ਗੁਰਚਰਨ ਰਾਮਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗੁਰਚਰਨ ਰਾਮਪੁਰੀ

ਗੁਰਚਰਨ ਰਾਮਪੁਰੀ ਕੈਨੇਡਾ ਵਾਸੀ ਪੰਜਾਬੀ ਕਵੀ ਹਨ । ਉਨ੍ਹਾਂ ਦਾ ਜਨਮ ਅਸਥਾਨ ਦੋਰਾਹਾ ਨੇੜੇ ਪਿੰਡ ਰਾਮਪੁਰ ਹੈ। ਉਹ ਪਿਛਲੇ ਛੇ ਦਹਾਕਿਆਂ ਤੋਂ ਨਿਰੰਤਰ ਸਾਹਿਤ ਸਿਰਜਨਾ ਕਰਦੇ ਆ ਰਹੇ ਹਨ । ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਵੱਖ-ਵੱਖ ਲਹਿਰਾਂ ਦਾ ਪ੍ਰਭਾਵ ਕਬੂਲਦਿਆਂ ਲੋਕਾਂ ਦੇ ਮੁੱਦਿਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਵੱਡਾ ਦਾਇਰਾ ਬਣਾਇਆ। ਸ੍ਰ. ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਨਵਤੇਜ ਸਿੰਘ, ਬਲਵੰਤ ਗਾਰਗੀ, ਰਾਜਿੰਦਰ ਸਿੰਘ ਬੇਦੀ, ਕੁਲਵੰਤ ਸਿੰਘ ਵਿਰਕ, ਪ੍ਰਭਜੋਤ ਕੌਰ, ਨਰਿੰਦਰਪਾਲ ਸਿੰਘ ਤੇ ਹੋਰ ਵੀ ਬਹੁਤ ਸਾਰੇ ਪ੍ਰਸਿਧ ਲਿਖਾਰੀ ਉਨ੍ਹਾਂ ਦੇ ਜਾਣਕਾਰ ਸਨ ।

ਜੀਵਨੀ[ਸੋਧੋ]

ਗੁਰਚਰਨ ਰਾਮਪੁਰੀ ਦਾ ਜਨਮ 23 ਜਨਵਰੀ 1929 ਨੂੰ ਪਿੰਡ ਰਾਮਪੁਰ (ਦੁਰਾਹੇ ਨੇੜੇ) ਹੋਇਆ। ਇਹ ਪਿੰਡ ਨਹਿਰ ਸਰਹਿੰਦ ਦੇ ਨੇੜੇ ਵਸਿਆ ਹੋਇਆ ਹੈ। ਉਹ ਆਪਣੇ ਮਾਪਿਆਂ ਦਾ ਵੱਡਾ ਪੁੱਤਰ ਹੈ। ਪੜ੍ਹਦੇ ਸਮੇਂ ਛੋਟੀ ਉਮਰ ਵਿੱਚ ਹੀ ਪੰਦਰਾਂ ਕੁ ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ ਸੀ। ਸੰਨ 1948 ਵਿੱਚ ਪਲੇਠੀ ਲੜਕੀ ਦੇਵਿੰਦਰ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਜਸਵੰਤ ਕੌਰ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਚਲਾਣਾ ਕਰ ਗਈ। ਉਸ ਤੋਂ ਬਾਅਦ ਦੂਸਰਾ ਵਿਆਹ ਸੰਨ 1950 ਵਿੱਚ ਸੁਰਜੀਤ ਕੌਰ ਨਾਲ ਹੋਇਆ ਤੇ ਤਰਵੰਜਾ ਸਾਲ ਸਾਥ ਨਿਭਿਆ। ਪਰ ਉਹ ਵੀ ਸਤੰਬਰ 2003 ਵਿੱਚ ਲੰਮੀ ਬਿਮਾਰੀ ਪਿੱਛੋਂ ਗੁਜ਼ਰ ਗਈ। ਚਾਰ ਬੱਚੇ ਹਨ, ਦੋ ਲੜਕੇ ਅਤੇ ਦੋ ਲੜਕੀਆਂ। ਅਗਾਂਹ ਉਨ੍ਹਾਂ ਦੇ ਪਰਿਵਾਰ ਹਨ। ਤਿੰਨਾਂ ਦੇ ਪਰਵਾਰ ਕੈਨੇਡਾ ਦੇ ਬੀ. ਸੀ. ਸੂਬੇ ਦੇ ਸ਼ਹਿਰ ਕੋਕਿਊਟਲਮ ਵਿੱਚ ਰਹਿੰਦੇ ਹਨ। ਇੱਕ ਲੜਕੀ ਆਪਣੇ ਪਰਵਾਰ ਸਮੇਤ ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਰਹਿੰਦੀ ਹੈ। ਹੁਣ ਉਹ ਆਪਣੀ ਜ਼ਿੰਦਗੀ ਦੇ ਚਰਾਸੀਵੇਂ ਸਾਲ ਵਿੱਚ ਦਾਖਲ ਹੋ ਚੁੱਕੇ ਹਨ।

ਰਚਨਾ[ਸੋਧੋ]

ਉਹ 1944 ਤੋਂ ਪੰਦਰਾਂ ਸਾਲਾਂ ਦੀ ਉਮਰ ਵਿੱਚ ਕਵਿਤਾ ਲਿਖਣ ਲੱਗ ਪਏ ਸਨ। ਉਨ੍ਹਾਂ ਦੀ ਪਹਿਲੀ ਕਵਿਤਾ ਸੰਨ 1950 ਵਿੱਚ ‘ਪ੍ਰੀਤਲੜੀ’ ਵਿੱਚ ਛਪੀ ਸੀ। ਉਹਦਾ ਨਾਂ ਸੀ, “ਕਣਕਾਂ ਦੀ ਖੁਸ਼ਬੋ”। ਅੱਗੇ ਜਾ ਕੇ ਉਨ੍ਹਾਂ ਨੇ ਆਪਣੀ ਪਹਿਲੀ ਕਿਤਾਬ ਦਾ ਨਾਂ ਵੀ “ਕਣਕਾਂ ਦੀ ਖੁਸ਼ਬੋ” ਰੱਖਿਆ। 1964 ਵਿੱਚ ਦੇਸ਼ ਛੱਡਣ ਤੋਂ ਪਹਿਲਾਂ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਛਪੀਆਂ ਸਨ। ਕਣਕਾਂ ਦੀ ਖੁਸ਼ਬੋ , ‘ਕੌਲ ਕਰਾਰ’ ਅਤੇ ‘ਕਿਰਨਾਂ ਦਾ ਆਲ੍ਹਣਾ’ ਸਨ। ਇਸ ਤੋਂ ਪਿੱਛੋਂ 1971 ਵਿੱਚ ਇੱਕ ਕਿਤਾਬ ‘ਅੰਨੀ ਗਲ਼੍ਹੀ’ ਛਪੀ।[੧] ਇਸ ਤੋਂ ਬਾਅਦ ‘ਕਤਲਗਾਹ’ ਅਤੇ ‘ਅਗਨਾਰ’। ਇਹ ਦੋ ਕਿਤਾਬਾਂ ਪੰਜਾਬ ਵਿੱਚ 20 ਸਾਲ ਲੰਬੇ ਅੱਤਵਾਦ ਦੇ ਦੁਖਾਂਤ ਨਾਲ ਸਬੰਧਤ ਹਨ।ਇਸ ਸੰਬੰਧੀ ਉਹ ਇੱਕ ਇੰਟਰਵਿਊ ਵਿੱਚ ਕਹਿੰਦੇ ਹਨ ," ਪੰਜਾਬ ਨੂੰ ਲੱਗੀ ਅੱਗ ਦਾ ਸੇਕ ਸਾਨੂੰ ਇੱਧਰ ਪੰਜਾਬੋਂ ਬਾਹਰ ਬੈਠਿਆਂ ਨੂੰ ਵੀ ਲੱਗਿਆ; ਇਸ ਬਾਰੇ ਲਿਖਣਾ ਮੇਰੇ ਮਨ ਦੀ ਲੋੜ ਸੀ। ਜਦੋਂ ਰਾਜਨੀਤਕ ਲੋਕ ਆਪਣੇ ਸੁਆਰਥਾਂ ਲਈ ਮਨੁੱਖਤਾ ਦਾ ਲਹੂ ਵਹਾਉਣ ਤੇ ਭੋਲੇ ਭਾਲੇ ਨਿਰਦੋਸ਼ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਤੋਂ ਸੰਕੋਚ ਨਾ ਕਰਨ ਤਾਂ ਇਸ ਕੌੜੇ ਸੱਚ ਨੂੰ ਬਿਆਨ ਕਰਨਾ ਹਰੇਕ ਲਿਖਾਰੀ ਦਾ ਧਰਮ ਹੈ। ਮੈਂ ਮਨੁੱਖੀ ਪੀੜ ਨੂੰ ਮਹਿਸੂਸ ਕੀਤਾ ਤੇ ਜਿੰਨਾ ਕੁਝ ਮੈਂ ਲਿਖ ਸਕਦਾ ਸੀ, ਲਿਖਿਆ।" ਇਨ੍ਹਾਂ ਤੋਂ ਹੋਰ ਕਿਤਾਬਾਂ ਹਨ: ਕੰਚਨੀ, ਅੱਜ ਤੋਂ ਆਰੰਭ ਤੱਕ (ਸਮੁੱਚੀ ਕਵਿਤਾ ਪੜਚੋਲ ਸਣੇ)। ‘ਦੋਹਾਵਲੀ’ ਇੱਕ ਵੱਖਰੀ ਕਿਸਮ ਦੀ ਕਿਤਾਬ ਹੈ, ਜਿਸ ਵਿੱਚ ਕਿਸੇ ਵਿਚਾਰ ਨੂੰ ਦੋਹੇ ਦੇ ਰੂਪ ਵਿੱਚ ਦੋ ਤੁਕਾਂ ਵਿੱਚ ਪੂਰਾ ਕੀਤਾ ਗਿਆ। ਇਸ ਕਿਤਾਬ ਵਿੱਚ ਪੰਜ ਸੌ ਦੋਹੇ ਵੱਖ-ਵੱਖ ਵਿਸ਼ਿਆਂ ਉੱਪਰ ਹਨ। ਪਹਿਲੀ ਕਿਤਾਬ “ਕਣਕਾਂ ਦੀ ਖ਼ੁਸ਼ਬੋ” ਵਿੱਚੋਂ ਬਾਰਾਂ ਕਵਿਤਾਵਾਂ ਦਾ ਰੂਸੀ ਅਨੁਵਾਦ “ਪੰਜਾਬੀ ਕਵੀਆਂ ਦੀ ਕਵਿਤਾ” ਵਿੱਚ ਛਪਿਆ। ਇਹ ਕਿਤਾਬ 1957 ਵਿੱਚ ਮਾਸਕੋ ਵਿੱਚ ਛਪੀ ਸੀ ਅਤੇ ਨਤਾਸ਼ਾ ਟਾਲਸਤਾਇਆ ਨੇ ਪੰਜਾਬੀ ਕਵਿਤਾਵਾਂ ਦਾ ਰੂਸੀ ਅਨੁਵਾਦ ਕੀਤਾ ਸੀ।

ਪੁਸਤਕਾਂ[ਸੋਧੋ]

ਕਵਿਤਾ[ਸੋਧੋ]

 • ਕਣਕਾਂ ਦੀ ਖੁਸ਼ਬੋ (1953, 1996)
 • ਕੌਲ-ਕਰਾਰ (1960, 1996)
 • ਕਿਰਣਾਂ ਦਾ ਆਲ੍ਹਣਾ (1963, 1997)
 • ਅੰਨ੍ਹੀ ਗਲੀ (1973, 1997)
 • ਕੰਚਨੀ (1980, 1997)
 • ਕਤਲਗਾਹ (1985, 1997)
 • ਅਗਨਾਰ (ਕਵਿਤਾ 1993, 1997)
 • ਅੱਜ ਤੋਂ ਆਰੰਭ ਤੱਕ (2001)
 • ਦੋਹਾਵਲੀ (2003)
 • The Circle of Illusion (Poetry), 2011
 • The Hues of Rainbow (Poetry & commentary about it), National Book Shop Delhi, 2013

ਹਵਾਲੇ[ਸੋਧੋ]