ਸਮੱਗਰੀ 'ਤੇ ਜਾਓ

ਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤੀ ਲੋਕ ਸੰਸਕ੍ਰਿਤੀ ਅਤੇ ਲੋਕ ਧਰਮ ਵਿਚ ਵਰਤਾਂ ਦੀ ਖ਼ਾਸ ਮਹਾਨਤਾ ਹੈ। ਵਰਤ ਧਾਰਮਿਕ ਅਤੇ ਨੈਤਿਕ ਮਨੋਕਾਮਨਾ ਅਧੀਨ ਰੱਖ ਜਾਂਦੇ ਹਨ। ਵਰਤ ਲਈ ਉਪਵਾਸ ਅਤੇ ਉਪਾਸ ਸ਼ਬਦ ਪ੍ਰਚਲਿਤ ਹਨ | ਉਪਵਾਸ ਦਾ ਅਰਥ ਹੈ ਬਿਨਾਂ ਭੋਜਨ ਤੋਂ ਰਹਿਣਾ। ਗੁਰਮਤਿ ਅਨੁਸਾਰ ‘ਸਤਯ ਨਿਯਮਾਂ ਨੂੰ ਧਾਰਨ ਕਰਨਾ ਹੀ ਵਰਤ ਦਾ ਵਿਧਾਨ ਹੈ:


ਧਿਆਨ ਇਸ਼ਨਾਨਸਚੁ ਵਰਤ ਸੰਤੋਖ ਤੀਰਥ ਗਿਆਨ ॥

                              (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 1245)


ਵਰਤ ਕਥਾਵਾਂ ਵਿਚ ਵਰਤਾਂ ਦੇ ਮਹਾਤਮਾ ਤੋਂ ਇਲਾਵਾ ਵਰਤ-ਵਿਧੀ ਵਿਚ ਸਾਧਕ ਨੂੰ ਚੰਗੇ ਗੁਣ ਗ੍ਰਹਿਣ ਕਰਨ ਦੀ ਸਿੱਖਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਰਤ ਹਮੇਸ਼ਾ ਨਿਰਛਲ ਅਤੇ ਨਿਰਕਪਟ ਹੋ ਕੇ ਰੱਖਣ ਦੀ ਹਦਾਇਤ ਦਿੱਤੀ ਹੁੰਦੀ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿਚ ਵਰਤ ਬਾਰੇ ਕਈ ਗ਼ਲਤ ਦੋਸ਼ ਵੀ ਦੱਸੇ ਜਾਂਦੇ ਹਨ। ਵਰਤ ਹਮੇਸ਼ਾ ਕਿਸੇ ਮਨੋ-ਕਾਮਨਾ ਦੀ ਪੂਰਤੀ ਲਈ ਰੱਖਿਆ ਜਾਂਦਾ ਹੈ। ਹਿੰਦੀ ਵਿਸ਼ਵਕੋਸ਼ ਅਨੁਸਾਰ ਵਰਤ ਅਜਿਹਾ ਸੰਕਲਪ ਹੈ, ਜਿਸ ਵਿਚ ਕਿਸੇ ਪਕਾਰ ਦੇ ਤਿਆਗ ਦਾ ਹੋਣਾ ਜ਼ਰੂਰੀ ਹੈ। ਇਹ ਸੰਕਲਪ ਧਾਰਮਿਕ ਜਾਂ ਨੈਤਿਕ ਪਵਿੱਤਰਤਾ ਦੇ ਅਧੀਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਧਰਮ ਅਤੇ ਨੈਤਿਕਤਾ ਮਨੁੱਖ ਲਈ ਚੰਗੇ ਗੁਣਾਂ ਨੂੰ ਧਾਰਨ ਕਰਨ ਦਾ ਮਾਧਿਅਮ ਬਣਦੇ ਹਨ। ਵੈਦਿਕ ਸੱਭਿਅਤਾ ਵਿਚ ਵਰਤ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ।

ਹਿੰਦੂ ਸੰਸਕ੍ਰਿਤੀ ਵਿਚ ਜਨੇਊ ਧਾਰਨ ਕਰਨ ਦੀ ਪ੍ਰਥਾ ਪ੍ਰਚਲਿਤ ਹੈ। ਜਨੇਊ ਦੀ ਰਸਮ ਯੁਗਓਪਵੀਤ ਦੀ ਰਸਮ ਦਾ ਹੀ ਵਿਗੜਿਆ ਹੋਇਆ ਰੂਪ ਹੈ। ਪੁਰਾਤਨ ਸਮੇਂ ਵਿਚ ਯਗਉਪਵੀਤ ਧਾਰਨ ਕਰਨ ਵਾਲਾ ਵਿਅਕਤੀ ਹੀ ਯੱਗ ਕਰਨ ਦਾ ਅਧਿਕਾਰੀ ਬਣਦਾ ਸੀ। ਯੁਗਓਪਵੀਤ ਧਾਰਨ ਕਰਨ ਤੋਂ ਪਹਿਲਾ ਵਰਤਾਚਾਰੀ ਕਿਸੇ ਨਾ ਕਿਸੇ ਨਿਯਮ ਜਾ ਅਨੁਸ਼ਠਾਨ ਦਾ ਸੰਕਲਪ ਕਰਦਾ ਹੈ ਅਤੇ ਉਸਦੀ ਪਾਲਣਾਕਰਨਾ ਵੀ ਜ਼ਰੂਰੀ ਮੰਨੀ ਜਾਂਦੀ ਰਹੀ ਹੈ। ਸਮੇਂ ਦੇ ਬੀਤਣ ਨਾਲ ਯਗਓਪਵੀਤ ਧਾਰਨ ਕਰਨ ਲਈ ਲੋੜੀਂਦੇ ਸਦਾਚਾਰਕ ਗੁਣ ਅੱਖੋਂ ਪਰੋਖੇ ਕਰਕੇ ਇਸ ਦੇ ਬਾਹਰੀ ਗੁਣਾਂ ਨੂੰ ਵਧੇਰੇ ਮਹੱਤਾ ਦਿੱਤੀ ਜਾਣ ਲੱਗੀ। ਇਸ ਤਰ੍ਹਾਂ ਯਗਓਪਵੀਤ ਦੀ ਰਸਮ ਜਨੇਊ ਧਾਰਨ ਤਕ ਸੀਮਤ ਹੋ ਗਈ ਅਤੇ ਸੰਕਲਪ ਨੇ ਵਰਤ ਦਾ ਰੂਪ ਧਾਰਨ ਕਰ ਲਿਆ। ਇਹ ਰਸਮ ਖ਼ਾਸ ਵਿਅਕਤੀ ਦੀ ਥਾਂ ਆਮ ਜਨ ਸਾਧਾਰਨ ਦੇ ਜੀਵਨ ਦਾ ਅੰਗ ਬਣ ਗਈ ਅਤੇ ਸੰਕਲਪ ਵਿਧੀ ਅਤੇ ਵਰਜਿਤ ਵਸਤਾਂ ਤਕ ਸੀਮਿਤ ਹੋ ਗਿਆ। ਸਮੇਂ ਦੇ ਬੀਤਣ ਨਾਲ ਵਰਤ ਦੈਵੀ ਸ਼ਕਤੀ ਤੋਂ ਮਨ-ਇੱਛਤ ਫਲ ਪ੍ਰਾਪਤ ਕਰਨ ਦੇ ਵਿਧੀ-ਵਿਧਾਨ ਤਕ ਸਿਮਟ ਕੇ ਰਹਿ ਗਿਆ।

ਵਰਤ ਧਾਰਮਿਕ ਰੀਤਾਂ ਅਨੁਸਾਰ ਕਰਮ ਕਾਂਡਾਂ ਲਈ ਰੱਖੇ ਜਾਂਦੇ ਹਨ। ਨਵੇਂ ਯੁੱਗ ਵਿਚ ਵਰਤ ਰਾਜਸੀ ਮੰਤਵ ਲਈ ਵੀ ਰੱਖੇ ਜਾਣ ਲੱਗ ਪਏ ਹਨ। ਕਿਸੇ ਵੀ ਰਾਜਨੀਤਕ ਜਾਂ ਆਰਥਿਕ ਮੰਗ ਜਾਂ ਕੋਈ ਹੱਕ ਪ੍ਰਾਪਤ ਕਰਨ ਲਈ ਇਸ ਨੂੰ ਹਥਿਆਰ ਵਜੋਂ ਵਰਤਿਆ ਜਾਣ ਲੱਗ ਪਿਆ ਹੈ। ਪੰਜਾਬ ਅਤੇ ਭਾਰਤ ਦੇ ਦੂਸਰੇ ਪ੍ਰਾਂਤਾਂ ਵਿਚ ਕਈ ਤਰ੍ਹਾਂ ਦੇ ਵਰਤ ਪ੍ਰਚਲਿਤ ਹਨ, ਜੋ ਵੱਖਰੀਆਂ-ਵੱਖਰੀਆਂ ਦੈਵੀ ਸ਼ਕਤੀਆਂ ਲਈ ਰਾਖਵੇਂ ਕੀਤੇ ਗਏ ਹਨ।

ਕਰਵਾ ਚੌਥ ਦੀ ਵਰਤ ਵਿਧੀ

[ਸੋਧੋ]

ਕਰਵਾ ਚੌਥ ਦਾ ਵਰਤ ਸੁਹਾਗਣਾਂ ਰੱਖਦੀਆਂ ਹਨ ਅਤੇ ਇਹ ਵਰਤ ਗੌਰੀ (ਪਾਰਵਤੀ—ਸ਼ਿਵ ਜੀ ਦੀ ਪਤਨੀ) ਨੂੰ ਖ਼ੁਸ਼ ਕਰਨ ਲਈ ਰੱਖਿਆ ਜਾਂਦਾ ਹੈ। ਲੋਕ ਧਾਰਨਾ ਹੈ ਕਿ ਇਸ ਵਰਤ ਦਾ ਦੈਵੀ ਫਲ, ਸੁਹਾਗ ਦੀ ਲੰਮੀ ਉਮਰ ਹੈ। ਕਰਵਾ ਚੌਥ ਦਾ ਵਰਤ ਸੁਹਾਗਣਾਂ ਦਾ ਵਰਤ ਹੈ। ਇਹ ਵਰਤ ਔਰਤਾਂ ਨਿਰਜਲ ਰਹਿ ਕੇ ਸੰਪੂਰਨ ਕਰਦੀਆਂ ਹਨ। ਆਮ ਪ੍ਰਥਾ ਹੈ ਕਿ ਵਰਤ ਦੇ ਵਿਧੀ-ਵਿਧਾਨ ਅਨੁਸਾਰ ਵਰਤ ਰੱਖਣ ਤੋਂ ਪਹਿਲਾਂ ਵਰਤਾਚਾਰੀ ਉਸ ਵਰਤ ਦੀ ਕਥਾ/ਪਾਠ ਕਰਦੇ ਹਨ। ਇਹ ਇਕ ਅਜਿਹਾ ਵਰਤ ਹੈ, ਜਿਸ ਦੀ ਕਥਾ ਸੁਹਾਗਣਾਂ ਆਪ ਨਹੀਂ ਕਰਦੀਆਂ, ਸਗੋਂ ਕਿਸੇ ਬ੍ਰਾਹਮਣੀ ਕੋਲੋਂ ਸੁਣਦੀਆਂ ਹਨ। ਬ੍ਰਾਹਮਣੀ ਇਸਤਰੀ ਲਿੰਗ ਦੀ ਲਖਾਇਕ ਹੈ। ਮਨੂੰ ਨੇ ਸਮਾਜ ਦੀ ਵਰਗ-ਵੰਡ ਸਮੇਂ ਬ੍ਰਾਹਮਣ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈ। ਉਸ ਅਨੁਸਾਰ ਬ੍ਰਾਹਮਣ ਸ਼ਾਸਤਰਾਂ ਦਾ ਅਧਿਐਨ ਕਰਨ ਵਾਲਾ ਵਿਅਕਤੀ ਹੈ ਅਤੇ ਸ਼ਾਸਤਰਾਂ ਅਨੁਸਾਰ ਅਨੁਸ਼ਠਾਨ ਕਰਨ ਵਾਲੇ ਦਾ ਮਨ, ਵਚਨ ਅਤੇ ਸਰੀਰ ਤੋਂ ਹੋਣ ਵਾਲੇ ਨਿੱਤ ਦੇ ਕਰਮ-ਕਾਂਡਾਂ ਦੇ ਦੋਸ਼ ਤੋਂ ਮੁਕਤ ਹੁੰਦਾ ਹੈ। ਬ੍ਰਾਹਮਣੀ ਬ੍ਰਾਹਮਣ ਦੀ ਧਰਮ ਪਤਨੀ ਨੂੰ ਆਖਿਆ ਜਾਂਦਾ ਹੈ। ਸਮਾਜ ਵਿਚ ਇਸ ਦਾ ਰੁਤਬਾ ਅਤੇ ਖ਼ਾਸ ਕਰ ਔਰਤ ਵਰਗ ਵਿਚ ਉਸ ਦਾ ਸਥਾਨ ਬ੍ਰਾਹਮਣ ਵਾਂਗ ਹੀ ਉੱਚਾ ਮੰਨਿਆ ਜਾਂਦਾ ਹੈ।

ਕਰਵਾ ਚੌਥ ਦੀ ਵਰਤ ਕਥਾ ਸੁਣਾਉਣ ਵਾਲੀ ਵਕਤਾ ਔਰਤ (ਬ੍ਰਾਹਮਣੀ) ਅਤੇ ਸੁਣਨ ਵਾਲਾ ਸਰੋਤਾ ਵਰਗ ਵੀ ਔਰਤਾਂ ਦਾ ਸਮੂਹ ਹੀ ਹੁੰਦਾ ਹੈ। ਵਕਤਾ ਧਿਰ, ਸੰਬੋਧਨੀ ਬਿਰਤੀ ਰਾਹੀਂ ਇਸ ਕਥਾ ਨੂੰ ਬਿਆਨ ਕਰਦੀ ਹੈ। ਵਕਤਾ ਅਤੇ ਸਰੋਤਾ ਦੋਵੇਂ ਧਿਰਾਂ ਔਰਤ ਵਰਗ ਨਾਲ ਸੰਬੰਧ ਰੱਖਦੀਆਂ ਹਨ, ਜਿਸ ਕਾਰਨ ਇਸ ਕਥਾ ਵਿਚ ਨਾਰੀ ਸੰਵੇਦਨਾ ਦਾ ਹੋਣਾ ਸੁਭਾਵਿਕ ਹੈ।

ਬਿਰਤਾਤਕਾਰ ਗ਼ੈਰ-ਹਾਜ਼ਰ ਹੋਣ ਕਾਰਨ ਇਸ ਕਥਾ ਦੇ ਕਈ ਰੂਪਾਂਤਰਣ ਮਿਲਦੇ ਹਨ। ਇਸ ਅਧਿਐਨ ਲਈ ਜੋ ਕਥਾ-ਪਾਠ ਆਧਾਰ ਬਣਾਇਆ ਗਿਆ ਹੈ ਉਸ ਦਾ ਪਾਠ ਬ੍ਰਾਹਮਣ ਔਰਤ ਤੋਂ ਸੁਣ ਕੇ ਕਲਮਬੱਧ ਕੀਤਾ ਗਿਆ ਹੈ। ਵਰਤ ਕਥਾ ਨਾਲ ਸਬੰਧਿਤ ਹਰ ਪਾਠਾ ਅਤੇ ਇਸ ਪਾਠ ਵਿਚ ਬਹੁਤ ਅੰਤਰ ਹੈ। ਇਸ ਕਥਾ ਵਿਚ ਪੂਜਾ ਵਿਧੀ ਅਤੇ ਪੂਜਾ ਗੀਤ ਵੀ ਸ਼ਾਮਲ ਹਨ।

ਕਰਵਾ ਚੌਥ ਦਾ ਵਰਤ ਸੁਹਾਗਣਾਂ ਦਾ ਵਰਤ ਹੈ। ਇਹ ਵਰਤ ਕੱਤਕ ਦੇ ਮਹੀਨੇ ਦੇ ਹਨੇਰੇ ਪੱਖ ਦੀ ਚੌਥ ਨੂੰ ਆਉਂਦਾ ਹੈ। ਕਰਵਾ ਦਾ ਅਰਥ ਹੈ ਪਾਣੀ ਦਾ ਭਰਿਆ ਬਰਤਨ ਅਰਥਾਤ ਛੋਟਾ ਘੜਾ ਜਾਂ ਕੁੱਜਾ। ਇਹ ਨਿਰਜਲਾ ਵਰਤ ਹੈ ਅਤੇ ਔਰਤਾਂ ਸੂਰਜ ਨਿਕਲਣ ਤੋਂ ਪਹਿਲਾਂ ਤਾਰਿਆਂ ਦੀ ਲੋਅ ਵਿਚ ਅੰਨ, ਫਲ ਤੋ ਮਿਠਾਈ, ਆਦਿ ਵਸਤਾਂ,ਜਿਨ੍ਹਾਂ ਨੂੰ 'ਸਰਘੀ' ਕਿਹਾ ਜਾਂਦਾ ਹੈ, ਖਾ ਕੇ ਆਪਣਾ ਵਰਤ ਸ਼ੁਰੂ ਕਰਦੀਆਂ ਹਨ। ਫਿਰ ਸਾਰਾ ਦਿਨ ਭੁੱਖਿਆਂ ਰਹਿ ਕੇ ਇਥੋਂ ਤਕ ਕਿ ਪਾਣੀ ਵੀ ਨਹੀਂ ਪੀਂਦੀਆਂ। ਰਾਤ ਨੂੰ ਜਦੋਂ ਚੰਦਰਮਾ ਨਿਕਲਦਾ ਹੈ ਤਾਂ ਉਸ ਨੂੰ ਅਰਘ ਦੇ ਕੇ ਪਾਣੀ ਪੀਂਦੀਆਂ ਹਨ ਅਤੇ ਹੋਰ ਵਸਤਾਂ ਖਾ ਕੇ ਵਰਤ ਖੋਲ੍ਹਦੀਆਂ ਹਨ। ਇਹ ਪਾਣੀ ਕਰੂਏ ਵਿਚ ਹੁੰਦਾ ਹੈ। ਅੱਜਕੱਲ੍ਹ ਮਿੱਟੀ ਦੇ ਕਰੂਏ ਦੀ ਥਾਂ ਧਾਤਾਂ ਦੇ ਬਰਤਨਾ ਦਾ ਇਸਤੇਮਾਲ ਹੋਣ ਲੱਗ ਪਿਆ ਹੈ। ਪਾਣੀ ਦਾ ਭਰਿਆ ਕਰੂਆ ਜ਼ਿੰਦਗੀ ਦਾ ਪ੍ਰਤੀਕ ਹੈ। ਕਰੁਏ ਦੇ ਕਾਰਨ ਹੀ ਇਸ ਵਰਤ ਦਾ ਨਾਂ ਕਰਵਾ ਚੌਥ ਪਿਆ ਹੈ। ਚੌਥ ਚੰਦਰਮਾ ਦੇ ਹਨੇਰੇ ਅਤੇ ਚਾਨਣੇ ਪੱਖ ਦੇ ਚੌਥੇ ਦਿਨ ਨੂੰ ਆਖਿਆ ਜਾਂਦਾ ਹੈ। ਹਨੇਰੇ ਪੱਖ ਨੂੰ ਭਾਰਤੀ ਜਯੋਤਿਸ਼ ਅਤੇ ਧਰਮ ਵਿਚ ਅਸ਼ੁਭ ਮੰਨਿਆ ਗਿਆ ਹੈ। ਚੌਥ ਨੂੰ ਲੋਕ ਸੰਸਕ੍ਰਿਤੀ ਵਿਚ ਅਸ਼ੁਭ ਮੰਨਿਆ ਹੈ। ਮਹਾਂਭਾਰਤ ਦੀ ਇਕ ਕਥਾ ਅਨੁਸਾਰ ਭਾਦਰੋਂ ਦੇ ਮਹੀਨੇ ਦੇ ਚਾਨਣੇ ਪੱਖ ਦੀ ਚੌਥ ਨੂੰ ਚੰਦਰਮਾ ਸਭ ਤੋਂ ਪਹਿਲਾਂ ਨਜ਼ਰ ਆਵੇ ਤਾਂ ਕਲੰਕ ਲਗਦਾ ਹੈ। ਇਸ ਚੌਥ ਨੂੰ ਸੰਕਟ ਚੌਥ ਵੀ ਕਿਹਾ ਜਾਂਦਾ ਹੈ। ਮ੍ਰਿਤਕ ਵਿਅਕਤੀ ਦੇ ਫੁੱਲ ਚੁਣਨ ਦੀ ਰਸਮ ਚੌਥੇ ਦਿਨ ਕੀਤੀ ਜਾਂਦੀ ਹੈ। ਇਹ ਵਰਤ ਕੱਤਕ ਦੇ ਮਹੀਨੇ ਦੀ ਪੂਰਨਮਾਸ਼ੀ ਤੇ ਚੌਥੇ ਦਿਨ ਬਾਅਦ ਆਉਂਦਾ ਹੈ । ਕੱਤਕ ਦੇ ਮਹੀਨੇ ਸੰਬੰਧੀ ਕਈ ਤਰ੍ਹਾਂ ਦੇ ਅੰਧ-ਵਿਸ਼ਵਾਸ ਮਿਲਦੇ ਹਨ ਅਤੇ ਕੋਈ ਵੀ ਸ਼ੁਭ ਕਾਰਜ ਇਸ ਮਹੀਨੇ ਵਿਚ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕੱਤਕ ਦਾ ਮਹੀਨਾ ਚੰਦਰਮਾ ਦਾ ਹਨੇਰਾ ਪੱਖ ਅਤੇ ਚੌਥ ਦਾ ਦਿਨ ਅਸ਼ੁਭ ਹੋਣ ਕਰਕੇ ਕਿਸੇ ਸੰਭਾਵੀ ਘਟਨਾ ਦੇ ਵਾਪਰਨ ਦਾ ਖ਼ਦਸ਼ਾ ਲੋਕ ਮਾਨਸਿਕਤਾ ਵਿਚ ਬੈਠ ਜਾਂਦਾ ਹੈ। ਇਸੇ ਲਈ ਸੰਭਾਵੀ ਘਟਨਾ ਤੋਂ ਬਚਣ ਲਈ ਔਰਤਾਂ ਸੁਹਾਗ ਦੀ ਰੱਖਿਆ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਮਰਦ ਪ੍ਰਧਾਨ ਸਮਾਜ ਵਿਚ ਔਰਤ ਦਾ ਸਥਾਨ ਦੂਜੈਲਾ ਹੈ। ਵਿਧਵਾ ਔਰਤ ਦੀ ਦੁਜੈਲੀ ਹੋਂਦ ਕਾਰਨ ਸਥਿਤੀ ਹੋਰ ਵੀ ਤਾਸਦਿਕ ਬਣ ਜਾਂਦੀ ਹੈ। ਸਹੁਰੇ ਘਰ ਵਿਚ ਔਰਤ ਦੀ ਕਦਰ ਪਤੀ ਦੇ ਕਾਰਨ ਹੀ ਹੈ। ਜਿਸ ਕਾਰਨ ਔਰਤਾਂ ਸਦਾ ਸੁਹਾਗਣਾਂ ਰਹਿਣ ਲਈ ਗੌਰਾਂ ਦੀ ਪੂਜਾ ਕਰਦੀਆਂ ਹਨ। ਗੌਰਾਂ (ਪਾਰਵਤੀ) ਅਖੰਡ ਸੁਹਾਗਵਤੀ ਔਰਤ ਮੰਨੀ ਜਾਂਦੀ ਹੈ।

ਇਸ ਵਰਤ ਕਥਾ ਦੀ ਨਾਇਕਾ ਵੀਰਾਂਵਾਲੀ ਆਪਣੇ ਸੁਹਾਗ ਨੂੰ ਮੌਤ ਤੋਂ ਬਚਾਉਣ ਲਈ ਵਰਤ ਰੱਖਦੀ ਹੈ। ਜੇਕਰ ਇਸ ਕਥਾ ਦਾ ਅਧਿਐਨ ਕੀਤਾ ਜਾਵੇ ਤਾਂ ਇਹ ਕਥਾ ਨਾਰੀ ਸੰਘਰਸ਼ ਦੀ ਗਾਥਾ ਨੂੰ ਬਿਆਨ ਕਰਦੀ ਹੈ । ਮੱਧਕਾਲੀ ਸਾਹਿਤ, ਨਾਇਕ ਪ੍ਰਧਾਨ ਰਿਹਾ ਹੈ। ਨਾਇਕਾ ਦਾ ਪਾਤਰ ਗੌਣ ਰੂਪ ਵਿਚ ਵਿਚਰਦਾ ਰਿਹਾ ਹੈ। ਇਹ ਕਥਾ ਨਾਇਕਾ- ਪ੍ਰਧਾਨ ਹੋਣ ਕਰਕੇ ਉਸ ਸਮੇਂ ਦੀਆਂ ਕਥਾ ਰੂੜ੍ਹੀਆਂ ਨੂੰ ਭੰਗ ਕਰਦੀ ਹੈ। ਦੁਜੈਲੀ ਸਿਰਜਣਾ ਦਾ ਕਿਸੇ ਰਚਨਾ ਵਿਚ ਕੇਂਦਰ-ਬਿੰਦੂ ਬਣਨਾ ਹੀ ਸਮਾਜ ਲਈ ਸਭ ਤੋਂ ਵੱਡੀ ਚੁਣੌਤੀ ਹੈ। ਇਹ ਚੁਣੌਤੀ ਵਿਦਰੋਹ ਦਾ ਹੀ ਪ੍ਰਤੀਕ ਸਮਝੀ ਜਾਂਦੀ ਹੈ।

ਕਰਵਾ ਚੌਥ ਦੀ ਵਰਤ ਕਥਾ

[ਸੋਧੋ]

ਕਰਵਾ ਚੌਥ ਦੀ ਵਰਤ ਕਥਾ ਅਨੁਸਾਰ ਇਸ ਕਥਾ ਦੀ ਨਾਇਕਾ ਵੀਰਾਂਵਾਲੀ ਸੱਤ ਭਰਾਵਾਂ ਦੀ ਇੱਕ ਇਕ ਭੈਣ ਹੈ। ਸੱਤ ਦੀ ਗਿਣਤੀ ਨੂੰ ਸਮੇਂ ਦੀ ਇਕਾਈ ਮੰਨਿਆ ਜਾਂਦਾ ਹੈ। ਹਫ਼ਤੇ ਦੇ ਸੱਤ ਦਿਨ ਮਿਲ ਕੇ ਸਮੇਂ ਦਾ ਜੁੱਟ ਬਣਦੇ ਹਨ। ਸੂਰਜ ਦੀਆਂ ਕਿਰਨਾਂ ਦੇ ਸੱਤ ਰੰਗ ਹੁੰਦੇ ਹਨ, ਇਹ ਰੰਗ ਜ਼ਿੰਦਗੀ ਦੇ ਵੱਖ ਵੱਖ ਅਰਥ ਪੇਸ਼ ਕਰਦੇ ਹਨ ਅਤੇ ਇਹ ਇਕੱਠੇ ਹੋ ਕੇ ਪ੍ਕਾਸ਼ ਦਾ ਪ੍ਰਭਾਵ ਦੇਂਦੇ ਹਨ। ਇਸੇ ਤਰ੍ਹਾਂ ਲੋਕ ਵਿਸ਼ਵਾਸ ਹੈ ਕਿ ਸੂਰਜ ਦੇ ਰੱਬ ਨੂੰ ਸੱਤ ਘੋੜੇ ਖਿਚਦੇ ਹਨ, ਇਹ ਸੱਤ ਘੋੜੇ ਸੂਰਜ ਦੇਵਤਾ ਦੇ ਰੱਥ ਲਈ ਸ਼ਕਤੀ ਦਾ ਪ੍ਰਤੀਕ ਹਨ। ਲੋਕ ਕਥਾਵਾਂ ਵਿਚ ਇਹ ਸੱਤ ਦੀ ਰੂੜ੍ਹੀ ਆਮ ਵਰਤੀ ਗਈ ਹੈ। ਪੰਜਾਬੀ ਦੀ ਪ੍ਰਸਿੱਧ ਪ੍ਰੀਤ ਕਥਾ ਵਿਚ ਰਾਂਝੇ ਦੇ ਸੱਤ ਭਰਾ ਹਨ। ਸਿੱਖ ਮਿਥਿਹਾਸ ਵਿਚ ਦੁੱਖ ਭੰਜਨੀ ਬੇਰੀ ਨਾਲ ਸਬੰਧਿਤ ਰਜਨੀ ਦੀ ਕਥਾ ਵਿਚ ਰਜਨੀ ਸਮੇਤ ਸੱਤ ਭੈਣਾਂ ਹਨ। ਇਸੇ ਤਰ੍ਹਾਂ ਇਕ ਹੋਰ ਕਥਾ ਵਿਚ ਬਾਬਾ ਬੁੱਢਾ ਜੀ ਦੁਆਰਾ ਬੀਬੀ ਭਾਨੀ ਨੂੰ ਸੱਤ ਪੁੱਤਰਾਂ ਦਾ ਵਰ ਦੇਣ ਦਾ ਵਰਣਨ ਮਿਲਦਾ ਹੈ। ਇਸ ਤਰ੍ਹਾਂ ਕਥਾਵਾਂ ਵਿਚ ਸੱਤ ਦੀ ਕਥਾ-ਰੂੜ੍ਹੀ ਜੁੱਟ ਅਤੇ ਸ਼ਕਤੀ ਦੇ ਰੂਪ ਵਿਚ ਵਰਤੀ ਗਈ ਹੈ। ਇਸ ਵਰਤ ਕਥਾ ਵਿਚ ਸੱਤ ਭਰਾ ਮਾਨਵੀ ਸ਼ਕਤੀ ਦਾ ਰੂਪ ਹਨ। ਖੇਤੀਬਾੜੀ ਯੱਗ ਵਿਚ ਮਾਨਵ ਸ਼ਕਤੀ ਦਾ ਬਹੁਤ ਮਹੱਤਵਪੂਰਨ ਸਥਾਨ ਰਿਹਾ ਹੈ। ਕਿਸੇ ਪਰਿਵਾਰ ਕੋਲ ਜਿੰਨੀ ਵੱਧ ਮਾਨਵ-ਸ਼ਕਤੀ ਹੁੰਦੀ ਸੀ, ਉਤਨਾ ਹੀ ਉਹ ਖ਼ੁਸ਼ਹਾਲ ਹੁੰਦਾ ਸੀ। ਇਸ ਕਥਾ ਨਾਲ ਸਬੰਧਿਤ ਗੀਤ ਦੇ ਪ੍ਰਾਪਤ ਹਵਾਲਿਆਂ ਵਿਚ ਅਟੇਰਨ, ਕੱਤਣ, ਵੱਟਣ ਦੀਆਂ ਘਟਨਾਵਾਂ ਖੇਤੀਬਾੜੀ ਯੁੱਗ ਦੀ ਪੇਸ਼ਕਾਰੀ ਕਰਦੀਆਂ ਹਨ। ਸੱਤ ਭਰਾਵਾਂ ਦੀ ਕਥਾ ਰੂੜੀ ਖੁਸ਼ਹਾਲ ਜੀਵਨ ਦਾ ਚਿਹਨਿਤ ਹੈ। ਕਥਾ ਵਿਚ ਵੀਰਾਂਵਾਲੀ ਦਾ ਵਿਆਹ ਕਦੋਂ ਅਤੇ ਕਿਸ ਨਾਲ ਹੋਇਆ ਹੈ, ਇਸ ਸੰਬੰਧੀ ਕੋਈ ਹਵਾਲਾ ਨਹੀਂ ਮਿਲਦਾ। ਸੁਹਾਗ ਦੀ ਰੱਖਿਆ ਲਈ ਉਹ ਵਰਤ ਵੀ ਪੇਕੇ ਘਰ ਵਿਚ ਰੱਖਦੀ ਹੈ। ਸਥਿਤੀ ਦਾ ਵਿਰੋਧਾਭਾਸ ਇਹ ਹੈ ਕਿ ਉਹ ਜਿਸ ਵਿਅਕਤੀ ਦੀ ਲੰਮੀ ਉਮਰ ਲਈ ਕਾਮਨਾ ਕਰ ਰਹੀ ਹੈ, ਉਹ ਉਸ ਤੋਂ ਦਰ ਹੈ ਅਰਥਾਤ ਉਸ ਸਮੇਂ ਵੀਰਾਂਵਾਲੀ ਦੀ ਜਿੰਦਗੀ ਵਿੱਚ ਉਸ ਵਿਅਕਤੀ ਦੀ ਹੋਂਦ ਮਨਫ਼ੀ ਹੈ। ਮਿਥਿਹਾਸ ਵਿਚ ਵਰਨਣ ਮਿਲਦਾ ਹੈ ਕਿ ਜਦੋਂ ਰਾਜਾ ਰਾਮ ਨੇ ਔਲਾਦ ਦੀ ਪ੍ਰਾਪਰੀ ਲਈ ਅਸ਼ਵਮੇਧ ਯੱਗ ਕੀਤਾ ਤਾਂ ਉਸ ਸਮੇਂ ਸੀਤਾ ਵੀ ਮੌਜੂਦ ਨਹੀਂ ਸੀ। ਦੋਵਾਂ ਘਟਨਾਵਾਂ ਵਿਚ ਜਿਸ ਵਿਅਕਤੀ ਲਈ ਕਾਰਜ ਕੀਤਾ ਜਾ ਰਿਹਾ ਹੈ, ਜਦੋਂ ਗੈਰ ਹਾਜ਼ਰ ਹਨ।

ਵੀਰਾਂਵਾਲੀ ਕੋਲੋਂ ਨਿਰਜਲ ਰਹਿਣ ਕਾਰਨ ਭੁੱਖ ਬਰਦਾਸ਼ਤ ਕਰਨੀ ਅਸਹਿ ਹੋ ਜਾਂਦੀ ਹੈ। ਭਰਾ ਭੈਣ ਦੀ ਰੱਖਿਆ ਲਈ ਢੀਂਗਰੀ ਬਾਲ ਕੇ ਬਨਾਵਟੀ ਚੰਦਰਮਾ ਦਿੰਦੇ ਹਨ ਅਤੇ ਉਹ ਅਰਘ ਦੇ ਕੇ ਵਰਤ ਖੋਲ੍ਹ ਲੈਂਦੀ ਹੈ। ਵੈਦਿਕ ਕਾਲ ਵਿਚ ਇਸ ਬਨਾਵਟੀ ਚੰਦਰਮਾ ਨੂੰ ਅਰਣੀ ਯੰਤਰ ਕਿਹਾ ਗਿਆ ਹੈ | ਅਰਣੀ ਦੁਆਰਾ ਪੈਦਾ ਕੀਤੀ ਅੱਗ ਸ਼ੁੱਭ ਮੰਨੀ ਗਈ ਹੈ। ਇਸ ਨਾਲ ਸਬੰਧਿਤ ਧਾਰਨਾ ਇਹ ਹੈ ਕਿ ਮਨੁੱਖ ਜਦੋਂ ਜੰਗਲਾਂ ਜਾਂ ਪਹਾੜਾਂ ਵਿਚ ਰਹਿੰਦਾ ਸੀ, ਉਹ ਲੱਕੜਾਂ ਬਾਲ ਕੇ ਅੱਗ ਨੂੰ ਉੱਚਿਆਂ ਕਰ ਦਿੰਦਾ ਸੀ। ਇਸ ਤਰ੍ਹਾਂ ਇਹ ਅੱਗ ਇਕ ਤਾਂ ਭੁੱਲੇ ਭਟਕੇ ਮੁਸਾਫ਼ਰਾ ਨੂੰ ਠਾਹਰ ਦਾ ਟਿਕਾਣਾ ਦੱਸਦੀ ਸੀ ਅਤੇ ਦਿਸ਼ਾ ਦੱਸਣ ਦਾ ਕੰਮ ਵੀ ਦੇਂਦੀ ਸੀ ਦੂਸਰਾ ਜੰਗਲੀ ਜਾਨਵਰ ਵੀ ਇਸ ਦੇ ਨੇੜੇ ਨਹੀਂ ਸਨ ਆਉਂਦਾ। ਇਸ ਤਰ੍ਹਾਂ ਇਹ ਅੱਗ ਮਨੁੱਖੀ ਜੀਵਨ ਦੀ ਰੱਖਿਆ ਵਿਚ ਆਪਣਾ ਯੋਗਦਾਨ ਪਾਉਂਦੀ ਸੀ। ਕਰਵਾ ਚੌਥ ਦੀ ਵਰਤ ਕਥਾ ਵਿਚ ਇਹ ਬਨਾਵਟੀ ਚੰਦਰਮਾ ਰੁੱਖ ਤੇ ਪਿਆਸ ਨਾਲ ਬਹਾਲ ਹੋਈ ਵੀਰਾਂਵਾਲੀ ਲਈ ਜੀਵਨ ਰੱਖਿਆ ਦਾ ਮਾਧਿਅਮ ਬਣਦਾ ਹੈ।

ਲੋਕ-ਵਿਸ਼ਵਾਸ ਹੈ ਕਿ ਵਰਤ ਦੇ ਨਿਯਮਾਂ ਨੂੰ ਤੋੜਨਾ ਜਾਂ ਉਲੰਘਣਾ ਕਰਨੀ ਕਿਸੇ ਮਾੜੀ ਘਟਨਾ ਦਾ ਸੂਚਕ ਹੈ। ਵੀਰਾਂਵਾਲੀ ਵੀ ਜਦ ਨਿਯਮਾਂ ਦੇ ਉਲਟ ਇਸ ਵਰਤ ਨੂੰ ਅਣਜਾਣ ਵਿਚ ਤੋੜਦੀ ਹੈ ਤਾਂ ਇਸ ਘਟਨਾ ਦਾ ਮਾੜਾ ਨਤੀਜਾ ਵਾਪਰਦਾ ਹੈ। ਇਸ ਘਟਨਾ ਦਾ ਪ੍ਰਤੀਕਰਮ ਇਹ ਹੋਇਆ ਕਿ ਉਸ ਨੂੰ ਪਤੀ ਦੀ ਮੌਤ ਦਾ ਸੁਨੇਹਾ ਆ ਜਾਂਦਾ ਹੈ। ਬਿਰਤਾਂਤਕਾਰ ਨੇ ਇਸ ਜੁਗਤ ਰਾਹੀਂ ਉਸ ਦੇ ਪਤੀ ਦੀ ਹੋਂਦ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਹੈ। ਵੀਰਾਂਵਾਲੀ ਨੂੰ ਇਸ ਤੋਂ ਬਾਅਦ ਪਤੀ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ ਅਤੇ ਸਹੁਰੇ ਘਰ ਚਲੀ ਜਾਂਦੀ ਹੈ।

ਕਥਾ ਵਿਚ ਬਿਰਤਾਂਤਕਾਰ ਨੇ ਇਹ ਵਰਣਨ ਕੀਤਾ ਹੈ ਕਿ ਉਥੇ ਜਾ ਕੇ ਉਹ ਪਤੀ ਦੇ ਸਰੀਰ 'ਚੋਂ ਸੂਲਾਂ ਕੱਢਦੀ ਹੈ। ਸੂਲ ਵੀ ਦੁੱਖ ਦਾ ਚਿਹਨਿਤ ਹੈ, ਇਸ ਤਰ੍ਹਾਂ ਉਹ ਸੰਕਟ ਸਮੇਂ ਪਤੀ ਦਾ ਸਾਥ ਦਿੰਦੀ ਹੈ ਅਤੇ ਉਹ ਸਰੀਰਕ ਸੰਕਟ 'ਚੋਂ ਬਾਹਰ ਆ ਜਾਂਦਾ ਹੈ ਅਤੇ ਜੀਵੰਤ ਹੋ ਜਾਂਦਾ ਹੈ। ਪਤੀ ਦਾ ਜੀਵੰਤ ਹੋਣਾ ਉਸਦੀ ਸਮਾਜਿਕ ਹੱਦ ਦਾ ਪ੍ਰਤੀਕ ਹੈ, ਜੋ ਪਤੀ ਦੇ ਸਾਥ ਨਾਲ ਸੰਭਵ ਹੁੰਦਾ ਹੈ। ਪਤੀ-ਪਤਨੀ ਦਾ ਸਾਥ ਮਾਨਵੀ ਸ਼ਕਤੀ ਦੇ ਦੁਗਣਾ ਹੋਣ ਦਾ ਪ੍ਰਤੀਕ ਹੈ। ਮਾਨਵ-ਸ਼ਕਤੀ ਦਾ ਵਧਣਾ ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਪ੍ਰਕਾਸ਼ਿਤ ਵਰਤ ਕਥਾਵਾਂ ਪਤੀ-ਪਤਨੀ ਦੇ ਖ਼ੁਸ਼ਹਾਲ ਜੀਵਨ ਦੀ ਸ਼ੁਰੂਆਤ ਨਾਲ ਖ਼ਤਮ ਹੋ ਜਾਂਦੀਆਂ ਹਨ। ਪਰ ਜਿਸ ਕਥਾ ਪਾਠ ਨੂੰ ਅਧਿਐਨ ਲਈ ਲਿਆ ਗਿਆ ਹੈ, ਉਸਦੀ ਕਥਾ ਅੱਗ ਵੀ ਚੱਲਦੀ ਹੈ। ਸੂਲਾਂ ਕੱਢਦਿਆਂ ਜਦ ਗਿਣਤੀ ਦੀਆਂ ਕੁਝ ਸੂਲਾ ਰਹਿ ਜਾਂਦੀਆਂ ਹਨ ਤਾਂ ਵੀਰਾਂਵਾਲੀ ਕਰੂਏ ਖ਼ਰੀਦਣ ਚਲੀ ਜਾਂਦੀ ਹੈ। ਕਰੂਏ ਖਰੀਦਣ ਜਾਣ ਦੀ ਘਟਨਾ ਉਸਦੀ ਹੋਂਦ ਨੂੰ ਮਨਫੀ ਕਰ ਦੇਂਦੀ ਹੈ। ਵੀਰਾਂਵਾਲੀ ਦੀ ਗ਼ੈਰ ਹਾਜ਼ਰੀ ਵਿਚ ਇਹ ਕਾਰਜ ਉਸ ਦੀ ਦਾਸੀ ਕਰਦੀ ਹੈ | ਇਸ ਸਮੇਂ ਦੌਰਾਨ ਰਾਜਾ ਹੋਸ਼ ਵਿਚ ਆ ਜਾਂਦਾ ਹੈ ਤਾਂ ਉਹ ਦਾਸੀ ਨੂੰ ਰਾਣੀ ਸਮਝ ਲੈਂਦਾ ਹੈ। ਦਾਸੀ ਦਾ ਰਾਣੀ ਬਣ ਕੇ ਉਸ ਦੀ ਜ਼ਿੰਦਗੀ ਵਿਚ ਵਿਚਰਨਾ ਉਸਦੀ ਵਿਲਾਸਮਈ ਜ਼ਿੰਦਗੀ ਦਾ ਚਿਹਨਿਕ ਹੈ। ਸ਼ਿਕਾਰ ਖੇਡਣ ਜਾਣ ਵਾਲੀ ਘਟਨਾ ਵੀ ਰਜਵਾੜਾ ਸ਼੍ਰੇਣੀ ਦੀਆਂ ਕਦਰਾਂ ਕੀਮਤਾਂ ਨੂੰ ਪੇਸ਼ ਕਰਦੀ ਹੈ।

ਵੀਰਾਂਵਾਲੀ ਦਾ ਦਾਸੀ ਬਣ ਕੇ ਵਿਚਰਨਾ ਉਸਦੀ ਅਹੋਂਦ ਦਾ ਪ੍ਰਤੀਕ ਹੈ, ਉਹ ਆਪਣੀਆਂ ਭਾਵਨਾਵਾਂ ਅਤੇ ਮਨੋ-ਸੰਵੇਦਨਾਵਾਂ ਆਟਕਾਠ (ਲਕੜੀ )ਦੀ ਗੁੱਡੀ ਨਾਲ ਸਾਂਝੀਆਂ ਕਰਦੀ ਹੈ। ਇਹ ਗੁੱਡੀ ਰਾਜ ਦੁਆਰਾ ਖ਼ਰੀਦਿਆ ਗਿਆ ਤੋਹਫਾ ਹੈ। ਇਹ ਆਟਕਾਠ ਦੀ ਗੁੱਡੀ ਉਸ ਔਰਤ ਦੀ ਪ੍ਰਤੀਨਿਧਤਾ ਕਰਦੀ ਹੈ, ਜੋ ਬੇਜੁਬਾਨ ਹੈ ਅਤੇ ਸਭ ਕੁਝ ਸਹਿਣ ਕਰਦੀ ਹੈ। ਆਟਕਾਠ ਦੀ ਗੁੱਡੀ ਨਾਲ ਗੱਲਾਂ ਕਰਦਿਆਂ ਉਸਦਾ ਇਹ ਕਹਿਣਾ ਜੋ ਰਾਣੀ ਸੀ, ਉਹ ਗੋਲੀ ਬਣ ਗਈ ਅਤੇ ਜੋ ਗੋਲੀ ਸੀ, ਉਹ ਰਾਣੀ ਬਣ ਗਈ, ਉਸਦੀ ਤਰਸਮਈ ਮਾਨਸਿਕਤਾ ਦੀ ਅਭਿਵਿਅਕਤੀ ਹੈ। ਵੀਰਾਂਵਾਲੀ ਦੇ ਪਤੀ ਨੂੰ ਜਦੋਂ ਅਸਲੀਅਤ ਦਾ ਪਤਾ ਲੱਗਦਾ ਹੈ ਤਾਂ ਉਹ ਨਿਆਂ ਕਰਨ ਲਈ ਪ੍ਰੀਖਿਆ ਲੈਂਦਾ ਹੈ। ਭਾਰਤੀ ਸਮਾਜ ਵਿਚ ਔਰਤ ਨੂੰ ਪਤੀਵਰਤਾ ਬਣਨ ਲਈ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚੋਂ ਲੰਘਣਾ ਪੈਂਦਾ ਰਿਹਾ ਹੈ। ਰਾਮਾਇਣ ਵਿਚ ਸੀਤਾ ਨੂੰ ਅਗਨੀ ਪ੍ਰੀਖਿਆ ਵਿੱਚੋਂ ਗੁਜ਼ਰ ਕੇ ਆਪਣੇ ਪਤੀਵਰਤਾ ਹੋਣ ਦਾ ਸਬੂਤ ਦੇਣਾ ਪੈਂਦਾ ਹੈ। ਪ੍ਰੀਖਿਆ ਲੈਣ ਲਈ ਉਹ ਪੱਟ ਦਾ ਕਪੜਾ ਵਿਛਾ ਦਿੰਦਾ ਹੈ। ਪੱਟ ਅਰਥਾਤ ਰੇਸ਼ਮ ਉੱਚ-ਸ਼੍ਰੇਣੀ ਦੇ ਜੀਵਨ ਦੀ ਪ੍ਰਤੀਨਿਧਤਾ ਕਰਦਾ ਹੈ। ਗੋਲੀ ਦੇ ਉਪਰੋਂ ਲੰਘਣ ਨਾਲ ਕਪੜੇ ਨੂੰ ਵੱਟ ਪੈ ਜਾਂਦੇ ਹਨ, ਜਦੋਂ ਕਿ ਵੀਰਾਂਵਾਲੀ ਦੇ ਲੰਘਣ ਨਾਲ ਕਪੜਾ ਉਸੇ ਤਰ੍ਹਾਂ ਵਿਛਿਆ ਰਹਿੰਦਾ ਹੈ। ਇਹ ਘਟਨਾ ਦੋਹਾਂ ਦੀ ਜ਼ਿੰਦਗੀ ਦੇ ਤੌਰ-ਤਰੀਕਿਆਂ ਤੇ ਆਦਤਾਂ ਨੂੰ ਪੇਸ਼ ਕਰਦੀ ਹੈ। ਕਪੜੇ ਦਾ ਵਿਛਿਆ ਰਹਿਣਾ ਸਲੀਕੇ ਦਾ ਪ੍ਰਤੀਕ ਹੈ ਅਤੇ ਸਲੀਕਾ ਉੱਚ-ਪੱਧਰ ਦੀ ਜ਼ਿੰਦਗੀ ਦਾ ਚਿਹਨਿਤ ਹੈ। ਇਸ ਤਰ੍ਹਾਂ ਵੀਰਾਂਵਾਲੀ ਆਪਣੀ ਜ਼ਿੰਦਗੀ ਦੇ ਸਲੀਕੇ ਕਾਰਨ ਆਪਣਾ ਹੱਕ ਪ੍ਰਾਪਤ ਕਰਨ ਵਿਚ ਕਾਮਯਾਬ ਹੁੰਦੀ ਹੈ। ਪਤੀ ਦੀ ਜ਼ਿੰਦਗੀ ਵਿਚ ਵਾਪਸੀ ਉਸਦੀ ਜਿੱਤ ਦਾ ਪ੍ਰਤੀਕ ਹੈ।

ਕਥਾ ਸੁਣਨ ਤੋਂ ਬਾਅਦ ਔਰਤਾਂ ਕਰੂਏ ਵਟਾਉਂਦੀਆਂ ਹਨ ਅਤੇ ਗੀਤ ਗਾਉਂਦੀਆਂ ਹਨ

           ਵਾਣੁ ਪੈਰ ਪਾਈ ਨਾ

          ਸੁੱਤੇ ਨੂੰ ਜਗਾਈ ਨਾ

          ਰੁੱਸੇ ਨੂੰ ਮਨਾਈਂ ਨਾ

          ਸੂਈ 'ਚ ਧਾਗਾ ਪਾਈਂ ਨਾ

           ਕੱਤੀਂ ਨ ਅਟੋਰੀਂ ਨਾ

           ਘੁੰਮ ਚਰਖੜਾ ਫੇਰੀਂ ਨਾ

            ਵੀਰਾਂ ਦੀ ਭੈਣ ਕਰਵੜਾ

              ਭੈਣ ਸੁਹਾਗਣ ਕਰਵੜਾ

            ਚਵੰਡੀ ਕਈ ਪਾਇਆ |

ਇਸ ਗੀਤ ਰਾਹੀਂ ਔਰਤਾਂ ਇਕ ਦੂਸਰੀ ਨੂੰ ਹੱਕ ਪ੍ਰਾਪਤ ਕਰਨ ਲਈ ਸੰਪਰਕ ਕਰਨ ਦਾ ਸੁਨੇਹਾ ਦਿੰਦੀਆਂ ਹਨ। ਜੇ ਪਤੀ ਨਾ ਜਾਵੇ ਤਾਂ ਆਪਣੀ ਹੋਂਦ ਦਾ ਅਹਿਸਾਸ ਦਿਵਾਉਣ ਲਈ ਮਨਾਉਣਾ ਨਹੀਂ ਚਾਹੀਦਾ ਅਤੇ ਇੱਕ ਦੂਸਰੀ ਨੂੰ ਇਸ ਸਥਿਤੀ ਵਿਚ ਘਰੇਲੂ ਕੰਮ ਕਰਨ ਤੋਂ ਵੀ ਵਰਜਦੀਆਂ ਹਨ। ਔਰਤ ਦੇ ਘਰੇਲੂ ਕੰਮ ਵੰਡਣ ਨਾਲ ਘਰੋਗੀ ਜੀਵਨ ਗਵਰਣ ਹੋ ਜਾਂਦਾ ਹੈ। ਇਸ ਗੀਤ ਦੇ ਨਾਲ ਉਹ ਵਾਲ ਵਿਚ ਰੱਖਿਆ ਸਾਮਾਨ ਵੀ ਆਪਸ ਵਿਚ ਵਟਾਉਂਦੀਆਂ ਹਨ। ਥਾਲ ਮਨ ਦਾ ਪ੍ਤੀਕ ਹੈ ਅਤੇ ਸਮਾਨ ਵਿਚਾਰਧਾਰਾ ਦਾ | ਗੁਰਬਾਣੀ ਅਨੁਸਾਰ :


ਥਾਲ ਵਿਚ ਤਿੰਨ ਵਸਤੂ ਪਈਓ ਸਤੁ ਸੰਤੋਖ ਵਿਚਾਰੁ ॥

                     (ਸ੍ਰੀ ਗੂਰੁ ਗ੍ੰਥ ਸਾਹਿਬ ,ਪੰਨਾ 1429)


ਇਹ ਔਰਤਾਂ ਆਪਣੀ ਮਾਨਸਿਕ ਸੰਵੇਦਨਾ ਅਤੇ ਵਿਚਾਰਧਾਰਾ ਨੂੰ ਇੱਕ ਦੂਸਰੀ ਨਾਲ ਸਾਂਝਿਆ ਕਰਦੀਆਂ ਹਨ। ਥਾਲ ਵਿਚ ਰੱਖੇ ਸਮਾਨ ਨੂੰ 'ਬੇਹਾ' ਕਿਹਾ ਜਾਂਦਾ ਹੈ। ਬੇਹੇ ਦਾ ਕੋਸ਼ ਗਤ ਅਰਥ ਹੈ ਬਾਸੀ ਭੋਜਨ, ਅਰਥਾਤ ਉਹ ਭੋਜਨ ਜੋ ਤਾਜਾ ਨਹੀਂ ਅਤੇ ਸਿਹਤ ਲਈ ਹਾਨੀਕਾਰਕ ਹੈ। ਇਥੇ ਭੋਜਨ ਵਿਚਾਰਧਾਰਾ ਦਾ ਚਿਹਨਤ ਹੈ ਅਤੇ ਇਹ ਉਹ ਵਿਚਾਰਧਾਰਾ ਹੈ, ਜੋ ਪੁਰਾਤਨ ਹੈ ਅਤੇ ਜਿਸ ਦੀ ਮਹੱਤਾ ਨਹੀਂ ਰਹੀ ਅਤੇ ਸਮਾਜ ਦੇ ਵਿਕਾਸ ਲਈ ਰੁਕਾਵਟ ਵਾਲੀ ਹੈ। ਇਹ ਬੇਹਾ, ਵਿਆਹੁਤਾ ਪਤੀ-ਪਤਨੀ ਨੂੰ ਖਾਣ ਤੋਂ ਵਰਜਣ ਦਾ ਅਰਥ ਹੈ ਪੁਰਾਤਨ ਕਦਰਾਂ ਕੀਮਤਾਂ ਨੂੰ ਅਪਨਾਉਣ ਤੋਂ ਰੋਕਣਾ ਜੋ ਵਿਆਹੁਤਾ ਜ਼ਿੰਦਗੀ ਵਿਚ ਕਈ ਮੁਸ਼ਕਿਲਾਂ ਪੈਂਦਾ ਕਰਦੀਆਂ ਹਨ। ਇਹ ਔਰਤਾਂ ਹੱਕ ਪ੍ਰਾਪਤ ਕਰਨ ਲਈ ਕੀਤੇ ਜਾਣ ਵਾਲੇ ਸੰਘਰਸ਼ ਦਾ ਸੁਨੇਹਾ ਇਕ ਤੋਂ ਦੂਸਰੀ ਤਕ ਪਹੁੰਚਾਉਂਦੀਆਂ ਹਨ। 'ਚਵੰਡੀ ਝੋਲੀ ਪਾਇਆ' ਉਹਨਾਂ ਦੀ ਜਿੱਤ ਦਾ ਪ੍ਰਤੀਕ ਹੈ।

ਰਾਤ ਨੂੰ ਚੰਦਰਮਾ ਵੇਖ ਕੇ ਸੁਹਾਗਣਾਂ ਪਾਣੀ ਪੀ ਕੇ ਵਰਤ ਤੋੜਦੀਆਂ ਹਨ। ਚੰਦਰਮਾ ਪੁਲਿੰਗ ਵਰਤਾਰੇ ਦਾ ਪ੍ਰਤੀਕ ਹੈ ਅਤੇ ਗੀਤ ਗਾਉਂਦੀਆਂ ਹਨ :

         ਹੱਥ ਕੰਙਣ ਪੈਰ ਕੜੀ

          ਸਦਾ ਸੁਹਾਗਣ

          ਅਰਘ ਦੇਣ ਚੜ੍ਹੀ।

     

ਅਰਘ ਦਾ ਕੋਸ਼-ਗਤ ਅਰਥ ‘ਭੇਟ ਕਰਨਾ’ ਹੈ। ਇਸ ਤਰ੍ਹਾਂ ਇਹ ਔਰਤਾਂ ਆਪਣੇ ਆਪ ਨੂੰ ਪਤੀ ਪ੍ਰਤੀ ਸਮਰਪਿਤ ਕਰਦੀਆਂ ਹਨ। ‘ਹੱਥ ਕੰਙਣ ਪੈਰ ਕੁੜੀ' ਮਾਨਸਿਕ ਖ਼ੁਸ਼ਹਾਲੀ ਦਾ ਪ੍ਰਤੀਕ ਹੈ।

ਕਥਾ ਸੁਣਨ ਸਮੇਂ ਅਤੇ ਅਰਘ ਦੇਣ ਸਮੇਂ ਔਰਤ ਸੱਜ-ਵਿਆਹੀਆਂ ਦੀ ਤਰ੍ਹਾਂ ਸ਼ਿੰਗਾਰ ਕਰਦੀਆਂ ਹਨ। ਇਹ ਸ਼ਿੰਗਾਰ ਉਸੇ ਤਰ੍ਹਾਂ ਦਾ ਹੁੰਦਾ ਹੈ, ਜਿਸ ਤਰ੍ਹਾਂ ਦਾ ਉਹਨਾਂ ਨੇ ਵਿਆਹ ਸਮੇਂ ਕੀਤਾ ਹੁੰਦਾ ਹੈ। ਸੱਜ-ਵਿਆਹੀਆਂ ਦੀ ਤਰ੍ਹਾਂ ਤਿਆਰਹੋਣਾ ਉਹਦੀ ਹੋਂਦ ਨੂੰ ਪ੍ਰਗਟ ਕਰਦਾ ਹੈ ਅਤੇ ਵਿਆਹ ਸਮੇਂ ਵਿਆਹੁਤਾ ਲੜਕੀ ਦਾ ਸਥਾਨ ਪ੍ਰਾਇਮਰੀ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਔਰਤਾਂ ਉਸ ਦਿਨ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀਆਂ ਹਨ।

ਇਹ ਕਥਾ ਮੱਧਕਾਲੀ ਸਮਾਜ ਦੇ ਉਸ ਔਰਤ ਵਰਗੇ ਦੀ ਪ੍ਰਤੀਨਿਧਤਾ ਕਰਦੀ ਹੈ, ਜੋ ਆਪਣੇ ਹੱਕ ਲਈ ਸੰਘਰਸ਼ਸ਼ੀਲ ਹੈ। ਜਾਗੀਰ ਰੁਚੀਆਂ ਵਾਲੇ ਸਮਾਜ ਵਿਚ ਔਰਤ ਦੀ ਸਭ ਤੋਂ ਵੱਡੀ ਜਿੱਤ ਪਤੀ ਦੀ ਜ਼ਿੰਦਗੀ 'ਚ ਆਪਣੀ ਹੋਂਦ ਨੂੰ ਪ੍ਰਵਾਨ ਚੜ੍ਹਾਉਣ ਦੀ ਹੈ। ਪਤੀ ਦੀ ਜ਼ਿੰਦਗੀ 'ਚ ਉਸ ਦੀ ਹੋਂਦ ਸਮਾਜਿਕ ਹੋਂਦ ਦੇ ਬਰਾਬਰ ਹੈ। ਅਧਿਆਤਮਕ ਵਿਚਾਰਧਾਰਾ ਵਿਚ ਵੀ ਆਤਮਾ ਰੂਪੀ ਪਤਨੀ ਨੂੰ ਪਰਮਾਤਮਾ ਰੂਪੀ ਪਤੀ ਦੀਆਂ ਨਜ਼ਰਾਂ ਵਿਚ ਪ੍ਰਵਾਨ ਚੜਨ ਲਈ ਚੰਗੇ ਗੁਣਾਂ ਨੂੰ ਧਾਰਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।

ਪੰਜਾਬੀ ਲੋਕ ਮਾਨਸਿਕਤਾ ਨੇ ਹੱਕ ਤੇ ਸੱਚ ਲਈ ਲੜਨ ਵਾਲੇ ਨਾਇਕ ਨਾਇਕਾਵਾਂ ਨੂੰ ਸਾਧਾਰਨ ਨਹੀਂ ਰਹਿਣ ਦਿੱਤਾ, ਸਗੋਂ ਉਹਨਾਂ ਨਾਲ ਪੂਰਾ ਸਰੀਰਕ ਸ਼ਕਤੀਆਂ ਜੋੜ ਕੇ ਦੈਵੀ ਸ਼ਕਤੀਆਂ ਵੱਲੋਂ ਨਾਇਕ ਬਣਾ ਦਿੱਤਾ ਹੈ। ਇਸ ਕਥਾ ਦੀ ਨਾਇਕਾ ਵੀਰਾਂਵਾਲੀ ਦੀ ਕਥਾ ਵੀ ਔਰਤਾਂ ਇਸੇ ਕਰਕੇ ਸੁਣਦੀਆਂ ਹਨ, ਕਿਉਂਕਿ ਉਹ ਸਾਧਾਰਨ ਨਾਇਕਾ ਨਾ ਹੋ ਕੇ ਦੈਵੀ ਸ਼ਕਤੀ ਦਾ ਰੂਪ ਧਾਰ ਚੁੱਕੀ ਹੈ। ਅਜੋਕੇ ਸਮੇਂ ਵਿਚ ਔਰਤਾਂ ਇਸ ਵਰਤ ਦੇ ਅਰਥ ਕਥਾ ਵਿੱਚੋਂ ਤਲਾਸ਼ਣ ਦੀ ਬਜਾਇ ਇਸ ਦੇ ਵਰਤ ਵਿਧਾਨ ਵਿਚ ਲੱਭਦੀਆਂ ਹਨ, ਜਿਸ ਕਾਰਨ ਇਸ ਦੇ ਅਰਥ ਨਾਰੀ ਸੰਘਰਸ਼ ਦੀ ਥਾਂ ਪਤੀ ਦੀ ਲੰਮੀ ਉਮਰ ਦੀ ਪ੍ਰਾਪਤੀ ਦੇ ਵਰ ਤਕ ਸੀਮਿਤ ਕਰ ਦੇਂਦੀਆਂ ਹਨ। ਜਦੋਂ ਕਿ ਇਹ ਕਥਾ ਸਹੀ ਅਰਥਾਂ ਵਿਚ ਨਾਰੀ ਸੰਵੇਦਨਾ ਦੀ ਤਰਜਮਾਨੀ ਕਰਦੀ ਹੈ ਅਤੇ ਇਹ ਦੱਸਦੀ ਹੈ ਕਿ ਨਾਰੀ ਸੰਘਰਸ਼ ਦੀ ਗਾਥਾ ਆਧੁਨਿਕ ਸੋਚ ਨਹੀਂ, ਸਗੋਂ ਪੁਰਾਤਨ ਭਾਰਤ ਵਿਚ ਵੀ ਇਸ ਦੀਆਂ ਜੜ੍ਹਾਂ ਹਨ, ਜਿੰਨ੍ਹਾਂ ਨੂੰ ਤਲਾਸ਼ਣ ਦੀ ਲੋੜ ਹੈ।

   ਹਵਾਲੇ

[ਸੋਧੋ]

1• ਪੰਜਾਬੀ ਲੋਕਧਾਰਾ ਵਿਸ਼ਵ ਕੋਸ਼, ਭਾਗ ਅੱਠਵਾਂ

2• ਡਾ.ਰੁਪਿੰਦਰ ਕੌਰ,ਪੰਜਾਬੀ ਲੋਕਧਾਰਾ:ਸਮੱਗਰੀ ਤੇ ਪੇਸ਼ਕਾਰੀ,ਰਵੀ ਸਾਹਿਤ ਪ੍ਕਾਸ਼ਨ ਅਮਿ੍ੰਤਸਰ,ISBN:978-81-7143-532-6