ਸਮੱਗਰੀ 'ਤੇ ਜਾਓ

ਆਚਾਰੀਆ ਮੁਕੁਲਭੱਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਚਾਰੀਆ ਮੁਕੁਲਭੱਟ[1]

ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਮੁਕੁਲਭੱਟ ਦੀ ਪਹਿਚਾਣ 'ਸ਼ਬਦ ਸ਼ਕਤੀਆਂ' ਦੇ ਵਿਵੇਚਕ ਦੇ ਰੂਪ 'ਚ ਮੰਨੀ ਜਾਂਦੀ ਹੈ। ਇਹਨਾਂ ਦੀ 'ਅਭਿਧਾਵਿ੍ੱਤੀਮਾਤਿ੍ਕਾ' ਨਾਮ ਦੀ ਇੱਕ ਹੀ ਕਾਵਿ ਸਾਸ਼ਤਰੀ ਰਚਨਾ ਪ੍ਰਾਪਤ ਹੈ। ਆਚਾਰੀਆ ਮੁਕੁਲਭੱਟ ਦੇ ਜੀਵਨ ਅਤੇ ਸਮੇਂ ਬਾਰੇ ਸਾਨੂੰ ਕੁੱਝ ਸੰਕੇਤ ਮਿਲਦੇ ਹਨ। ਇਹਨਾਂ ਦੀ ਰਚਨਾ 'ਅਭਿਧਾਵਿ੍ੱਤੀਮਾਤਿ੍ਕਾ' ਦੇ ਅੰਤਿਮ ਸ਼ਲੋਕ ਤੋਂ ਪਤਾ ਚੱਲਦਾ ਹੈ ਕਿ ਇਹਨਾਂ ਦੇ ਪਿਤਾ ਦਾ ਨਾਮ 'ਭੱਟ ਕਲੱਟ 'ਸੀ। ਕਸ਼ਮੀਰੀ ਕਵੀ ਕੱਲਹਣ ਦੀ 'ਰਾਜਤਰੰਗਿਣੀ' ਦੇ ਅਨੁਸਾਰ ਭੱਟ ਕਲੱਟ ਕਸ਼ਮੀਰ ਦੇ ਰਾਜਾ ਅਵੰਤੀਵਰਮਾ ਦੇ ਸ਼ਾਸਨਕਾਲ (855-884ਈ.ਸਦੀ) ਵਿੱਚ[2] ਹੋਏ ਹਨ। ਇਸ ਤਰ੍ਹਾਂ ਇਹ ਆਨੰਦਵਰਧਨ ਅਤੇ ਕਵੀ ਰਤਨਾਕਰ ਦੇ ਸਮਕਾਲੀਨ ਸਨ।ਕੱਲਹਣ ਦੇ ਇਸ ਕਥਨ ਦੇ ਅਨੁਸਾਰ ਆਚਾਰੀਆ ਮੁਕੁਲਭੱਟ ਦੀ ਸਥਿਤੀ ਨੌਵੀਂ ਈ.ਸਦੀ ਦੇ ਅੰਤਿਮ ਭਾਗ ਅਤੇ ਦਸਵੀਂ ਈ.ਸਦੀ ਦੇ ਪਹਿਲੇ ਭਾਗ 'ਚ ਹੋਣੀ ਚਾਹੀਦੀ ਹੈ। ਆਚਾਰੀਆ ਮੰਮਟ ਦੇ ਗ੍ਰੰਥ 'ਕਾਵਿਪ੍ਰਕਾਸ਼' ਦੀ ਸੰਕੇਤ ਟੀਕਾ ਦੇ ਲੇਖਕ ਮਾਣਿਕਯ ਚੰਦ੍ ਨੇ ਮੁਕੁਲਭੱਟ ਨੂੰ ਅਨੇਕ ਥਾਵਾਂ 'ਤੇ ਉੱਧ੍ਰਿਤ ਕੀਤਾ ਹੈ। ਆਚਾਰੀਆ ਉਦ੍ਭੱਟ ਦੇ 'ਕਾਵਿਆਲੰਕਾਰਸਾਰਸੰਗ੍ਰਿਹ' ਦੇ ਟੀਕਾਕਾਰ ਪ੍ਰਤਿਹਾਰੇਂਦੂਰਾਜ (ਦਸਵੀਂ ਈ. ਸਦੀ ਅੰਤਿਮ ਭਾਗ) ਨੇ ਆਪਣੀ ਟੀਕਾ ਵਿੱਚ ਮੁਕੁਲਭੱਟ ਨੂੰ ਆਪਣਾ ਗੁਰੂ ਦੱਸਦੇ ਹੋਏ ਇਹਨਾਂ ਨੂੰ ਮੀਮਾਂਸਾਦਰਸ਼ਨ, ਵਿਆਕਰਣਸ਼ਾਸਤ੍ਰ, ਤਰਕਸ਼ਾਸਤ੍ਰ ਅਤੇ ਸਹਿਤਸ਼ਾਸਤ੍ਰ ਦਾ ਉੱਘਾ ਵਿਦਵਾਨ ਕਿਹਾ[3] ਹੈ। ਇਸ ਤਰਾਂ ਆਚਾਰੀਆ  ਮੁਕੁਲਭੱਟ ਦਾ ਸਮਾਂ ਦਸਵੀਂ ਸਦੀ ਈ. ਸਦੀ ਦਾ ਪਹਿਲਾ ਭਾਗ ਸਿੱਧ ਹੁੰਦਾ ਹੈ। ਇਹ ਕਸ਼ਮੀਰ ਦੇ ਰਹਿਣ ਵਾਲੇ ਸਨ।

ਆਚਾਰੀਆ ਮੁਕੁਲਭੱਟ ਦੀ ‘ਅਭਿਧਾਵ੍ਰਿੱਤੀਮਾਤ੍ਰਿਕਾ’ ਨਾਮ ਦੀ ਇੱਕ ਬਹੁਤ ਛੋਟੀ, ਸਿਰਫ਼ ਪੰਦਰਾਂ ਕਾਰਿਕਾਵਾਂ ਵਾਲੀ ਰਚਨਾ ਪ੍ਰਾਪਤ ਹੈ ਜਿਸਨੂੰ ਗ੍ਰੰਥ ਕਹਿਣ ਦੀ ਬਜਾਇ ਕਾਵਿ-ਸ਼ਾਸਤਰੀ ‘ਲਘੂ-ਪੁਸਤਿਕਾ’ ਕਿਹਾ ਜਾ ਸਕਦਾ ਹੈ। ਇਸਦੀ ਕਾਰਿਕਾਵਾਂ ਅਤੇ ਵ੍ਰਿਤੀ ਵੀ ਮੁਕੁਲਭੱਟ ਨੇ ਆਪਣੇ ਆਪ ਲਿਖੀ ਹੈ। ਇਸ ਵਿੱਚ ਅਭਿਧਾ ਅਤੇ ਲਕਸ਼ਣਾ ਦੋ ਸ਼ਬਦ ਸ਼ਕਤੀਆਂ; ਮੁੱਖ ਅਤੇ ਲਾਕਸ਼ਣਿਕ ਦੋ ਤਰਾਂ ਦੇ ਅਰਥਾਂ ਦਾ ਵਿਵੇਚਨ; ਲਕਸ਼ਣਾ ਸ਼ਕਤੀ ਦਾ ਵਿਸਤ੍ਰਿਤ ਵਿਵੇਚਨ ਅਤੇ ਉਸਦੇ ਛੇ ਭੇਦਾਂ ਦਾ, ਅਭਿਧਾ ਦੇ ਦਸ ਕਲਪਿਤ ਭੇਦਾਂ ‘ਚ ਅੰਤਰਭਾਵ ਕੀਤਾ[4] ਹੈ। ਇਸੇ ਤਰਾਂ ਇਹਨਾਂ ਨੇ ਵਿਅੰਜਨਾ ਸ਼ਬਦ ਸ਼ਕਤੀ ਦੀ ਸੁਤੰਤਰ ਸੱਤਾ ਨੂੰ ਨਾ ਮੰਨ ਕੇ ਉਸਦੇ ਸਾਰੇ ਭੇਦਾਂ ਦਾ ਅੰਤਰਭਾਵ ਲਕਸ਼ਣਾ ਸ਼ਬਦ ਸ਼ਕਤੀ ‘ਚ ਕੀਤਾ ਹੈ। ਆਚਾਰੀਆ ਮੰਮਟ ਨੇ 'ਕਾਵਿਪ੍ਰਕਾਸ਼' ਦੇ ਦੂਜੇ ਉੱਲਾਸ ‘ਚ ਲਕਸ਼ਣਾ-ਵਿਵੇਚਨ ਮੁਕੁਲਭੱਟ ਦੇ ਆਧਾਰ ‘ਤੇ ਹੀ ਕੀਤਾ ਜਾਪਦਾ[5] ਹੈ ਅਤੇ ਇਹਨਾਂ ਨੇ ਮੁਕੁਲਭੱਟ ਦੇ ਗ੍ਰੰਥ ਦੇ ਆਧਾਰ ‘ਤੇ ‘ਸ਼ਬਦਵਿਉਪਾਰਵਿਚਾਰ’ ਨਾਮ ਦੇ ਇੱਕ ਗ੍ਰੰਥ ਦੀ ਵੀ ਰਚਨਾ ਕੀਤੀ ਸੀ। ਮੁਕੁਲਭੱਟ ਨੇ ਆਪਣੀ ਪੁਸਤਕ ਦੀ ਟੀਕਾ ‘ਚ ਉਦਭਟ, ਕੁਮਾਰਿਲ ਭੱਟ, ਧੁਨਿਆਲੋਕ, ਭ੍ਰਤਰੀਮਿਤ੍ਰ, ਮਹਾਂਭਾਸ਼ਯ, ਕਵਯਿਤ੍ਰੀ ਵਿੱਜਕਾ, ਵਾਕਯਪਦੀਯ,  ਅਤੇ ਸ਼ਬਰਸੁਆਮੀ ਵਰਗੇ ਅਨੇਕ ਗ੍ਰੰਥਕਾਰਾਂ ਅਤੇ ਕਿਰਤਾਂ ਦਾ ਉਲੇਖ ਕੀਤਾ ਹੈ।[6]

ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਮੁਕੁਲਭੱਟ ਦਾ ਮਹੱਤਵ ਸ਼ਬਦ ਸ਼ਕਤੀਆਂ ਦੇ ਸਮੁਚਿਤ ਵਿਵੇਚਨ ਦੀ ਸ਼ੁਰੂਆਤ ਲਈ ਜਾਣਿਆ ਜਾਂਦਾ ਹੈ। ਇਹ ਵਿਅੰਜਨਾ ਸ਼ਬਦ ਸ਼ਕਤੀ ਵਿਰੋਧੀ ਅਤੇ ਅਭਿਧਾ ਨੂੰ ਪ੍ਰਮੁੱਖ ਸ਼ਬਦ ਸ਼ਕਤੀ ਮੰਨਦੇ ਹਨ।  

ਹਵਾਲੇ

[ਸੋਧੋ]
  1. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਬਲੀਕੇਸ਼ਨ ਬਿਊਰੋ , ਪੰਜਾਬੀ ਯੂਨੀਵਰਸਿਟੀ ਪਟਿਆਲਾ. p. 319.
  2. ਰਾਜਤਰੰਗਿਣੀ, ਕਵੀ ਕੱਲਹਣ, 5, 66.
  3. ਕਾਵਿਆਲੰਕਾਰਸਾਰਸੰਗ੍ਰਿਹ. ਉਦਭਟ. (ਪ੍ਰਤਿਹਾਰੇਂਦੂਰਾਜ ਦੇ ਟੀਕੇ ਦਾ ਅੰਤਿਮ ਸ਼ਲੋਕ)
  4. ਅਭਿਧਾਵ੍ਰਿੱਤੀਮਾਤ੍ਰਿਕਾ. ਮੁਕੁਲਭੱਟ. ਕਰਿਕਾ-13.
  5. ਮੰਮਟ. ਕਾਵਿਪ੍ਰਕਾਸ਼. pp. 54–56.
  6. ਕਾਵਿਆਲੰਕਾਰਸਾਰਸੰਗ੍ਰਿਹ. ਉਦਭਟ. ਪ੍ਰਤਿਹਾਰੇਂਦੂਰਾਜ ਟੀਕਾ.