ਸਮੱਗਰੀ 'ਤੇ ਜਾਓ

ਗੰਧਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਖੇਤ ਦੀ ਝਿੰਗਾਂ ਨਾਲ ਵਾੜ ਕਰਨ ਲਈ ਲੱਕੜ ਦੇ ਦਸਤੇ ਵਾਲੇ ਤੇ ਲੋਹੇ ਦੇ ਫਲ ਵਾਲੇ ਜਿਸ ਖੇਤੀ ਸੰਦ ਨਾਲ ਟੋਏ ਕੱਢੇ ਜਾਂਦੇ ਸਨ, ਉਸ ਨੂੰ ਗੰਧਾਲਾ ਕਹਿੰਦੇ ਹਨ। ਪਸ਼ੂਆਂ ਦੇ ਕੀਲੇ ਵੀ ਗੰਧਾਲੇ ਨਾਲ ਟੋਏ ਕੱਢ ਕੇ ਗੱਡੇ ਜਾਂਦੇ ਹਨ। ਦਰੀਆਂ ਬੁਣਨ ਵਾਲੇ ਅੱਡੇ ਦੇ ਕੀਲੇ ਗੱਢਣ ਲਈ ਟੋਏ ਵੀ ਗੰਧਾਲੇ ਨਾਲ ਕੱਢੇ ਜਾਂਦੇ ਸਨ। ਅੱਜ ਤੋਂ 50 ਕੁ ਸਾਲ ਪਹਿਲਾਂ ਵਿਆਹਾਂ ਦੇ ਟੈਂਟ ਅਤੇ ਫੌਜੀਆਂ ਦੇ ਟੈਂਟਾਂ ਨੂੰ ਲਾਉਣ ਲਈ ਕੀਲਿਆਂ ਦੇ ਟੋਏ ਵੀ ਗੰਧਾਲੇ ਨਾਲ ਕੱਢੇ ਜਾਂਦੇ ਸਨ। ਮਕਾਨ ਉਸਾਰੀ ਕਰਦੇ ਸਮੇਂ ਪੈੜਾਂ ਦੇ ਝਾਂਸਾਂ ਨੂੰ ਗੱਡਣ ਲਈ ਟੋਏ ਵੀ ਗੰਧਾਲਿਆਂ ਨਾਲ ਕੱਢਦੇ ਹਨ। ਜੁਲਾਹੇ ਤਾਣਾ ਤਣਨ ਲਈ, ਤਾਣੇ ਨੂੰ ਪਾਣ ਦੇਣ ਲਈ ਜੋ ਕੀਲੇ ਕੀਲੀਆਂ ਗੱਡਦੇ ਸਨ, ਉਨ੍ਹਾਂ ਲਈ ਟੋਏ ਵੀ ਗੰਧਾਲੇ ਨਾਲ ਕੱਢੇ ਜਾਂਦੇ ਸਨ। ਗੱਲ ਕੀ, ਜੋ ਵੀ ਟੋਆ ਖੇਤੀ ਦੇ ਕੰਮਾਂ ਲਈ ਜਾਂ ਘਰੇਲੂ ਕੰਮਾਂ ਲਈ ਕੱਢਣਾ ਹੁੰਦਾ ਸੀ, ਉਹ ਗੰਧਾਲੇ ਨਾਲ ਹੀ ਕੱਢਿਆ ਜਾਂਦਾ ਸੀ।[1]

ਗੰਧਾਲੇ ਦਾ ਹੱਥਾ ਆਮ ਤੌਰ 'ਤੇ 4 ਕੁ ਫੁੱਟ ਤੱਕ ਲੰਬਾ ਹੁੰਦਾ ਹੈ। ਬਲੇਡ/ਫਲ ਲੋਹੇ ਦਾ ਹੁੰਦਾ ਹੈ ਜਿਹੜਾ 6/7 ਕੁ ਇੰਚ ਲੰਬਾ ਅਤੇ 2/3 ਕੁ ਇੰਚ ਚੌੜਾ ਹੁੰਦਾ ਹੈ। ਬਲੇਡ ਦਾ ਹੇਠਲਾ ਹਿੱਸਾ ਤਿੱਖਾ ਹੁੰਦਾ ਹੈ। ਇਸ ਤਿੱਖੇ ਹਿੱਸੇ ਨਾਲ ਹੀ ਟੋਆ ਪੱਟਿਆ ਜਾਂਦਾ ਹੈ। ਬਲੇਡ ਦੇ ਉਪਰਲੇ ਹਿੱਸੇ ਨੂੰ ਹੱਥਾਂ ਵਿਚ ਪੱਤੀਆਂ ਤੇ ਮੇਖਾਂ ਲਾ ਕੇ ਜੋੜਿਆ ਜਾਂਦਾ ਹੈ। ਇਸ ਤਰ੍ਹਾਂ ਗੰਧਾਂਲਾ ਬਣਦਾ ਹੈ।

ਹੁਣ ਪੰਜਾਬ ਵਿਚ ਕੋਈ ਵੀ ਜਿਮੀਂਦਾਰ ਝਿੰਗਾਂ ਨਾਲ ਖੇਤਾਂ ਦੀ ਵਾੜ ਨਹੀਂ ਕਰਦਾ। ਦਰੀਆਂ ਬਣਨ ਲਈ ਅੱਜਕੱਲ੍ਹ ਲੋਹੇ ਦੇ ਚੱਕਮੇ ਅੱਡੇ ਬਣੇ ਹੋਏ ਹਨ। ਵਿਆਹਾਂ ਵਿਚ ਟੈਂਟ ਦੀਆਂ ਲੋਹੇ ਦੀਆਂ ਪਾਈਪਾਂ ਨੂੰ ਲਾਉਣ ਲਈ ਅਤੇ ਫੌਜੀਆਂ ਦੇ ਟੈਂਟਾਂ ਨੂੰ ਲਾਉਣ ਲਈ ਅੱਜਕੱਲ੍ਹ ਸੱਬਲ ਦੀ ਵਰਤੋਂ ਕੀਤੀ ਜਾਂਦੀ ਹੈ। ਜੁਲਾਹੇ ਹੁਣ ਰਹੇ ਹੀ ਨਹੀਂ। ਇਸ ਲਈ ਹੁਣ ਗੰਧਾਲੇ ਦੀ ਵਰਤੋ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਗਈ ਹੈ।[2]

ਹਵਾਲੇ

[ਸੋਧੋ]
  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link) CS1 maint: year (link)
  2. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link) CS1 maint: year (link)