ਸਮੱਗਰੀ 'ਤੇ ਜਾਓ

ਬਲ੍ਹਣੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਲ੍ਹਣੀ ਘੜੇ ਨਾਲੋਂ ਸਾਈਜ਼ ਵਿਚ ਛੋਟੇ ਪਰ ਮੂੰਹ ਜ਼ਿਆਦਾ ਚੌੜੇ ਵਾਲੇ ਮਿੱਟੀ ਦੇ ਬਰਤਨ ਨੂੰ ਬਲ੍ਹਣੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਆਮ ਤੌਰ 'ਤੇ ਹਾਜ਼ਰੀ ਰੋਟੀ/ਸਵੇਰ ਦੀ ਰੋਟੀ ਖੇਤ ਲੈ ਕੇ ਜਾਣ ਸਮੇਂ ਲੱਸੀ ਬਲ੍ਹਣੀ ਵਿਚ ਲੈ ਕੇ ਜਾਂਦੇ ਸਨ।

ਗਰਮੀ ਦੇ ਮੌਸਮ ਵਿਚ ਹਲ ਵਾਹੁੰਦੇ ਕਈ ਜਿਮੀਂਦਾਰ ਤਾਂ ਜੇਕਰ ਦੁਪਹਿਰ ਵੇਲੇ ਉਨ੍ਹਾਂ ਨੇ ਲੱਸੀ ਪੀਣੀ ਹੁੰਦੀ ਸੀ ਤਾਂ ਬਲ੍ਹਣੀ ਵਿਚ ਬਚੀ ਲੱਸੀ ਦਾ ਪੂਣੇ ਨਾਲ ਮੂੰਹ ਬੰਨ੍ਹ ਕੇ ਰੁੱਖ ਦੇ ਹੇਠਾਂ ਮਿੱਟੀ ਵਿਚ ਦੱਬ ਦਿੰਦੇ ਸਨ। ਜਦ ਤੇਹ ਲੱਗਦੀ ਸੀ ਤਾਂ ਕੱਢਕੇ ਪੀ ਲੈਂਦੇ ਸਨ। ਬਲ੍ਹਣੀ ਜ਼ਿਆਦਾ ਲੱਸੀ ਲਈ ਵਰਤੀ ਜਾਣ ਕਰਕੇ ਧੰਦਿਆਈ ਵਾਲੀ ਬਣ ਜਾਂਦੀ ਸੀ। ਇਸ ਲਈ ਕਈ ਪਰਿਵਾਰ ਬਲ੍ਹਣੀ ਵਿਚ ਘਿਉ ਵੀ ਰੱਖ ਲੈਂਦੇ ਸਨ। ਬਲ੍ਹਣੀ ਨੂੰ ਪਾਣੀ ਲਈ ਵੀ ਵਰਤਿਆ ਜਾਂਦਾ ਸੀ।

ਬਲ੍ਹਣੀ ਬਣਾਉਣ ਲਈ ਕਾਲੀ ਚਿਉਕਣੀ ਮਿੱਟੀ ਦੀ ਘਾਣੀ ਤਿਆਰ ਕੀਤੀ ਜਾਂਦੀ ਸੀ। ਘਾਣੀ ਵਿਚੋਂ ਬਲ੍ਹਣੀ ਬਣਾਉਣ ਜੋਗੀ ਮਿੱਟੀ ਲੈ ਕੇ ਘੁਮਿਆਰ ਬਲ੍ਹਣੀ ਨੂੰ ਚੱਕ ਉਪਰ ਡੌਲਦਾ ਸੀ। ਡੌਲੀ ਹੋਈ ਬਲ੍ਹਣੀ ਨੂੰ ਚੱਕ ਉਪਰੋਂ ਧਾਗੇ ਨਾਲ ਕੱਟ ਕੇ ਸੁੱਕਣ ਲਈ ਰੱਖ ਦਿੱਤਾ ਜਾਂਦਾ ਸੀ। ਕਈ ਬਲ੍ਹਣੀਆਂ ਦੇ ਗਲ ਦੇ ਹੇਠ ਕਾਲੇ ਰੰਗ ਦੀਆਂ ਲਕੀਰਾਂ ਪਾ ਦਿੰਦੇ ਸਨ। ਜਦ ਬਲ੍ਹਣੀ ਸੁੱਕ ਜਾਂਦੀ ਸੀ ਤਾਂ ਬਲ੍ਹਣੀ ਨੂੰ ਦੂਸਰੇ ਬਰਤਨਾਂ ਦੇ ਨਾਲ ਆਵੀ ਵਿਚ ਪਾ ਕੇ ਪਕਾ ਲਿਆ ਜਾਂਦਾ ਸੀ।

ਹੁਣ ਦੀ ਬਹੁਤੀ ਪੀੜ੍ਹੀ ਸਵੇਰੇ ਵੇਲੇ ਚਾਹ ਪੀਂਦੀ ਹੈ। ਲੱਸੀ ਘੱਟ ਹੀ ਪੀਂਦੀ ਹੈ। ਸਵੇਰ ਦੀ ਰੋਟੀ ਵੀ ਹੁਣ ਸਾਰੇ ਜਿਮੀਂਦਾਰ ਘਰ ਹੀ ਖਾਂਦੇ ਹਨ। ਬਲ੍ਹਣੀ ਦੀ ਲੱਸੀ ਲਈ ਹੁਣ ਕੋਈ ਵੀ ਵਰਤੋਂ ਨਹੀਂ ਕਰਦਾ। ਨਾ ਹੀ ਹੁਣ ਕੋਈ ਬਲ੍ਹਣੀ ਦੀ ਘਿਉ ਲਈ ਵਰਤੋਂ ਕਰਦਾ ਹੈ। ਵੈਸੇ ਵੀ ਹੁਣ ਮਿੱਟੀ ਦੇ ਬਰਤਣ ਵਰਤਣ ਦਾ ਰਿਵਾਜ ਬਿਲਕੁਲ ਘੱਟ ਗਿਆ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.