ਚੌਮੁਖੀਏ ਦੀਵੇ ਦੀ ਰਸਮ
ਚੌ, ਚਾਰ ਨੂੰ ਕਹਿੰਦੇ ਹਨ। ਮੁਖੀਆ, ਮੂੰਹਾਂ ਵਾਲੇ ਨੂੰ ਕਹਿੰਦੇ ਹਨ। ਮਿੱਟੀ ਦੇ ਨੋਕਦਾਰ ਮੂੰਹ ਵਾਲੇ ਛੋਟੇ ਪਿਆਲੇ ਨੂੰ, ਜਿਸ ਵਿਚ ਤੇਲ ਤੇ ਬੱਤੀ ਪਾਈ ਜਾਂਦੀ ਹੈ ਤੇ ਬੱਤੀ ਦੇ ਇਕ ਸਿਰੇ ਨੂੰ ਚਾਨਣ ਕਰਨ ਲਈ ਬਾਲਿਆ ਜਾਂਦਾ ਹੈ, ਦੀਵਾ ਕਹਿੰਦੇ ਹਨ। ਇਸ ਤਰ੍ਹਾਂ ਚਾਰ ਮੁੱਖਾਂ ਵਾਲੇ ਦੀਵੇ ਨੂੰ ਚੌਮੁਖੀਆ ਦੀਵਾ ਕਹਿੰਦੇ ਹਨ। ਚੌਮੁਖੀਏ ਦੀਵੇ ਵਿਚ ਚਾਰ ਬੱਤੀਆਂ ਪਾਈਆਂ ਜਾਂਦੀਆਂ ਹਨ। ਚਾਰੇ ਬੱਤੀਆਂ ਨੂੰ ਚਾਨਣ ਲਈ ਬਾਲਿਆ ਜਾਂਦਾ ਹੈ। ਇਸ ਤਰ੍ਹਾਂ ਚੌਮੁਖੀਏ ਦੀਵੇ ਵਿਚ ਚਾਰ ਜੋਤਾਂ ਜਗਦੀਆਂ ਹਨ। ਪਹਿਲੇ ਸਮਿਆਂ ਦੇ ਵਿਆਹਾਂ ਵਿਚ ਚੌਮੁਖੀਏ ਦੀਵੇ ਦੀ ਇਕ ਰਸਮ ਹੁੰਦੀ ਸੀ। ਚੌਮੁਖੀਆ ਦੀਵਾ ਬਾਲ ਕੇ ਮਾਈਏ ਪਈ ਲੜਕੀ ਦੇ ਕੋਲ ਰੱਖਿਆ ਜਾਂਦਾ ਸੀ। ਧਾਰਨਾ ਸੀ ਜਿਵੇਂ ਜਿਵੇਂ ਲੜਕੀ ਚੌਮੁਖੀਏ ਦੀਵੇ ਦੀਆਂ ਜੋਤਾਂ ਵੱਲ ਵੇਖੇਗੀ, ਤਿਉਂ ਤਿਉਂ ਉਸਦੇ ਰੂਪ ਵਿਚ ਨਿਖਾਰ ਆਉਂਦਾ ਜਾਵੇਗਾ।ਰੂਪ ਵਿਚ ਹੋਰ ਵਾਧਾ ਹੁੰਦਾ ਜਾਵੇਗਾ।
ਪਹਿਲੇ ਸਮਿਆਂ ਵਿਚ ਲੋਕ ਅਨਪੜ੍ਹ ਸਨ। ਜਿਵੇਂ ਬ੍ਰਾਹਮਣ ਵਹਿਮ-ਭਰਮ ਪਾਉਂਦੇ ਸਨ, ਉਸ ਤਰ੍ਹਾਂ ਲੋਕ ਕਰੀ ਜਾਂਦੇ ਸਨ। ਇਸ ਤਰ੍ਹਾਂ ਚੌਮੁਖੀਏ ਦੀਵੇ ਦੀ ਰਸਮ ਇਕ ਅੰਧ ਵਿਸ਼ਵਾਸ ਦੀ ਰਸਮ ਸੀ। ਭਲਾ, ਚੌਮੁਖੀਏ ਦੀਵੇ ਦੀਆਂ ਜੋਤਾਂ ਵੱਲ ਵੇਖ ਕੇ ਕਿਸੇ ਮੁਟਿਆਰ ਦੇ ਰੂਪ ਵਿਚ ਵਾਧਾ ਹੋ ਸਕਦਾ ਹੈ ? ਇਸ ਲਈ ਇਸ ਰਸਮ ਵਿਚ ਤਿਲ ਭਰ ਜਿੰਨੀ ਸੱਚਾਈ ਵੀ ਨਹੀਂ ਹੈ। ਇਸ ਲਈ ਹੁਣ ਇਸ ਰਸਮ ਨੂੰ ਕੋਈ ਵੀ ਨਹੀਂ ਕਰਦਾ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.