੋਟਸ ਨਾਂਹ ਦੇ ਬਰਾਬਰ ਸੀ, ਨਾ ਹੀ ਸੌਸਿਊਰ ਨੇ ਆਪਣੇ ਜੀਵਨ ਵਿੱਚ ਕੋਈ ਕਿਤਾਬ ਲਿਖੀ।

ਫਰਵਰੀ 1913 ਵਿੱਚ 53 ਸਾਲ ਦੀ ਉਮਰ ਵਿੱਚ ਸੌਸਿਊਰ ਦੀ ਮੌਤ ਹੋ ਗਈ। ਆਪਣੇ ਜੀਵਨ ਕਾਲ ਵਿੱਚ ਸੌਸਿਊਰ ਨੇ ਆਪ ਬਹੁਤ ਘੱਟ ਲਿਖਿਆ। ਡਾਕਟਰੇਟ ਉਪਾਧਿ ਲਈ ਲਿਖੇ ਗਏ ਆਪਣੇ ਜਾਂਚ ਗਰੰਥ ਦੇ ਇਲਾਵਾ ਉਸ ਨੇ ਕੋਈ ਕਿਤਾਬ ਨਹੀਂ ਲਿਖੀ, ਪਰ ਉਸ ਦੁਆਤਾ ਲਿਖੇ ਗਏ ਉਸ ਦੇ ਇੱਕ ਪੱਤਰ ਤੋਂ ਇਹ ਸੰਕੇਤ ਜ਼ਰੂਰ ਪ੍ਰਾਪਤ ਹੁੰਦਾ ਹੈ ਕਿ ਉਹ ਭਾਸ਼ਾ ਵਿਗਿਆਨ ਉੱਤੇ ਇੱਕ ਸਿਧਾਂਤਕ ਕਿਤਾਬ ਲਿਖਣਾ ਚਾਹੁੰਦਾ ਸੀ।

ਹਵਾਲੇ

[ਸੋਧੋ]
  1. Слюсарева, Наталья Александровна: Некоторые полузабытые страницы из истории языкознания – Ф. де Соссюр и У. Уитней. (Общее и романское языкознание: К 60-летию Р.А. Будагова). Москва 1972.
  2. 2.0 2.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
  3. Culler, p. 23
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.