ਸਮੱਗਰੀ 'ਤੇ ਜਾਓ

ਗਿੱਲ (ਗੋਤ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਿੱਲ ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ-ਨਾਲ ਫਿਰ ਪਹਾੜ ਦੇ ਨਾਲ-ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ।

ਇਹ ਦੱਖਣ ਤੋਂ ਰਾਜਸਥਾਨ ਰਾਹੀਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹਨ। ਗਿੱਲ ਜੱਟ ਸਿੱਖ ਕਾਫ਼ੀ ਹਨ।

ਵਰਯਾਹ ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਵੀ ਵਿੱਚ ਸਤਲੁਜ ਕੰਢੇ ਬਠਿੰਡੇ ਦਾ ਕਿਲ੍ਹਾ ਉਸਾਰਿਆ ਸੀ ਤੇ ਇਸ ਨੂੰ ਆਪਣੀ ਰਾਜਧਾਨੀ ਬਣਾਕੇ ਪਿਸ਼ੌਰ ਤੱਕ ਦੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਬੰਸ ਦਾ 1010 ਈਸਵੀ ਤੱਕ ਪੰਜਾਬ ਤੇ ਅਧਿਕਾਰ ਰਿਹਾ। ਗਿੱਲ ਹਿੰਦੂ ਘੱਟ ਹਨ। ਵਿਕਰਮਾਦਿੱਤ ਦੀ 26ਵੀਂ ਪੀੜੀ ਤੇ ਵਰਯਾਹ ਹੋਇਆ। ਵਰਯਾਹ ਦੀ ਬੰਸ ਵਿਚੋਂ ਹੀ ਵਿਨੇਪਾਲ, ਵਿਜੇਪਾਲ, ਸਤਪਾਲ ਤੇ ਗਣਪਾਲ ਆਦਿ ਹੋਏ। ਗਿੱਲ ਕਸ਼ੱਤਰੀ ਹਨ।

ਇੱਕ ਹੋਰ ਰਵਾਇਤ ਅਨੁਸਾਰ ਰਘੂਬੰਸੀ ਰਾਜੇ ਪ੍ਰਿਥੀਪਤ ਦੇ ਕੋਈ ਉਲਾਦ ਨਹੀਂ ਸੀ। ਉਸ ਨੂੰ ਕਿਸੇ ਸਾਧੂ ਨੇ ਛੋਟੀ ਜਾਤ ਦੀ ਇਸਤਰੀ ਨਾਲ ਵਿਆਹ ਕਰਨ ਲਈ ਆਖਿਆ। ਉਸਨੇ ਭੁੱਲਰ ਜੱਟੀ ਨਾਲ ਵਿਆਹ ਕਰਾ ਲਿਆ। ਉਸ ਜੱਟੀ ਦੇ ਜੋ ਪੁੱਤਰ ਹੋਇਆ, ਉਸਨੂੰ ਰਾਜਪੂਤ ਰਾਣੀਆਂ ਨੇ ਜੰਗਲ ਵਿੱਚ ਸੁੱਟਵਾ ਦਿੱਤਾ। ਰੱਬ ਦੀ ਕਰਨੀ ਵੇਖੋ, ਉਸ ਜੰਗਲ ਵਿੱਚ ਦੂਜੇ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਤਾਂ ਰਾਜੇ ਨੂੰ ਇਹ ਬੱਚਾ ਮਿਲ ਗਿਆ। ਰਾਜੇ ਨੂੰ ਸਾਰੀ ਸਾਜਿਸ਼ ਦਾ ਪਤਾ ਲੱਗ ਗਿਆ। ਰਾਜਾ ਬੱਚਾ ਘਰ ਲੈ ਆਇਆ। ਜੰਗਲ ਦੀ ਗਿੱਲੀ ਥਾਂ ਵਿੱਚ ਮਿਲਣ ਕਰਕੇ ਰਾਜੇ ਨੇ ਬੱਚੇ ਦਾ ਨਾਮ ਗਿੱਲ ਰੱਖ ਦਿੱਤਾ। ਇਹ ਮਿਥਿਹਾਸਕ ਘਟਨਾ ਹੈ।

ਭੀਮ ਸਿੰਘ ਦਾਹੀਆ ਗਿੱਲਾਂ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਸ ਦੇ ਖਿਆਲ ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ। ਫਿਰ ਕਾਬੁਲ, ਕੰਧਾਰ ਤੇ ਪੰਜਾਬ ਵਿੱਚ ਵਸ ਗਏ। ਯੂਨਾਨੀ ਜੋਧੇ ਹਰਕੁਲੀਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ। ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਵੱਡੇ ਮੱਧ ਏਸ਼ੀਆ ਤੋਂ ਯੂਨਾਨ ਆਏ ਹੋਣ ਫਿਰ ਭਾਰਤ ਵਿੱਚ ਆਏ ਹੋਣ।

ਮਹਿਮੂਦ ਗਜ਼ਨਵੀ ਜਿਹੇ ਕੱਟੜ, ਜ਼ਾਲਮ ਤੇ ਲੁਟੇਰੇ ਮੁਸਲਮਾਨ ਬਾਦਸ਼ਾਹ ਤੋਂ ਡਰ ਕੇ 1026-27 ਈਸਵੀ ਦੇ ਸਮੇਂ ਵੀ ਕਈ ਜੱਟ ਕਬੀਲੇ ਰੂਸ ਤੇ ਯੂਰਪ ਵਿੱਚ ਜਿਪਸੀਆਂ ਦੇ ਰੂਪ ਵਿੱਚ ਗਏ ਸਨ। ਯੂਰਪੀਅਨ ਦੇਸ਼ਾਂ ਵਿੱਚ ਵੀ ਮਾਨ, ਢਿੱਲੋਂ, ਗਿੱਲ ਆਦਿ ਗੋਤਾਂ ਦੇ ਗੋਰੇ ਮਿਲਦੇ ਹਨ। ਮਾਲਵੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਵਿਨੈਪਾਲ ਦੀ ਨੌਵੀਂ ਪੀੜੀ 'ਚ ਜੈਪਾਲ ਹੋਇਆ। ਜੈਪਾਲ ਨੇ ਯਾਦਵ ਬੰਸ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਦੇ ਪੇਟੋਂ ਗਿੱਲ ਪਾਲ ਹੋਇਆ। ਰਾਜੇ ਦੇ ਵਜ਼ੀਰ ਰਤਨ ਲਾਲ ਨੇ ਰਾਜਪੂਤ ਰਾਣੀਆਂ ਨਾਲ ਮਿਲਕੇ ਗਿੱਲਪਾਲ ਨੂੰ ਮਾਰਨ ਦੀ ਸਕੀਮ ਬਣਾਈ। ਇਹ ਸਾਜਿਸ਼ ਪਕੜੀ ਗਈ ਤੇ ਰਤਨ ਲਾਲ ਡਰਕੇ ਬਗ਼ਦਾਦ ਭੱਜ ਗਿਆ। ਉਸਨੇ ਮੁਸਲਮਾਨ ਬਣਕੇ ਮੱਕੇ ਦਾ ਹਜ਼ ਕੀਤਾ। ਇਸ ਮਗਰੋਂ ਇਸ ਦਾ ਨਾਮ ਹਾਜ਼ੀ ਰਤਨ ਪ੍ਰਸਿੱਧ ਹੋਇਆ। ਬਗ਼ਦਾਦ ਦੇ ਖ਼ਲੀਫੇ ਤੇ ਲੱਖੀ ਭੱਟੀ ਦੀ ਸਹਾਇਤਾ ਨਾਲ ਹਾਜੀ ਰਤਨ ਨੇ ਗਿੱਲ ਪਾਲ ਤੇ ਉਸਦੇ ਵਾਰਸਾਂ ਨੂੰ ਮੋਗੇ ਵੱਲ ਭੱਜਾ ਦਿਤਾ। ਆਪ ਵੀ ਮਾਰਿਆ ਗਿਆ। ਗਿੱਲ ਪਾਲ ਦੇ ਅੱਠ ਪੁੱਤਰਾਂ ਤੇ ਤਿੰਨ ਭਰਾਵਾਂ ਦਾ ਬੰਸ ਬਹੁਤ ਵਧਿਆ ਫੁਲਿਆ। ਗਿੱਲ ਦੇ ਅੱਠ ਪੁੱਤਰ: ਸ਼ੇਰ ਗਿੱਲ, ਮੋਖਾ , ਬੱਧਣ, ਵੈਰਸੀ, ਨਾਗ, ਸਰਪ, ਲਧਾਈ ਤੇ ਸਿੱਪਰਾ ਸਨ। ਤਿੰਨ ਭਰਾਵਾਂ ਦੀ ਉਲਾਦ ਨੂੰ ਝੋਰੜ ਗਿੱਲ ਕਹਿੰਦੇ ਹਨ। ਗਿੱਲ ਦੇ ਤਿੰਨ ਪੁੱਤਰਾਂ ਦੀ ਬੰਸ, ਮਾਲਵੇ ਦੇ ਉਤਰ ਵੱਲ ਫਰੀਦਕੋਟ, ਬਠਿੰਡਾ, ਮੋਗਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਵਸੀ। ਵੈਰਸੀਆਂ ਦਾ ਮੁੱਢਲਾ ਪਿਡ ਘਲ ਕਲਾਂ ਸੀ। ਇਸ ਬੰਸ ਦੇ ਹੋਰ ਪ੍ਰਸਿੱਧ ਪਿੰਡ “(ਘੋਲੀਆ ਕਲਾ) ” ਸਿੰਘਾਂ ਵਾਲਾ, ਬੁਕਣ ਵਾਲਾ, ਫਿਰੋਜ਼ਸ਼ਾਹ, ਚੜਿਕ, ਫੂਲੇਵਾਲਾ ਤੇ ਰਣੀਆਂ ਆਦਿ ਸਨ। ਬੱਧਣ ਗਿੱਲਾਂ ਦਾ ਮੁੱਢਲਾ ਪਿੰਡ ਬੱਧਦੀ ਸੀ। ਬੱਧਣ ਬੰਸ ਵਿਚੋਂ ਚੋਗਾਵਾਂ ਪਿੰਡ ਮੋਗੇ ਦੇ ਚਾਚਿਆਂ ਨੇ ਜੰਡਵਾਲੇ ਥੇਹ ਉੱਪਰ ਨਵਾਂ ਪਿੰਡ ਮੋਗਾ ਬੰਨਿਆ। ਸਾਧੂ ਦੇ ਵਰ ਕਾਰਨ ਮੋਗੇ ਦੇ ਭਾਈਚਾਰੇ ਦੇ ਗਿੱਲ ਬਤਾਲੀ ਪਿੰਡਾਂ ਵਿੱਚ ਫੈਲ ਗਏ। ਲੋਕਾਂ ਨੇ ਮੋਗਾ ਬਤਾਲੀ ਕਹਾਵਤ ਬਣਾ ਲਈ। ਮੋਗੇ ਦੇ ਸਹੁਰੇ ਬਾਰੇ ਸਰਾਂ ਦੀ ਮੁਗਲ ਦਰਬਾਰ ਵਿੱਚ ਚੜ੍ਹਤ ਸੀ।

ਇਸ ਕਾਰਨ ਮੋਗੇ ਤੇ ਉਸ ਦੇ ਭਾਈਚਾਰੇ ਦੀ ਇਨ੍ਹਾਂ 42 ਪਿਡਾਂ ਵਿੱਚ ਚੌਧਰ ਰਹੀ। ਸ਼ੁਰੂ-ਸ਼ੁਰੂ ਵਿੱਚ ਗਿੱਲਾਂ ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਲੜਾਈਆਂ ਖਤਮ ਹੋ ਗਈਆਂ। ਲੜਾਈ ਦਾ ਕਾਰਨ ਜ਼ਮੀਨ ਹੀ ਸੀ। ਸੰਘਰ ਕੇ ਬਰਾੜਾਂ ਨੇ ਹੀ ਮੋਗਾ ਗਿੱਲ ਮਾਰਿਆ ਸੀ। ਮੋਗਾ ਦੇਵੀ ਦਾ ਉਪਾਸ਼ਕ ਸੀ।

ਗੁਰੂ ਹਰਗੋਬਿੰਦ ਜੀ ਦੇ ਸਮੇਂ ਹੀ ਬਹੁਤੇ ਗਿੱਲਾਂ ਨੇ ਸਿੱਖੀ ਧਾਰਨ ਕੀਤੀ। ਮਹਿਰਾਜ ਦੀ ਲੜਾਈ ਵਿੱਚ ਛੇਵੇਂ ਗੁਰੂ ਨਾਲ ਗਿੱਲ ਵੀ ਸਨ। ਸ਼ੇਰ ਗਿੱਲ ਦੀ ਬਹੁਤੀ ਬੰਸ ਮੋਗੇ ਤੋਂ ਉਤਰ ਪੱਛਮ ਵੱਲ ਜ਼ੀਰਾ ਖੇਤਰ ਵਿੱਚ ਆਬਾਦ ਹੋਈ। ਨਿਸ਼ਾਨ ਵਾਲੀ ਮਿਸਲ ਦੇ ਮੁਖੀਏ ਦਸੌਧਾ ਸਿੰਘ ਤੇ ਮੋਹਰ ਸਿੰਘ ਸ਼ੇਰਗਿੱਲ ਸਨ। ਇੰਨਾ ਨੇ ਅੰਬਾਲਾ ਨੂੰ ਆਪਣੀ ਰਾਜਧਾਨੀ ਬਣਾਇਆ | ਇੰਨਾ ਹੇਠ ਕਰੀਬ ਇਹ ਸ਼ਾਹਬਾਦ,ਮਾਰਕੰਡਾ,ਇਸਮਾਈਲਬਾਦ,ਜ਼ੀਰਕਪੁਰ,ਦੋਰਾਹਾ ,ਅਮਲੋਹ,ਰੋਪੜ,ਆਨੰਦਪੁਰ ਸਾਹਿਬ ਦਾ ਇਲਾਕਾ ਸੀ | ਮਾਝੇ ਦੇ ਕਾਂਗੜਾ ਦੇ ਕਿਲ੍ਹੇ ਦੇ ਫੌਜਦਾਰ , ਦਰਬਾਰ ਸਾਹਿਬ ਦੇ ਮੁੱਖ ਪ੍ਰਬੰਧਕ ਤੇ ਜਰਨੈਲ ਸਰਦਾਰ ਦੇਸਾ ਸਿੰਘ ਮਜੀਠੀਆ ਅਤੇ ਪਹਿਲੇ ਸਿੱਖ ਇੰਜਨੀਅਰ , ਜਰਨੈਲ ਸਰਦਾਰ ਲਹਿਣਾ ਸਿੰਘ ਜੀ ਮਜੀਠੀਆ ਸਰਦਾਰ ਵੀ ਸ਼ੇਰ ਗਿੱਲਾਂ ਵਿਚੋਂ ਹਨ। ਕੁਝ ਸ਼ੇਰ ਗਿੱਲ ਜ਼ੀਰੇ ਖੇਤਰ ਵਿਚੋਂ ਉਠਕੇ ਦੁਆਬੇ ਵੱਲ ਚਲੇ ਗਏ ਸਨ। ਸ਼ੇਰ ਗਿੱਲਾਂ ਦੇ ਇੱਕ ਸਰਦਾਰ ਦਾਦੂ ਗਿੱਲ ਨੇ ਮਿੱਠੇ ਮਿਹਰ ਧਾਲੀਵਾਲ ਦੀ ਪੋਤੀ ਦਾ ਰਿਸ਼ਤਾ ਅਕਬਰ ਨੂੰ ਕਰਾਇਆ ਸੀ।

ਗਿੱਲ ਬਹੁਤ ਦੂਰਅੰਦੇਸ਼ ਤੇ ਸੂਝਵਾਨ ਹੁੰਦੇ ਹਨ। ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਵੀ ਆਪਣੇ ਸੰਬੰਧ ਠੀਕ ਰੱਖੇ। ਮੁਹੰਮਦ ਗੌਰੀ ਨੇ ਬਠਿੰਡੇ ਨੂੰ ਫਤਿਹ ਕਰਕੇ ਕੁਝ ਗਿੱਲਾਂ ਨੂੰ ਸਿਰਸੇ ਹਿਸਾਰ ਵਿੱਚ ਜਾਗੀਰਾਂ ਦਿੱਤੀਆਂ। ਸਿਰਸੇ ਹਿਸਾਰ ਵਿੱਚ ਕੁਝ ਗਿੱਲ ਹਿੰਦੂ ਜਾਟ ਹਨ ਅਤੇ ਕੁਝ ਜੱਟ ਸਿੱਖ ਹਨ ਇਸ ਇਲਾਕੇ ਵਿੱਚ ਝੋਰੜ ਗਿੱਲਾਂ ਦੇ ਵੀ ਕੁਝ ਪਿੰਡ ਹਨ।

ਲੁਧਿਆਣੇ ਦੇ ਜਗਰਾਉਂ ਇਲਾਕੇ ਵਿੱਚ ਵੀ ਗਿੱਲਾਂ ਦੇ 40 ਪਿੰਡ ਹਨ। 12ਵੀਂ ਸਦੀ ਦੇ ਆਰੰਭ ਵਿੱਚ ਰਾਜੇ ਗਿੱਲਪਾਲ ਦੇ ਪੁੱਤਰ ਮੋਖਾ ਗਿੱਲ ਨੇ ਪਾਇਲ ਨੂੰ ਕੇਂਦਰ ਬਣਾਕੇ ਚੋਮੁਖਾਬਾਦ ( ਮੌਜੂਦਾ ਨਾਮ ਚੋਮੋਂ) ਨਾਮੇ ਪਿੰਡ ਵਸਾਇਆ ਅਤੇ ਆਪਣੀ ਚੌਧਰ ਕਾਇਮ ਕੀਤੀ। ਚੋਮੁਖਾਬਾਦ ਵਿੱਚ ਕਿਸੇ ਸਮੇਂ ਤਿੰਨ ਸੌ ਕੁੱਲੂ ਚੱਲਦੇ ਸਨ | ਮੋਖਾ ਗਿੱਲ ਦੇ ਪੋਤਰੇ ਬਾਬਾ ਸ਼ੀਹਾ ਗਿੱਲ ਝੱਲੀ ਜੀ ਲਾਪਰਾਂ ਤੇ ਰਾੜੇ ਦੇ ਪਠਾਣਾਂ ਨਾਲ ਲੜਦੇੇ ਸ਼ਹੀਦ ਹੋਏ| ਹਸਨ ਖਾਂ ਦੇ ਸਾਂਝੇ ਵਾਰ ਨਾਲ ਬਾਬਾ ਜੀ ਦਾ ਸੀਸ ਅਲੱਗ ਹੋ ਗਿਆ | ਪਠਾਣਾਂ ਦੇ ਨਾਲ ਲੜਦੇ ਸ਼ਹੀਦ ਹੋ ਗਏ | ਜੱਥੇਦਾਰ ਬਾਬਾ ਸੁੁੱਖਾ ਸਿੰਘ ਜੀ ਗਿੱਲ ਝੱਲੀ ਸਰਹਿੰਦ ਵਿਖੇ ਜੈਨ ਖਾਨ ਨਾਲ ਲੜਦੇ ਸ਼ਹੀਦ ਹੋਏ | ਇਸ ਇਲਾਾਕੇ ਵਿੱਚ ਸਿਹੌੜਾ ਧਮੋਟ ਗੌਰੀਵਾਲਾ ਆਦਿ ਗਿੱਲਾਂ ਦੇ ਪੁਰਾਣੇ ਪਿੰਡ ਹਨ। ਮਜੀਠਾ ਵਾਲੇ ਸ਼ੇਰਗਿੱਲ ਗੁਰੂ ਹਰਗੋਬਿੰਦ ਜੀ ਦੇ ਪੱਕੇ ਸ਼ਰਧਾਲੂ ਤੇ ਸੇਵਕ ਸਨ। ਇਹ ਭਾਈ ਖ਼ੁਸ਼ਹਾਲੀ ਦੀ ਅਸ਼ ਹਨ। ਮਾਝੇ ਦੇ ਪ੍ਰਸਿੱਧ ਪਿੰਡ ਜਗਦੇਉ ਕਲਾਂ ਵਿੱਚ ਵੀ ਗਿੱਲ ਤੇ ਧਾਲੀਵਾਲ ਆਬਾਦ ਹਨ। ਸਿੱਪਰਾ ਗੋਤ ਦੇ ਗਿੱਲ ਬਹੁਤੇ ਝੰਗ ਵੱਲ ਚਲੇ ਗਏ ਸਨ। ਇਹ ਬਹੁਤੇ ਮੁਸਲਮਾਨ ਹੀ ਬਣ ਗਏ ਸਨ। ਕਾਬੁਲ ਵਿੱਚ ਗਿੱਲ ਮੁਸਲਮਾਨ ਹਨ। ਸਾਂਦਲਬਾਰ ਵਿੱਚ ਗਿੱਲਾਂ ਦਾ ਕੇਵਲ ਇੱਕ ਪਿੰਡ ਕੱਕੜ ਗਿੱਲ ਹੀ ਪ੍ਰਸਿੱਧ ਸੀ। ਪੰਜਾਬ ਵਿੱਚ ਗਿੱਲ ਨਾਮ ਦੇ ਗਿੱਲ ਜੱਟਾਂ ਦੇ ਕਈ ਵੱਡੇ ਪਿੰਡ ਹਨ। ਗਿੱਲ ਮੁਸਲਮਾਨ ਬਹੁਤ ਹਨ।

ਮੋਦਗਿੱਲ ਗੋਤ ਦੇ ਲੋਕ ਜੱਟ ਨਹੀਂ ਹੁੰਦੇ। ਇਹ ਰਿਸ਼ੀ ਮਹਾਤਮਾ ਬੁੱਧ ਦੇ ਸਮੇਂ ਹੋਇਆ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਗਿੱਲ ਮੁਸਲਮਾਨ ਬਣ ਗਏ ਸਨ। ਇਹ ਝੰਗ, ਮਿਟਗੁੰਮਰੀ ਤੇ ਸ਼ਾਹਪੁਰ ਆਦਿ ਜਿਲ੍ਹਿਆਂ ਵਿੱਚ ਆਬਾਦ ਸਨ। ਸ਼ਾਹੀ ਗੋਤ ਦੇ ਜੱਟ ਵੀ ਗਿੱਲਾਂ ਦੇ ਭਾਈਚਾਰੇ ਵਿਚੋਂ ਹਨ। ਕੁਝ ਗਿੱਲ ਜੱਟ ਗੁਰੂ ਨਾਨਕ ਦੇ ਸਮੇਂ 1505 ਈਸਵੀ ਤੋਂ ਹੀ ਆਸਾਮ ਵਿੱਚ ਵਸ ਗਏ ਹਨ। ਇਹ ਸਾਰੇ ਸਿੱਖ ਹਨ।

ਫਰਾਂਸ ਵਿੱਚ ਕਈ ਜਿਪਸੀ ਗਿੱਲਜ਼ ਗੋਤੀ ਹਨ।

ਮਹਾਰਾਸ਼ਟਰ ਦੇ ਗਾਡਗਿੱਲ ਬ੍ਰਾਹਮਣ ਵੀ ਗਿੱਲ ਜੱਟਾਂ ਵਿਚੋਂ ਹੀ ਹਨ। ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੋਗੇ ਦੇ ਇਲਾਕੇ ਵਿੱਚ ਰਾਜੇਆਣਾ ਮੱਠ ਤੇ ਮੰਨਤ ਕਰਦੇ ਹਨ। ਮੇਲਾ ਵੀ ਲੱਗਦਾ ਹੈ। ਮੋਗੇ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ ਵੰਸ਼ ਹੀ ਹਨ। ਜੋ ਕਨੌਜ ਦੇ ਰਾਜੇ ਰਾਠੌਰ ਦੀ ਗਿਆਰਵੀਂ ਪੀੜ੍ਹੀ ਵਿਚੋਂ ਸੀ ਸੰਗਰੂਰ ਤੇ ਰਿਆਸਤ ਜੀਂਦ ਦੇ ਗਿੱਲ ਆਪਣੇ ਜਠੇਰੇ ਸੂਰਤ ਰਾਮ ਦੀ ਪਟਿਆਲੇ ਦੇ ਖੇਤਰ ਬਾਜੇ ਵਾਲੇ ਪੂਜਾ ਕਰਦੇ ਹਨ। ਬੱਕਰਾ ਤੇ ਗੁੜ ਭੇਂਟ ਕਰਦੇ ਹਨ। ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ।

ਫਿਰੋਜ਼ਪੁਰ ਦੇ ਖੇਤਰ ਵਿੱਚ ਕਾਫ਼ੀ ਗਿੱਲ ਸੱਖੀ ਸਰਵਰ ਦੇ ਸੇਵਕ ਸਨ। ਉਹ ਹਲਾਲ ਦਾ ਹੀ ਮੀਟ ਖਾਂਦੇ ਸਨ। ਵਿਆਹ ਸ਼ਾਦੀ ਵੇਲੇ ਜੰਡੀ ਵੰਡਣ ਤੇ ਛੱਪੜ ਤੋਂ ਮਿੱਟੀ ਕੱਢਣ ਆਦਿ ਦੀਆਂ ਰਸਮਾਂ ਵੀ ਕਰਦੇ ਸਨ। ਇਸ ਇਲਾਕੇ ਵਿੱਚ ਹੁਣ ਸਾਰੇ ਗਿੱਲ ਸਿੱਖ ਹਨ। ਸਿੱਖ ਹੁੰਦੇ ਹੋਏ ਵੀ ਅਜੇ ਵੀ ਕੋਈ ਕੋਈ ਘਰ ਸੱਖੀ ਸਰਵਰ ਮੀਏਂ ਨੂੰ ਮਨਦਾ ਹੈ। ਝਟਕੇ ਵਾਲਾ ਮੀਟ ਨਹੀਂ ਖਾਂਦੇ।

ਗਿੱਲਜ਼ਈ ਪਠਾਨ ਗਿੱਲ ਜੱਟਾਂ ਵਿਚੋਂ ਹਨ। ਮਜ਼ਹਬੀ ਸਿੱਖਾਂ ਅਤੇ ਤਰਖਾਣਾਂ ਆਦਿ ਜਾਤੀਆਂ ਵਿੱਚ ਵੀ ਗਿੱਲ ਗੋਤ ਦੇ ਲੋਕ ਕਾਫ਼ੀ ਹਨ। ਸਿਆਲਕੋਟ ਵੱਲ ਕੁਝ ਗਿੱਲ ਜੱਟ ਮੁਸਲਮਾਨ ਵੀ ਬਣ ਗਏ ਸਨ। ਹੁਣ ਗਿੱਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸਿੱਧੂਆਂ ਅਤੇ ਸੰਧੂਆਂ ਤੋਂ ਮਗਰੋਂ ਇਹ ਜੱਟਾਂ ਦਾ ਤੀਜਾ ਵੱਡਾ ਗੋਤ ਹੈ।

1881 ਈਸਵੀ ਦੀ ਜੰਨਸਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਗਿੱਲਾਂ ਦੀ ਗਿਣਤੀ 1,24,172 ਸੀ।


ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬਅਲੀ ਵਰਯਾਹ ਰਾਜਪੂਤ ਸੀ ਇਹ ਵੀ ਗਿੱਲਾਂ ਨਾਲ ਸੰਬੰਧਿਤ ਸਨ। ਗਿੱਲ ਸੂਰਜ ਬੰਸੀ ਵੀ ਹਨ। ਜੱਟਾਂ ਤੇ ਰਾਜਪੂਤਾਂ ਦੇ ਕਾਫ਼ੀ ਗੋਤ ਸੂਰਜਬੰਸ ਨਾਲ ਸੰਬੰਧ ਰੱਖਦੇ ਹਨ। ਸਿੱਧੂਆਂ ਵਾਂਗ ਗਿੱਲਾਂ ਦੇ ਭੀ ਕਈ ਉਪਗੋਤ ਤੇ ਮੂਹੀਆਂ ਹਨ। ਜੇਜੀ ਗੋਤ ਦੇ ਜੱਟ ਵੀ ਆਪਣਾ ਸੰਬੰਧ ਗਿੱਲਾਂ ਨਾਲ ਜੋੜਦੇ ਹਨ। ਗਿੱਲਾਂ ਨੇ ਬਹੁਤ ਉਨਤੀ ਕੀਤੀ ਹੈ। ਮੋਗੇ ਜਿਲ੍ਹੇ ਦੇ ਬਹੁਤ ਸਾਰੇ ਗਿੱਲ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਗਿੱਲ ਭਾਈਚਾਰੇ ਦੇ ਲੋਕ ਸਾਰੇ ਸੰਸਾਰ ਵਿੱਚ ਹੀ ਫੈਲੇ ਹੋਏ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਰੌਬਰਟ ਸੁਥਰਲੈਂਡ ਗਿੱਲ ਯੂਰਪ ਦਾ ਮਹਾਨ ਅਗਰੇਜ਼ ਲੇਖਕ ਸੀ। ਅਸਲ ਵਿੱਚ ਗਿੱਲ ਜੱਟ ਕੈਸਪੀਅਨ ਸਾਗਰ ਅਥਵਾ ਗਿੱਲਨ ਸਾਗਰ ਤੋਂ ਚੱਲ ਕੇ ਆਖਿਰ ਗਿੱਲਗਿਤ (ਕਸ਼ਮੀਰ) ਵੱਲ ਆ ਕੇ ਪੰਜਾਬ ਵਿੱਚ ਵਸੇ ਸਨ। ਗਿੱਲ ਗੋਤ ਦੇ ਲੋਕ ਬਹੁਤ ਹੀ ਉੱਚੀ ਸੋਚ ਦੇ ਮੰਨੇ ਜਾਂਦੇ ਹਨ I