ਇਨਕਲਾਬੀ ਕਵੀਸ਼ਰੀ ਜਥਾ ਰਸੂੂੂੁਲਪੁਰ
ਇਲਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਅਮਰਜੀਤ ਪਰਦੇਸੀ ਜੋ ਕਿ ਲੁਧਿਆਣੇ ਜਿਲ੍ਹੇ ਦੇ ਪਿੰਡ ਰਸੂਲਪੁਰ ਮੱਲ੍ਹਾ ਦੇ ਵਸ਼ਨੀਕ ਨੇ ਤਿਆਰ ਕੀਤਾ। ਸੱਤਰਵਿਆਂ ਦੀ ਨਕਸਲਬਾੜੀ ਬਗਾਵਤ ਦੇ ਦੌਰ ਤੋਂ ਬਾਅਦ ਪੰਜਾਬ ਨੇ ਜਨਤਕ ਅੰਦੋਲਨਾਂ ਦਾ ਰਾਹ ਫੜਿਆ। ਉਸ ਸਮੇਂ ਮਾਲਵਾ ਦੇ ਪਿੰਡਾਂ ਵਿਚ ਸਭ ਤੋਂ ਵੱਧ ਸੁਣੀ ਤੇ ਮਾਣੀ ਜਾਣ ਵਾਲੀ ਆਵਾਜ਼ ਸੀ ਅਮਰਜੀਤ ਪਰਦੇਸੀ ਦੀ। ਰਸੂਲਪੁਰ (ਮੱਲਾ) ਇਨਕਲਾਬੀ ਨੌਜਵਾਨ ਲਹਿਰ ਦਾ ਗੜ੍ਹ ਮੰਨਿਆ ਜਾਂਦਾ ਸੀ। ਇਸ ਪਿੰਡ ਵਿਚ ਵਸਦਾ ਅਮਰਜੀਤ ਪਰਦੇਸੀ ਗੀਤਕਾਰ [1] ਗਾਇਕ, ਛੋਟਾ ਭਰਾ ਸਵਰਨ ਧਾਲੀਵਾਲ ਗੀਤਕਾਰ, ਗਾਇਕ ਤੇ ਕਾਲਮਨਵੀਸ, ਪੇਂਡੂ ਮਜ਼ਦੂਰ ਯੂਨੀਅਨ ਦਾ ਆਗੂ ਅਵਤਾਰ ਤਾਰੀ ਵਧੀਆ ਪੇਂਟਰ, ਪਰਦੇਸੀ ਦਾ ਬੇਟਾ ਅਮਨ ਵਧੀਆ ਪੇਂਟਰ ਤੇ ਐਕਟਰ ਹੈ। ਤਿੰਨੇ ਭਰਾਵਾਂ ਦੇ ਦੋ ਦੋ ਬੇਟੇ ਸਾਰੇ ਹੀ ਕਲਾਕਾਰ, ਸਾਰੇ ਹੀ ਵੱਖ ਵੱਖ ਜਥੇਬੰਦੀਆਂ ਵਿਚ ਸਰਗਰਮ ਹਨ।
ਇਤਿਹਾਸ
[ਸੋਧੋ]1980 ਦੇ ਆਸ ਪਾਸ ਪਹਿਲਾਂ ਪਰਦੇਸੀ ਖੁਦ ਗਾਉਂਦਾ ਸੀ ਤਾਂ ਉਸ ਦੇ ਨਾਲ ਹੁੰਦੇ ਸਨ ਹਰਦੀਪ ਪੱਪੂ, ਸੁਖਦੇਵ ਸਿੰਘ ਤੇ ਹਾਰਮੋਨੀਅਮ ’ਤੇ ਗੁਰਮੇਲ ਸਿੰਘ ਹੁੰਦਾ ਸੀ। ਉਸ ਸਮੇਂ ਇਨ੍ਹਾਂ ਦੀ ਟੀਮ ਦਾ ਨਾਂ ਸੀ ਲੋਕ ਸੰਗੀਤ ਮੰਡਲੀ ਰਸੂਲਪੁਰ। ਫਿਰ ਕਾਫ਼ੀ ਸਮੇਂ ਬਾਅਦ ਸਾਥੀ ਵੀ ਬਦਲੇ ਤੇ ਗਾਉਣ ਦੀ ਵਿਧਾ ਵੀ। ਇਸ ਟੀਮ ਨੇ ਆਪਣਾ ਨਾਮਕਰਨ ਕੀਤਾ ਇਲਕਲਾਬੀ ਕਵੀਸ਼ਰੀ ਜਥਾ ਰਸੂਲਪੁਰ। ਪਹਿਲਾਂ ਇਸ ਜਥੇ ਵਿਚ ਪਰਦੇਸੀ ਦੇ ਸੰਗੀ ਸਨ ਨਿਰਮਲ ਨਿੰਮਾ ਤੇ ਅਮਰਜੀਤ ਮਸਾਲ। ਲੰਮਾ ਸਮਾਂ ਇਸ ਤਿੱਕੜੀ ਨੇ ਪੰਜਾਬ ਦੀਆਂ ਜਨਤਕ, ਸਿਆਸੀ ਸਟੇਜਾਂ ’ਤੇ ਲੋਕ ਜਾਗ੍ਰਿਤੀ ਦੇ ਹੋਕਰੇ ਦਿੱਤੇ ਤੇ ਫਿਰ ਇਨ੍ਹਾਂ ਦੇ ਜਥੇ ਵਿਚ ਛੋਟੇ ਭਰਾ ਸਵਰਨ ਧਾਲੀਵਾਲ ਦੇ ਨਾਲ ਪਰਦੇਸੀ ਦਾ ਬੇਟਾ ਅਮਨ ਤੇ ਅਵਤਾਰ ਤਾਰੀ ਦਾ ਬੇਟਾ ਰਵੀ ਜੁੜ ਗਿਆ। ਇੰਜ ਇਹ ਕਵੀਸ਼ਰੀ ਜਥਾ ਪਰਿਵਾਰਕ ਜਥਾ ਹੀ ਬਣ ਗਿਆ।
ਕਵਿਸ਼ਰੀ
[ਸੋਧੋ]ਪਰਦੇਸੀ ਤੇ ਸਵਰਨ ਦੇ ਗੀਤਾਂ, ਕਵੀਸ਼ਰੀਆਂ ਨੂੰ ਸਭ ਤੋਂ ਪਹਿਲਾਂ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਨੇ ਛਾਪਿਆ ਸੀ। 1993 ’ਚ ‘ਮਜ਼ਦੂਰਾਂ ਦੇ ਗੀਤ’ ਤੇ ਫਿਰ 1996 ਨੂੰ ਛਾਪੀ ਦੂਜੀ ਕਿਤਾਬ ‘ਗੀਤ ਕਾਮਿਆਂ ਦੇ’ ਸੀ। ਇਸ ਕਵੀਸ਼ਰੀ ਜਥੇ ਦੀ ਪਹਿਲੀ ਆਡੀਓ ਕੈਸੇਟ ਲਾਲ ਸਿੰਘ ਬਧਨੀ ਦੀ ਭੱਠਾ ਮਜ਼ਦੂਰ ਔਰਤ ਦਾ ਕਿੱਸਾ ਸੀ ‘ਕਿਰਤ ਦਾ ਰਾਗ’। ਇਸੇ ਤਰ੍ਹਾਂ ਦੂਜੀ ਆਡੀਓ ਕੈਸੇਟ ਹਰਕੇਸ਼ ਚੌਧਰੀ ਮੁਲਾਂਪੁਰ ਦੀ ਟੀਮ ਅਤੇ ਕਿਸਾਨ ਆਗੂ ਇੰਦਰਜੀਤ ਧਾਲੀਵਾਲ ਦੇ ਸਹਿਯੋਗ ਨਾਲ ਰਿਲੀਜ਼ ਹੋਈ ‘ਅੰਬਰਾਂ ’ਤੇ ਪੈੜਾਂ’। ਤੀਜੀ ਕੈਸੇਟ ਪਲਸ ਮੰਚ ਨੇ ਕਢਵਾਈ ‘ਇਨਕਲਾਬੀ ਕਵੀਸ਼ਰੀ’। ਅਮਰਜੀਤ ਪਰਦੇਸੀ ਤੇ ਸਵਰਨ ਧਾਲੀਵਾਲ ਭਰਾਵਾਂ ਦੀ ਜੋੜੀ ਨੇ ਆਪਣੇ ਦਰਜਨਾਂ ਗੀਤਾਂ ’ਚ ਕਿਰਤੀ ਮਜ਼ਦੂਰ, ਕਿਸਾਨ, ਔਰਤ ਦੀ ਗਾਥਾ ਨੂੰ ਜਿਸ ਬਾਖੂਬੀ ਨਾਲ ਸ਼ਬਦਾਂ ਦਾ ਹਾਰ ਪਹਿਨਾਇਆ ਹੈ, ਉਹ ਕਮਾਲ ਦਾ ਹੈ: ਤੂੰ ਦਿਨ ਰਾਤ ਕਾਮਿਆ ਕਮਾਈਆਂ ਕਰਦਾ ਥੱਕ ਗਿਆ ਪੇਟ ਵਿਹਲੜਾਂ ਦੇ ਭਰਦਾ ਗ਼ਮਾਂ ਤੈਨੂੰ ਘੇਰਿਆ ਮੱਛੀ ਨੂੰ ਜਾਲ ਜਿਓਂ ਇਹ ਨਾ ਕਦੇ ਜੱਟਾ ਬੈਠ ਕੇ ਵਿਚਾਰਿਆ ਮੇਰਾ ਮੰਦਾ ਹਾਲ ਕਿਓਂ ? ਔਰਤਾਂ ਬਾਰੇ ਪਰਦੇਸੀ ਲਿਖਦਾ ਹੈ: ਰੁਤਬਾ ਜਗ ਜਨਨੀ ਦਾ ਸਭ ਤੋਂ ਉੱਤਮ ਅਤੇ ਮਹਾਨ ਏਸੇ ਦੀ ਕੁੱਖ ਵਿਚੋਂ ਜਨਮੇ ਯੋਧੇ ਤੇ ਬਲਵਾਨ ਥੋਥੇ ਉਹ ਅਕਲਾਂ ਦੇ ਔਰਤ ਨੂੰ ਦੁਰਕਾਰਨ ਜਿਹੜੇ ਹਰ ਯੁੱਗ ਦੀ ਸ਼ੀਹਣੀ ਦੇ, ਵਾਂਗ ਪਰਬਤਾਂ ਜ਼ੇਰੇ। ਸਵਰਨ ਧਾਲੀਵਾਲ ਅੱਜ ਵੀ ਲਿਖ ਰਿਹੈ। ਡਾ. ਅਨੂਪ ਸਿੰਘ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਬਾਰੇ ਛਾਪੀ ਵੱਡ ਆਕਾਰੀ ਪੁਸਤਕ ‘ਇੱਕ ਸੰਸਥਾ ਇੱਕ ਲਹਿਰ’ ’ਚ ਉਸ ਦਾ ਭਾਅ ਜੀ ਦੇ ਵਿਛੋੜੇ ਸਮੇਂ ਰਚਿਆ ਤੇ ਮਕਬੂਲ ਹੋਇਆ ਗੀਤ ਸ਼ਾਮਲ ਕੀਤਾ ਗਿਆ-ਪ੍ਰਣਾਮ ਹੈ ਪੈਰਾਂ ਨੂੰ ਜਿਨ੍ਹਾਂ ਨੂੰ ਸਫ਼ਰ ਥਕਾ ਨਾ ਸਕਿਆ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਛਾਪੀ ਗੀਤਾਂ ਦੀ ਕਿਤਾਬ ‘ਗੀਤ ਚਿਰਾਗਾਂ ਦੇ’ ਅਤੇ ਅਮੋਲਕ ਸਿੰਘ ਵੱਲੋਂ ਸੰਪਾਦਿਤ ਕਾਵਿ ਸੰਗ੍ਰਹਿ ‘ਕਿੱਥੇ ਹੈ ਰਾਤ ਦਾ ਚੰਨ’ ਵਿਚ ਵੀ ਸਵਰਨ ਦੀਆਂ ਚਾਰ ਰਚਨਾਵਾਂ ਛਪੀਆਂ ਹਨ। ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਦੀ ਇਸ ਟੀਮ ਨੇ 2019 ’ਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬਣੀ ‘ਐਨੀਮੇਸ਼ਨ ਮੂਵੀ’ ‘ਗੁਰੂ ਦਾ ਬੰਦਾ’ ’ਚ ਬਾਬਾ ਬੰਦਾ ਦੀ ਵਾਰ ਗਾਈ। ਪ੍ਰਸਿੱਧ ਫਿਲਮਸਾਜ਼ ਰਾਜੀਵ ਦੀ ਆ ਰਹੀ ਫ਼ਿਲਮ ਵਿਚ ਇਸ ਟੀਮ ਨੇ ਅਦਾਕਾਰੀ ਦੇ ਨਾਲ ਨਾਲ ਆਵਾਜ਼ ਵੀ ਦਿੱਤੀ ਹੈ। ਇਸ ਕਵੀਸ਼ਰੀ ਜਥੇ ਦੀ ਵਿਚਾਰਧਾਰਕ ਸਿਆਸੀ ਸੋਝੀ ਤੇ ਇਨਕਲਾਬੀ ਸੱਭਿਆਚਾਰਕ ਜ਼ਿੰਮੇਵਾਰੀ ਦਾ ਨਮੂਨਾ ਪੇਸ਼ ਹੈ: ਵੈਰੀ ਤੇ ਸੱਪ ਮਿਤ ਨਾ ਬਣਦੇ ਕਹਿੰਦੇ ਲੋਕ ਸਿਆਣੇ ਚੋਰ ਚੋਰੀਆਂ ਕਰਦੇ ਇੱਥੇ ਪਾ ਸਾਧਾਂ ਦੇ ਬਾਣੇ ਬੇਇਨਸਾਫੀ ਦੀ ਅੱਗ ਦੇ ਵਿਚ ਮਚਦਾ ਯੁੱਗ ਅਜੋਕਾ ਜ਼ਬਰ ਅੱਗੇ ਨਈ ਸਬਰ ਕਰੀਦਾ ਪ੍ਰਵਾਨਿਆਂ ਦਾ ਹੋਕਾ। ਇਹ ਕਵੀਸ਼ਰੀ ਜਥਾ ਭਾਅ ਜੀ ਗੁਰਸ਼ਰਨ ਸਿੰੰਘ ਹੋਰਾਂ ਦਾ ਸਭ ਤੋਂ ਵੱਧ ਪੰਸਦੀਦਾ ਜੱਥਾ ਰਿਹਾ। ਭਾਅ ਜੀ ਕਹਿੰਦੇ ਹੁੰਦੇ ਸਨ ਕਿ ਜਦੋਂ ਲੋਕ ਇਕੱਠੇ ਹੋਣਗੇ ਇਹ ਜਥਾ ਉਦੋਂ ਹੀ ਗਾਵੇਗਾ। ਇਹ ਫਿਲਰ ਨਹੀਂ ਹਨ। ਇਸ ਜਥੇ ਨੇ ਆਪਣੀ ਕਲਾ ਸਾਧਨਾਂ ਨੂੰ ਕਮਾਈ ਦਾ ਸਾਧਨ ਨਹੀਂ ਬਣਾਇਆ। ਅਮਰਜੀਤ ਪਰਦੇਸੀ ਹੁਣ ਤੁਰਨ ਫਿਰਨ ਤੋਂ ਅਸਮਰੱਥ ਹੋਣ ਕਾਰਨ ਉਨ੍ਹਾਂ ਦੇ ਚਾਰੇ ਭਤੀਜੇ ਇਸ ਇਨਕਲਾਬੀ ਕਲਾ ਦੇ ਪਵਿੱਤਰ ਕਾਰਜ ਨੂੰ ਅੱਗੇ ਲਿਜਾ ਰਹੇ ਹਨ। ਉਹ ਗਾਉਂਦੇ ਹਨ: ਬੀਤ ਗਏ ਇਤਿਹਾਸ ਕੋਲੋਂ ਕੁਝ ਸਿੱਖਿਆ ਜਾਣਾ ਚਾਹੀਦਾ ਫੇਰ ਦਿੱਲੀ ਨੂੰ ਜਫ਼ਰਨਾਮਾ ਅੱਜ ਲਿਖਿਆ ਜਾਣਾ ਚਾਹੀਦਾ ਸ਼ਾਲਾ, ਇਨਕਲਾਬੀ ਕਵੀਸ਼ਰੀ ਦਾ ਇਹ ਜਥਾ ਇਨਕਲਾਬ ਦੀ ਜਵਾਲਾ ਨੂੰ ਮਘਦਾ ਰੱਖਣ ’ਚ ਆਪਣਾ ਯੋਗਦਾਨ ਪਾਉਂਦਾ ਰਹੇ, ਗੂੰਜਦਾ ਰਹੇ, ਗਾਉਂਦਾ ਰਹੇ ਤੇ ਜਗਾਉਂਦਾ ਰਹੇ।