ਫ਼ਰੂਗ਼ ਫ਼ਰੁਖ਼ਜ਼ਾਦ
ਫ਼ਾਰੂਕ ਫ਼ਰੂਖ਼ਜ਼ਾਦ فروغ فرخزاد | |
---|---|
ਜਨਮ | 5 ਜਨਵਰੀ 1935 |
ਮੌਤ | 13 ਫਰਵਰੀ 1967 ਤਹਿਰਾਨ, ਇਰਾਨ | (ਉਮਰ 32)
ਦਫ਼ਨਾਉਣ ਦੀ ਜਗ੍ਹਾ | (buried Zahir o-dowleh cemetery, Darband, Shemiran, Tehran) |
ਰਾਸ਼ਟਰੀਅਤਾ | ਇਰਾਨੀ |
ਪੇਸ਼ਾ | ਕਾਵਿ-ਸਿਰਜਣਾ |
ਜੀਵਨ ਸਾਥੀ | ਪਰਵੇਜ਼ ਸ਼ਾਪੂਰ (ਤਲਾਕਸ਼ੁਦਾ) |
ਫ਼ਾਰੂਕ ਫ਼ਰੂਖ਼ਜ਼ਾਦ (Persian: فروغ فرخزاد Forūgh Farrokhzād; 5 ਜਨਵਰੀ 1935 — 13 ਫਰਵਰੀ 1967)[1] ਇਰਾਨੀ ਕਵੀ ਅਤੇ ਫ਼ਿਲਮ ਡਾਇਰੈਕਟਰ ਸੀ. ਉਸਨੇ ਔਰਤ ਦੀ ਆਜ਼ਾਦੀ ਦਾ ਝੰਡਾ ਬੁਲੰਦ ਕੀਤਾ। ਇਸੇ ਕਰਕੇ ਉਸ ਨੂੰ ਆਧੁਨਿਕ ਫਾਰਸੀ ਕਵਿਤਾ ਵਿੱਚ ਨਾਰੀਵਾਦ ਦਾ ਚੜ੍ਹਦਾ ਸੂਰਜ ਕਿਹਾ ਜਾਂਦਾ ਹੈ। ਉਹ ਇਰਾਨ ਦੀਆਂ ਵੀਹਵੀਂ ਸਦੀ ਦੀਆਂ ਸਭ ਤੋ ਪ੍ਰਭਾਵਸ਼ਾਲੀ ਇਸਤਰੀ ਕਵੀਆਂ ਵਿੱਚੋਂ ਇੱਕ ਗਿਨੀ ਜਾਂਦੀ ਹੈ। ਉਹ ਵਾਦ-ਵਿਵਾਦ ਵਿੱਚ ਰਹੀ ਆਧੁਨਿਕਤਾਵਾਦੀ ਸ਼ਾਇਰਾ ਅਤੇ ਬੁੱਤ-ਸ਼ਿਕਨ ਮੰਨੀ ਜਾਂਦੀ ਹੈ।[2]
ਜੀਵਨੀ
[ਸੋਧੋ]ਫ਼ਾਰੂਕ ਦਾ ਜਨਮ 1935 ਵਿੱਚ ਤਹਿਰਾਨ ਦੇ ਇੱਕ ਫ਼ੌਜ ਵਿੱਚ ਕਰਨਲ ਮੁਹੰਮਦ ਬਾਗ੍ਹੇਰ ਅਤੇ ਉਹਦੀ ਪਤਨੀ ਤੌਰਨ ਵਾਜ਼ੀਰੀ ਤਾਬਾਰ ਦੇ ਘਰ ਹੋਇਆ ਸੀ। ਉਹ ਆਪਣੇ ਸੱਤ ਭੈਣ-ਭਰਾਵਾਂ (ਅਮੀਰ, ਮਸੂਦ, ਮਿਹਰਦਾਦ, ਫਰੀਦੂਨ ਫ਼ਰੂਖ਼ਜ਼ਾਦ, ਪੂਰਨ ਫ਼ਰੂਖ਼ਜ਼ਾਦ ਅਤੇ ਗਲੋਰੀਆ) ਵਿੱਚੋਂ ਤੀਜੇ ਨੰਬਰ ’ਤੇ ਸੀ। ਉਸਨੇ ਨੌਵੀਂ ਸ਼੍ਰੇਣੀ ਤੱਕ ਪੜ੍ਹਾਈ ਕੀਤੀ ਅਤੇ ਇਸ ਤੋਂ ਬਾਅਦ ਉਸ ਨੂੰ ਪੇਂਟਿੰਗ ਅਤੇ ਸੀਣ-ਪਰੋਣ ਸਿਖਾਉਣ ਵਾਲੇ ਇੱਕ ਦਸਤਕਾਰੀ ਸਕੂਲ ਵਿੱਚ ਲਾ ਦਿੱਤਾ ਗਿਆ। 16 ਸਾਲ ਦੀ ਉਮਰ ਵਿੱਚ ਉਹਨੇ ਆਪਣੇ ਨਾਲੋਂ 15 ਸਾਲ ਵੱਡੇ ਮਸ਼ਹੂਰ ਸਿਤਾਰਵਾਦਕ ਪਰਵੇਜ਼ ਸ਼ਾਪਰ ਨਾਲ਼ ਨਿਕਾਹ ਕਰ ਲਿਆ।[2] ਉਸਨੇ ਪੇਂਟਿੰਗ ਅਤੇ ਸੀਣ-ਪਰੋਣ ਸਿਖਣ ਦਾ ਕੰਮ ਜਾਰੀ ਰਖਿਆ ਅਤੇ ਆਪਣੇ ਪਤੀ ਨਾਲ ਅਹਿਵਾਜ਼ ਚਲੀ ਗਈ। ਇੱਕ ਸਾਲ ਬਾਅਦ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਮ ਕਾਮਯਾਰ ਰੱਖਿਆ। ਦੋ ਸਾਲ ਦੇ ਅੰਦਰ ਅੰਦਰ 1954 ਵਿੱਚ ਫ਼ਾਰੂਕ ਅਤੇ ਪਰਵੇਜ਼ ਦਾ ਤਲਾਕ ਹੋ ਗਿਆ ਅਤੇ ਬੇਟੇ ਦਾ ਹੱਕ ਪਰਵੇਜ਼ ਨੂੰ ਮਿਲ ਗਿਆ। ਉਹ ਕਵਿਤਾਵਾਂ ਲਿਖਣ ਲਈ ਤਹਿਰਾਨ ਪਰਤ ਗਈ ਅਤੇ 1955 ਵਿੱਚ ਆਪਣਾ ਪਹਿਲਾ ਕਾਵਿ-ਸੰਗ੍ਰਹਿ ਅਸੀਰ (ਬੰਦੀਵਾਨ) ਪ੍ਰਕਾਸ਼ਿਤ ਹੋਇਆ।
ਉਸ ਨੇ ਔਰਤ ਦੀ ਆਜ਼ਾਦੀ ਦੀ ਤੜਪ ਨੂੰ, ਇਰਾਨੀ ਸਮਾਜ ਦੇ ਔਰਤਾਂ ਪ੍ਰਤੀ ਨਜ਼ਰੀਏ ਨੂੰ ਵਲਵਲੇ ਅਤੇ ਸੰਵੇਦਨਾ ਨਾਲ ਗੜੁਚ ਕਾਵਿ-ਭਾਸ਼ਾ ਰਾਹੀਂ ਪ੍ਰਗਟਾਇਆ ਗਿਆ ਹੈ। ਉਸਦੀਆਂ ਬੇਬਾਕ ਕਵਿਤਾਵਾਂ ਦੇ ਤਕੜੇ ਨਾਰੀਵਾਦੀ ਸੁਰ ਦਾ ਬੜਾ ਵਿਰੋਧ ਹੋਇਆ। 1958 ਵਿੱਚ ਉਸਨੇ ਨੌਂ ਮਹੀਨੇ ਯੂਰਪ ਵਿੱਚ ਬਿਤਾਏ। ਇਰਾਨ ਪਰਤ ਕੇ ਰੁਜਗਾਰ ਦੀ ਬਹਾਲ ਦੌਰਾਨ ਉਸਦੀ ਮੁਲਾਕਾਤ ਫ਼ਿਲਮ-ਨਿਰਮਾਤਾ ਅਤੇ ਲੇਖਕ ਇਬਰਾਹੀਮ ਗੁਲਸਤਾਨ ਨਾਲ ਹੋ ਗਈ, ਜਿਸਨੇ ਉਸਦੀ ਆਪਣਾ ਆਪ ਪ੍ਰਗਟ ਕਰਨ ਅਤੇ ਆਜ਼ਾਦ ਰਹਿਣ ਦੀ ਉਸਦੀ ਸੋਚ ਨੂੰ ਹੋਰ ਦ੍ਰਿੜ ਕਰ ਦਿੱਤਾ। ਤਬਰੀਜ਼ ਜਾ ਕੇ ਕੋਹੜ ਪੀੜਤ ਇਰਾਨੀਆਂ ਬਾਰੇ ਫਿਲਮ ਬਣਾਉਣ ਤੋਂ ਪਹਿਲਾਂ ਉਸਨੇ ਦੋ ਹੋਰ ਕਿਤਾਬਾਂ ਦੀਵਾਰ ਅਤੇ ਬਾਗ਼ੀ ਪ੍ਰਕਾਸ਼ਿਤ ਕਰਵਾ ਦਿੱਤੀਆਂ। 1962 ਦੀ ਹਾਊਸ ਇਜ ਬਲੈਕ ਦਸਤਾਵੇਜ਼ੀ ਫ਼ਿਲਮ ਨੇ ਕਈ ਕੌਮਾਂਤਰੀ ਇਨਾਮ ਹਾਸਲ ਕੀਤੇ। ਬਾਰਾਂ ਦਿਨ ਦੀ ਸ਼ੂਟਿੰਗ ਦੌਰਾਨ, ਉਹਦਾ ਇੱਕ ਕੋਹੜੀ ਜੋੜੇ ਦੇ ਬੱਚੇ ਹੁਸੈਨ ਮੰਨਸੂਰੀ ਨਾਲ ਮੋਹ ਪੈ ਗਿਆ।
ਕਾਵਿ-ਨਮੂਨਾ
[ਸੋਧੋ] (ਅੰਦੋਹ ਪ੍ਰਸਤ)
ਕਾਸ਼ ਮੈਂ ਖ਼ਿਜ਼ਾਂ ਦੀ ਤਰ੍ਹਾਂ ਹੁੰਦੀ...ਕਾਸ਼ ਮੈਂ ਖ਼ਿਜ਼ਾਂ ਦੀ ਤਰ੍ਹਾਂ ਹੁੰਦੀ
ਕਾਸ਼ ਮੈਂ ਖ਼ਿਜ਼ਾਂ ਦੀ ਤਰ੍ਹਾਂ ਖ਼ਾਮੋਸ਼ ਤੇ ਮਲਾਲ ਅੰਗੇਜ਼ ਹੁੰਦੀ
ਮੇਰੀਆਂ ਆਰਜ਼ੂਆਂ ਦੇ ਪੱਤੇ ਇੱਕ ਇਕ ਕਰ ਕੇ ਜ਼ਰਦ ਹੋ ਰਹੇ ਹੁੰਦੇ
ਮੇਰੀਆਂ ਅੱਖਾਂ ਦਾ ਸੂਰਜ ਸਰਦ ਹੋ ਰਿਹਾ ਹੁੰਦਾ
ਮੇਰੇ ਸੀਨੇ ਦਾ ਆਸਮਾਨ ਪੁਰਦਰਦ ਹੋ ਰਿਹਾ ਹੁੰਦਾ
ਅਚਾਨਕ ਕਿਸੇ ਗ਼ਮ ਦਾ ਤੂਫ਼ਾਨ ਮੇਰੀ ਜਾਨ ਨੂੰ ਆਪਣੇ ਚੁੰਗਲ ਚ ਲੈ ਲੈਂਦਾ
ਮੇਰੇ ਅਸ਼ਕ, ਬਾਰਿਸ਼ ਦੀ ਤਰ੍ਹਾਂ,
ਮੇਰੇ ਦਾਮਨ ਨੂੰ ਰੰਗੀਨ ਕਰ ਦਿੰਦੇ
ਆਹ! ਕਿਆ ਹੀ ਖ਼ੂਬ ਹੁੰਦਾ ਅਗਰ ਮੈਂ ਖ਼ਿਜ਼ਾਂ ਹੁੰਦੀ
ਵਹਿਸ਼ੀ ਤੇ ਪੁਰਸ਼ੋਰ ਤੇ ਰੰਗ ਆਮੇਜ਼ ਹੁੰਦੀ
ਕੋਈ ਸ਼ਾਇਰ ਮੇਰੇ ਨੈਣਾਂ ਚ ਪੜ੍ਹਦਾ...ਇਕ ਆਸਮਾਨੀ ਨਜ਼ਮ
ਮੇਰੇ ਪਹਿਲੂ ਚ ਕਿਸੇ ਆਸ਼ਿਕ ਦਾ ਦਿਲ ਜਲਦਾ ਹੁੰਦਾ
ਕਿਸੇ ਅਦਿੱਖ ਗ਼ਮ ਦੇ ਆਤਸ਼ੀ ਸ਼ੱਰਾਰਾਂ ਚ
ਮੇਰਾ ਨਗ਼ਮਾ
ਥੱਕੀ ਹਾਰੀ ਹਵਾ ਦੀ ਆਵਾਜ਼ ਦੀ ਤਰ੍ਹਾਂ
ਖ਼ਸਤਾ ਹਾਲ ਦਿਲਾਂ ਤੇ ਇੱਤਰ-ਏ-ਗ਼ਮ ਛਿੜਕਦਾ
ਮੇਰੇ ਰੂਬਰੂ:
ਜਵਾਨੀ ਦੇ ਸਿਆਲ ਦਾ ਤਲਖ਼ ਚਿਹਰਾ
ਮੇਰੇ ਮਗਰ:
ਕਿਸੇ ਅਚਾਨਕ ਇਸ਼ਕ ਦੇ ਹੁਨਾਲ ਦਾ ਗਾਹ
ਮੇਰਾ ਸੀਨਾ:
ਅੰਦੋਹ ਦਰਦ ਤੇ ਬਦਗੁਮਾਨੀ ਦੀ ਮੰਜ਼ਿਲ ਗਾਹ
ਕਾਸ਼ ਮੈਂ ਖ਼ਿਜ਼ਾਂ ਦੀ ਤਰ੍ਹਾਂ ਹੁੰਦੀ...ਕਾਸ਼ ਮੈਂ ਖ਼ਿਜ਼ਾਂ ਦੀ ਤਰ੍ਹਾਂ ਹੁੰਦੀ
ਹਵਾਲੇ
[ਸੋਧੋ]- ↑ IMDb bio
- ↑ 2.0 2.1 *Daniel, Elton L. (2006). Culture and Customs of Iran. Greenwood Press. pp. 81–82. ISBN 978-0-313-32053-8.
{{cite book}}
: Unknown parameter|coauthors=
ignored (|author=
suggested) (help)