ਸਮੱਗਰੀ 'ਤੇ ਜਾਓ

ਰਾਸ਼ਟਰੀ ਸੇਵਾ ਯੋਜਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਸ਼ਟਰੀ ਸੇਵਾ ਯੋਜਨਾ
ਦੇਸ਼ਭਾਰਤ
ਲਾਂਚ24 ਸਤੰਬਰ 1969; 55 ਸਾਲ ਪਹਿਲਾਂ (1969-09-24)
ਵੈੱਬਸਾਈਟnss.gov.in

ਰਾਸ਼ਟਰੀ ਸੇਵਾ ਯੋਜਨਾ (National Service Scheme or NSS) ਭਾਰਤ ਸਰਕਾਰ ਦੇ ਯੁਵਕ ਸੇਵਾਵਾਂ ਅਤੇ ਖੇਡ ਮੰਤਰਾਲਿਆ ਦੁਆਰਾ ਲੋਕਾਂ ਦੇ ਸੇਵਾ ਨੂੰ ਸਮਰਪਤ ਪ੍ਰੋਗ੍ਰਾਮ ਹੈ।[1]

ਸ਼ੁਰੂਆਤ

[ਸੋਧੋ]

ਦੇਸ਼ ਭਰ ਦੇ ਵੱਖ ਵੱਖ ਸਿੱਖਿਆ ਅਤੇ ਸਿਖ਼ਲਾਈ ਸੰਸਥਾਵਾਂ ਭਾਵ ਸਕੂਲਾਂ ਅਤੇ ਕਾਲਜਾਂ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਸਾਰੇ ਵਿਦਿਆਰਥੀਆਂ ਦੇ ਸਰੀਰਕ, ਭਾਵਨਾਤਮਕ, ਸਮਾਜਿਕ ਅਤੇ ਬੌਧਿਕ ਵਿਕਾਸ ਲਈ 1948 ਈਸਵੀ ਵਿੱਚ ਕੌਮੀ ਸਿੱਖਿਆ ਆਯੋਗ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ ਪ੍ਰਸਿੱਧ ਚਿੰਤਕ, ਮੁਲਕ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਡਾ. ਸਰਵਪਲੀ ਰਾਧਾਕ੍ਰਿਸ਼ਨਨ ਦੀ ਅਗਵਾਈ ਵਿੱਚ ਕੌਮੀ ਸੇਵਾ ਯੋਜਨਾ ਦਾ ਸੰਕਲਪ ਪੇਸ਼ ਕੀਤਾ ਗਿਆ।

ਮਹਾਤਮਾ ਗਾਂਧੀ

[ਸੋਧੋ]

ਇਸ ਸੰਕਲਪ ਪਿੱਛੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਵਿੱਚ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਕਰਨ’ਦੀ ਭਾਵਨਾ ਕੰਮ ਕਰ ਰਹੀ ਸੀ। ਇਸ ਸੰਕਲਪ ਦੀ ਪ੍ਰੋੜਤਾ ਕਰਨ ਵਾਲੇ ਹੋਰ ਚਿੰਤਕਾਂ ਅਤੇ ਵਿਦਵਾਨਾਂ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸਿੱਖਿਆ ਸਕੱਤਰ ਡਾਕਟਰ ਸੀ. ਡੀ. ਦੇਸ਼ਮੁੱਖ ਵੀ ਸ਼ਾਮਿਲ ਸਨ।

ਜਨਮ

[ਸੋਧੋ]

24 ਸਤੰਬਰ 1969 ਨੂੰ ਭਾਰਤ ਸਰਕਾਰ ਦੇ ਸਿੱਖਿਆ ਅਤੇ ਸੱਭਿਆਚਾਰ ਮੰਤਰਾਲੇ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਡਾਕਟਰ ਬੀ. ਕੇ. ਆਰ. ਵੀ. ਰਾਓ ਨੇ ਮਹਾਤਮਾ ਗਾਂਧੀ ਦੇ ਜਨਮ ਦੇ ਸ਼ਤਾਬਦੀ ਵਰ੍ਹੇ ਦੇ ਤੋਹਫ਼ੇ ਵਜੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚਲੇ 37 ਵਿਸ਼ਵਵਿਦਿਆਲਿਆਂ ਵਿੱਚ ‘ਰਾਸ਼ਟਰੀ ਸੇਵਾ ਯੋਜਨਾ’ ਸ਼ੁਰੂ ਕਰਨ ਦਾ ਹੁਕਮ ਦਿੱਤਾ। ਇਹ ਯੋਜਨਾ 2 ਅਕਤੂਬਰ 1969 ਤੋਂ ਦੇਸ਼ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਸ਼ੁਰੂ ਹੋ ਗਈ। ਹਰ ਸਾਲ 24 ਸਤੰਬਰ ਨੂੰ ਦੇਸ਼ ਭਰ ਵਿੱਚ ਇਸ ਦਿਨ ਦੀ ਯਾਦ ਤਾਜ਼ਾ ਅਤੇ ਸਮਾਜ ਸੇਵਾ ਦੀ ਭਾਵਨਾ ਵਿਕਸਤ ਕਰਨ ਦੇ ਪ੍ਰਯੋਜਨ ਦੀ ਪੂਰਤੀ ਲਈ 'ਰਾਸ਼ਟਰੀ ਸੇਵਾ ਯੋਜਨਾ’ ਦਿਵਸ ਮਨਾਇਆ ਜਾਂਦਾ ਹੈ।

ਟੀਚੇ

[ਸੋਧੋ]

ਵਿਦਿਆਰਥੀਆਂ ਦੇ ਸਫ਼ਲ, ਚੰਗੇਰੇ ਅਤੇ ਵਿਕਾਸਮਈ ਭਵਿੱਖ ਨਿਰਮਾਣ ਦੇ ਟੀਚੇ ਨਾਲ ਚਲਾਈ ਜਾ ਰਹੀ ਇਸ ਨਿਵੇਕਲੀ ਯੋਜਨਾ ਨੂੰ ਵਿੱਦਿਅਕ ਅਦਾਰਿਆਂ ਵਿੱਚ ਐੱਨ. ਐੱਸ. ਐੱਸ. ਭਾਵ ਨੈਸ਼ਨਲ ਸਰਵਿਸ ਸਕੀਮ ਵਜੋਂ ਜਾਣਿਆ ਜਾਂਦਾ ਹੈ। ਹਰ ਅਦਾਰੇ ਵਿੱਚ ਇੱਕ ਅਧਿਆਪਕ ਨੂੰ ਇਸ ਦਾ ਇੰਚਾਰਜ ਥਾਪਿਆ ਜਾਂਦਾ ਹੈ। ਮਾਪਿਆਂ, ਵਿਦਿਆਰਥੀਆਂ, ਸਮਾਜਿਕ ਭਾਈਚਾਰੇ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਚਲਾਈ ਜਾਣ ਵਾਲੀ ਇਸ ਯੋਜਨਾ ਵਿੱਚ ਵਿਦਿਆਰਥੀਆਂ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਕੌਮੀ ਸੇਵਾ ਯੋਜਨਾ’ਵਿਦਿਆਰਥੀਆਂ ਨੂੰ ਹੱਥੀ ਕੰਮ ਕਰਨ ਲਈ ਪ੍ਰੇਰਦੀ ਹੈ।

ਮੈਂ ਨਹੀਂ ਤੁਸੀਂ

[ਸੋਧੋ]

ਇਹ ਸਿਧਾਂਤਕ ਵਾਕ ‘’ਮੈਂ ਨਹੀਂ ਤੁਸੀਂ’’ ਜਮਹੂਰੀਅਤ ਭਾਵ ਲੋਕਤੰਤਰ ਦਾ ਪ੍ਰਤੀਕ ਹੈ। ਇਸ ਯੋਜਨਾ ਦਾ ਸੰਕੇਤਕ ਚਿੰਨ੍ਹ ਓਡੀਸ਼ਾ ਦੇ ਪ੍ਰਸਿੱਧ ਕੋਣਾਰਕ ਮੰਦਰ ਦੇ ਰਥ ਦੇ ਪਹੀਏ ‘ਤੇ ਆਧਾਰਿਤ ਹੈ। ਸੂਰਜ ਮੰਦਰ ਦੇ ਵਿਸ਼ਾਲ ਪਹੀਏ ਸਿਰਜਣ, ਸੰਘਰਸ਼ ਕਰਨ ਅਤੇ ਮੁਕਤੀ ਦੇ ਚੱਕਰ ਨੂੰ ਪ੍ਰਗਟ ਕਰਦੇ ਹਨ ਅਤੇ ਕਾਲ ਅਤੇ ਸਥਾਨ ਤੋਂ ਪਰ੍ਹੇ ਜੀਵਨ ਵਿੱਚ ਗਤੀ ਦਾ ਮਹੱਤਵ ਵੀ ਦੱਸਦੇ ਹਨ। ਇਸ ਚਿੰਨ੍ਹ ਵਿੱਚ ਕੋਣਾਰਕ ਪਹੀਏ ਦੀਆਂ ਅੱਠ ਤੀਲੀਆਂ ਦਿਨ ਦੇ ਅੱਠ ਪਹਿਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਕਹਿਣ ਤੋਂ ਭਾਵ ਇਹ ਹੈ ਕਿ ਕੌਮੀ ਸੇਵਾ ਯੋਜਨਾ ਦਾ ਵਾਲੰਟੀਅਰ ਦਿਨ ਦੇ ਅੱਠੇ ਪਹਿਰ ਭਾਵ 24 ਘੰਟੇ ਹੀ ਦੇਸ਼ ਦਾ ਸਿਪਾਹੀ ਹੁੰਦਾ ਹੈ।

ਕੈੱਪ ਦੀਆਂ ਕਿਸਮਾਂ

[ਸੋਧੋ]

ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਯੋਜਨਾ ਨਾਲ ਜੋੜਨ ਅਤੇ ਇਸ ਵੱਲ ਆਕਰਸ਼ਿਤ ਕਰਨ ਲਈ ਐੱਨ. ਐੱਸ. ਐੱਸ. ਦੇ ਮੈਂਬਰ ਬਣਨ, ਇੱਕ ਰੋਜ਼ਾ, ਤਿੰਨ ਰੋਜ਼ਾ ਜਾਂ ਦਸ ਰੋਜ਼ਾ ਕੈਂਪਾਂ ਵਿੱਚ ਭਾਗ ਲੈਣ ‘ਤੇ ਪ੍ਰਮਾਣ ਪੱਤਰ ਜਾਰੀ ਕੀਤੇ ਜਾਂਦੇ ਹਨ, ਜਿਹਨਾਂ ਦੀ ਕੀਮਤ ਨੌਕਰੀ ਹਾਸਲ ਕਰਨ ਜਾਂ ਕਿਸੇ ਵੀ ਸਿੱਖਿਆ ਜਾਂ ਸਿਖ਼ਲਾਈ ਸੰਸਥਾ ਵਿੱਚ ਦਾਖ਼ਲਾ ਲੈਣ ਸਮੇਂ ਪੈਂਦੀ ਹੈ। ਕੌਮੀ ਸੇਵਾ ਯੋਜਨਾ’ਦੇ ਮੈਂਬਰ ਵਿਦਿਆਰਥੀਆਂ ਨੂੰ ਵਾਲੰਟੀਅਰ ਆਖਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਸਮਾਜ ਸੇਵਾ ਕਰਨ ਲਈ ਪੇਸ਼ ਅਤੇ ਸਮਰਪਿਤ ਕੀਤਾ ਹੁੰਦਾ ਹੈ। ਇਸ ਸੇਵਾ ਨਾਲ ਜੁੜ ਕੇ ਵਿਦਿਆਰਥੀ ਬਹੁਤ ਕੁਝ ਸਿੱਖਦੇ ਹਨ ਅਤੇ ਇਸ ਨਾਲ ਬੱਚਿਆਂ ਦਾ ਸਮਾਜਿਕ, ਭਾਵਨਾਤਮਕ ਅਤੇ ਸਰੀਰਕ ਵਿਕਾਸ ਵੀ ਹੁੰਦਾ ਹੈ। ਇੱਕ ਦੂਜੇ ਨਾਲ ਰਲ ਕੇ ਰਹਿਣ, ਕੰਮ ਕਰਨ ਭਾਵ ਟੀਮ ਸਪਿਰਟ’ਨੂੰ ਉਤਸ਼ਾਹਤ ਕਰਨ ਵਾਲੀ ਕੌਮੀ ਸੇਵਾ ਯੋਜਨਾ’ਦੀ ਪਿਰਤ ਇੱਕ ਸਲਾਹੁਣਯੋਗ ਅਤੇ ਭਵਿੱਖ ਕੇਂਦਰਤ ਕਦਮ ਹੈ।

ਸਰਭ ਸਾਂਝੀਵਾਲਤਾ

[ਸੋਧੋ]

ਇਸ ਯੋਜਨਾ ਨਾਲ ਜੁੜ ਕੇ ਵਿਦਿਆਰਥੀਆਂ ਨੂੰ ਜਾਤਾਂ, ਧਰਮਾਂ, ਰੰਗਾਂ, ਨਸਲਾਂ, ਅਤੇ ਅਮੀਰੀ ਗ਼ਰੀਬੀ ਦਾ ਭੇਦ-ਭਾਵ ਭੁੱਲ ਕੇ ਇਕੱਠੇ ਕੰਮ ਕਰਨ, ਖੇਡਣ, ਖਾਣ ਪੀਣ, ਅਤੇ ਘੁੰਮਣ ਫਿਰਨ ਦਾ ਮੌਕਾ ਹਾਸਲ ਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਆਪਸੀ ਸਦਭਾਵਨਾ ਅਤੇ ਸਮਾਜਿਕ ਭਾਈਚਾਰੇ ਦਾ ਅਹਿਸਾਸ ਹੁੰਦਾ ਹੈ। ਵੱਡੇ ਹੋਣ ‘ਤੇ ਜਦੋਂ ਇਹੀ ਵਿਦਿਆਰਥੀ ਆਪਣੇ ਇਲਾਕੇ, ਕੌਮ ਜਾਂ ਸਮਾਜ ਵਿੱਚ ਵਿਚਰਦੇ ਹਨ ਤਾਂ ਉਨ੍ਹਾਂ ਅੰਦਰ ਖੁੱਲ੍ਹਦਿਲੀ, ਉਦਾਰਤਾ ਅਤੇ ਸਮਾਜ ਸੇਵਾ ਦੇ ਗੁਣ ਕੁੱਟ ਕੁੱਟ ਕੇ ਭਰੇ ਹੋਣ ਕਰ ਕੇ ਉਹ ਸਮਾਜ ਨੂੰ ਸਹੀ ਸੇਧ ਦੇਣ, ਅਹਿੰਸਾ ਬਰਕਰਾਰ ਰੱਖ਼ਣ ਅਤੇ ਕੌਮੀ ਏਕਤਾ ਅਤੇ ਅਖੰਡਤਾ ਦੇ ਪ੍ਰਚਾਰਕ, ਪ੍ਰਸਾਰਕ ਅਤੇ ਚਾਨਣ ਮੁਨਾਰੇ ਬਣਦੇ ਹਨ। ਸਿੱਖਿਆ ਵਿਭਾਗ ਅਤੇ ਸਰਕਾਰਾਂ ਵੱਲੋਂ ਕੌਮੀ ਸੇਵਾ ਯੋਜਨਾ ਪ੍ਰਤੀ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਅਹਿਮ ਨਿਯੁਕਤੀਆਂ ਅਤੇ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਸਮੇਂ ਐੱਨ. ਐੱਸ. ਐੱਸ. ਕੈਂਪ ਲਗਾਉਣ ਵਾਲੇ ਵਿਦਿਆਰਥੀਆਂ ਨੂੰ ਤਰਜੀਹ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

ਉਦੇਸ਼

[ਸੋਧੋ]
  1. ਕੌਮੀ ਸੇਵਾ ਯੋਜਨਾ ਦਾ ਮੁੱਖ ਮਨੋਰਥ ਕਿਸੇ ਵੀ ਵਿੱਦਿਅਕ ਅਦਾਰੇ ਵਿੱਚ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਭਾਈਚਾਰਕ ਅਤੇ ਸਮਾਜਿਕ ਸੇਵਾ ਦੀ ਭਾਵਨਾ ਦੀਆਂ ਕਦਰਾਂ-ਕੀਮਤਾਂ ਉਜਾਗਰ ਕਰਨਾ ਹੈ।
  2. ਇਹ ਸੰਸਥਾ ਜਿੱਥੇ ਵਿਦਿਆਰਥੀਆਂ ਵਿੱਚ ਸਮਾਜਿਕ ਜਾਗ੍ਰਿਤੀ, ਸੇਵਾ ਭਾਵ ਅਤੇ ਦੇਸ਼ ਭਗਤੀ ਜਿਹੇ ਗੁਣ ਉਜਾਗਰ ਕਰਦੀ ਹੈ, ਉਥੇ ਵਿੱਦਿਅਕ ਅਦਾਰਿਆਂ ਦਾ ਸਮਾਜਿਕ ਅਤੇ ਭੂਗੋਲਿਕ ਵਾਤਾਵਰਣ ਵੀ ਸੁਧਾਰਦੀ ਹੈ।
  3. ਵਿਦਿਆਰਥੀਆਂ ਨੂੰ ਉਸਾਰੂ ਅਤੇ ਸਮਾਜ ਸੁਧਾਰਕ ਕੰਮ ਕਰਨ ਲਈ ਪ੍ਰੇਰਦੀ ਹੈ।
  4. ਕੌਮੀ ਸੇਵਾ ਯੋਜਨਾ ਦੇ ਮੁੱਖ ਉਦੇਸ਼ਾਂ ਵਿੱਚ ਵਿਦਿਆਰਥੀਆਂ ਨੂੰ ਸਮੁਦਾਇ ਨਾਲ ਮਿਲ ਜੁਲ ਕੇ
    1. ਰਚਨਾਤਮਕ ਅਤੇ ਸਮਾਜ ਸੁਧਾਰ ਦੇ ਕੰਮ ਕਰਨ ਲਈ ਉਤਸ਼ਾਹਤ ਕਰਨਾ,
    2. ਵਿਦਿਆਰਥੀਆਂ ਅਤੇ ਜਨਤਾ ਦੇ ਸਧਾਰਣ ਗਿਆਨ ਵਿੱਚ ਵਾਧਾ ਕਰਨਾ,
    3. ਸਮਾਜਿਕ ਚੇਤਨਾ ਲਿਆਉਣਾ,
    4. ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਯੋਗਤਾ ਅਤੇ ਬੌਧਿਕਤਾ ਦਾ ਵਿਕਾਸ ਅਤੇ ਲੋਕਤੰਤਰ ਦੀ ਭਾਵਨਾ ਦ੍ਰਿੜ੍ਹ ਕਰਨਾ ਹੈ।
    5. ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਯੋਗ ਬਣਾਉਣ ਲਈ ਕੰਮਾਂ ਵਿੱਚ ਨਿਪੁੰਨ ਕਰਨਾ
    6. ਪੜ੍ਹੇ ਲਿਖੇ ਅਤੇ ਅਨਪੜ੍ਹ ਲੋਕਾਂ ਵਿਚਲੀ ਦੂਰੀ ਖ਼ਤਮ ਕਰਨਾ ਅਤੇ ਸਮਾਜ ਦੇ ਗ਼ਰੀਬ ਅਤੇ ਪਛੜੇ ਲੋਕਾਂ ਦੀ ਭਲਾਈ ਹਿਤ ਤਨੋਂ ਮਨੋਂ ਸੇਵਾ ਕਰਨ ਲਈ ਤਿਆਰ ਕਰਨਾ ਹੈ।
    7. ਇਸ ਯੋਜਨਾ ਦੇ ਪ੍ਰਮਾਣਿਤ ਨਾਅਰਿਆਂ ਵਿੱਚ ਇੱਕ ਰੁੱਖ ਸੌ ਸੁੱਖ, ਅਨਪੜ੍ਹਤਾ ਦੂਰ ਕਰੋ ਅਤੇ ਨਸ਼ੇ ਛੱਡੋ ਕੋਹੜ ਵੱਢੋ ਜ਼ਿਕਰਯੋਗ ਹਨ।

ਆਚਰਨ ਨਿਯਮ

[ਸੋਧੋ]

ਕੌਮੀ ਸੇਵਾ ਯੋਜਨਾ ਦੇ ਵਾਲੰਟੀਅਰਾਂ ਲਈ ਨਿਯਤ ਕੀਤੇ ਆਚਰਨ ਨਿਯਮ ਵੀ ਵਿਦਿਆਰਥੀਆਂ ਦੀ ਆਚਰਨ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਹਨ।

  1. ਸਮੇਂ ਦੇ ਪਾਬੰਦ ਰਹਿਣਾ
  2. ਬੇਲੋੜੀ ਬਹਿਸ ਨਾ ਕਰਨਾ
  3. ਰਾਹਨੁਮਾ ਦੀ ਅਗਵਾਈ ਅਤੇ ਨਿਗਰਾਨੀ ਹੇਠ ਰਹਿਣਾ
  4. ਰੋਜ਼ ਦੇ ਕੀਤੇ ਕੰਮਾਂ ਨੂੰ ਡਾਇਰੀ ਵਿੱਚ ਨੋਟ ਕਰਨਾ
  5. ਕੌਮੀ ਨਿਸ਼ਾਨੀਆਂ ਦਾ ਸਤਿਕਾਰ ਕਰਨਾ ਅਤੇ ਕੌਮੀ ਸੰਪਤੀ ਦੀ ਸੰਭਾਲ ਕਰਨਾ
  6. ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਦਾ ਤਿਆਗ ਕਰਨਾ ਅਤੇ ਇਸ ਦਾ ਪ੍ਰਚਾਰ ਕਰਨਾ ਐੱਨ. ਐੱਸ. ਐੱਸ. ਦੇ ਮੁੱਢਲਾ ਅਸੂਲ ਜਾਂ ਆਚਰਣ ਨਿਯਮ ਹਨ।
  7. ਇਹ ਵਾਲੰਟੀਅਰਾਂ ਨੂੰ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਉਨ੍ਹਾਂ ਦਾ ਯੋਗਦਾਨ ਹਾਸਲ ਕਰਨ ਲਈ ਪ੍ਰੇਰਦੀ ਹੈ।

ਇੱਕ-ਦਿਨਾਂ ਕੈਂਪ

[ਸੋਧੋ]

ਹਰ ਵਾਲੰਟੀਅਰ ਨੇ ਦੇਖ ਰੇਖ ਕੰਮਾਂ ਵਿੱਚ ਪੰਜ ਇੱਕ-ਦਿਨਾਂ ਕੈਂਪ ਲਗਾ ਕੇ ਵਿੱਦਿਅਕ ਅਦਾਰੇ ਦੀ ਸੁੰਦਰਤਾ/ਸਫ਼ਾਈ ਹਿੱਤ ਦੋ ਘੰਟਿਆਂ ਦੇ ਛੇ ਪੀਰੀਅਡ ਲਗਾ ਕੇ, ਵਿੱਦਿਅਕ ਪ੍ਰੋਗਰਾਮਾਂ ਦੇ ਦੋ-ਦੋ ਘੰਟਿਆਂ ਦੇ ਛੇ ਪੀਰੀਅਡ ਲਗਾ ਕੇ, ਸਵੈ-ਇੱਛਾ ਨਾਲ ਖੂਨਦਾਨ ਅਤੇ ਜ਼ਖ਼ਮੀਆਂ ਦੀ ਮੁੱਢਲੀ ਮਦਦ ਦੀ ਸਿਖ਼ਲਾਈ ਆਦਿ ਕੰਮਾਂ ਵਿੱਚ ਲਗਾ ਕੇ ਇੱਕ ਸਾਲ ਦੇ 120 ਘੰਟੇ ਪੂਰੇ ਕਰਨੇ ਹੁੰਦੇ ਹਨ।

ਦਸ-ਦਿਨਾਂ ਕੈਂਪ

[ਸੋਧੋ]

ਐੱਨ. ਐੱਸ. ਐੱਸ. ਦੇ ਦਸ-ਦਿਨਾਂ ਕੈਂਪ। ਇਸ ਤੋਂ ਬਿਨਾਂ ਬਾਲਗ ਸਿੱਖਿਆ, ਰੁੱਖ ਲਗਾਉਣ, ਪਰਿਵਾਰ ਨਿਯੋਜਨ ਚੇਤਨਾ, ਗ਼ਰੀਬਾਂ ਲਈ ਪੁਰਾਣੇ ਕੱਪੜੇ ਇਕੱਠੇ ਕਰਨਾ, ਹਸਪਤਾਲ ਵਿੱਚ ਬਿਮਾਰਾਂ ਦੀ ਸੇਵਾ ਕਰਨਾ, ਅੰਗਹੀਣਾਂ ਦੀ ਸੇਵਾ ਕਰਨਾ ਆਦਿ ਕੰਮ ਵਿੱਚ ਕ੍ਰਮਵਾਰ 20 ਤੋਂ 40 ਘੰਟੇ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।

ਸਮਾਂ

[ਸੋਧੋ]

ਕੌਮੀ ਸੇਵਾ ਯੋਜਨਾ’ਕੈਂਪਾਂ ਦਾ ਆਯੋਜਨ ਆਮ ਤੌਰ ‘ਤੇ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਕੀਤਾ ਜਾਂਦਾ ਹੈ। ਇਨ੍ਹਾਂ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ, ਸਮਾਜ ਸੇਵਾ ਕਰਨ, ਹੱਥੀਂ ਕੰਮ ਕਰਨ, ਸਿੱਖਣ ਅਤੇ ਸਿਖਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਅਸਲ ਵਿੱਚ ਕੌਮੀ ਸੇਵਾ ਯੋਜਨਾ ਦੇ ਮਨੋਰਥ ਅਤੇ ਸਿਧਾਂਤ ਬੜੇ ਹੀ ਵਿਸ਼ਾਲ, ਸੂਖ਼ਮ ਅਤੇ ਸ਼ਪੱਸ਼ਟ ਹਨ। ਵਿਦਿਆਰਥੀਆਂ ਜਾਂ ਵਾਲੰਟੀਅਰਾਂ ਤੋਂ ਮਜ਼ਦੂਰੀ ਵਾਲਾ ਕੰਮ ਨਾ ਲੈਣ ਦੀ ਹਦਾਇਤ ਹੈ ਅਤੇ ਉਨ੍ਹਾਂ ਨੇ ਮਿਲ ਕੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਭਾਈਚਾਰੇ ਜਾਂ ਸਮਾਜ ਦੀ ਮਦਦ ਕਰਦਿਆਂ ਹੱਥੀਂ ਕੰਮ ਕਰਨ ਦੀ ਪ੍ਰੇਰਨਾ ਹਾਸਲ ਕਰਨੀ ਹੁੰਦੀ ਹੈ। ਕੌਮੀ ਸੇਵਾ ਯੋਜਨਾ’ ਦੀਆਂ ਵੱਖ-ਵੱਖ ਸਰਗਰਮੀਆਂ ਵਿੱਚ ਹਿੱਸਾ ਲੈਣ ਸਮੇਂ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਸੌਂਪੀਆਂ ਜਾਂਦੀਆਂ ਹਨ, ਜਿਹਨਾਂ ਨਾਲ ਉਨ੍ਹਾਂ ਅੰਦਰ ਅਗਵਾਈ’ ਦੀ ਭਾਵਨਾ ਵਿਕਸਿਤ ਹੁੰਦੀ ਹੈ। ਵਿਦਿਆਰਥੀਆਂ ਅੰਦਰ ਆਤਮ-ਸਨਮਾਨ, ਅੱਗੇ ਵਧਣ ਦੀ ਭਾਵਨਾ ਅਤੇ ਕੌਮੀ ਵਿਕਾਸ ਦੀ ਭਾਵਨਾ ਵਿਕਸਤ ਕਰਨ ਦੇ ਉਦੇਸ਼ ਦੀ ਪੂਰਤੀ ਲਈ ਸਮੇਂ-ਸਮੇਂ ਵਿਸ਼ੇਸ਼ ਸੰਮੇਲਨਾਂ ਦਾ ਆਯੋਜਨ ਵੀ ਇਸ ਯੋਜਨਾ ਦਾ ਅਹਿਮ ਅਤੇ ਅਟੁੱਟ ਹਿੱਸਾ ਹੈ। ਸਕੂਲਾਂ-ਕਾਲਜਾਂ ਦੀਆਂ ਸਮੂਹਿਕ ਕੌਮੀ ਸੇਵਾ ਯੋਜਨਾ’ਗਤੀਵਿਧੀਆਂ ਦਾ ਸੰਚਾਲਨ ਕੇਂਦਰੀ ਪੱਧਰ ‘ਤੇ ਹੁੰਦਾ ਹੈ।

ਅੱਜ ਦੇ ਯੁਗ

[ਸੋਧੋ]

ਅੱਜ ਦੇ ਯੁਗ ਵਿੱਚ ਨਵੀਂ ਪੀੜ੍ਹੀ ਨਸ਼ਿਆਂ, ਆਲਸ ਅਤੇ ਪੱਛਮੀ ਸੱਭਿਅਤਾ ਦੇ ਸ਼ਿਕੰਜੇ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਹੈ। ਉਨ੍ਹਾਂ ਅੰਦਰ ਹੱਥੀਂ ਕੰਮ ਕਰਨ ਦੀ ਭਾਵਨਾ ਵੀ ਲਗਾਤਾਰ ਖ਼ਤਮ ਹੋ ਰਹੀ ਹੈ। ਅੱਜ ਦਾ ਯੁਵਕ ਆਪਣੀ ਅਮੀਰ ਸੱਭਿਅਤਾ ਅਤੇ ਵਿਰਸੇ ਨੂੰ ਵਿਸਾਰ ਚੁੱਕਾ ਹੈ। ਅਜਿਹੀ ਹਾਲਤ ਵਿੱਚ ਬੱਚਿਆਂ ਅਤੇ ਯੁਵਕਾਂ ਨੂੰ ਸਹੀ ਸੇਧ ਦੇਣ ਅਤੇ ਉਨ੍ਹਾਂ ਨੂੰ ਸੁਚਾਰੂ ਪਾਸੇ ਲਗਾਉਣ ਲਈ ਕੌਮੀ ਸੇਵਾ ਯੋਜਨਾ’ਅਹਿਮ ਭੂਮਿਕਾ ਅਦਾ ਕਰ ਸਕਦੀ ਹੈ। National Service Scheme,GIET==References==

^ National Service Scheme—NIT Calicut Chapter Retrieved 2012-08-01.

Further reading

  1. National Service Scheme: A Report, by Khwaja Ghulam Saiyidain. Published by Ministry of Education, Govt. of India, 1961.
  2. Training and consultancy needs in national service scheme, by N. F. Kaikobad, Krishan K. Kapil. Published by Tata Institute of Social Sciences, 1971.
  3. National Service Scheme: guide-lines to project-masters, by Andhra University, Dept. of Sociology & Social Work. Published by Dept. of Sociology & Social Work, Andhra University, 1971.
  4. National Service Scheme in Gujarat: An Evaluation Report for the Year 1986-87, by Tata Institute of Social Sciences Training Orientation & Research Centre (NSS), India, India. Dept. of Youth Affairs and Sports. Published by The Centre, 1987.
  5. National Service Scheme in Maharashtra: An Evaluation Report for the Year 1986-87, by Tata Institute of Social Sciences Training Orientation & Research Centre (NSS), India, India Dept. of Youth Affairs and Sports. Published by The Centre, 1988.
  6. National Service Scheme in India: A Case Study of Karnataka, by M. B. Dilshad. Published by Trust Publications, 2001.

ਬਾਹਰੀ ਲਿੰਕ

[ਸੋਧੋ]
  1. "Home | National Service Scheme". nss.gov.in. Retrieved 2022-09-24.