ਭਾਰਤੀ ਕਾਵਿ ਸ਼ਾਸਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

thumb|409x409px|ਪੁਸਤਕ ਦਾ ਕਵਰ ਪੰਨਾ ਭਾਰਤੀ ਕਾਵਿ ਸ਼ਾਸਤਰ ਨਾਮੀ ਪੁਸਤਕ ਪ੍ਰੋ. ਸ਼ੁਕਦੇਵ ਸ਼ਰਮਾ ਦੁਆਰਾ ਲਿਖੀ ਗਈ ਹੈ। ਇਹ ਉਹਨਾਂ ਦੁਆਰਾ ਪੰਜਾਬੀ ‘ਚ ਲਿਖੀ ਗਈ ਪਹਿਲੀ ਪੁਸਤਕ ਹੈ। “ਕਾਵਿ-ਸ਼ਾਸਤਰ (Poetics) ਕਵਿਤਾ ਅਤੇ ਸਾਹਿਤ ਦਾ ਫ਼ਲਸਫ਼ਾ ਅਤੇ ਵਿਗਿਆਨ ਹੈ। ਇਹ ਕਾਵਿ ਕ੍ਰਿਤੀਆਂ ਅਤੇ ਪ੍ਰਵਚਨਾਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਸਮੇਂ-ਸਮੇਂ ਸਾਹਮਣੇ ਆਏ ਸਿਧਾਂਤਾਂ ਦਾ ਗਿਆਨ ਹੈ।”[1] ਸੰਸਕ੍ਰਿਤ ਭਾਰਤ ਦੀ ਪ੍ਰਾਚੀਨ ਜ਼ੁਬਾਨ ਹੈ ਅਤੇ ਭਾਰਤ ਦਾ ਮੁੱਢਲਾ ਸਾਹਿਤ ਸੰਸਕ੍ਰਿਤ ਭਾਸ਼ਾ ਦਾ ਸਾਹਿਤ ਹੈ। ਭਾਰਤੀ ਆਚਾਰੀਆਂ ਦੁਆਰਾ ਸੰਸਕ੍ਰਿਤ ਭਾਸ਼ਾ ਦੇ ਸਿਰਜਣੀ ਸਾਹਿਤ ਨੂੰ ਧਿਆਨ ਵਿੱਚ ਰੱਖਕੇ ਪੇਸ਼ ਕੀਤੇ ਸਿਧਾਤਾਂ ਦੀ ਗਿਆਨ ਪਰੰਪਰਾ ਨੂੰ ਭਾਰਤੀ ਕਾਵਿ-ਸ਼ਾਸਤਰ ਕਿਹਾ ਜਾਂਦਾ ਹੈ। ਇਸ ਸੰਬੰਧੀ ਦੂਸਰੀ ਸਦੀ ਈਸਾ ਪੂਰਵ ਦੇ ਆਚਾਰੀਆ ਭਰਤਮੁਨੀ ਦੁਆਰਾ ਰਚਿਤ ਗ੍ਰੰਥ ਨਾਟਯ ਸ਼ਾਸਤਰ ਤੋਂ ਲੈ ਕੇ ਬਾਅਦ ਦੇ ਸਮੇਂ ਦੌਰਾਨ ਲਿਖੇ ਗਏ ਅਨੇਕ ਗ੍ਰੰਥ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਵਿੱਚ ਕਾਵਿ ਦੇ ਤੱਤਾਂ ਅਤੇ ਸਿਧਾਂਤਾਂ ਬਾਬਤ ਵਿਸਤ੍ਰਿਤ ਚਰਚਾ ਮਿਲਦੀ ਹੈ। ਹੁਣਵੇਂ ਸਮੇਂ ਵਿੱਚ ਭਾਰਤੀ ਕਾਵਿ-ਸ਼ਾਸਤਰ ਦੀ ਇਸ ਅਮੀਰ ਪਰੰਪਰਾ ਨੂੰ ਸਮਝਣ ਤੇ ਇਸ ਤੋਂ ਅੰਤਰ-ਦ੍ਰਿਸ਼ਟੀਆਂ ਗ੍ਰਹਿਣ ਕਰਨ ਲਈ ਅਨੇਕ ਵਿਦਵਾਨਾਂ ਨੇ ਖੋਜ ਪੂਰਨ ਪੁਸਤਕਾਂ ਦੀ ਰਚਨਾ ਕੀਤੀ ਹੈ। ਪ੍ਰੋ. ਸ਼ੁਕਦੇਵ ਸ਼ਰਮਾ ਦੁਆਰਾ ਰਚੀ ਪੁਸਤਕ ਵੀ ਇਸੇ ਦਾ ਪ੍ਰਤੀਫ਼ਲ ਹੈ। ਅਜੋਕੇ ਦੌਰ ਵਿੱਚ ਭਾਰਤੀ ਕਾਵਿ-ਸ਼ਾਸਤਰ ਦੀ ਅਹਿਮੀਅਤ ਬਾਬਤ ਪ੍ਰੋ. ਸ਼ੁਕਦੇਵ ਸ਼ਰਮਾ ਲਿਖਦੇ ਹਨ, “ਕਿਸੇ ਵੀ ਭਾਰਤੀ ਰਚਨਾਤਮਕ ਸਾਹਿਤ ਨੂੰ ਪਰਖਣ, ਮਾਣਨ ਅਤੇ ਉਸਦੇ ਅੰਤਸਤਲ ਜਾਂ ਗਹਿਰਾਈ ਤੱਕ ਪੁੱਜਣ ਲਈ ਅਨੇਕ ਨਵੀਆਂ-ਨਵੀਆਂ ਪ੍ਰਣਾਲੀਆਂ ਅਤੇ ਪੱਧਤੀਆਂ ਵਿਦਮਾਨ ਹਨ; ਫਿਰ ਵੀ ਮੇਰਾ ਵਿਚਾਰ ਹੈ ਕਿ ਸਾਨੂੰ ਪ੍ਰਾਚੀਨ ਭਾਰਤੀ ਕਾਵਿ-ਸ਼ਾਸਤਰ ਦੇ ਆਚਾਰੀਆਂ ਦੁਆਰਾ ਸਥਾਪਿਤ ਉਨ੍ਹਾਂ ਸਾਰੀਆਂ ਪਰੰਪਰਾਵਾਂ, ਧਾਰਣਾਵਾਂ, ਪਰਿਪਾਟੀਆਂ, ਮਾਰਗਾਂ, ਸਿਧਾਂਤਾਂ ਅਤੇ ਕਾਵਿਗਤ ਤੱਤਾਂ ਦੇ ਵੀ ਗਹਨ ਚਿੰਤਨ-ਮਨਨ ਕਰਨ ਦੀ ਅਤਿਅੰਤ ਲੋੜ ਹੈ ਜਿਨ੍ਹਾਂ ਉੱਤੇ ਪ੍ਰਾਚੀਨ ਸਮੇਂ ਤੋਂ ਸਿਰਜਨੀ ਸਾਹਿਤ ਦੇ ਭਾਵ ਅਤੇ ਰੂਪ, ਗੰਗਾ ਦੇ ਅਟੁੱਟ ਪ੍ਰਵਾਹ ਵਾਂਙ, ਸਾਨੂੰ ਪ੍ਰਾਪਤ ਹੁੰਦੇ ਆ ਰਹੇ ਹਨ।”[2]

ਲੇਖਕ ਬਾਰੇ[ਸੋਧੋ]

ਪ੍ਰੋ. ਸ਼ੁਕਦੇਵ ਸ਼ਰਮਾ (24 ਜੁਲਾਈ 1943) ਸੰਸਕ੍ਰਿਤ ਭਾਸ਼ਾ ਅਤੇ ਸਾਹਿਤ ਅਧਿਆਪਨ ਦੇ ਖੇਤਰ ਵਿੱਚ ਕਰਮਸ਼ੀਲ ਵਿਦਵਾਨ ਹਨ। ਉਹਨਾਂ ਦਾ ਜਨਮ 24 ਜੁਲਾਈ 1943 ਨੂੰ ਪਿੰਡ ਦਾਦੂ ਮਾਜਰਾ ਜ਼ਿਲ੍ਹਾ ਪਟਿਆਲਾ (ਹੁਣ ਫਤਹਿਗੜ੍ਹ ਸਾਹਿਬ) ਵਿੱਚ ਹੋਇਆ। ਉਹਨਾਂ ਨੇ 1960 ਵਿੱਚ ਸ਼੍ਰੀ ਸਰਸਵਤੀ ਸੰਸਕ੍ਰਿਤ ਕਾਲਜ ਖੰਨਾ ਤੋਂ ਸ਼ਾਸਤਰੀ ਅਤੇ 1962 ਵਿੱਚ ਸੰਸਕ੍ਰਿਤ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਚਾਰੀਆ ਦੀ ਵਿੱਦਿਆ ਪ੍ਰਾਪਤ ਕੀਤੀ। 1967 ਵਿੱਚ ਵਿਸ਼ਵੇਸ਼ਵਰਨੰਦ ਵਿਸ਼ਵ ਬੰਧੂ ਇੰਸਟੀਚਿਊਟ ਆਫ਼ ਸੰਸਕ੍ਰਿਤ ਐਂਡ ਇੰਡੋਲਾਜੀਕਲ ਸਟੱਡੀਜ਼, ਹੁਸ਼ਿਆਰਪੁਰ ਤੋਂ ਸੰਸਕ੍ਰਿਤ ਦੀ ਐੱਮ. ਏ. ਕੀਤੀ ਅਤੇ 1970 ਵਿੱਚ ਸੰਸਕ੍ਰਿਤ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪੀਐੱਚ. ਡੀ. ਮੁਕੰਮਲ ਕੀਤੀ। ਉਹ ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 31 ਸਾਲ 5 ਮਹੀਨੇ ਦੇ ਅਧਿਆਪਨ ਕਾਰਜ ਉਪਰੰਤ 31 ਦਸੰਬਰ 2003 ਨੂੰ ਪ੍ਰੋਫੈਸਰ ਤੇ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਉਹਨਾਂ ਅਧੀਨ 44 ਖੋਜਾਰਥੀਆਂ ਨੇ ਆਪਣਾ ਐੱਮ. ਫਿਲ ਅਤੇ ਪੀਐੱਚ. ਡੀ. ਦਾ ਖੋਜ ਕਾਰਜ ਸੰਪੰਨ ਕੀਤਾ ਹੈ। ਉਹ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਕਾਨਫਰੰਸਾਂ ਦੌਰਾਨ 100 ਤੋਂ ਵੱਧ ਪਰਚੇ ਪੜ੍ਹ ਚੁੱਕੇ ਹਨ। ਅੱਜਕਲ੍ਹ ਉਹ ਵੀ.ਵੀ. ਸ਼ੋਧ ਸੰਸਥਾਨ, ਸਾਧੂ ਆਸ਼ਰਮ, ਹੁਸ਼ਿਆਰਪੁਰ ਵਿੱਚ ਆਦਰੀ ਪ੍ਰੋਫੈਸਰ ਵਜੋਂ ਨਿਯੁਕਤ ਨਿਭਾ ਰਹੇ ਹਨ। ਉਹ ਸਿਆਲ ਰੁੱਤ ਦੇ 5 ਮਹੀਨੇ ਪੰਜਾਬ ਵਿੱਚ ਅਤੇ ਬਾਕੀ 7 ਮਹੀਨੇ (ਅਪ੍ਰੈਲ ਤੋਂ ਅਕਤੂਬਰ) ਆਪਣੇ ਪਰਿਵਾਰ ਕੋਲ ਕਨੇਡਾ ਗੁਜ਼ਾਰਦੇ ਹਨ। ਉਹਨਾਂ ਦੇ ਪਰਿਵਾਰ ਵਿੱਚ ਪਤਨੀ ਸਮੇਤ ਦੋ ਬੱਚੇ (ਬੇਟਾ ਤੇ ਬੇਟੀ) ਹਨ।

ਰਚਨਾਵਾਂ[ਸੋਧੋ]

ਗਦ੍ਯ-ਕਣਿਕਾ

ਭਾਰਤੀ ਕਾਵਿ-ਸ਼ਾਸਤਰ

Critical Edition Of ‘Nanak Chandrodaya’: Vol. 1 and 2 (ਅਪ੍ਰਕਾਸ਼ਿਤ)

ਗੁਰੂ ਨਾਨਕ ਸਹਸਤ੍ਰਨਾਮ (ਅਪ੍ਰਕਾਸ਼ਿਤ)

ਵਿਸ਼ਵ ਚਿੰਤਕ: ਭਰਤਮੁਨੀ (ਅਪ੍ਰਕਾਸ਼ਿਤ)

ਅਧਿਆਇ ਵੰਡ[ਸੋਧੋ]

ਬਾਕੌਲ ਪੁਸਤਕ ਰਚੇਤਾ “ਭਾਰਤੀ ਕਾਵਿ-ਸ਼ਾਸਤਰ ਦੇ ਵਿਸ਼ੇ ਨੂੰ ਮੁੱਢ ਤੋਂ ਸਮਝਣ ਦੇ ਦ੍ਰਿਸ਼ਟੀਕੋਣ ਤੋਂ ਇਸ ਪੁਸਤਕ ਨੂੰ ਪੰਜ ਖੰਡਾਂ/ਭਾਗਾਂ ਵਿੱਚ ਵੰਡਿਆ ਹੈ”[3] ਇਹ ਪੰਜ ਖੰਡ ਨਿਮਨਲਿਖਤ ਅਨੁਸਾਰ ਹਨ -

ਖੰਡ ਪਹਿਲਾ (ਵਿਸ਼ੈ-ਪ੍ਰਵੇਸ਼)[ਸੋਧੋ]

ਪੁਸਤਕ ਦੇ ਇਸ ਪਹਿਲੇ ਖੰਡ ਦੇ ਸਿਰਨਾਵੇਂ ਤੋਂ ਹੀ ਸੰਕੇਤ ਹੋ ਜਾਂਦਾ ਹੈ ਕਿ ਇਸ ਜ਼ਰੀਏ ਕਿਤਾਬ ਅਧੀਨ ਵਿਚਾਰੇ ਜਾਣ ਵਾਲੇ ਭਾਰਤੀ ਕਾਵਿ-ਸ਼ਾਸਤਰ ਦੇ ਵਿਸ਼ਿਆਂ ਦਾ ਮੁੱਢ ਬੱਝਦਾ ਹੈ। ਇਸ ਖੰਡ ਨੂੰ ਪੰਜ ਉਪ-ਖੰਡਾਂ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਵਿੱਚ ਭਾਰਤੀ ਕਾਵਿ-ਸ਼ਾਸਤਰ ਦੀ ਉਤਪਤੀ, ਵਿਕਾਸ-ਕ੍ਰਮ ਦਾ ਵਿਭਾਜਨ, ਕਾਵਿ-ਸ਼ਾਸਤਰ ਦਾ ਨਾਮਕਰਣ ਆਦਿ ਵਿਸ਼ਿਆਂ ਬਾਬਤ ਚਰਚਾ ਕੀਤੀ ਗਈ ਹੈ। ਇਹ ਉਪ-ਖੰਡ ਹੇਠ ਲਿਖੇ ਅਨੁਸਾਰ ਹਨ -

ਭਾਰਤੀ ਕਾਵਿ ਅਤੇ ਕਾਵਿ-ਸ਼ਾਸਤਰ ਦੀ ਉਤਪਤੀ[ਸੋਧੋ]

ਇਸ ਉਪ-ਖੰਡ ਵਿੱਚ ਲੇਖਕ ਨੇ ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਈਸਾ ਪੂਰਵ ਤੋਂ ਪਹਿਲਾਂ ਦੀ ਕਾਵਿ ਰਚਨਾ ਦੀ ਵਿਕਸਿਤ ਪਰੰਪਰਾ (ਚਾਰ ਵੇਦ, ਰਾਮਾਇਣ, ਮਹਾਂਭਾਰਤ ਆਦਿ) ਦਾ ਅੰਕਨ ਕਰਕੇ ਧਾਰਨਾ ਪੇਸ਼ ਕੀਤੀ ਹੈ ਕਿ “ਕਾਵਿ ਰਚਨਾ ਦੇ ਨਾਲ ਹੀ ਸੁਭਾਵਿਕ ਤੌਰ ‘ਤੇ ਸਾਹਿਤਕ ਸਮਾਲੋਚਨਾ ਦੇ ਸਿਧਾਂਤਾਂ ਦਾ ਨਿਰਮਾਣ ਵੀ ਸ਼ੁਰੂ ਹੋ ਗਿਆ ਹੋਵੇਗਾ ਅਰਥਾਤ ਇਸੇ ਸਮੇਂ ‘ਕਾਵਿ-ਸ਼ਾਸਤਰ’ ਦੀ ਰਚਨਾ ਵੀ ਆਰੰਭ ਹੋ ਗਈ ਹੋਵੇਗੀ।”[4]

ਭਾਰਤੀ ਕਾਵਿ-ਸ਼ਾਸਤਰ ਦੇ ਸਿਧਾਂਤਾਂ ਦੀ ਰਚਨਾ ਦਾ ਆਰੰਭ ਅਤੇ ਭਰਤ ਤੋਂ ਪਹਿਲਾਂ ਦੇ ਆਚਾਰੀਆ[ਸੋਧੋ]

ਇਸ ਉਪ-ਖੰਡ ਵਿੱਚ ਆਦਿ ਆਚਾਰੀਆ ਸਵੀਕਾਰੇ ਜਾਂਦੇ ਭਰਤ ਤੋਂ ਪਹਿਲਾਂ ਦੇ ਆਚਾਰੀਆਂ, ਜਿੰਨਾ ਦਾ ਜ਼ਿਕਰ ਹੋਰਨਾਂ ਗ੍ਰੰਥਾਂ ਵਿੱਚ ਹੋਇਆ ਮਿਲਦਾ ਹੈ (ਜੀਕਣ ਆਚਾਰੀਆ ਰਾਜਸ਼ੇਖਰ ਦੇ ਕਾਵਿਮੀਮਾਂਸਾ ਵਿਚ), ਬਾਰੇ ਅਤੇ ਕਾਵਿ ਸਿਧਾਂਤਾਂ ਦੀ ਰਚਨਾ ਦੇ ਆਰੰਭਲੇ ਰੂਪ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਸਥਾਪਿਤ ਕੀਤਾ ਹੈ, “ਭਾਰਤੀ ਕਾਵਿ-ਸ਼ਾਸਤਰ ਅਥਵਾ ਭਾਰਤੀ ਸਾਹਿਤਕ ਸਮੀਖਿਆ ਦੇ ਸਿਧਾਂਤਾਂ ਦਾ ਸਹੀ ਆਰੰਭ ਭਰਤਮੁਨੀ ਦੇ ‘ਨਾਟਯਸ਼ਾਸਤ੍ਰ’ ਤੋਂ ਹੀ ਹੋਇਆ ਮੰਨਿਆ ਜਾ ਸਕਦਾ ਹੈ।”[5]

ਭਾਰਤੀ ਕਾਵਿ-ਸ਼ਾਸਤਰ ਦੇ ਵਿਕਾਸ-ਕ੍ਰਮ ਦਾ ਵਿਭਾਜਨ[ਸੋਧੋ]

ਇਸ ਉਪ-ਖੰਡ ਵਿੱਚ ਆਚਾਰੀਆ ਮੰਮਟ ਦੇ ਹਵਾਲੇ ਨਾਲ ਭਾਰਤੀ ਕਾਵਿ-ਸ਼ਾਸਤਰ ਦੇ ਵਿਕਾਸ-ਕ੍ਰਮ ਦਾ ਵਿਭਾਜਨ ਕੀਤਾ ਗਿਆ ਹੈ। ਇਸਨੂੰ ਹੇਠ ਲਿਖੇ ਚਾਰ ਕਾਲ-ਖੰਡਾਂ ਵਿੱਚ ਵੰਡਿਆ ਗਿਆ ਹੈ -

 1. ਪ੍ਰਾਰੰਭਿਕ ਕਾਲ: ਵੈਦਿਕ ਸਮੇਂ ਤੋਂ ਆਚਾਰੀਆ ਭਾਮਹ (ਛੇ ਸੌ ਈਸਵੀ ਤੋਂ ਪਹਿਲਾਂ) ਤਕ:- ਇਹ ਕਾਲ ਸੰਸਕ੍ਰਿਤ ਸਾਹਿਤ ਦੀਆਂ ਰਚਨਾਵਾਂ ਦੇ ਅਧਿਐਨ ਤੋਂ ਵਿਕਸਿਤ ਹੋਏ ਕਾਵਿ-ਸ਼ਾਸਤਰ ਦੇ ਤੱਤਾਂ ਦਾ ਸ਼ੁਰੂਆਤੀ ਦੌਰ ਹੈ। ਆਚਾਰੀਆ ਭਰਤ ਇਸਦੇ ਪ੍ਰਮੁੱਖ ਆਚਾਰੀਆ ਹਨ। ਆਚਾਰੀਆ ਭਰਤ ਦੇ ਨਾਟਯਸ਼ਾਸਤ੍ਰ ਵਿੱਚ ‘ਰਸ’ ਅਤੇ ‘ਨਾਟਯ’ ਦੇ ਤੱਤਾਂ ਦਾ ਸੂਖਮ ਤੋਂ ਸੂਖਮ ਵਿਵੇਚਨ ਹੋਇਆ ਹੈ ਤੇ ਅਲੰਕਾਰਸ਼ਾਸਤਰ ਦੀ ਦ੍ਰਿਸ਼ਟੀ ਤੋਂ ਇਸ ਨੂੰ ਇੱਕ ਪ੍ਰਾਰੰਭਿਕ ਰੂਪ-ਰੇਖਾ ਮਾਤ੍ਰ ਹੀ ਸਮਝਿਆ ਜਾ ਸਕਦਾ ਹੈ।
 2. ਰਚਨਾਤਮਕ ਕਾਲ: ਭਾਮਹ (650 ਈ. ਸਦੀ) ਤੋਂ ਲੈ ਕੇ ਆਨੰਦਵਰਧਨ (850 ਈ. ਸਦੀ) ਤਕ:- ਭਾਰਤੀ ਕਾਵਿ-ਸ਼ਾਸਤਰ ਦਾ ਇਹ ਬਹੁਤ ਮਹੱਤਵਪੂਰਣ ਕਾਲ ਹੈ। ਇਸ ਕਾਲ ਵਿੱਚ ਕਾਵਿ-ਸ਼ਾਸਤਰ ਦੀਆਂ ਅਨੇਕ ਸੰਪ੍ਰਦਾਵਾਂ (ਅਲੰਕਾਰ, ਰੀਤੀ, ਰਸ ਤੇ ਧੁਨੀ ਸੰਪ੍ਰਦਾਇ) ਦਾ ਵਿਕਾਸ ਹੋਇਆ ਅਤੇ ਕਾਵਿ-ਤੱਤਾਂ ਸੰਬੰਧੀ ਅਨੇਕ ਮੌਲਿਕ ਗ੍ਰੰਥਾਂ ਦੀ ਰਚਨਾ ਵੀ ਹੋਈ।
 3. ਨਿਰਣਯਾਤਮਕ ਕਾਲ: ਆਨੰਦਵਰਧਨ (850 ਈ. ਸਦੀ) ਤੋਂ ਮੰਮਟ (1050 ਈ. ਸਦੀ) ਤਕ:- ਭਾਰਤੀ ਕਾਵਿ-ਸ਼ਾਸਤਰ ਦੇ ਵਿਕਾਸ ਦੀ ਦ੍ਰਿਸ਼ਟੀ ਤੋਂ ਇਹ ਕਾਲ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਮੰਮਟ ਨੇ ਇਸੇ ਕਾਲ ਵਿੱਚ ‘ਕਾਵਿਪ੍ਰਕਾਸ਼’ ਗ੍ਰੰਥ ਦੀ ਰਚਨਾ ਕਰਕੇ ‘ਧੁਨੀ’ ਸੰਪ੍ਰਦਾਇ ਦੀ ਨਿਰਣਯਾਤਮਕ ਰੂਪ ਨਾਲ ਸਥਾਪਨਾ ਕੀਤੀ ਤੇ ਆਚਾਰੀਆ ਕੁੰਤਕ ਨੇ ‘ਵਕ੍ਰੋਕਤੀਜੀਵਿਤਮ੍’ ਗ੍ਰੰਥ ਲਿਖ ਕੇ ‘ਵਕ੍ਰੋਕਤੀ ਸੰਪ੍ਰਦਾਇ’ ਦੀ ਸਥਾਪਨਾ ਕੀਤੀ। ਇਸ ਸਮੇਂ ਦੇ ਆਚਾਰੀਆ ਰੁਦ੍ਰਭੱਟ, ਮਹਿਮਭੱਟ, ਭੋਜਰਾਜ, ਧਨਿਕ ਅਤੇ ਧਨੰਜਯ ਪ੍ਰਮੁੱਖ ਆਚਾਰੀਆ ਹਨ।
 4. ਵਿਆਖਿਆਤਮਕ ਕਾਲ: ਮੰਮਟ (1050 ਈ. ਸਦੀ) ਤੋਂ ਜਗਨਨਾਥ (1750 ਈ. ਸਦੀ) ਤਕ:- ਇਸ ਕਾਲ ਵਿੱਚ ਹੇਮਚੰਦ੍ਰ, ਵਿਸ਼ਵਨਾਥ, ਜਯਦੇਵ, ਜਗਨਨਾਥ ਆਦਿ ਅਨੇਕ ਪ੍ਰਸਿੱਧ ਆਚਾਰੀਆ ਹੋਏ ਹਨ। ਇਸ ਕਾਲ ਦੇ ਆਚਾਰੀਆਂ ਨੇ ਮੌਲਿਕ ਚਿੰਤਨ ਤੇ ਮੌਲਿਕ ਗ੍ਰੰਥਾਂ ਦੀ ਰਚਨਾ ਕੀਤੀ ਤੇ ਪ੍ਰਾਚੀਨ ਆਚਾਰੀਆਂ ਦੇ ਮਤਾਂ ਦਾ ਵੀ ਸਮਰਥਨ ਕੀਤਾ। ਆਚਾਰੀਆ ਕ੍ਸ਼ੇਮੇਂਦ੍ਰ ਨੇ ‘ਔਚਿਤਯ’ ਗ੍ਰੰਥ ਦੀ ਰਚਨਾ ਕਰਕੇ ਇੱਕ ਨਵੇਂ ‘ਔਚਿਤਯ ਸੰਪ੍ਰਦਾਇ’ ਦੀ ਸਥਾਪਨਾ ਕੀਤੀ।[6]

ਭਾਰਤੀ ਕਾਵਿ-ਸ਼ਾਸਤਰ ਦਾ ਨਾਮਕਰਣ       [ਸੋਧੋ]

ਪਹਿਲੇ ਖੰਡ ਦੇ ਚੌਥੇ ਉਪ-ਖੰਡ ਵਿੱਚ ਕਾਵਿ ਦੀ ਸਮੀਖਿਆ ਅਤੇ ਕਾਵਿ ਦੇ ਗੁਣਾਂ-ਅਵਗੁਣਾਂ ਦੀ ਪਰੀਖਿਆ ਕਰਨ ਵਾਲੀ ਵਿਦਿਆ ਲਈ ਵਰਤੇ ਗਏ ਵੱਖ-ਵੱਖ ਨਾਵਾਂ, ਇਸ ਨਾਮਕਰਣ ਦੇ ਕੀ ਕਾਰਣ ਹਨ? ਇਹ ਨਾਮ ਸਾਹਿਤ ਵਿੱਚ ਕਿਵੇਂ ਪ੍ਰਚਲਿਤ ਹੋਏ? ਪ੍ਰਸ਼ਨਾਂ ਨੂੰ ਮੁਖ਼ਾਤਿਬ ਹੋਇਆ ਗਿਆ ਹੈ। ਜਿਸ ਦਾ ਅਤਿ-ਸੰਖੇਪ ਵਰਣਨ ਇੰਜ ਹੈ-

 • ਅਲੰਕਾਰਸ਼ਾਸਤਰ: ਭਾਰਤੀ ਕਾਵਿ-ਸਮੀਖਿਆ ਦੀ ਵਿਦਿਆ ਲਈ ਸਭ ਤੋਂ ਪੁਰਾਣਾ ਅਤੇ ਪ੍ਰਚਲਿਤ ਨਾਮ ਅਲੰਕਾਰਸ਼ਾਸਤਰ ਹੈ। ਇਸਦਾ ਇੱਕ ਕਾਰਨ ਇਹ ਕਿ ਮੁੱਢਲੇ (ਪ੍ਰਾਚੀਨ) ਆਲੋਚਨਾ-ਗ੍ਰੰਥਕਾਰਾਂ ਨੇ ਆਪਣੇ-ਆਪਣੇ ਗ੍ਰੰਥਾਂ ਦੇ ਨਾਮ (ਆਚਾਰੀਆ ਭਾਮਹ ਦਾ ਕਾਵਿਆਲੰਕਾਰ, ਆਚਾਰੀਆ ਵਾਮਨ ਦਾ ਕਾਵਿ-ਆਲੰਕਾਰਸੂਤ੍ਰਵ੍ਰਿੱਤੀ ਆਦਿ) ਵਿੱਚ ਅਲੰਕਾਰ ਪਦ ਦੀ ਵਰਤੋਂ ਕੀਤੀ। ਦੂਜਾ, ਪ੍ਰਾਚੀਨ ਵੈਦਿਕ ਕਾਵਿ-ਰਚਨਾ ਅਤੇ ਭਾਰਤੀ ਸਮਾਲੋਚਨਾ ਦੇ ਪ੍ਰਾਰੰਭਿਕ ਯੁਗ ਵਿੱਚ ਕਾਵਿ ‘ਚ ਸੌਂਦਰਯ ਪੈਦਾ ਕਰਨ ਵਾਲਾ ਪ੍ਰਮੁੱਖ ਤੱਤ ਅਲੰਕਾਰ ਹੀ ਮੰਨਿਆ ਜਾਂਦਾ ਸੀ।
 • ਸੌਂਦਰਯਸ਼ਾਸਤਰ: ਕਾਵਿ ਵਿੱਚ ਆਨੰਦ ਦੇਣ ਅਤੇ ਸਹ੍ਰਿਦਯ ਤੇ ਦਰਸ਼ਕ ਨੂੰ ਆਕਰਸ਼ਿਤ ਕਰਨ ਵਾਲਾ ਤੱਤ ਸੌਂਦਰਯ ਹੀ ਹੈ ਕਿਉਂ ਜੋ ਕਾਵਿ ‘ਚ ਸੌਂਦਰਯ ਦੀ ਅਣਹੋਂਦ ਵਿੱਚ ਅਲੰਕਾਰਤਵ, ਰਸਤਵ ਤੇ ਧੁਨੀਤਵ ਦਾ ਵੀ ਕੋਈ ਮਹੱਤਵ ਨਹੀਂ ਰਹਿ ਜਾਂਦਾ। ਭਾਰਤੀ ਕਾਵਿ ਆਚਾਰੀਆ ਅਲੰਕਾਰ ਨੂੰ ਉਦੋਂ ਤਕ ਅਲੰਕਾਰ ਮੰਨਣ ਲਈ ਸਹਿਮਤ ਨਹੀਂ ਸਨ ਜਦੋਂ ਤਕ ਉਹ ਸੌਂਦਰਯ ਪੈਦਾ ਨਾ ਕਰੇ।
 • ਸਾਹਿਤਸ਼ਾਸਤਰ: ਭਾਰਤੀ ਸਾਹਿਤਕ ਸਮਾਲੋਚਨਾ ਦੀ ਵਿਦਿਆ ਨੂੰ ਸਭ ਤੋਂ ਪਹਿਲਾਂ ਆਚਾਰੀਆ ਰਾਜਸ਼ੇਖਰ ਨੇ ‘ਸਾਹਿਤਵਿਦਿਆ’ ਕਿਹਾ ਹੈ। ਇਸ ਉਪਰੰਤ ਰਾਜਾਨਕ ਰੁੱਯਕ ਨੇ ‘ਸਾਹਿਤਮੀਮਾਂਸਾ’ ਅਤੇ ਵਿਸ਼ਵਨਾਥ ਨੇ ‘ਸਾਹਿਤਦਰਪਣ’ ਨਾਮੀ ਗ੍ਰੰਥਾਂ ਦੁਆਰਾ ਸਾਹਿਤਸ਼ਾਸਤਰ ਨਾਮ ਨੂੰ ਜ਼ਿਆਦਾ ਵਿਆਪਕ ਅਤੇ ਲੋਕਪ੍ਰਿਯ ਬਣਾਇਆ। ‘ਸਾਹਿਤ’ ਪਦ ਦੀ ਵਿਉਤਪੱਤੀ ਸੰਸਕ੍ਰਿਤ ਵਿਆਕਰਣ ਦੇ ਅਨੁਸਾਰ ‘ਸਾਹਿਤਸਯ ਭਾਵਹ੍ ਸਾਹਿਤਿਅਮ੍’ ਹੈ ਅਰਥਾਤ ਸ਼ਬਦ ਤੇ ਅਰਥ ਦਾ ਸਹਭਾਵ ‘ਸਾਹਿਤ’ ਹੈ। ਭਾਰਤੀ ਕਾਵਿ ਆਚਾਰੀਆ ਕਾਵਿ ਵਿੱਚ ਸ਼ਬਦ ਤੇ ਅਰਥ ਦੋਹਾਂ ਦੇ ਸਹਭਾਵ ਨੂੰ ਜ਼ਰੂਰੀ ਮੰਨਿਆ ਹੈ। ਇਸੇ ਕਾਰਨ ਇਹ ਨਾਮ ਪ੍ਰਚਲਿਤ ਹੋਇਆ।
 • ਕ੍ਰਿਆਕਲਪ: ਭਾਰਤੀ ਕਾਵਿ-ਸਮੀਖਿਆ ਦੀ ਵਿਦਿਆ ਲਈ ‘ਕ੍ਰਿਆਕਲਪ’ ਨਾਮ ਦਾ ਪ੍ਰਯੋਗ ਵੀ ਮਿਲਦਾ ਹੈ ਜਿਹੜਾ ਕਿ ਦੂਜੇ ਸਾਰਿਆਂ ਨਾਮਾਂ ਨਾਲੋਂ ਪੁਰਾਣਾ ਹੈ। ਅਨੁਮਾਨ ਹੈ ਕਿ ਆਚਾਰੀਆ ਵਾਤਸਿਆਯਨ ਵੇਲੇ ਭਾਰਤੀ ਕਾਵਿ-ਸਮੀਖਿਆ ਦੀ ਵਿਦਿਆ ਦਾ ਨਾਮ ‘ਕ੍ਰਿਆਕਲਪ’ ਪ੍ਰਸਿੱਧ ਸੀ।
 • ਕਾਵਿਸ਼ਾਸਤਰ: ਸਭ ਤੋਂ ਪਹਿਲਾਂ ਆਚਾਰੀਆ ਭੋਜ ਨੇ ਭਾਰਤੀ ਕਾਵਿ-ਸਮੀਖਿਆ ਦੀ ਵਿਦਿਆ ਲਈ ਕਾਵਿਸ਼ਾਸਤਰ ਪਦ ਦਾ ਪ੍ਰਯੋਗ ਕੀਤਾ। ਸੰਸਕ੍ਰਿਤ ਵਿਆਕਰਣ ਦੀ ਦ੍ਰਿਸ਼ਟੀ ਤੋਂ ‘ਸ਼ਾਸਤਰ’ ਪਦ ਦੀ ਵਿਉਤਪੱਤੀ ‘ਸ਼ੰਸਨਾਤ੍ ਸ਼ਾਸਤ੍ਰਮ੍’ ਅਰਥਾਤ ਕਿਸੇ ਗੂੜ੍ਹ ਤੱਤ ਦਾ ਗਿਆਨ ਕਰਾਉਣ ਵਾਲਾ ਹੈ। ‘ਕਾਵਿ’ ਨਾਲ ਸ਼ਾਸਤਰ ਪਦ ਨੂੰ ਜੋੜਨ ਦਾ ਇਹੀ ਮੰਤਵ ਹੈ ਕਿ ਕਾਵਿ-ਸ਼ਾਸਤਰ ਵਿੱਚ ਕਾਵਿ ਦੇ ਗੂੜ੍ਹ ਤੱਤਾਂ ਦਾ ਗਿਆਨ ਕਰਾਉਣ ਲਈ ਕਾਵਿ-ਤੱਤਾਂ ਦਾ ਪ੍ਰਤਿਪਾਦਨ, ਵਿਵੇਚਨ ਤੇ ਵਿਸ਼ਲੇਸ਼ਣ ਕੀਤਾ ਗਿਆ ਹੁੰਦਾ ਹੈ।[7]

ਭਾਰਤੀ ਕਾਵਿ-ਸ਼ਾਸਤਰ ਉੱਤੇ ਦੂਜੇ ਸ਼ਾਸਤਰਾਂ ਦਾ ਪ੍ਰਭਾਵ[ਸੋਧੋ]

ਪਹਿਲੇ ਖੰਡ ਦੇ ਪੰਜਵੇਂ ਉਪ-ਖੰਡ ਵਿੱਚ ਭਾਰਤੀ ਕਾਵਿ-ਸ਼ਾਸਤਰ ਉੱਪਰ ਦੂਜੇ ਸ਼ਾਸਤਰਾਂ (ਵਿਆਕਰਣਸ਼ਾਸਤਰ, ਨਿਆਇਸ਼ਾਸਤਰ, ਸਾਂਖਯਸ਼ਾਸਤਰ, ਵੇਦਾਂਤਦਰਸ਼ਨ, ਮੀਮਾਂਸਾਸ਼ਾਸਤਰ) ਦੇ ਪਏ ਪ੍ਰਭਾਵਾਂ ਦਾ ਵਿਵੇਚਨ ਕੀਤਾ ਗਿਆ ਹੈ ਕਿਉਂ ਜੋ ਭਾਰਤੀ ਕਾਵਿ-ਸ਼ਾਸਤਰ ਦੇ ਸਿਧਾਂਤਾਂ ਦਾ ਪ੍ਰਤੀਪਾਦਨ ਕਰਨ ਵਾਲੇ ਆਚਾਰੀਆ ਸਿਰਫ਼ ਕਾਵਿ-ਸ਼ਾਸਤਰ ਦੇ ਹੀ ਜਾਣੂ ਜਾਂ ਵਿਦਵਾਨ ਨਹੀਂ ਸਨ।

ਖੰਡ ਦੂਜਾ[ਸੋਧੋ]

ਦੂਸਰੇ ਖੰਡ ਵਿੱਚ ਭਾਰਤੀ ਕਾਵਿ-ਆਚਾਰੀਆਂ ਦੁਆਰਾ ਆਪਣੇ ਗ੍ਰੰਥਾਂ ਵਿੱਚ ਵਿਵੇਚਿਤ ਭਿੰਨ-ਭਿੰਨ ਵਿਸ਼ਿਆਂ ਦਾ ਵਿਵਰਣ ਪੇਸ਼ ਕੀਤਾ ਗਿਆ ਹੈ। ਪੁਸਤਕ ਰਚੇਤਾ ਨੇ ਭਾਰਤੀ ਕਾਵਿ-ਸ਼ਾਸਤਰ ਦੇ ਵਿਸ਼ਿਆਂ ਬਾਬਤ ਭਾਰਤੀ ਕਾਵਿ ਆਚਾਰੀਆਂ ਦੁਆਰਾ ਦਰਸਾਏ ਵਿਚਾਰਾਂ ਨੂੰ ਪੇਸ਼ ਕਰਦਿਆਂ ਆਪਣੇ ਮਤ ਨੂੰ ਵੀ ਅੰਤ ਵਿੱਚ ਪੇਸ਼ ਕੀਤਾ ਹੈ। ਇਸ ਖੰਡ ਦੇ ਕ੍ਰਮਵਾਰ ਹੇਠ ਲਿਖੇ ਦਸ ਉਪ-ਖੰਡ ਹਨ –

 1. ਭਾਰਤੀ ਕਾਵਿਸ਼ਾਸਤਰ ਦੇ ਵਿਸ਼ੇ
 2. ਕਾਵਿ ਦੇ ਵਿਸ਼ੇ
 3. ਕਾਵਿ ਦੇ ਪ੍ਰਯੋਜਨ
 4. ਕਾਵਿ ਦੇ ਹੇਤੂ
 5. ਕਾਵਿ ਦਾ ਲਕ੍ਸ਼ਣ ਅਤੇ ਸਰੂਪ
 6. ਕਾਵਿ ਦੇ ਭੇਦ
 7. ਕਾਵਿ ਦੀਆਂ ਸ਼ਬਦ ਸ਼ਕਤੀਆਂ
 8. ਕਾਵਿਗਤ ਗੁਣ
 9. ਕਾਵਿਗਤ ਅਲੰਕਾਰ
 10. ਕਾਵਿਗਤ ਦੋਸ਼

ਖੰਡ ਚੌਥਾ[ਸੋਧੋ]

ਪੁਸਤਕ ਦੇ ਚੌਥੇ ਖੰਡ ਵਿੱਚ ਆਦਿ ਆਚਾਰੀਆ ਸਵੀਕਾਰੇ ਜਾਂਦੇ ਆਚਾਰੀਆ ਭਰਤਮੁਨੀ (ਈਸਾ ਪੂਰਵ 200 ਸਦੀ ਜਾਂ ਇਸ ਤੋਂ ਵੀ ਪਹਿਲਾਂ) ਤੋਂ ਲੈ ਕੇ ਆਚਾਰੀਆ ਨਰਸਿੰਘ ਕਵੀ (18ਵੀਂ ਸਦੀ ਦਾ ਮੱਧਭਾਗ) ਤਕ 48 ਪ੍ਰਮੁੱਖ ਆਚਾਰੀਆਂ ਬਾਰੇ ਅਤੇ ਉਹਨਾਂ ਦੀਆਂ ਕਿਰਤਾਂ ਬਾਰੇ ਅਤਿਸੰਖਿਪਤ ਪਰਿਚੈ ਦਿੱਤਾ ਗਿਆ ਹੈ।

ਖੰਡ ਪੰਜਵਾਂ (ਅੰਤਿਕਾਵਾਂ)[ਸੋਧੋ]

ਪੁਸਤਕ ਦੇ ਅੰਤਲੇ ਖੰਡ ਵਿੱਚ ‘ਅੰਤਿਕਾਵਾਂ’ ਸਿਰਨਾਵੇਂ ਹੇਠ ਭਾਰਤੀ ਕਾਵਿ-ਸ਼ਾਸਤਰ ਦੇ ਕੁਝ ਪ੍ਰਮੁੱਖ ਤਕਨੀਕੀ ਪਦਾਂ ਦਾ ਸਰੂਪ (ਅੰਤਿਕਾ ਇਕ), ਪੁਸਤਕ ਵਿੱਚ ਪ੍ਰਯੋਗ ਹੋਏ ਔਖੇ ਸ਼ਬਦਾਂ ਦਾ ਸਧਾਰਨ ਅਰਥ ‘ਸ਼ਬਦਕੋਸ਼’ ਦੇ ਰੂਪ ਵਿੱਚ (ਅੰਤਿਕਾ ਦੋ) ਅਤੇ ਪੁਸਤਕ ਲਿਖਣ ਹਿਤ ਉੱਧ੍ਰਿਤ ਕੀਤੇ ਗਏ ਆਚਾਰੀਆਂ ਦੇ ਗ੍ਰੰਥਾਂ ਅਤੇ ਭਾਰਤੀ ਸਮੀਖਿਆ ਦੇ ਵਿਦਵਾਨਾਂ ਦੀਆਂ ਕਿਰਤਾਂ ਦੀ ਸੂਚੀ (ਅੰਤਿਕਾ ਤਿੰਨ) ਦਿੱਤੀ ਗਈ ਹੈ।

ਸਾਰ[ਸੋਧੋ]

ਇਸ ਪੁਸਤਕ ਵਿੱਚ ਭਾਰਤੀ ਕਾਵਿ-ਸ਼ਾਸਤਰ ਦੇ ਪ੍ਰਮੁੱਖ ਤੱਤਾਂ ਅਤੇ ਸਿਧਾਂਤਾਂ ਨੂੰ ਕਲੇਵਰ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰੋ. ਸ਼ੁਕਦੇਵ ਸ਼ਰਮਾ ਨੇ ਹਰ ਵਿਸ਼ੇ ਦੇ ਸੰਦਰਭ ਵਿੱਚ ਭਾਰਤੀ ਕਾਵਿ-ਆਚਾਰੀਆਂ ਦੇ ਵਿਵੇਚਨ ਤੇ ਵਿਚਾਰਾਂ ਨੂੰ ਪੇਸ਼ ਕਰਨ ਉਪਰੰਤ ਆਲੋਚਨਾਤਮਕ ਨੁਕਤਾ ਨਿਗਾਹ ਤੋਂ ਆਪਣੇ ਮਤ ਦੀ ਪੇਸ਼ਕਾਰੀ ਕੀਤੀ ਹੈ। ਹਰ ਕਾਵਿ-ਸੰਪ੍ਰਦਾ ਦੇ ਇਤਿਹਾਸਕ ਵਿਕਾਸ-ਕ੍ਰਮ ਨੂੰ, ਪਰਿਭਾਸ਼ਾ ਅਤੇ ਸਰੂਪ ਨੂੰ, ਭੇਦਾਂ-ਉਪਭੇਦਾਂ ਨੂੰ ਤੇ ਅੰਤ ਵਿੱਚ ਦੂਜੇ ਕਾਵਿ-ਸੰਪ੍ਰਦਾਵਾਂ ਨਾਲ ਉਸਦੇ ਸੰਬੰਧਾਂ ਨੂੰ ਸਮੀਖਿਆਤਮਕ ਨਜ਼ਰੀਏ ਪੇਸ਼ ਕੀਤਾ ਗਿਆ ਹੈ।

ਹਵਾਲੇ[ਸੋਧੋ]

 1. "ਕਾਵਿ ਸ਼ਾਸਤਰ". pa.wikipedia.org. 
 2. ਸ਼ਰਮਾ, ਸ਼ੁਕਦੇਵ (ਪ੍ਰੋ.) (2017). ਭਾਰਤੀ ਕਾਵਿ-ਸ਼ਾਸਤਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. pp. ix. ISBN 978-81-302-0462-8. 
 3. ਸ਼ਰਮਾ, ਸ਼ੁਕਦੇਵ (ਪ੍ਰੋ.) (2017). ਭਾਰਤੀ ਕਾਵਿ-ਸ਼ਾਸਤਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. pp. x. ISBN 978-81-302-0462-8. 
 4. ਸ਼ਰਮਾ, ਸ਼ੁਕਦੇਵ (ਪ੍ਰੋ.) (2017). ਭਾਰਤੀ ਕਾਵਿ-ਸ਼ਾਸਤਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 5. ISBN 978-81-302-0462-8. 
 5. ਸ਼ਰਮਾ, ਸ਼ੁਕਦੇਵ (ਪ੍ਰੋ.) (2017). ਭਾਰਤੀ ਕਾਵਿ-ਸ਼ਾਸਤਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 8. ISBN 978-81-302-0462-8. 
 6. ਸ਼ਰਮਾ, ਸ਼ੁਕਦੇਵ (ਪ੍ਰੋ.) (2017). ਭਾਰਤੀ ਕਾਵਿ-ਸ਼ਾਸਤਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. pp. 9–12. ISBN 978-81-302-0462-8. 
 7. ਸ਼ਰਮਾ, ਸ਼ੁਕਦੇਵ (ਪ੍ਰੋ.) (2017). ਭਾਰਤੀ ਕਾਵਿ-ਸ਼ਾਸਤਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. pp. 14–21. ISBN 978-81-302-0462-8.