ਕੂੰਡਾ
ਲੂਣ, ਮਿਰਚ, ਮਸਾਲਾ ਆਦਿ ਜਿਸ ਮਿੱਟੀ ਦੇ ਗੋਲਕਾਰ ਤੇ ਡੂੰਘੇ ਬਰਤਨ ਵਿਚ ਜਾਂ ਪੱਥਰ ਦੇ ਬਰਤਨ ਵਿਚ ਰਗੜਿਆ ਜਾਂਦਾ ਹੈ, ਉਸ ਨੂੰ ਕੂੰਡਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਸੁਨਹਿਰਾ/ਦੌਰੀ ਕਹਿੰਦੇ ਹਨ। ਇਸ ਕੂੰਡੇ ਵਿਚ ਚਟਣੀ ਵੀ ਰਗੜੀ ਜਾਂਦੀ ਹੈ। ਠੰਡਿਆਈ ਵੀ ਰਗੜੀ ਜਾਂਦੀ ਹੈ। ਭੰਗ/ਸੁੱਖਾ ਵੀ ਰਗੜਿਆ ਜਾਂਦਾ ਹੈ। ਦਵਾਈਆਂ ਵੀ ਰਗੜੀਆਂ ਜਾਂਦੀਆਂ ਸਨ। ਹੋਰ ਕਈ ਵਸਤਾਂ ਵੀ ਰਗੜੀਆਂ ਜਾਂਦੀਆਂ ਸਨ। ਕੂੰਡੇ ਵਿਚ ਪਾਈਆਂ ਵਸਤਾਂ ਨੂੰ ਘੋਟਣੇ ਨਾਲ ਰਗੜਿਆ ਜਾਂਦਾ ਹੈ। ਰਗੜਾਈ ਕਰਦੇ ਸਮੇਂ ਕੂੰਡੇ ਨੂੰ ਦੋਵੇਂ ਪੈਰਾਂ ਦੇ ਵਿਚਾਲੇ ਘੁੱਟ ਕੇ ਰੱਖਿਆ ਜਾਂਦਾ ਹੈ। ਘੋਟਣਾ ਜ਼ਿਆਦਾਤਰ ਨਿੰਮ ਦੀ ਲੱਕੜ ਦਾ ਬਣਾਇਆ ਜਾਂਦਾ ਹੈ।
ਕੂੰਡਾ ਬਣਾਉਣ ਲਈ ਚੀਕਣੀ ਗੋਈ ਹੋਈ ਮਿੱਟੀ ਲਈ ਜਾਂਦੀ ਹੈ। ਇਸ ਮਿੱਟੀ ਨੂੰ ਚੱਕ ਉਪਰ ਰੱਖ ਕੇ ਘੁਮਿਆਰ ਕੁੰਡਾ ਡੌਲਦਾ ਸੀ। ਜਦ ਡੌਲਿਆ ਹੋਇਆ ਕੂੰਡਾ ਥੋੜਾ ਜਿਹਾ ਆਠਰ ਜਾਂਦਾ ਸੀ ਤਾਂ ਘੁਮਿਆਰ ਕੂੰਡੇ ਨੂੰ ਮਜ਼ਬੂਤੀ ਦੇਣ ਲਈ ਇਕ ਹੱਥ ਵਿਚ ਮਿੱਟੀ ਦੀ ਬਣੀ ਦਰਨੀ ਨੂੰ ਫੜ ਕੇ ਤੇ ਦੂਜੇ ਹੱਥ ਵਿਚ ਮਿੱਟੀ ਦੀ ਹੀ ਬਣੀ ਛੋਟੀ ਜਿਹੀ ਥਾਪੀ ਨਾਲ ਹੌਲੀ ਹੌਲੀ ਕੁੱਟਦਾ ਸੀ। ਜਦ ਕੂੰਡਾ ਸੁੱਕ ਜਾਂਦਾ ਸੀ ਤਾਂ ਉਸ ਨੂੰ ਆਵੀ ਵਿਚ ਪਾ ਕੇ ਪਕਾਇਆ ਜਾਂਦਾ ਸੀ। ਕੂੰਡਾ ਗੋਲ ਅਕਾਰ ਦਾ ਹੁੰਦਾ ਹੈ। ਇਸ ਦੀ ਗੁਲਾਈ ਹੇਠੋਂ ਘੱਟ ਹੁੰਦੀ ਹੈ। ਜਿਉਂ-ਜਿਉਂ ਉਪਰ ਨੂੰ ਜਾਂਦਾ ਹੈ, ਇਸ ਦੀ ਗੁਲਾਈ ਵਧਦੀ ਜਾਂਦੀ ਹੈ। ਕੰਢੇ ਥੋੜ੍ਹੇ ਜਿਹੇ ਬਾਹਰ ਨੂੰ ਮੁੜ ਹੁੰਦੇ ਹਨ। ਕੂੰਡੇ ਦੇ ਹੇਠਲੇ ਅੰਦਰਲੇ ਹਿੱਸੇ ਵਿਚ ਪੱਥਰ ਦੇ ਛੋਟੇ-ਛੋਟੇ ਟੁਕੜੇ ਲਾਏ ਜਾਂਦੇ ਹਨ। ਰਗੜਾਈ ਕਰਨ ਸਮੇਂ ਇਹ ਪੱਥਰ ਦੇ ਟੁਕੜੇ ਹੀ ਸਹਾਈ ਹੁੰਦੇ ਹਨ।
ਹੁਣ ਲੂਣ, ਮਿਰਚ, ਮਸਾਲੇ ਬਾਜ਼ਾਰ ਵਿਚੋਂ ਪੀਸੇ ਪਸਾਏ ਮਿਲ ਜਾਂਦੇ ਹਨ। ਠੰਡਿਆਈ ਹੁਣ ਕੋਈ ਪੀਂਦਾ ਨਹੀਂ। ਹੁਣ ਜ਼ਿਆਦਾ ਕੂੰਡੇ ਪੱਥਰ ਦੇ ਹਨ ਜਿਹੜੇ ਬਾਜ਼ਾਰ ਵਿਚੋਂ ਬਣੇ ਬਣਾਏ ਮਿਲ ਜਾਂਦੇ ਹਨ। ਰਗੜ ਰਗੜਾਈ ਦਾ ਜ਼ਿਆਦਾ ਕੰਮ ਹੁਣ ਮਿਕਸੀਆਂ ਤੋਂ ਲਿਆ ਜਾਂਦਾ ਹੈ। ਹੁਣ ਕੂੰਡਿਆਂ ਦੀ ਘਰਾਂ ਵਿਚ ਵਰਤੋਂ ਦਿਨੋ ਦਿਨ ਘਟਦੀ ਜਾ ਰਹੀ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.