ਸਮੱਗਰੀ 'ਤੇ ਜਾਓ

ਐੱਸਪੇਰਾਂਤੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਐੱਸਪੇਰਾਂਤੋ (ਅਸਲੀ ਨਾਮ: ਕੌਮਾਂਤਰੀ ਬੋਲੀ) ਸੰਸਾਰ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਕੌਮਾਂਤਰੀ ਮਦਦਗਾਰ ਭਾਸ਼ਾ (ਬਣਾਉਟੀ ਭਾਸ਼ਾ) ਹੈ।[1] ਦੂਜੇ ਸ਼ਬਦਾਂ ਵਿੱਚ ਐੱਸਪੇਰਾਂਤੋ ਇੱਕ ਭਾਸ਼ਾ ਹੈ ਪਰ ਕਿਸੇ ਦੇਸ਼ ਜਾਂ ਨਸਲੀ ਫ਼ਿਰਕੇ ਦੀ ਨਹੀ: ਇਹ ਇੱਕ ਨਿਰਲੇਪ ਕੌਮਾਂਤਰੀ ਭਾਸ਼ਾ ਹੈ। ਐੱਸਪੇਰਾਂਤੋ ਦਾ ਮਤਲਬ ਖ਼ੁਦ ਐੱਸਪੇਰਾਂਤੋ ਵਿੱਚ ਇੱਕ "ਉਮੀਦ ਕਰਨ ਵਾਲਾ ਵਿਅਕਤੀ" ਹੁੰਦਾ ਹੈ।

ਐੱਸਪੇਰਾਂਤੋ ਨਾਮ ਅਸਲ ਵਿੱਚ ਇੱਕ ਯਹੂਦੀ ਡਾਕਟਰ ਲੁਦਵਿਕ ਲਾਜ਼ਾਰੋ ਜ਼ਾਮੇਨਹੋਫ(Ludwik Łazarz Zamenhof) ਨੇ ਆਪਣੇ ਖ਼ੁਦ ਲਈ ਉਸ ਵਕ਼ਤ ਇਸਤੇਮਾਲ ਕੀਤਾ ਸੀ, ਜੱਦ ਉਨ੍ਹਾਂ ਨੇ ਸੰਨ 1887 ਵਿੱਚ ਇਸ ਭਾਸ਼ਾ ਦੀ ਪਹਿਲੀ ਅਤੇ ਮੌਲਿਕ ਕਿਤਾਬ ਛਾਪੀ ਸੀ।[2] ਉਹ ਅੰਤਰ-ਰਾਸ਼ਟਰੀ ਸੰਚਾਰ ਲਈ ਇੱਕ ਆਸਾਨੀ ਨਾਲ ਸਿੱਖੀ ਜਾਣ ਵਾਲੀ ਭਾਸ਼ਾ ਤਿਆਰ ਕਰਨਾ ਚਾਹੁੰਦੇ ਸਨ। ਇਸ ਪਿੱਛੇ ਡਾ੦ ਜ਼ਾਮੇਨਹੋਫ ਦਾ ਮਕਸਦ ਰਾਸ਼ਟਰੀ ਜਾਂ ਹੋਰ ਭਾਸ਼ਾਵਾਂ ਨੂੰ ਖ਼ਤਮ ਕਰਨਾ ਬਿਲਕੁਲ ਨਹੀਂ ਸੀ। ਉਹ ਸਿਰਫ਼ ਇੱਕ ਨਿਰਲੇਪ ਭਾਸ਼ਾ ਦੇ ਪੱਖ ਵਿੱਚ ਸਨ ਜੋ ਕਿ ਸੰਸਾਰ ਦੇ ਸਾਰੇ ਲੋਕਾਂ ਨੂੰ ਆਪਣੇ ਖਿਆਲਾਤ ਬਿਆਨ ਕਰਨ ਦਾ ਇੱਕ ਬਰਾਬਰ ਦਾ ਮੌਕਾ ਦੇਵੇਗੀ।[3]

ਐੱਸਪੇਰਾਂਤੋ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਕਈ ਵਾਰ ਸਰਾਹਿਆ ਗਿਆ ਹੈ। ਜਿਵੇਂ ਕਿ ਸੰਯੁਕਤ ਰਾਸ਼ਟਰ ਦਾ ਵਿੱਦਿਅਕ, ਵਿਗਿਆਨਿਕ ਅਤੇ ਸੱਭਿਆਚਾਰ ਸੰਗਠਨ (ਯੂਨੇਸਕੋ) ਦੁਆਰਾ ਕੁਲ ਦੋ ਪ੍ਸਤਾਵ (ਸੰਨ 1954, 1985 ਵਿਚ) ਇਸਪੇਰਾਨਤੋ ਦੇ ਪੱਖ ਵਿੱਚ ਪਾਰਿਤ ਕੀਤੇ ਗਏ ਹਨ।[4]

ਐੱਸਪੇਰਾਂਤੋ ਦੇ ਮੂਲ ਲਫ਼ਜ਼ ਪੱਛਮੀ ਯੂਰਪੀ ਭਾਸ਼ਾਵਾਂ (ਫ਼ਰਾਸਿਸੀ, ਜਰਮਨ, ਅੰਗਰੇਜ਼ੀ ਵਗੈਰਾ) ਤੋਂ ਲਏ ਗਏ ਹਨ। ਇਸਪੇਰਾਨਤੋ ਦੀ ਵਾਕ ਧੁਨੀ ਸਲਾਵ ਭਾਸ਼ਾਵਾਂ (ਰੂਸੀ, ਪੋਲਿਸ਼ ਵਗੈਰਾ) ਨਾਲ ਮਿਲਦੀ ਹੈ। ਪਰ ਇਸਦਾ ਮੂਲ ਲਫ਼ਜ਼ਾਂ ਤੋਂ ਜਟਿਲ ਸ਼ਬਦ ਬਣਾਉਣ ਦਾ ਗੁਣ ਜਾਪਾਨੀ, ਸਵਾਹਿਲੀ ਵਗੈਰਾ ਨਾਲ ਮਿਲਦਾ ਹੈ। ਇਸਪੇਰਾਨਤੋ ਵਿੱਚ ਵਿਸ਼ੇਸ਼ਣ ਨਾਵਾਂ ਦੇ ਨਾਲ ਬਦਲਦੇ ਹਨ। {ਜਿਵੇਂ ਕਿ ਪੰਜਾਬੀ ਵਿੱਚ ਹੁੰਦਾ ਹੈ; ਚੰਗਾ ਮੁੰਡਾ = ਬੋਨਾ ਕਨਾਬੋ (bona knabo), ਚੰਗੇ ਮੁੰਡੇ = ਬੋਨਾਏ ਕਨਾਬੋਏ (bonaj knaboj)} ਇਸਪੇਰਾਨਤੋ ਤੋਂ ਇਲਾਵਾ ਇੰਟਰ ਲਿੰਗੁਆ ਵੀ ਇੱਕ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਹੈ।

ਇਤਿਹਾਸ

[ਸੋਧੋ]

ਜਨਮ

[ਸੋਧੋ]

ਜ਼ਾਮੇਨਹੋਫ ਦੀ ਸ਼ੁਰੂਆਤੀ ਜ਼ਿੰਦਗੀ

[ਸੋਧੋ]
ਲੁਦਵਿਕ ਜ਼ਾਮੇਨਹੋਫ (ਡਾ੦ ਇਸਪੇਰਾਨਤੋ)

ਇਸਪੇਰਾਨਤੋ ਦੇ ਜਨਮ ਵੇਲੇ ਜੋ ਨਾਮ ਜ਼ਹਨ ਵਿੱਚ ਸਭ ਤੋਂ ਪਹਿਲਾਂ ਆਉਦਾਂ ਹੈ ਉਹ ਹੈ ਲਿਓੁਦੋਵਿਕ ਲਾਜ਼ਾਰੁਸ ਜ਼ਾਮੇਨਹੋਫ। ਉਨ੍ਹਾਂ ਨੇ ਆਪਣਾ ਬਚਪਨ ਬਿਆਲਸਤੋਕ ਨਾਮ ਦੇ ਸ਼ਹਿਰ ਵਿੱਚ ਗੁਜ਼ਾਰਿਆ। ਬਿਆਲਸਤੋਕ ਉਸ ਵਕਤ ਰੂਸੀ ਸਾਮਰਾਜ ਦਾ ਹਿੱਸਾ ਸੀ ਅਤੇ ਅੱਜ ਇਹ ਪੋਲੈਂਡ ਵਿੱਚ ਆਉਂਦਾ ਹੈ। ਬਿਆਲਸਤੋਕ ਇੱਕ ਬਹੁਭਾਸ਼ੀ ਸ਼ਹਿਰ ਸੀ ਅਤੇ ਉੱਥੇ ਉਹ ਅਕਸਰ ਵੱਖ-ਵੱਖ ਫ਼ਿਰਕਿਆਂ ਵਿੱਚ ਹੁੰਦੀਆਂ ਲੜਾਈਆਂ ਦੇਖਦੇ ਸਨ। ਉੱਥੇ ਰਹਿਣ ਵਾਲੇ ਲੋਕ ਮੁੱਖ ਤੌਰ ਤੇ ਚਾਰ ਫ਼ਿਰਕਿਆਂ ਵਿੱਚ ਵੰਡੇ ਹੋਏ ਸਨ; ਯਹੂਦੀ, ਰੂਸੀ, ਜਰਮਨ ਅਤੇ ਪੋਲਿਸ਼। ਹਰ ਫ਼ਿਰਕ਼ਾ ਆਪਣੀ ਭਾਸ਼ਾ ਬੋਲਦਾ ਸੀ ਅਤੇ ਦੂਸਰਿਆਂ ਵੱਲ ਸ਼ਕ਼ ਦੀ ਨਜ਼ਰ ਨਾਲ ਵੇਖਦਾ ਸੀ। ਕਿਉਂ ਕਿ ਉਨ੍ਹਾਂ ਮੁਤਾਬਕ ਇੱਕ ਸਰਬ-ਸਧਾਰਨ ਭਾਸ਼ਾ ਦੀ ਕਮੀ ਇਹਨਾਂ ਲੜਾਈਆਂ ਦਾ ਮੁੱਖ ਕਾਰਨ ਸੀ ਉਨ੍ਹਾਂ ਨੇ ਖ਼ੁਦ ਇੱਕ ਭਾਸ਼ਾ ਬਣਾਉਣ ਦਾ ਨਿਸ਼ਚਾ ਕੀਤਾ। ਇਸ ਪਿੱਛੇ ਇੱਕ ਹੋਰ ਸੋਚ ਇਹ ਵੀ ਸੀ ਕਿ ਜੇ ਦੁਨੀਆ ਦੇ ਸਾਰੇ ਲੋਕ ਆਪਣੀ ਮਾਂ-ਬੋਲੀ ਦੇ ਨਾਲ-ਨਾਲ ਇੱਕ ਸਾਂਝੀ ਭਾਸ਼ਾ ਬੋਲਦੇ ਹੋਣ ਤਾਂ ਉਹ ਆਪਸ ਵਿੱਚ ਗੱਲਬਾਤ ਕਰ ਸਕਣਗੇ ਅਤੇ ਇੱਕ ਦੂਜੇ ਨੂੰ ਸਮਝ ਸਕਣਗੇ। ਅਤੇ ਜੇ ਸਾਰੇ ਲੋਕ ਇੱਕ ਦੂਜੇ ਨੂੰ ਜਾਣਨ ਲੱਗ ਪਏ ਤਾਂ ਲੜਾਈ ਨਾਂ-ਮਾਤਰ ਦੀ ਹੀ ਬਚੇਗੀ।

ਉਨ੍ਹਾਂ ਦੇ ਮੁਤਾਬਿਕ਼ ਅਜਿਹੀ ਭਾਸ਼ਾ ਕਿਸੇ ਵੀ ਖ਼ਾਸ ਮੁਲਕ ਦੀ ਭਾਸ਼ਾ ਵਰਗੀ ਨਹੀਂ ਹੋਣੀ ਚਾਹੀਦੀ, ਸਿੱਖਣ ਵਿੱਚ ਆਸਾਨ ਹੋਣੀ ਚਾਹੀਦੀ ਹੈ, ਅਤੇ ਸਭ ਨੂੰ ਮੰਜ਼ੂਰ ਹੋਣੀ ਚਾਹੀਦੀ ਹੈ। ਉਹਨਾਂ ਦੇ ਮੁਤਾਬਿਕ਼ ਇਹ ਭਾਸ਼ਾ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਬਾਕੀ ਵਿਸ਼ਿਆਂ ਦੇ ਨਾਲ ਪੜ੍ਹਾਈ ਜਾਵੇਗੀ ਅਤੇ ਜਿੱਥੇ ਜਿੱਥੇ ਦੋ ਜਾਂ ਦੋ ਤੋਂ ਵੱਧ ਦੇਸ਼ਾ ਦੇ ਲੋਕਾਂ ਨੇ ਆਪਸ ਵਿੱਚ ਗੱਲਬਾਤ ਜਾਂ ਕੋਈ ਮੀਟਿੰਗ ਕਰਨੀ ਹੈ ਉੱਥੇ ਇਸਦਾ ਇਸਤੇਮਾਲ ਹੋਵੇਗਾ।

ਮੁੱਢਲੇ ਵਿਚਾਰ

[ਸੋਧੋ]

ਪਹਿਲਾਂ ਡਾ੦ ਜ਼ਾਮੇਨਹੋਫ ਨੇ ਯੂਰਪ ਦੀ ਇੱਕ ਪੁਰਾਣੀ ਭਾਸ਼ਾ ਲਾਤੀਨੀ ਨੂੰ ਇਸਤੇਮਾਲ ਕਰਨ ਦੀ ਸੋਚੀ। (ਲਾਤਿਨੀ ਦਾ ਦਰਜਾ ਯੂਰਪ ਵਿੱਚ ਉਹ ਹੀ ਹੈ ਜੋ ਕਿ ਸੰਸਕ੍ਰਿਤ ਦਾ ਭਾਰਤ ਵਿੱਚ ਹੈ।)ਆਪ ਨੇ ਛੋਟੇ ਹੁੰਦਿਆਂ ਲਾਤਿਤੀ ਭਾਸ਼ਾ ਨੂੰ ਸਿੱਖਣ ਲਈ ਸਭ ਤੋਂ ਵੱਡੀ ਰੁਕਾਵਟ ਰੋਜ਼ਾਨਾ ਬੋਲਚਾਲ ਲਈ ਵਰਤੇ ਜਾਂਦੇ ਬਹੁਤ ਸਾਰੇ ਸ਼ਬਦਾਂ ਨੂੰ ਯਾਦ ਕਰਨਾ ਹੈ।

ਇੱਕ ਦਿਨ ਉਨ੍ਹਾਂ ਦੀ ਨਜ਼ਰ ਇੱਕ ਰੂਸੀ ਭਾਸ਼ਾ ਵਿੱਚ ਲਿੱਖੇ ਕਾਗਜ਼ ਤੇ ਪਈ। ਉੱਥੇ ਇੱਕ ਸ਼ਬਦ ਲਿਖਿਆ ਹੋਇਆ ਸੀ ਕੋਨਦੀਤੇਰਸਕਾਯਾ (кондитерская; ਮਿਠਾਈ ਦੀ ਦੁਕਾਨ) ਅਤੇ ਇੱਕ ਹੋਰ ਸ਼ਬਦ ਸੀ ਕੋਨਦੀਤੇਰ (кондитер; ਹਲਵਾਈ)। ਫਿਰ ਉਨ੍ਹਾਂ ਦੀ ਨਜ਼ਰ ਇੱਕ ਹੋਰ ਸ਼ਬਦਾ ਦੇ ਜੋੜੇ ਤੇ ਗਈ: ਸ਼ਵੇਅਤਸਾਰਸਕਾਯਾ (швейцарская; ਦਰਬਾਨ ਦੀ ਥਾਂ) ਅਤੇ ਸ਼ਵੇਅਤਸਾਰ (швейцар; ਦਰਬਾਨ)। ਦੋਨੋਂ ਵਾਰ ਇੱਕ ਹੀ ਪਿਛੇਤਰ "-ਸਕਾਯਾ" (-ская) ਸ਼ਬਦਾ ਦਾ ਮਤਲਬ ਇੱਕ ਖ਼ਾਸ ਲਹਿਜ਼ੇ ਵਿੱਚ ਬਦਲ ਰਿਹਾ ਸੀ। ਇਸ ਤੋਂ ਉਨ੍ਹਾਂ ਨੂੰ ਖਿਆਲ ਆਇਆ ਕਿ ਉਹ ਵੀ ਆਪਣੀ ਭਾਸ਼ਾ ਵਿੱਚ ਰੂਸੀ ਦੇ ਇਸ ਗੁਣ ਦਾ ਇਸਤੇਮਾਲ ਕਰ ਸਕਦੇ ਹਨ। ਉਹ ਲਾਤਿਨੀ ਅਤੇ ਜਰਮਨ-ਗਰੁੱਪ ਦੀ ਭਾਸ਼ਾਵਾਂ ਤੋਂ ਅਜਿਹੇ ਸ਼ਬਦ ਚੁਣਨਗੇ ਜੋ ਕਿ ਲਗਭਗ ਪੂਰੀ ਦੁਨਿਆ ਵਿੱਚ ਪਛਾਣੇ ਜਾ ਸਕਣ ਅਤੇ ਫਿਰ ਅਸਾਨ ਅਸੂਲਾਂ ਵਿੱਚ ਉਨ੍ਹਾਂ ਸ਼ਬਦਾ ਨੂੰ ਬੰਨ੍ਹ ਕੇ ਇੱਕ ਭਾਸ਼ਾ ਤਿਆਰ ਕਰਨਗੇ।

ਉਦਾਹਰਨ ਦੇ ਤੋਰ ਤੇ ਉਹਨਾ ਨੇ "ਗਰਮ" ਲਈ "varma" ਸ਼ਬਦ ਦਾ ਇਸਤੇਮਾਲ ਕੀਤਾ। (ਇਹ ਗੱਲ ਧਿਆਨ ਦੇਣ ਯੋਗ ਹੈ ਕਿ ਗਰਮ ਨੂੰ ਅੰਗਰੇਜ਼ੀ ਅਤੇ ਜਰਮਨ ਭਾਸ਼ਾ ਵਿੱਚ warm ਕਹਿੰਦੇ ਹਨ।) ਪਰ "ਠੰਢਾ" ਲਈ ਉਹਨਾ ਨੇ "malvarma" ਲਫ਼ਜ਼ ਚੁਣਿਆ ਜੋ ਕਿ ਕਿਸੇ ਵੀ ਭਾਸ਼ਾ ਦਾ ਸ਼ਬਦ ਨਹੀਂ ਹੈ। (ਅਤੇ ਇਹ ਗੁਣ ਸਭ ਨੂੰ ਇੱਕ ਤਲ ਤੇ ਲੈ ਆਉਂਦਾ ਹੈ।) ਅਗੇਤਰ "mal" ਨੇ ਸ਼ਬਦ ਦਾ ਮਤਲਬ ਉਲਟਾ ਕਰ ਦਿੱਤਾ। ਇਸ ਦਾ ਫਾਇਦਾ ਇਹ ਹੋਇਆ ਕਿ ਲਫਜ਼ਾਂ ਦੇ ਉਲਟ ਸ਼ਬਦ (ਵਿਰੋਧੀ ਸ਼ਬਦ) ਬਣਾਉਣੇ ਸੌਖੇ ਹੋ ਗਏ। ਜਿਵੇਂ ਕਿ "dekstra" ਦਾ ਮਤਲਬ "ਸੱਜਾ", "amiko" ਦਾ ਮਤਲਬ "ਦੋਸਤ" ਅਤੇ "facila" ਦਾ ਮਤਲਬ "ਆਸਾਨ" ਹੁੰਦਾ ਹੈ ਇਹ ਸ਼ਬਦ ਯਾਦ ਕਰਨ ਤੋਂ ਬਾਅਦ ਕਿਸੇ ਨੂੰ ਵੀ "maldekstra" (mal + dekstra; ਖੱਬਾ), "malamiko" (mal + amiko; ਦੁਸ਼ਮਣ), "malfacila" (mal + facila; ਮੁਸ਼ਕਲ) ਦੇ ਮਾਇਨੇ ਖ਼ੁਦ-ਬ-ਖ਼ੁਦ ਪਤਾ ਲੱਗ ਜਾਦੇਂ ਹਨ। ਇਸੀ ਤਰ੍ਹਾ ਇਸਪੇਰਾਨਤੋ ਦੇ ਕੁਝ ਗਿਣੇ-ਚੁਣੇ ਅਗੇਤਰਾਂ-ਪਿਛੇਤਰਾਂ ਨੂੰ ਚੁਣੇ ਹੋਏ ਬੁਨਿਆਦੀ ਸ਼ਬਦਾਂ ਨਾਲ ਜੋੜ ਕੇ ਬਹੁਤ ਸਾਰੇ ਲਫਜ਼ ਬਣਾਏ ਜਾ ਸਕਦੇ ਹਨ।

ਪਹਿਲੀ ਕਿਤਾਬ

[ਸੋਧੋ]
ਮੇਜਦੂਨਾਰੋਦਨੀ ਯਾਜ਼ਿਕ (Международный язык) ਡਾ੦ ਇਸਪੇਰਾਨਤੋ

ਇਸਪੇਰਾਨਤੋ ਦਾ ਪਹਿਲਾ ਰੂਪ Lingwe uniwersala (ਕੋਮਾਂਤਰੀ ਭਾਸ਼ਾ ) ਸੰਨ 1878 ਤੱਕ ਘੱਟ-ਵੱਧ ਲਗਭਗ ਤਿਆਰ ਸੀ। ਪਰ ਆਪ ਦੇ ਪਿਤਾ ਜੀ ਆਪਣੇ ਪੁੱਤਰ ਦੀ ਇਸ ਮਿਹਨਤ ਨੂੰ ਵਕਤ ਦੀ ਬਰਬਾਦੀ ਅਤੇ ਇੱਕ ਅਜਿਹਾ ਸਪਨਾ ਸਮਝਦੇ ਸਨ ਜੋ ਕਦੀ ਸੱਚ ਨਹੀਂ ਹੋ ਸਕਦਾ। ਕਿਹਾ ਇਹ ਵੀ ਜਾਂਦਾ ਹੈ ਕਿ ਉਹਨਾ ਨੇ ਹੀ ਕੋਮਾਂਤਰੀ ਭਾਸ਼ਾ ਨਾਲ ਸੰਬੰਧਤ ਕਾਗਜ਼ਾ ਨੂੰ ਕਿਤੇ ਗੁੰਮਾ ਦਿੱਤਾ ਸੀ। 1879–1885 ਦੋਰਾਨ ਡਾ੦ ਜ਼ਾਮੇਨਹੋਫ ਨੇ ਮਾਸਕੋ ਅਤੇ ਵਾਰਸਾ ਵਿੱਚ ਡਾਕਟਰੀ ਦੀ ਪੜ੍ਹਾਈ ਕੀਤੀ। ਇਸੀ ਦੋਰਾਨ ਉਹਨਾ ਨੇ ਆਪਣੇ ਸਪਨੇ 'ਤੇ ਇੱਕ ਵਾਰ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। 1879 ਵਿੱਚ ਆਪ ਨੇ ਆਪਣੇ ਦੋਸਤਾਂ ਨੂੰ ਇਸ "ਨਵੀਂ ਭਾਸ਼ਾ (ਇਸਪੇਰਾਨਤੋ)" ਨੂੰ ਸਿਖਾਣਾ ਸ਼ੁਰੂ ਕੀਤਾ। ਅਗਲੇ ਕੁਝ ਸਾਲਾਂ ਤਕ ਉਹ ਕਵਿਤਾਵਾਂ ਦਾ ਅਨੁਵਾਦ "ਨਵੀਂ ਭਾਸ਼ਾ(ਇਸਪੇਰਾਨਤੋ)" ਵਿੱਚ ਕਰਦੇ ਰਹੇ ਤਾਂ ਕਿ ਉਹ ਇਸ "ਨਵੀਂ ਭਾਸ਼ਾ" ਨੂੰ ਹੋਰ ਵੀ ਵਧੀਆ ਬਣਾ ਸਕਣ। ਖ਼ੁਦ ਉਹਨਾ ਦੇ ਲਫਜ਼ਾਂ ਵਿਚ:

„Ses jarojn mi laboris pri perfektigo kaj testado de Esperanto, kvankam jam en la jaro 1878 ŝajnis al mi, ke la lingvo tute pretas.“
(ਮੈਂ ਛੇਂ ਸਾਲ ਇਸਪੇਰਾਨਤੋ ਨੂੰ ਹੋਰ ਵਧੀਆ ਬਣਾਉਣ ਅਤੇ ਉਸ ਨੂੰ ਪਰਖਣ ਤੇ ਮਿਹਨਤ ਕੀਤੀ। ਭਾਵੇਂ 1878 ਵਿੱਚ ਹੀ ਮੈਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਭਾਸ਼ਾ ਲਗਭਗ ਤਿਆਰ ਹੈ।)

ਜੱਦ ਉਨ੍ਹਾਂ ਨੇ ਇਸ "ਨਵੀਂ ਭਾਸ਼ਾ (ਇਸਪੇਰਾਨਤੋ)" ਤੇ ਇੱਕ ਕਿਤਾਬ ਛਾਪਣੀ ਚਾਹੀ ਤਾਂ ਜ਼ਾਰ (ਰੂਸ ਦਾ ਰਾਜਾ) ਦੇ ਸੈਂਸਰਾਂ ਨੇ ਇਸ ਦੀ ਇਜ਼ਾਜ਼ਤ ਨਹੀਂ ਦਿੱਤੀ। ਇਸ ਤੇ ਉਹ ਬਹੁਤ ਉਦਾਸ ਹੋ ਗਏ ਅਤੇ ਹੁਣ ਉਹ ਖ਼ਾਲੀ ਵਕਤ ਨੂੰ ਇਸਪੇਰਾਨਤੋ ਵਿੱਚ ਕਿਤਾਬਾਂ (ਜਿਵੇਂ ਬਾਈਬਲ ਦੀ ਪੁਰਾਣੀ ਕਿਤਾਬ, ਸ਼ੇਕਸਪੀਅਰ ਦੇ ਕਈ ਨਾਟਕ ਵਗੈਰਾ) ਦਾ ਤਰਜੁਮਾ ਕਰਨ ਵਿੱਚ ਬਿਤਾਉਣ ਲੱਗੇ। ਆਖਿਰਕਾਰ ਆਪ ਜੁਲਾਈ 1887 ਵਿੱਚ ਪੋਲੈਂਡ ਦੀ ਰਾਜਧਾਨੀ ਵਾਰਸਾ ਵਿੱਚ ਇਸਪੇਰਾਨਤੋ 'ਤੇ ਪਹਿਲੀ ਕਿਤਾਬ ਰੂਸੀ ਭਾਸ਼ਾ ਵਿੱਚ ਛਪਵਾਉਣ ਵਿੱਚ ਸਫਲ ਹੋਏ। ਕਿਤਾਬ ਦਾ ਨਾਂ ਮੇਜਦੂਨਾਰੋਦਨੀ ਯਾਜ਼ਿਕ (Международный язык) ਸੀ। ਮੇਜਦੂਨਾਰੋਦਨੀ (Международный) ਦਾ ਭਾਵ ਕੌਮਾਂਤਰੀ ਜਾਂ ਅੰਤਰ ਰਾਸ਼ਟਰੀ ਹੁੰਦਾ ਹੈ ਅਤੇ ਯਾਜ਼ਿਕ (язык) ਤੋਂ ਭਾਵ ਭਾਸ਼ਾ ਜਾਂ ਜ਼ੁਬਾਨ ਹੁੰਦਾ ਹੈ। ਕਿਤਾਬ ਵਿੱਚ ਆਪ ਨੇ ਆਪਣੇ ਅਸਲੀ ਨਾਮ ਦੀ ਥਾਂ ਡਾ੦ ਇਸਪੇਰਾਨਤੋ ਨਾਂ ਵਰਤਿਆ ਸੀ। ਜਲਦੀ ਹੀ ਇਸ "ਨਵੀਂ ਭਾਸ਼ਾ" ਨੂੰ "ਡਾ੦ ਇਸਪੇਰਾਨਤੋ ਦੀ ਭਾਸ਼ਾ" ਨਾਲ ਜਾਣਿਆ ਜਾਣ ਲੱਗਾ ਅਤੇ ਆਖਰ ਵਿੱਚ ਉੁਹ ਛੋਟਾ ਹੋ ਕੇ ਸਿਰਫ ਇਸਪੇਰਾਨਤੋ ਰਹਿ ਗਿਆ।

ਸ਼ੁਰੂਆਤ ਵਿੱਚ ਬਦਲਾਵ ਦੀ ਕੋਸ਼ਿਸ਼ਾਂ

[ਸੋਧੋ]

ਡਾ੦ ਜ਼ਾਮੇਨਹੋਵ ਨੂੰ ਬਹੁਤ ਸਾਰੇ ਜੋਸ਼ ਨਾਲ ਭਰੇ ਹੋਏ ਖ‌਼ਤ ਆਏ। ਉਨ੍ਹਾਂ ਵਿਚੋਂ ਕੁਝ ਇਸਪੇਰਾਨਤੋ ਵਿੱਚ ਬਦਲਾਵ ਕਰਨ ਦੇ ਸੁਝਾਵ ਵੀ ਸਨ। ਆਪ ਨੇ ਚਿੱਠੀਆਂ ਪੜ੍ਹਨ ਤੋਂ ਬਾਅਦ ਜਰਮਨੀ ਦੇ ਸ਼ਹਿਰ ਨੁਰਨਬਰਗ (Nürnberg) ਤੋਂ ਇੱਕ ਮੈਗਜ਼ੀਨ ਸ਼ੁਰੂ ਕੀਤੀ ਜਿਸਦਾ ਨਾਂ ਸੀ "La Esperantisto" (ਲਾ ਏਸਪੇਰਾਨਤੀਸਤੋ)। ਉਸ ਹੀ ਅਡੀਸ਼ਨ ਵਿੱਚ ਉਨ੍ਹਾਂ ਨੇ ਭਾਸ਼ਾ ਵਿੱਚ ਬਦਲਾਵਾਂ ਨੂੰ ਲੈ ਕੇ ਪਾਠਕਾ ਨਾਲ ਸਲਾਹ-ਮਸ਼ਵਰੇ ਕੀਤੇ। ਬਹੁਤ ਸਾਰੇ ਲੋਕ ਇਸ ਤੋਂ ਨਰਾਜ਼ ਵੀ ਹੋਏ। ਇਨ੍ਹਾਂ ਕਾਰਨਾ ਕਰ ਕੇ ਭਾਸ਼ਾ ਵਿੱਚ ਬਦਲਾਵ ਲਿਆਉਣ ਦੀਆਂ ਮੰਗਾਂ ਕੁਝ ਵਕਤ ਤਕ ਠੰਢੀਆਂ ਪੈ ਗਈਆ ਅਤੇ ਭਾਸ਼ਾ ਵਿਸਥਾਰ ਕਰਨ ਲੱਗੀ। ਮੈਗਜ਼ੀਨ ਦੇ ਉਸ ਵਕਤ ਦੇ ਰੂਸ ਵਿੱਚ ਕਾਫੀ ਪਾਠਕ ਸਨ। ਜ਼ਾਰ ਦੇ ਸੈਸਂਰਾ ਨਾਲ ਇੱਕ ਮੈਗਜ਼ੀਨ ਇੱਕ ਕਾਨੂੰਨੀ ਲੜਾਈ ਵਿੱਚ ਉਲਝ ਗਈ ਕਿਉਂ ਕਿ ਉਸੇ ਮੈਗਜ਼ੀਨ ਵਿੱਚ ਟੋਲਸਟੋਏ ਦਾ ਇੱਕ ਲੇਖ ਛੱਪਿਆ ਸੀ। ਮੈਗਜ਼ੀਨ ਬੰਦ ਹੋ ਗਈ। ਪਰ ਜਲਦੀ ਹੀ ਉਹ ਨਵੇਂ ਰੂਪ ਵਿੱਚ ਪ੍ਰਗਟ ਹੋਈ। ਇਸ ਵਾਰ ਮੈਗਜ਼ੀਨ ਦਾ ਨਾਂ ਸੀ Lingvo Internacia (ਅੰਤਰ-ਰਾਸ਼ਟਰੀ ਭਾਸ਼ਾ)। ਪਹਿਲਾਂ ਇਹ ਸਵੀਡਨ (Sverige) ਦੇ ਉਪਸਾਲਾ(Uppsala län) ਸ਼ਹਿਰ ਤੋਂ ਪਬਲਿਸ਼ ਹੋਣਾ ਸ਼ੁਰੂ ਹੋਈ। ਫਿਰ ਇਹ ਹੰਗਰੀ (Magyarország), ਅਤੇ ਅੰਤ ਵਿੱਚ ਪੈਰਿਸ (Paris) ਪੁੱਜੀ ਜਿੱਥੇ ਪਹਿਲੇ ਵਿਸ਼ਵ ਯੁੱਧ ਦੇ ਕਾਰਨ ਇਹ ਬੰਦ ਹੋ ਗਈ।

ਵੱਖ-ਵੱਖ ਦੇਸ਼ ਅਤੇ ਇਸਪੇਰਾਨਤੋ

[ਸੋਧੋ]

ਉੱਤਰੀ ਅਮਰੀਕਾ

[ਸੋਧੋ]

ਕਯੂਬਾ

[ਸੋਧੋ]

ਫੀਦੇਲ ਕਾਸਤਰੋ (Fidel Alejandro Castro Ruz) ਨੇ ਸੰਨ 1990 ਵਿੱਚ ਕਯੂਬਾ (República de Cuba) ਦੀ ਰਾਜਧਾਨੀ ਹਾਵਾਨਾ (Ciudad de La Habana) ਵਿੱਚ ਹੋਈ ਇਸਪੇਰਾਨਤੋ ਕਾਂਗਰਸ ਵਿੱਚ ਕਿਹਾ Soy soldado del Esperanto. (ਮੈਂ ਇਸਪੇਰਾਨਤੋ ਦਾ ਸਿਪਾਹੀ ਹਾਂ।) ਕਯੂਬਾ ਵਿੱਚ ਵੀ ਬਹੁਤ ਸਾਰੇ ਲੋਕ ਇਸਪੇਰਾਨਤੋ ਬੋਲਦੇ ਹਨ।

ਏਸ਼ੀਆ

[ਸੋਧੋ]

ਦੁਨੀਆ ਵਿੱਚ ਜਿਨ੍ਹਾ ਦੇਸ਼ਾਂ ਨੇ ਇਸਪੇਰਾਨਤੋ ਲਈ ਤਹਿ ਦਿਲ ਤੋਂ ਕੰਮ ਕੀਤਾ ਹੈ ਚੀਨ ਉਨ੍ਹਾਂ ਵਿੱਚੋਂ ਦੀ ਇੱਕ ਹੈ। ਨਾ ਸਿਰਫ ਬਹੁਤ ਸਾਰੀਆ ਕਿਤਾਬਾਂ, ਮੈਗਜ਼ੀਨਾ ਚੀਨ ਤੋਂ ਇਸਪੇਰਾਨਤੋ ਵਿੱਚ ਨਿਕਲਦੇ ਹਨ ਬਲਕਿ ਚੀਨ ਦਾ ਅੰਤਰ-ਰਾਸ਼ਟਰੀ ਰੇਡਿਉ (中国国际广播电台) ਇਸਪੇਰਾਨਤੋ ਵਿੱਚ ਵੀ ਪ੍ਰੋਗਰਾਮ ਦਿੰਦਾ ਹੈ।

ਇਰਾਨ

[ਸੋਧੋ]

ਇਰਾਨ ਵਿੱਚ ਵੀ ਸੰਨ 1979 ਦੇ ਇਸਲਾਮਿਕ ਇਨਕ਼ਲਾਬ ਤੋਂ ਬਾਅਦ ਰੂਹੋਲਾਹੇ ਮੁਸਾਵੀ ਖ਼ੋਮੇਨੀ (روح الله موسوی خمینی) (ਇਨਕ਼ਲਾਬ ਦੇ ਲੀਡਰ) ਨੇ ਮੁਸਲਮਾਨਾ ਨੂੰ ਇਸਪੇਰਾਨਤੋ ਸਿੱਖਣ ਲਈ ਕਿਹਾ ਅਤੇ ਇਸਪੇਰਾਨਤੋ ਦੀ ਸਿਫਤ ਕਰਦਿਆਂ ਅੰਤਰ ਰਾਸ਼ਟਰੀ ਸੰਚਾਰ ਵਿੱਚ ਅੰਗਰੇਜ਼ੀ ਦੀ ਥਾਂ ਇਸਪੇਰਾਨਤੋ ਦੀ ਵਰਤੋਂ ਦਾ ਸਲਾਹ ਦਿੱਤੀ। ਫਿਰ ਪਾਕ ਕੁਰਾਨ ਦਾ ਵੀ ਇਸਪੇਰਾਨਤੋ ਵਿੱਚ ਤਰਜੁਮਾ ਕੀਤਾ ਗਿਆ। ਕ਼ੋਮ ਸ਼ਹਿਰ ਦੀ ਮਸੀਤਾਂ ਵਿੱਚ ਮੌਲਵੀਆਂ ਨੂੰ ਇਸਪੇਰਾਨਤੋ ਦੀ ਵਰਤੋ ਕਰਨ ਲਈ ਉਤਸ਼ਾਹ ਦਿੱਤਾ ਗਿਆ।

ਇਰਾਕ ਵਿੱਚ ਜੱਦ ਇੱਕ ਟੀਚਰ ਨੇ ਬਾਕੀ ਲੋਕਾਂ ਨੂੰ ਇਸਪੇਰਾਨਤੋ ਸਿੱਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਦਾਮ ਹੂਸੈਨ (صدام حسين عبد المجيد التكريتي) ਦੀ ਹਕੂਮਤ ਨੇ ਦੇਸ਼-ਨਿਕਾਲਾ ਦੇ ਦਿੱਤਾ ਗਿਆ।

ਯੂਰਪ

[ਸੋਧੋ]

ਅੰਤਰ ਰਾਸ਼ਟਰੀ ਸੰਚਾਰ ਦੇ ਇਸ ਮਾਧਿਅਮ ਨੂੰ ਕਈ ਤਾਨਾਸ਼ਾਹੀ ਹਕੂਮਤਾ ਸ਼ੱਕ ਦੀ ਨਜ਼ਰ ਨਾਲ ਵੇਖਦੀਆਂ ਸਨ। ਕਿਹਾ ਜਾਂਦਾ ਹੈ ਕਿ ਨਾਜ਼ੀ ਜਰਮਨੀ ਵਿੱਚ ਤਾਂ ਇਸਪੇਰਾਨਤੋ ਬੋਲਣ ਵਾਲਿਆਂ ਨੂੰ ਕ਼ਤਲ ਤਕ ਕਰ ਦਿੱਤਾ ਜਾਂਦਾ ਸੀ। ਇਹ ਇਸ ਲਈ ਕਿਉਂ ਕਿ ਡਾ੦ ਜ਼ਾਮੇਨਹੋਫ ਇੱਕ ਯਹੂਦੀ ਸਨ ਅਤੇ ਉਸ ਸਮੇਂ ਦਾ ਜਰਮਨੀ ਦਾ ਤਾਨਾਸ਼ਾਹ ਅਡੋਲਫ ਹਿਟਲਰ (Adolf Hitler) ਯਹੂਦੀਆਂ ਨੂੰ ਜਰਮਨੀ ਦੀਆਂ ਬਹੁਤ ਸਾਰੀ ਮੁਸ਼ਕਲਾਂ ਲਈ ਜਿੰਮੇਵਾਰ ਸਮਝਦਾ ਸੀ। ਉਹ ਆਪਣੀ ਸਵੈ-ਜੀਵਨੀ ਮਾਇਨ ਕਾਮਪਫ (Mein Kampf) ਵਿੱਚ ਲਿਖਦਾ ਹੈ ਕਿ ਇਸਪੇਰਾਨਤੋ ਯਹੂਦੀਆਂ ਦੀ ਕੋਈ ਅੰਤਰ ਰਾਸ਼ਟਰੀ ਸਾਜਿਸ਼ ਦਾ ਹਿੱਸਾ ਹੈ।

ਰੂਸ ਅਤੇ ਸੋਵੀਅਤ ਯੂਨੀਅਨ

[ਸੋਧੋ]

ਲੇਵ ਨਿਕੋਲਾਏਵਿਚ ਟੋਲਸਟੋਏ (Лев Никола́евич Толсто́й) ਨੂੰ ਜੱਦ ਇਸਪੇਰਾਨਤੋ ਦੀ ਇੱਕ ਕਿਤਾਬ ਭੇਜੀ ਗਈ ਤਾਂ ਉਹ ਇਸ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਦਾਅਵਾ ਕੀਤਾ ਕਿ ਕੁਝ ਹੀ ਘੰਟਿਆ ਤੋਂ ਬਾਅਦ ਉਹ ਇੱਕ ਸ਼ਬਦ-ਕੋਸ਼ ਦੀ ਵਰਤੋਂ ਨਾਲ ਇਸਪੇਰਾਨਤੋ ਵਿੱਚ ਕਿਤਾਬਾਂ ਪੜ੍ਹ ਸਕਦੇ ਸਨ। ਕਿਉਂਕਿ ਰੂਸ ਦੀ ਜ਼ਾਰ-ਹਕੂਮਤ ਲੇਵ ਟੋਲਸਟੋਏ ਨੂੰ ਪਸੰਦ ਨਹੀਂ ਕਰਦੀ ਸੀ ਇਸ ਲਈ ਉਹਨਾ ਤੇ ਨਜ਼ਰ ਰੱਖੀ ਜਾਂਦੀ ਸੀ। ਰੂਸ ਦੀ ਜ਼ਾਰ-ਹਕੂਮਤ ਨੇ ਇਸਪੇਰਾਨਤੋ ਨਾਲ ਸੰਬੰਧਤ ਸਾਰੀਆਂ ਕਿਤਾਬਾਂ ਅਤੇ ਜਰਨਲਾਂ (ਮੈਗਜ਼ੀਨਾ) ਤੇ 1895 ਤੋਂ 1905 ਤਕ ਪਾਬੰਦੀ ਲਗਾਈ ਹੋਈ ਸੀ।

ਵਲਾਦੀਮੀਰ ਇਲੀਚ ਲੈਨਿਨ (Владимир Ильич Ленин) ਨੇ ਇਸਪੇਰਾਨਤੋ ਦੀ ਤਾਰੀਫ ਕੀਤੀ। 1920 ਦੇ ਦਹਾਕੇ ਵਿੱਚ ਸੋਵੀਅਤ ਯੂਨੀਅਨ ਵਿੱਚ ਲੇਵ ਦਾਵਿਦੋਵਿਚ ਤਰੋਤਸਕੀ (Лев Давидович Троцький) ਦੇ ਸੁਝਾਵ ਕਾਰਨ ਇਸਪੇਰਾਨਤੋ ਦੀ ਕਾਫੀ ਮਸ਼ਹੂਰੀ ਹੋਈ। ਇਹ ਉਸ ਵਕਤ ਆਲਮੀ (ਵਿਸ਼ਵ) ਇਨਕਲਾਬ ਦੀ ਭਾਸ਼ਾ ਮੰਨੀ ਜਾਂਦੀ ਸੀ। ਪਰ 1930-1940 ਤੱਕ ਇਸਪੇਰਾਨਤੋ ਬੋਲਣ ਵਾਲਿਆਂ ਨੂੰ ਜਾਸੂਸ, ਆਤੰਕਵਾਦੀ ਅਤੇ ਤਰੋਤਸਕੀਏ ਵਰਗੇ ਨਾਵਾਂ ਨਾਲ ਜਾਣਿਆ ਜਾਣਨ ਲੱਗਾ। 'ਸੋਵੀਅਤ ਯੂਨੀਅਨ ਵਿੱਚ 1938 ਤੋਂ 1956 ਤੱਕ ਇਸਪੇਰਾਨਤੋ ਤੇ ਪਾਬੰਦੀ ਲੱਗੀ ਹੋਈ ਸੀ। ਇਸ ਕਾਰਨ ਇਸ ਦੌਰਾਨ 'ਸੋਵੀਅਤ ਯੂਨੀਅਨ ਅਤੇ ਜਰਮਨੀ ਵਿੱਚ ਇਸਪੇਰਾਨਤੋ ਬੋਲਣ ਵਾਲੇ ਨਾਂ-ਮਾਤਰ ਹੀ ਬੱਚੇ। 1956 ਵਿੱਚ ਇਹ ਪਾਬੰਦੀ ਹਟਾ ਲਈ ਗਈ ਸੀ ਅਤੇ ਇਸ ਵਕਤ ਤੋਂ ਇਸਪੇਰਾਨਤੋ ਫਿਰ ਦੁਬਾਰਾ 'ਸੋਵੀਅਤ ਯੂਨੀਅਨ ਵਿੱਚ ਆਪਣੇ ਪੈਰ ਪਸਾਰਨ ਲੱਗ ਪਈ।

ਫਰਾਂਸ ਨੇ 1920 ਵਿੱਚ ਇਸਪੇਰਾਨਤੋ ਨੂੰ ਫਰਾਂਸ ਦੇ ਸਕੂਲਾਂ ਵਿੱਚ ਪੜਾਉਣ ਤੇ ਪਾਬੰਦੀ ਲੱਗੀ ਹੋਈ ਸੀ।

1967 ਵਿੱਚ ਬਰਤਾਨੀਆ ਦੀ ਪ੍ਰਸਾਰਣ ਸਭਾ (British Broadcasting Corporation; BBC) ਨੇ ਕੁਝ ਪ੍ਰੋਗਰਾਮ ਇਸਪੇਰਾਨਤੋ ਵਿੱਚ ਰਿਲੇ ਕੀਤੇ। ਪਰ ਫਿਰ ਸਭਾ ਦੀ ਇਸਪੇਰਾਨਤੋ ਸੇਵਾ ਪੱਕੇ ਤੋਰ ਤੇ ਨੂੰ ਸ਼ੁਰੂ ਕਰਨ ਦਾ ਪ੍ਰਸਤਾਵ ਬ੍ਰਿਟਿਸ਼ ਕੌਂਸਿਲ (British Council) ਅਤੇ ਹੋਰ ਰਸੂਖਦਾਰ ਲੋਕਾਂ ਅਤੇ ਕੰਪਨੀਆਂ ਦੇ ਦਬਾਅ ਹੇਠ ਨਾ-ਮੰਜੂਰ ਕਰ ਦਿੱਤਾ ਗਿਆ ਜੋ ਅੰਗਰੇਜ਼ੀ ਸਿਖਾਉਦੇਂ ਸਨ ਜਾ ਅੰਗਰੇਜ਼ੀ ਵਿੱਚ ਕਿਤਾਬਾ ਛਾਪਦੇ ਸਨ। ਬਰਤਾਨੀਆ ਦੀ ਸਰਕਾਰ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਅੰਗਰੇਜ਼ੀ ਸਿਖਾਉਣ ਅਤੇ ਅੰਗਰੇਜ਼ੀ ਵਿੱਚ ਕਿਤਾਬਾ ਛਾਪਣ ਤੋਂ ਆਉਦਾਂ ਹੈ।

ਸਪੇਨ

[ਸੋਧੋ]

ਸਪੇਨ ਵਿੱਚ ਤਾਨਾਸ਼ਾਹ ਫਰਾਨਥੀਸਕੋ ਫਰਾਂਕੋ (Francisco Franco) ਦੀ ਹਕੂਮਤ ਦੌਰਾਨ ਇਸਪੇਰਾਨਤੋ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ ਸੀ। ਅਜਿਹਾ ਇਸ ਲਈ ਸੀ ਕਿਉਂਕਿ ਕੁਝ ਏਸਪੇਰਾਨਤੀਸਤਾਂ ਨੇ ਗ੍ਰਹਿ-ਯੁੱਧ ਦੇ ਦੌਰਾਨ ਵਿਰੋਧੀ ਧਿਰ ਦਾ ਸਾਥ ਦਿੱਤਾ ਸੀ ਅਤੇ ਇਨ੍ਹਾਂ ਏਸਪੇਰਾਨਤੀਸਤਾਂ ਨੂੰ ਕਮਿਊਨਿਸਟਾ ਦੇ ਨਾਲ ਮਿਲਿਆ ਹੋਇਆ ਮੰਨਿਆ ਜਾਂਦਾ ਸੀ।

ਪੁਰਤਗਾਲ

[ਸੋਧੋ]

ਆਂਤੋਨਿਉ ਦਿ ਓਲਿਵੇਅਰ ਸਾਲਾਜ਼ਾਰ (António de Oliveira Salazar) ਦੀ ਤਾਨਾਸ਼ਾਹੀ ਹੇਠ ਤਾਂ ਹਾਲਾਤ ਹੋਰ ਵੀ ਖਰਾਬ ਸੀ। ਉਸ ਦੋਰਾਨ ਪੁਰਤਗਾਲ ਵਿੱਚ ਇਸਪੇਰਾਨਤੋ ਪੂਰੀ ਤਰ੍ਹਾ ਪਾਬੰਦੀਸ਼ੁਦਾ ਸੀ।

ਰੋਮਾਨੀਆ

[ਸੋਧੋ]

ਰੋਮਾਨੀਆ ਦੀ ਨਿਕੋਲਾਏ ਚਾਉਸ਼ੇਸਕੋ (Nicolae Ceauşescu) ਹਕੂਮਤ ਦੌਰਾਨ ਇਸਪੇਰਾਨਤੋ ਤੇ ਪਾੰਬਦੀ ਲੱਗੀ ਹੋਈ ਸੀ ਪਰ ਫਿਰ ਵੀ ਬੁਲਗਾਰੀਆ, ਹੰਗਰੀ ਅਤੇ ਯੂਗੋਸਲਾਵੀਆ ਦੇ ਏਸਪੇਰਾਨਤੀਸਤ (ਇਸਪੇਰਾਨਤੋ ਬੋਲਣ ਵਾਲੇ) ਗੈਰ ਕਾਨੂੰਨੀ ਤਰੀਕੇ ਨਾਲ ਇਸਪੇਰਾਨਤੋ ਨਾਲ ਸੰਬੰਧਤ ਕਿਤਾਬਾਂ ਮੰਗਵਾਉਂਦੇ ਸਨ। ਪਕੜੇ ਜਾਣ ਦਾ ਸਿੱਧਾ ਨਤੀਜਾ ਜੇਲ ਸੀ।

ਭਾਸ਼ਾ ਬਾਰੇ

[ਸੋਧੋ]

ਹਰਫ਼ ਅਤੇ ਲਿਪੀ

[ਸੋਧੋ]

ਇਸਪੇਰਾਨਤੋ ਦੀ ਲਿਪੀ ਲਾਤਿਨੀ ਲਿਪੀ ਤੇ ਅਧਾਰਿਤ ਹੈ। ਇਸਪੇਰਾਨਤੋ ਕੁਲ 28 ਅੱਖਰਾਂ ਦੀ ਵਰਤੋਂ ਕਰਦੀ ਹੈ ਜਿੰਨਾ ਵਿਚੋਂ 6 ਸਿਰਫ ਇਸਪੇਰਾਨਤੋ ਤਕ ਹੀ ਸੀਮਿਤ ਹਨ। ਇਸਪੇਰਾਨਤੋ ਦੇ ਹਰਫ਼ ਹਨ:

ਹਰਫ਼ ਉਚਾਰਨ ਉਦਾਹਰਨ ਮਤਲਬ
a arbo (ਆਰਬੋ) ਦਰਖ਼ੱਤ
b ਬੋ birdo (ਬੀਰਦੋ) ਪੰਛੀ
c ਤਸੋ cigaro (ਤਸੀਗਾਰੋ) ਸਿਗਾਰ
ĉ ਚੋ ĉevalo (ਚੇਵਾਲੋ) ਘੋੜਾ
d ਦੋ domo (ਦੋਮੋ) ਘਰ
e elefanto (ਏਲੇਫਾਨਤੋ) ਹਾਥੀ
f ਫੋ fiŝo (ਫੀਸ਼ੋ) ਮੱਛੀ
g ਗੋ gitaro (ਗੀਤਾਰੋ) ਗਿਟਾਰ
ĝ ਜੋ ĝardeno (ਜਾਰਦੇਨੋ) ਬਾਗ਼
h ਹੋ hundo (ਹੂਨਦੋ) ਕੁੱਤਾ
ĥ ਖ਼ੋ teĥniko (ਤੇਖ਼ਨੀਕੋ) ਤਕਨੀਕ
i infano (ਈਨਫਾਨੋ) ਬੱਚਾ
j ਯੋ januaro (ਯਾਨੂਆਰੋ) ਜਨਵਰੀ
ĵ ਇਹ ਜ ਅਤੇ ਜ਼ ਦੇ ਵਿੱਚ ਦੀ ਆਵਾਜ਼ ਹੈ। ਇਹ ਪੰਜਾਬੀ ਵਿੱਚ ਨਹੀਂ ਮਿਲਦੀ। ĵurnalo (ਜੁਰਨਾਲੋ) ਅਖ਼ਬਾਰ
k ਕੋ kato (ਕਾਤੋ) ਬਿੱਲੀ
l ਲੋ libro (ਲੀਬਰੋ) ਕਿਤਾਬ
m ਮੋ mano (ਮਾਨੋ) ਹੱਥ
n ਨੋ nova urbo (ਨੋਵਾ ਊਰਬੋ) ਨਵਾਂ ਸ਼ਹਿਰ
o ok (ਓਕ) ਅੱਠ
p ਪੋ Panĝabo (ਪਾਨਜਾਬੋ) ਪੰਜਾਬ
r ਰੋ reto (ਰੇਤੋ) ਜਾਲ
s ਸੋ stelo (ਸਤੇਲੋ) ਸਿਤਾਰਾ
ŝ ਸ਼ੋ ŝlosilo (ਸ਼ਲੋਸੀਲੋ) ਚਾਬੀ
t ਤੋ tablo (ਤਾਬਲੋ) ਟੇਬਲ
u urbo (ਊਰਬੋ) ਸ਼ਹਿਰ
ŭ ਵੋ; ਇਹ ਆਮ ਤੋਰ 'ਤੇ ਸ਼ਬਦਾਂ ਦੀ ਸ਼ੁਰੂਆਤ ਨਹੀਂ ਕਰਦਾ ankaŭ (ਆਨਕਾਓ) ਹੋਰ, ਇਸ ਤੋਂ ਇਲਾਵਾ
v ਵੋ vendejo (ਵੇਨਦੇਅਓ) ਦੁਕਾਨ
z ਜ਼ੋ zerbo (ਜ਼ੇਬਰੋ) ਜ਼ੇਬਰਾ

ਕੁਝ ਆਮ ਵਰਤੇ ਜਾਣ ਵਾਲੇ ਲਫ਼ਜ਼ੋ-ਅਲਫ਼ਾਜ਼

[ਸੋਧੋ]

ਹੇਠ ਲਿਖੇ ਕੁਝ ਸਧਾਰਨ ਜਿਹੇ ਲਫ਼ਜ਼ੋ-ਅਲਫ਼ਾਜ਼ ਆਮ ਜ਼ਿੰਦਗੀ ਵਿੱਚ ਵਰਤੇ ਜਾਂਦੇ ਹਨ ਅਤੇ ਇੱਕ ਖਾਸ ਲਹਿਜੇ ਵਿੱਚ ਲਿੱਖੇ ਗਏ ਹਨ:

ਇਸਪੇਰਾਨਤੋ ਪੰਜਾਬੀ
Saluton! ਸਤਿ ਸ਼੍ਰੀ ਅਕਾਲ ਜਾਂ ਸਲਾਮ
Kiel vi fartas? ਤੁਹਾਡਾ ਕੀ ਹਾਲ-ਚਾਲ ਹੈ?
Mi estas bone. Kaj vi? ਮੈਂ ਠੀਕ ਹਾਂ। ਤੁਸੀ ਦੱਸੋ।
Mi ne estas bone. Kaj vi? ਮੈਂ ਠੀਕ ਨਹੀਂ ਹਾਂ। ਤੁਸੀ ਦੱਸੋ।
Mi estas malsana. Kaj vi? ਮੈਂ ਬੀਮਾਰ ਹਾਂ। ਤੁਸੀ ਦੱਸੋ।
Mi ankaŭ estas bone. ਮੈਂ ਵੀ ਵਧੀਆ ਹਾਂ।
Kiel vi nomiĝas? ਤੁਹਾਡਾ ਕੀ ਨਾਮ ਹੈ?
Mia nomo estas ______. ਮੇਰਾ ਨਾਂ ______ ਹੈ।
Kie vi loĝas? ਤੁਸੀ ਕਿੱਥੇ ਰਹਿੰਦੇ ਹੋ?
Mi estas el Patialo. ਮੈਂ ਪਟਿਆਲਾ ਤੋਂ ਹਾਂ।
Ĉu vi panĝaban parolas? ਕੀ ਤੁਸੀ ਪੰਜਾਬੀ ਬੋਲਦੇ ਹੋ?
Jes, mi ĝin parolas. ਹਾਂ, ਮੈਂ ਪੰਜਾਬੀ ਬੋਲਦਾ ਹਾਂ।
Ne, mi panĝaban ne parolas. ਨਹੀ, ਮੈਂ ਪੰਜਾਬੀ ਨਹੀਂ ਬੋਲਦਾ।
Mi iomete panĝaban parolas. ਮੈਂ ਥੋੜੀ-ਬਹੁਤ ਪੰਜਾਬੀ ਬੋਲਦਾ ਹਾਂ।
Kiel mi povas helpi al vi? ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦਾ ਹਾਂ?
Bonvole! ਕਿਰਪਾ ਕਰਕੇ।
Bonvole, diru al mi, kie estas la loka biblioteko? ਕਿਰਪਾ ਕਰਕੇ ਮੈਨੂੰ ਦੱਸੋ ਕਿ ਲੋਕਲ ਲਾਇਬ੍ਰੇਰੀ ਕਿੱਥੇ ਹੈ?
Ĉu la biblioteko estas granda? ਕੀ ਲਾਇਬ੍ਰੇਰੀ ਵੱਡੀ ਹੈ?
Jes, ĝi estas granda. ਹਾਂ, ਉਹ ਵੱਡੀ ਹੈ।
Jes, ĝi estas tre grands. ਹਾਂ, ਉਹ ਬਹੁਤ ਵੱਡੀ ਹੈ।
Ne, ĝi estas malgranda. ਨਹੀ, ਉਹ ਛੋਟੀ ਜੀ ਹੈ।
Ĝi estas meza. ਉਹ ਠੀਕ-ਠਾਕ ਹੈ।
Kiom da libroj ĝi enhavas? ਉੱਥੇ ਕਿਨ੍ਹੀ ਕੁ ਕਿਤਾਬਾਂ ਹਨ?
Mi ne scias. Proksimume 75000 . ਪਤਾ ਨਹੀਂ। 75000 ਦੇ ਕਰੀਬ ਹੋਣਗੀਆਂ।
Ĉu vi estas ano de la biblioteko? ਕੀ ਤੁਸੀ ਲਾਇਬ੍ਰੇਰੀ ਦੇ ਮੈਂਬਰ ਹੋ?
Ne. Mi neniam iris al iu biblioteko. ਨਹੀਂ। ਮੈਂ ਅੱਜ ਤਕ ਕਿਸੀ ਲਾਇਬ੍ਰੇਰੀ ਨਹੀਂ ਗਿਆ।
Kial? ਕਿਉਂ?
Kion oni povas trovi je libroj? ਕਿਤਾਬਾਂ ਵਿੱਚ ਕੀ ਰੱਖਿਆ ਹੈ?
Pardonu min. Mi vin ne komprenis. ਮਾਫੀ ਚਾਹੁੰਦਾ ਹਾਂ। ਮੈਂ ਤੁਹਾਨੂੰ ਸਮਝਿਆ ਨਹੀਂ।
Oni devas manĝi, trinki (vinon) kaj ĝuju (vivon). ਖਾਉ, ਪੀਉ, ਐਸ਼ ਕਰੋ।
Aŭskultu al mi. ਮੇਰੀ ਗੱਲ ਸੁਣੋ।
Diru! ਬੋਲ।
Se vi ne studus ĉiam via nacio estus regadata aŭ fizike aŭ cerbe kaj kulture. ਜੇ ਤੁਸੀ ਨਹੀਂ ਪੜ੍ਹੋਗੇ ਤੁਹਾਡਾ ਮੁਲਕ ਹਮੇਸ਼ਾ ਗੁਲਾਮ ਰਹੇਗਾ ਜਿਸਮਾਨੀ ਤੌਰ ਤੇ ਜਾਂ ਮਾਨਸਿਕ ਅਤੇ ਸੱਭਿਆਚਾਰਕ ਤੌਰ ਤੇ।
Ĝuste! ਅੱਛਾ।
Kompreneble! ਬਿਲਕੁਲ।
Nu, vi iru for de tie ĉi kaj ne diru eĉ unu vorton! ਹੁਣ ਤੂੰ ਇੱਥੋ ਦਫਾ ਹੋ ਜਾ ਤੇ ਇੱਕ ਵੀ ਲਫਜ਼ ਨਾ ਬੋਲੀ।
Dankon! Adiaŭ! ਧੰਨਵਾਦ। ਅਲਵਿਦਾ।

ਇਸਪੇਰਾਨਤੋ ਦੇ 16 ਅਸੂਲ

[ਸੋਧੋ]

ਇਸਪੇਰਾਨਤੋ ਦੇ 16 ਅਸੂਲ ਇਸਪੇਰਾਨਤੋ ਦੀ ਵਿਆਕਰਨ ਦਾ ਸਾਰ ਹਨ ਜੋ ਕਿ ਮੇਜਦੂਨਾਰੋਦਨੀ ਯਾਜ਼ਿਕ ਵਿੱਚ ਛਪੀ ਸੀ। ਇਹ ਇਸਪੇਰਾਨਤੋ ਦੀ ਬੁਨਿਆਦ ਹਨ। ਇਹ ਇਸਪੇਰਾਨਤੋ ਦੀ ਪੂਰੀ ਵਿਆਕਰਨ ਨਹੀਂ ਹੈ ਜਿਵੇਂ ਕਿ ਕੁਝ ਇਸਪੇਰਾਨਤੋ ਬੋਲਣ ਵਾਲੇ ਦਾਅਵਾ ਕਰਦੇ ਹਨ। ਪਰ ਇਹ ਇਸਪੇਰਾਨਤੋ ਦੀ ਪ੍ਰਕਿਰਤੀ ਬਾਰੇ ਸਾਨੂੰ ਕਾਫੀ ਕੁਝ ਦੱਸ ਦਿੰਦੇ ਹਨ, ਖਾਸ ਕਰ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਕੋਈ ਯੂਰਪੀ ਭਾਸ਼ਾ ਆਉਦੀ ਹੈ।

ਸਾਹਿਤ

[ਸੋਧੋ]

ਇਸਪੇਰਾਨਤੋ ਵਿੱਚ ਕੁਝ ਸਾਹਿਤ ਅਸਲ ਹੈ ਅਤੇ ਕੁਝ ਤਰਜੁਮਾ ਕੀਤਾ ਗਿਆ ਹੈ। ਕੁਲ ਮਿਲਾ ਕੇ ਲਗਭਗ 5੦ ੦੦੦ ਦੇ ਕਰੀਬ ਕਿਤਾਬਾਂ ਇਸਪੇਰਾਨਤੋ ਵਿੱਚ ਮਿਲ ਜਾਂਦੀਆਂ ਹਨ। ਪਰ ਇਸਪੇਰਾਨਤੋ ਸਾਹਿਤ ਦਾ ਬਹੁਤ ਹੀ ਛੋਟਾ ਹਿੱਸਾ ਹੋਰ ਭਾਸ਼ਾਵਾਂ ਵਿੱਚ ਤਰਜੁਮਾ ਕੀਤਾ ਗਿਆ ਹੈ। PEN-Klubo (ਲੇਖਕਾਂ ਦੀ ਇੱਕ ਅੰਤਰ-ਰਾਸ਼ਟਰੀ ਸੰਸਥਾ) ਵੀ ਇਸ ਅਮੀਰ ਸਾਹਿਤ ਵਿਰਾਸਤ ਨੂੰ ਮੰਨਦਾ ਹੈ ਅਤੇ ਸੰਤਬਰ 1993 ਵਿੱਚ ਕਲੱਬ ਵਿੱਚ ਇਸਪੇਰਾਨਤੋ ਦਾ ਸ਼ੈਕਸ਼ਨ ਵੀ ਸਥਾਪਿਤ ਕੀਤਾ ਗਿਆ। ਸਾਹਿਤ ਦੀ ਇਸ ਮਰਯਾਦਾ ਨੂੰ ਵਧਾਵਾ ਦੇਣ ਲਈ ਇਸਪੇਰਾਨਤੋ ਦਾ ਅਕਾਦਮੀ ਸਾਹਿਤ (Akademio Literatura de Esperanto) ਨਾਮ ਦੀ ਸੰਸਥਾ ਦੀ ਸਥਾਪਨਾ ਕੀਤੀ ਗਈ। ਅੱਜ ਦੇ ਕੁਝ ਮਸ਼ਹੂਰ ਲੇਖਕ ਹਨ:

  • ਨਾਵਲਕਾਰ:
    • ਤਰੇਵਰ ਸਤੇਲ, ਅਸਟਰੇਲਿਆ
    • ਮਾਨੁਏਲ ਦੇ ਸੇਆਬਰਾ, ਕਾਤਾਲੁਨ
    • ਇਸਵਾਨ ਨੇਮੇਰੇ, ਹੰਗਰੀ
    • ਸਪੋਮੇਨਕਾ ਸ਼ਤੀਮੇਤਸ,ਕਰੋਏਸ਼ੀਆ
    • ਮਿਖ਼ਾਏਲ ਯਾਕੋਨੋਵਿਚ ਗਿਸ਼ਪਲੀਨਗ, ਇਜ਼ਰਾਇਲ
    • ਮਾਉਰੋ ਨੇਰਵੀ, ਇਟਲੀ
    • ਮਾਉ ਜ਼ੀਫੂ,ਚੀਨ
    • ਆਬੇਲ ਮੋਨਤਾਗੁਤ, ਕਾਤਾਲਾਨ
    • ਅਲੀ ਉਰਬਾਨੋਵਾ, 'ਚੇਖ ਰਿਪਬਲਿਕ
  • ਤਰਜੁਮਾਕਾਰ:
    • ਪਰੋਬਲ ਦਾਸ ਗੁਪਤਾ, ਭਾਰਤ
    • ਹਮਫਰੀ ਤਨਕਿਨ, ਸਯੂੰਕਤ ਰਾਜ ਅਮਰੀਕਾ
    • ਕੁਰਿਸੁ ਕੇਅ, ਜਾਪਾਨ

ਇਸ ਤੋਂ ਇਲਾਵਾ ਵਿਲਿਅਮ ਔਲਡ (William Auld), ਮਾਜਾਰੀ ਬੁਲਤਾਨ (Marjorie Boulton) ਅਤੇ ਬਾਲਦੁਰ ਰਾਗਨਾਰਸਨ (Baldur Ragnarsson) ਨੋਬਲ-ਖਿਤਾਬ ਲਈ ਦਾਵੇਦਾਰ ਰਹਿ ਚੁੱਕੇ ਹਨ।

ਇਸਪੇਰਾਨਤੋ ਦੀ ਵਰਤੋਂ

[ਸੋਧੋ]

ਫਿਰ ਗੁਜ਼ਰਦੇ ਸਾਲਾ ਵਿੱਚ ਇਸਪੇਰਾਨਤੋ ਦਾ ਫੈਲਾਅ ਹੋਣਾ ਸ਼ੁਰੂ ਹੋਇਆ। ਇਹ ਪੂਰਬੀ-ਯੂਰਪ ਤੋਂ ਨਿਕਲ ਕੇ ਪੂਰੀ ਦੁਨੀਆ ਵਿੱਚ ਫੈਲੀ। ਹਾਲਾਕਿਂ ਸੰਸਾਰ ਦੇ ਕਿਸੀ ਵੀ ਮੁਲਕ ਨੇ ਇਸਪੇਰਾਨਤੋ ਨੂੰ ਸਰਕਾਰੀ ਦਰਜਾ ਨਹੀਂ ਦਿੱਤਾ ਹੈ ਪਰ ਫਿਰ ਵੀ ਅੰਦਾਜ਼ਨ 20 ਲੱਖ ਦੇ ਕ਼ਰੀਬ ਲੋਕ ਇਸ ਦਾ ਇਸਤੇਮਾਲ ਕਰਦੇ ਹਨ। ਏਸ਼ੀਆ ਵਿੱਚ ਇਹ ਸਭ ਤੋਂ ਵੱਧ ਚੀਨ ਅਤੇ ਜਾਪਾਨ ਵਿੱਚ ਮਸ਼ਹੂਰ ਹੋਈ। ਚੀਨ ਵਿੱਚ ਤਾਂ ਇਸਪੇਰਾਨਤੋ ਦਾ ਇਤਿਹਾਸ ਪੁਰਾਣਾ ਹੈ। ਚੀਨ ਦਾ ਅੰਤਰ ਰਾਸ਼ਟਰੀ ਰੇਡੀਓ (Ĉina Radio Internacia/ਚੀਨਾ ਰਾਦਿਓ ਇਨਤੇਰਨਾਤਸਿਆ) ਹੋਰ ਭਾਸ਼ਾਵਾਂ ਦੇ ਨਾਲ-ਨਾਲ ਇਸਪੇਰਾਨਤੋ ਵਿੱਚ ਵੀ 'ਖ਼ਬਰਾਂ ਰਿਲੇ ਕਰਦਾ ਹੈ। ਚੀਨ ਵਿੱਚ ਤਾਂ ਇੱਕ ਵਕ਼ਤ ਅਜਿਹਾ ਵੀ ਸੀ, ਜਿਸ ਵਕ਼ਤ ਚੀਨੀ ਦੀ ਥਾਂ ਇਸਪੇਰਾਨਤੋ ਨੂੰ ਇਸਤੇਮਾਲ ਕਰਨ ਬਾਰੇ ਬਹਿਸ ਪੂਰੇ ਜੋਰਾਂ ਤੇ ਸੀ। ਸੰਸਾਰ ਦੀ ਪਹਿਲੀ ਇਸਪੇਰਾਨਤੋ ਕਾਂਗਰਸ ਸੰਨ 1905 ਵਿੱਚ ਬੂਲੋਨਿ-ਸੁਰ-ਮੇਅਰ (Boulogne-sur-Mer), ਫ਼ਰਾਂਸ ਵਿਖੇ ਹੋਈ ਸੀ।

ਹਵਾਲੇ

[ਸੋਧੋ]
  1. ਜ਼ੀਕੋ ਮਾਰਕੁਸ ਸੀਕੋਸੇਕ (Ziko Marcus Sikosek) ਦੀ ਕਿਤਾਬ ਐੱਸਪੇਰਾਂਤੋ ਬਾਰੇ ਸੱਚ (Esperanto sen mitoj); ਦੂਸਰਾ ਅਡੀਸ਼ਨ: ਫਲਾਨਦਰਾ ਦੀ ਇਸਪੇਰਾਨਤੋ ਲੀਗ; ਛਪਣ ਦਾ ਸਾਲ: 2003, ਕੁਲ ਵਰਕੇ 367;
  2. ਓਹਾਯੋ ਸਟੇਟ ਯੂਨੀਵਰਸਿਟੀ ਦੀ ਵੇਬਸਾਈਟ ਦਾ ਇੱਕ ਵੇਬਪੇਜ[permanent dead link]
  3. "ਇਸਪੇਰਾਨਤੋ ਬਾਰੇ 12 ਆਮ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ". Archived from the original on 2010-08-05. Retrieved 2010-08-24. {{cite web}}: Unknown parameter |dead-url= ignored (|url-status= suggested) (help)
  4. Unesko adoptis specialan rezolucion dediĉitan al Esperanto

ਬਾਹਰੀ ਕੜੀਆਂ

[ਸੋਧੋ]

ਇਸਪੇਰਾਨਤੋ ਬਾਰੇ ਜਾਣਕਾਰੀ ਅਤੇ ਇਸਪੇਰਾਨਤੋ ਸੰਗਠਨ

[ਸੋਧੋ]

ਇਸਪੇਰਾਨਤੋ ਵਿਆਕਰਨ

[ਸੋਧੋ]

ਇਸਪੇਰਾਨਤੋ ਸਿੱਖਣ ਲਈ

[ਸੋਧੋ]

ਇਸਪੇਰਾਨਤੋ ਵਿੱਚ ਖ਼ਬਰਾਂ ਅਤੇ ਕਿਤਾਬਾਂ

[ਸੋਧੋ]