ਸਮੱਗਰੀ 'ਤੇ ਜਾਓ

ਆਧੁਨਿਕਤਾਵਾਦੀ ਪੰਜਾਬੀ ਕਵਿਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਧੁਨਿਕਤਾਵਾਦੀ ਪੰਜਾਬੀ ਕਵਿਤਾ 1960 ਤੋਂ ਬਾਅਦ ਜਿਹੜੀ ਕਵਿਤਾ ਰਚੀ ਗਈ ਉਸ ਨੂੰ ਨਵੀਨ, ਆਧੁਨਿਕ ਕਵਿਤਾ ਕਹਿਕੇ ਵਖਰਾਇਆ ਜਾਂਦਾ ਹੈ। ਦਰਅਸਲ ਇਹ ਦੌਰ ਵਿਸ਼ਵ ਪੱਧਰ ਦੇ ਚਿੰਤਕਾਂ, ਕਾਰਲ ਮਾਰਕਸ, ਅਲਬਰਟ ਕਾਮੂ, ਜਾਨ ਪਾਲ ਸਾਰਤਰ, ਸੈਮੂਅਲ ਬੈਕਟ ਅਤੇ ਫਰਾਇਡ ਦੇ ਸਿਧਾਂਤਾਂ ਤੋਂ ਸੇਧ ਲੈਕੇ ਲਿਖਣ ਦਾ ਹੈ। ਇਸ ਕਵਿਤਾ ਦਾ ਪਿੱਠਭੂਮੀ ਵਿੱਚ ਆਜ਼ਾਦੀ ਤੋਂ ਉੰਮੀਦਾਂ ਪੂਰੀਆਂ ਹੋਣ ਦੀ ਨਿਰਾਸ਼ਾ ਹੈ। ਇਹ ਸਾਰੀ ਕਵਿਤਾ ਪਿਛਲੀ ਆਧਿਆਤਮਵਾਦੀ, ਰੁਮਾਂਸਵਾਦੀ ਅਤੇ ਪ੍ਰਗਤੀਵਾਦੀ ਕਵਿਤਾ ਤੋਂ ਵੱਖਰੀ ਹੈ। ਇਸ ਵਿੱਚ ਰੱਬ, ਰਹੱਸ, ਆਤਮਾ, ਮੌਤ, ਜ਼ਿੰਦਗੀ, ਪਿਆਰ, ਮਾਨਵੀ ਅਸਤਿਤਵ, ਕ੍ਰਾਂਤੀ ਆਦਿ ਸਾਰੇ ਪੱਖਾਂ ਨੂੰ ਠੋਕਰ ਮਾਰੀ ਗਈ ਹੈ। ਉਦਾਸੀ, ਉਦੇਸ਼ਹੀਣਤਾ, ਨਗਰ ਸਭਇਤਾ, ਇਸ ਦੇ ਪਛਾਣ ਚਿਨ੍ਹ ਦਾ ਇਹ ਵਿਰਸੇ ਜਾਂ ਅਤੀਤ ਨੂੰ ਰੱਦ ਕਰਕੇ ਅਤੇ ਭਵਿੱਖ ਦੀ ਚਿੰਤਾ ਤੋਂ ਬਿਨਾ ਵਰਤਮਾਨ ਨੂੰ ਜਿਉਣ ਨਹੀਂ ਬਲਕਿ ਭੋਗਣ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਵਿੱਚ ਸਾਰੇ ਆਦਰਸ਼ ਹੀ ਗਾਇਬ ਹਨ। ਮਨ, ਸਰੀਰ, ਲਿੰਗ, ਹੀਣਤਾ ਸਭ ਇਸਦੇ ਪ੍ਰੇਰਕ ਬਿੰਦੂ ਹਨ।

ਡਾ. ਹਰਿਭਜਨ ਸਿੰਘ

[ਸੋਧੋ]

ਡਾ. ਹਰਿਭਜਨ ਨੇ ਕਿਸੇ ਕਾਵਿ ਪ੍ਰਵਿਰਤੀ ਅਧੀਨ ਕਵਿਤਾ ਨਹੀਂ ਲਿਖੀ ਸਗੋਂ ਆਪਣੀ ਕਵਿਤਾ ਰਾਹੀਂ ਨਿਭਿੰਨ ਕਾਵਿ ਪ੍ਰਵੁਰਤੀਆਂ ਵਿੱਚ ਯੋਗਦਾਨ ਪਾਇਆ। 1956 ਵਿੱਚ ਉਸਦੇ ਪੁਸਤਕ ਲਾਸ਼ਾਂ ਤੋਂ ਸ਼ੁਰੂਆਤ ਕੀਤੀ ਤੇ 2000 ਵਿੱਚ ਆਪਣੀ ਆਖਰੀ ਪੁਸਤਕ ਮੇਰਾ ਨਾਉਂ ਕਬੀਰ ਤੱਕ ਲਗਭਗ ਅੱਧੀ ਸਦੀ ਕਵਿਤਾ ਲਿਖੀ। ਇਸੇ ਅਰਸੇ ਵਿੱਚ ਉਸਨੇ ਵਿਭਿੰਨ ਕਾਵਿ ਧਾਰਾਵਾਂ ਨਾਲ ਸਹਿਯੋਗ ਅਤੇ ਸੰਵਾਦ ਸਥਾਪਿਤ ਕੀਤਾ। ਲਾਸ਼ਾਂ ਅਤੇ ਅਧਰੈਣੀ ਰੁਮਾਂਸਵਾਦੀ ਪ੍ਰਗਤੀਵਾਦੀ ਦੇ ਸਮੇਂ ਆਈਆਂ। ਨਾ ਧੁੱਪੇ ਨਾ ਛਾਵੇਂ ਅਤੇ ਸੜਕ ਦੇ ਸਫ਼ੇ ਉੱਤੇ ਪ੍ਰਯੋਗਸ਼ੀਲ ਦਾ ਪ੍ਰਭਾਵ ਰਿਹਾ। ਟੁੱਕੀਆਂ ਜੀਭਾਂ ਵਾਲੇ ਕਾਵਿ ਸੰਗ੍ਰਹਿ ਉੱਤੇ ਉਸ ਸਮੇਂ ਦੀ ਸੰਕਟ ਸਥਿਤੀ ਦਾ ਪ੍ਰਭਾਵ ਹੈ।ਉਸ ਦੀ ਕਾਵਿ ਪ੍ਰਤਿਭਾ ਪ੍ਰਗੀਤਾਂ, ਖੁੱਲ੍ਹੀ ਕਵਿਤਾ, ਲੰਬੀ ਬਿਰਤਾਤਕ ਕਵਿਤਾ ਤੋਂ ਲਾਕੇ ਕਾਵਿ ਨਾਟ ਤੱਕ ਫੈਲੀ ਹੋਈ ਹੈ। ਉਸਦੇ ਪ੍ਰਗੀਤਾਂ ਵਿੱਚ ਲੋਕ ਗੀਤਾਂ ਵਾਲੀ ਸੰਗੀਤਕ ਪੁੱਠ ਅਤੇ ਆਧੁਨੁਕ ਕਵਿਤਾ ਵਾਲੀ ਬੌਧਿਕ ਗਹਿਰਾਈ ਹੈ। ਉਸ ਦੀ ਕਵਿਤਾ ਵਿਚੋਂ-
"ਅੱਧੀ ਰਾਤੀ ਕੰਜਕਾ ਜਾਗੀ
ਮਾਂ ਨੂੰ ਪਈ ਜਗਾਏ।
ਮਾਏ ਨੀ ਮੇਰੇ ਢਿੱਡ ਵਿੱਚ ਚਾਨਣ
ਮੈਨੂੰ ਪਿਆ ਬੁਲਾਏ।"

ਤਾਰਾ ਸਿੰਘ ਕਾਮਿਲ

[ਸੋਧੋ]

ਤਾਰਾ ਸਿੰਘ ਕਾਮਿਲ ਪ੍ਰਗਤੀਵਾਦੀ ਕਾਵਿ ਪ੍ਰਵਿਰਤੀ ਤੋਂ ਪਿੱਛੋਂ ਆਇਆ ਸ਼ਾਇਰ ਹੈ। ਉਸਨੇ ਪ੍ਰਗਤੀਵਾਦੀ, ਪ੍ਰਯੋਗਸ਼ੀਲ, ਨਕਸਲਵਾੜੀ ਅਤੇ ਪੰਜਾਬ ਸੰਕਟ ਤੇ ਕਵਿਤਾ ਲਿਖੀ। ਪਰ ਉਸ ਦੀ ਆਪਣੀ ਮੂਲ ਸੁਰ ਪ੍ਰਗਤੀਵਾਦੀ ਹੈ। ਇਸ ਦ੍ਰਿਸ਼ਟੀਕੋਣ ਤੋਂ ਉਸਨੇ ਸਿੰਮਦੇ ਪੱਥਰ, ਮੇਘਲੇ, ਅਸੀਂ ਤੁਸੀਂ, ਸੂਰਜ ਦਾ ਲੈਟਰ ਬਾਕਸ, ਕਹਿਕਸ਼ਾਂ, ਸਰਗੋਸ਼ੀਆਂ ਤੇ ਨਾਥ ਬਾਣੀ ਪੁਸਤਕਾਂ ਦੀ ਰਚਨਾ ਕੀਤੀ।

ਸ਼ਿਵ ਕੁਮਾਰ ਬਟਾਲਵੀ

[ਸੋਧੋ]

ਸ਼ਿਵ ਕੁਮਾਰ ਪੰਜਾਬੀ ਦਾ ਗੀਤਕਾਰ ਤੇ ਕਵੀ ਹੈ। ਡਾ. ਹਰਿਭਜਨ ਸਿੰਘ ਅਨੁਸਾਰ ਸ਼ਿਵ ਕਾਵਿ ਵਿੱਚ ਜੀਵਨ ਦਾ ਬੁਨਿਆਦੀ ਤੱਤ ਬਿਰਹਾ ਹੈ।[1] ਬਿਰਹਾ ਉਸਦੇ ਜੀਵਨ ਵਿੱਚ ਵਿਆਪਤ ਅਨੁਭਵ ਰੇਖਾ ਹੈ। ਇਹ ਬਿਰਹਾ ਭੋਗੀ ਹੋਈ ਪੀੜ ਵਿਚੋਂ ਪੈਦਾ ਹੋੋਇਆ ਹੈ। ਉਸਦੇ ਮੇਲ ਨੂੰ ਪ੍ਰਗਟ ਕਰਨ ਵਾਲੇ ਗੀਤ ਵੀ ਅੰਤਿਮ ਰੂਪ ਵਿੱਚ ਬਿਰਹਾ ਦੀ ਵੇਦਨਾ ਦਾ ਹੀ ਪ੍ਰਭਾਵ ਦਿੰਦੇ ਹਨ।[2] ਉਸਨੇ ਪੀੜਾਂ ਦਾ ਪਰਾਗਾ(1960), ਲਾਜਵੰਤੀ(1961), ਆਟੇ ਦੀਆਂ ਚਿੜੀਆਂ(1962), ਮੈਨੂੰ ਵਿਦਾ ਕਰੋ(1963), ਬਿਰਹਾ ਤੂੰ ਸੁਲਤਾਨ(1964), ਦਰਦਮੰਦਾਂ ਦੀਆਂ ਆਹੀਂ(1964), ਲੂਣਾ(1965), ਮੈਂ ਤੇ ਮੈਂ(1970), ਆਰਤੀ(1971), ਅਲਵਿਦਾ(1974), ਬਿਰਹੜਾ(1975), ਅਸਾਂ ਜੋਬਨ ਰੁੱਤੇ ਮਰਨਾ(1976) ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ।

ਸੋਹਣ ਸਿੰਘ ਮੀਸ਼ਾ

[ਸੋਧੋ]

ਮੀਸ਼ਾ ਅਜਿਹਾ ਕਵੀ ਹੈ ਜੋ ਆਪਣੇ ਸਮਕਾਲੀਆਂ ਤੋਂ ਅਣਭਿੱਜ ਵੀ ਨਹੀਂ ਰਹਿੰਦਾ ਅਤੇ ਉਹਨਾ ਵਿੱਚ ਸ਼ਾਮਿਲ ਵੀ ਨਹੀਂ ਹੁੰਦਾ। ਮੀਸ਼ਾ ਨੇ ਪ੍ਰਗਤੀਵਾਦੀ ਸੁਰ ਵਾਲੀ ਆਧੁਨਿਕ ਕਵਿਤਾ ਲਿਖੀ। ਇਸ ਕਵਿਤਾ ਦੇ ਲੱਛਣ ਪ੍ਰਯੋਗਸ਼ੀਲ ਲਹਿਰ ਦੀ ਕਵਿਤਾ ਨਾਲ ਮਿਲਦੇ ਹਨ। ਉਸਨੇ ਨਜ਼ਮਾਂ, ਗਜ਼ਲਾਂ, ਅਤੇ ਖੁੱਲ੍ਹੀ ਕਵਿਤਾ ਦੀ ਰਚਨਾ ਕੀਤੀ ਹੈ। ਮੀਸ਼ਾ ਦੀਆਂ ਬਹੁਤੀਆਂ ਕਵਿਤਾਵਾਂ ਪਰੰਪਰਾਗਤ ਪਿਆਰ ਅਤੇ ਅਧੁਨਿਕ ਪਿਆਰ ਸੰਬੰਧਾਂ ਦੇ ਦਵੰਦ ਨੂੰ ਪੇਸ਼ ਕਰਦੀਆਂ ਹਨ। ਇਨ੍ਹਾਂ ਵਿੱਚ ਪਿਆਰ ਅਤੇ ਕਾਮ ਆਪਸ ਵਿੱਚ ਰਲਗੱਡ ਹੋਏ ਪਏ ਹਨ। ਕਵੀ, ਚੀਕ ਬੁਲਬੁਲੀ, ਸ਼ੁਭ ਇੱਛਾਵਾਂ ਉਸਦੀਆਂ ਪ੍ਰਸਿੱਧ ਕਵਿਤਾਵਾਂ ਹਨ। ਉਸਨੇ ਚੁਰਸਤਾ(1961), ਦਸਤਕ(1966) ਅਤੇ ਕੱਚ ਦੇ ਵਸਤਰ(ਭਾਰਤੀ ਸਾਹਿਤ ਅਕਾਦਮੀ ਜੇਤੂ - 1974) ਪੁਸਤਕਾਂ ਦੀ ਰਚਨਾ ਕੀਤੀ।
"ਕਿਹੋ ਜਿਹਾ ਸਵੇਰਾ ਹੈ
ਨਾ ਤੇਰਾ ਹੈ ਨਾ ਮੇਰਾ ਹੈ।
ਦਿਨ ਦਫ਼ਤਰ ਵਿੱਚ ਕੱਟਦੇ ਹਾਂ
ਘਰ ਤਾਂ ਰੈਣ ਬਸੇਰਾ ਹੈ।
ਇੱਕੋ ਘਰ ਦੇ ਜੀਆਂ ਦਾ
ਵੱਖਰੋ-ਵੱਖਰਾ ਘੇਰਾ ਹੈ।"

ਹੋਰ ਕਵੀ

[ਸੋਧੋ]

ਇਸ ਦੌਰ ਵਿੱਚ ਕਈ ਕਵੀਆਂ ਨੇ ਪ੍ਰਗਤੀਵਾਦੀ ਕਵਿਤਾ ਲਿਖੀ। ਇਨ੍ਹਾਂ ਵਿੱਚ ਪਿਆਰਾ ਸਿੰਘ ਸਹਿਰਾਈ ਦਾ ਨਾਮ ਪ੍ਰਸਿੱਧ ਹੈ। ਉਸਨੇ ਸਮਾਜਵਾਦੀ ਵਿਚਾਰਧਾਰਾ ਅਧੀਨ ਵਾਰਾਂ ਦੀ ਰਚਨਾ ਕੀਤੀ ਹੈ। ਉਸ ਵਾਂਗ ਹਰਿੰਦਰ ਸਿੰਘ ਰੂਪ ਨੇ ਵੀ ਵਾਰਾਂ ਰਚੀਆਂ ਹਨ। ਸੰਤੋਖ ਸਿੰਘ ਧੀਰ ਦਾ ਨਾਮ ਕਹਾਣੀਆਂ ਵਿੱਚ ਮਕਬੂਲ ਹੈ ਪਰ ਉਸਨੇ ਪ੍ਰਗਤੀਵਾਦੀ ਕਵਿਤਾਵਾਂ ਦੀ ਰਚਨਾ ਵੀ ਕੀਤੀ। ਇਹਨਾਂ ਵਿੱਚ ਧਰਤੀ ਮੰਗਦੀ ਮਹਿਕ ਵੇ, ਪੱਤ ਝੜੇ ਪੁਰਾਣੇ, ਬਿਰਹੜੇ ਬੀਤੇ ਸਮੇਂ ਦੀ ਗੱਲ ਬਣ ਚੁੱਕੀ ਹੈ। ਗੁਰਚਰਨ ਰਾਮਪੁਰੀ ਅਤੇ ਸੁਰਜੀਤ ਰਾਮਪੁਰੀ ਵੀ ਪਿਛਲੇ ਸਮੇਂ ਦੇ ਪ੍ਰਗਤੀਵਾਦੀ ਕਵੀ ਹਨ। ਪਰ ਪ੍ਰਯੋਗਸ਼ੀਲ ਲਹਿਰ ਨੇ ਪ੍ਰਗਤੀਵਾਦ ਨੂੰ ਬੀਤੇ ਸਮੇਂ ਦੀ ਗੱਲ ਬਣਾ ਦਿੱਤਾ ਸੀ। ਦੂਜਾ ਜੁਝਾਰਵਾਦੀ ਕਵੀਆਂ ਨੇ ਵੀ ਪ੍ਰਗਤੀਵਾਦੀ ਕਵੀਆਂ ਨਾਲ ਸਹਿਯੋਗ ਦੀ ਥਾਂ ਸੰਵਾਦ ਰਚਾਇਆ ਸੀ। ਇਸ ਕਰਕੇ ਇਹ ਕਵੀ ਨਾਂ ਪ੍ਰਗਤੀਵਾਦੀਆਂ ਨਾਲ ਤੇ ਨਾ ਹੀ ਜੁਝਾਰਵਾਦੀਆਂ ਨਾਲ ਜੁੜ ਸਕੇ। ਇਹਨਾਂ ਦੀ ਕਵਿਤਾ ਦਾ ਸਮਾਂ ਪ੍ਰਯੋਗ ਜਾਂ ਕ੍ਰਾਂਤੀਕਾਰੀ ਕਵਿਤਾ ਦਾ ਸਮਾਂ ਸੀ ਪਰ ਇਹਨਾਂ ਦੀ ਸੁਰ ਪ੍ਰਗਤੀਵਾਦੀ ਸੀ। ਪ੍ਰਭਜੋਤ ਕੌਰ ਅਜਿਹੀ ਹੀ ਇੱਕ ਬੇਹੇ ਪ੍ਰਗਤੀਵਾਦ ਦੀ ਕਵਿਤਰੀ ਹੈ। ਉਸਦੀ ਪਛਾਣ 'ਖੱਬੀ' ਕਾਵਿ ਪੁਸਤਕ ਤੇ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਣ ਤੇ ਬਣੀ। ਮੁੱਢ ਚ ਉਹ ਰੁਮਾਂਟਿਕ ਗੀਤ ਕਵਿਤਾਵਾਂ ਲਿਖਦੀ ਰਹੀ। ਫਿਰ ਪ੍ਰਗਤੀਵਾਦ ਵਲ ਵਧੀ। ਪਰ ਉਸਦੀ ਕਵਿਤਾ ਵਿੱਚ ਕ੍ਰਾਂਤੀ ਤੇ ਬਾਗੀਪਨ ਦੀ ਘਾਟ ਹੈ। ਉਸਨੇ ਲਟ ਲਟ ਜੋਤ ਜਗੈ, ਪਲਕਾਂ ਉਹਲੇ, ਕਾਫ਼ਲੇ, ਸੁਫ਼ਨੇ ਸੱਧਰਾਂ, ਪੰਖੇਰੂ, ਸ਼ਾਹ ਰਾਹ, ਬਣ ਕਪਾਸ਼ੀ, ਪੱਥੀ, ਖਾੜੀ, ਇਸ਼ਕ ਸ਼ਰਾ ਕੀ ਨਾਤਾ, ਕੁੰਠਤ, ਸ਼ਿੱਦਤ ਅਤੇ ਚਰਮ ਸੀਮਾ ਪੁਸਤਕਾਂ ਦੀ ਰਚਨਾ ਕੀਤੀ। ਵਿਸ਼ਵਨਾਥ ਤਿਵਾੜੀ ਇਹਨਾਂ ਤੋਂ ਵੱਖਰਾ ਆਧੁਨਿਕ ਰੰਗਤ ਵਾਲਾ ਕਵੀ ਹੈ। ਉਸਦੀ ਕਵਿਤਾ ਪ੍ਰਯੋਗਸ਼ੀਲ ਲਹਿਰ ਦੇ ਕਵੀਆਂ ਨਾਲ ਮਿਲਦੀ ਹੈ। ਉਹ ਬਹੁਤ ਸਾਰੀਆਂ ਪੁਸਤਕਾਂ ਜਿਵੇਂ ਯਾਦਾਂ ਚੋਂ ਯਾਦਾਂ, ਤਨ ਦੀ ਚਿਖਾ, ਅੰਕ ਦੀ ਅੰਬੀ, ਚੁੱਪ ਦੀ ਪੈੜ, ਇੱਕਲੇ ਤੋਂ ਇੱਕਲੇ ਦਾ ਸਫ਼ਰ ਦੀ ਰਚਨਾ ਕੀਤੀ ਪਰ ਇਸਦੇ ਬਾਵਜੂਦ ਅਣਗੌਲਿਆ ਹੀ ਰਿਹਾ। ਪਰ ਗਰਾਜ਼ ਤੋਂ ਫੁੱਟਪਾਥ ਤੱਕ ਕਾਵਿ ਪੁਸਤਕ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਣ ਤੇ ਚਰਚਾ ਵਿੱਚ ਆ ਗਿਆ। ਹੁਣ ਡਾ ਅਮਰਜੀਤ ਟਾਂਡਾ ਅਗਾਂਹ ਵਧੂ ਨਵੀਨ ਚੇਤਨਾ ਵਾਲਾ ਕਰੇਟਿਵ ਚਰਚਿਤ ਸ਼ਾਇਰ ਹੈ। ਡਾ ਅਮਰਜੀਤ ਟਾਂਡਾ ਦਾ ਨਾਮ ਸ੍ਰੋਮਣੀ ਕਵੀ ਪੁਰਸਕਾਰ ਦੀ ਨਾਮੀਨੇਸ਼ਨ ਚ ੨੦੧੫ ਵਿਚਾਰਿਆ ਗਿਆ ਹੈ।

ਹਵਾਲੇ

[ਸੋਧੋ]
  1. ਕਾਵਿ ਕੀਰਤੀ, ਭੂਮਿਕਾ, ਪੰਨਾ 179
  2. ਡਾ. ਕਰਮਜੀਤ ਸਿੰਘ, ਆਧੁਨਿਕ ਪੰਜਾਬੀ ਕਾਵਿਧਾਰਾਵਾਂ ਦੇ ਵਿਚਾਰਧਾਰਾਈ ਆਧਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਨਾ 290