ਕਹਿਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੂੜੀ ਮਿੱਟੀ ਨਾਲ ਬਣਾਈ ਘਾਣੀ ਨਾਲ ਕੰਧਾਂ ਨੂੰ ਕਾਂਡੀ ਅਤੇ ਗਰਮਾਲੇ ਨਾਲ ਪਲੱਸਤਰ ਕਰਨ ਨੂੰ ਕਹਿਗਲ ਕਹਿੰਦੇ ਹਨ। ਰਾਜ ਮਿਸਤਰੀ ਜਿਸ ਸੰਦ ਨਾਲ ਤੂੜੀ ਮਿੱਟੀ, ਗਾਰਾ ਅਤੇ ਸੀਮਿੰਟ ਚੁੱਕ ਕੇ ਕੰਧਾਂ 'ਤੇ ਲਾਉਂਦੇ ਹਨ, ਉਸ ਨੂੰ ਕਾਂਡੀ ਕਹਿੰਦੇ ਹਨ। ਜਿਸ ਸੰਦ ਨਾਲ ਤੁੜੀ ਮਿੱਟੀ, ਗਾਰੇ ਅਤੇ ਸੀਮਿੰਟ ਨੂੰ ਪੱਧਰਾ ਇਕਸਾਰ ਕੀਤਾ ਜਾਂਦਾ ਹੈ, ਉਸ ਨੂੰ ਗਰਮਾਲਾ ਕਹਿੰਦੇ ਹਨ।

ਪਹਿਲੇ ਸਮਿਆਂ ਵਿਚ ਘਰ ਕੱਚੀਆਂ ਇੱਟਾਂ ਦੇ ਬਣਾਏ ਜਾਂਦੇ ਸਨ। ਆਮ ਪਰਿਵਾਰ ਕੱਚੇ ਘਰਾਂ ਦੀਆਂ ਕੰਧਾਂ ਤੇ ਕੋਠਿਆਂ ਨੂੰ ਤੂੜੀ ਮਿੱਟੀ ਨਾਲ ਆਪ ਹੀ ਲਿਪ ਲੈਂਦੇ ਸਨ। ਜਿਹੜੇ ਪਰਿਵਾਰਾਂ ਦੀ ਆਰਥਿਕ ਹਾਲਤ ਚੰਗੀ ਹੁੰਦੀ ਸੀ ਉਹ ਕੰਧਾਂ ਉਪਰ ਰਾਜ ਮਿਸਤਰੀਆਂ ਤੋਂ ਕਹਿਗਲ ਕਰਵਾ ਲੈਂਦੇ ਸਨ। ਕਹਿਗਲ ਇਕਸਾਰ ਹੁੰਦੀ ਸੀ। ਇਸ ਲਈ ਕਹਿਗਲ ਉਪਰ ਕਲੀ, ਰੰਗ ਬੜੀ ਅਸਾਨੀ ਨਾਲ ਹੋ ਜਾਂਦਾ ਸੀ। ਜਦ ਪੱਕੀਆਂ ਇੱਟਾਂ ਦੇ ਘਰ ਬਣਨ ਲੱਗੇ, ਉਸ ਸਮੇਂ ਵੀ ਕਈ ਪਰਿਵਾਰ ਕਹਿਗਲ ਕਰਵਾ ਲੈਂਦੇ ਸਨ। ਕਹਿਗਲ ਕਰਵਾਉਣ ਨਾਲ ਗਰਮੀ ਤੋਂ ਥੋੜੀ ਰਾਹਤ ਵੀ ਮਿਲ ਜਾਂਦੀ ਸੀ। ਕਈ ਪਰਿਵਾਰ ਗਲੇਫੀ ਕੰਧਾਂ ਬਣਵਾ ਲੈਂਦੇ ਸਨ। ਗਲੇਫੀ ਕੰਧ ਉਸ ਕੰਧ ਨੂੰ ਕਹਿੰਦੇ ਹਨ ਜਿਹੜੀ ਅੰਦਰੋਂ ਕੱਚੀ ਇੱਟਾਂ ਦੀ ਬਣੀ ਹੁੰਦੀ ਸੀ ਤੇ ਬਾਹਰੋਂ ਪੱਕੀਆਂ ਇੱਟਾਂ ਦੀ। ਅੰਦਰ ਵਾਲੀ ਕੱਚੀ ਕੰਧ ਨੂੰ ਕਹਿਗਲ ਕਰਵਾ ਲੈਂਦੇ ਸਨ ਤੇ ਬਾਹਰਲੀ ਪੱਕੀ ਕੰਧ ਨੂੰ ਚੂਨੇ/ਸੀਮਿੰਟ ਨਾਲ ਪਲਸੱਤਰ। ਇਹ ਘਰ ਵੀ ਗਰਮੀ ਵਿਚ ਠੰਢੇ ਰਹਿੰਦੇ ਸਨ।

ਹੁਣ ਕਹਿਗਲ ਕਰਨ ਦਾ ਰਿਵਾਜ ਬਿਲਕੁਲ ਖਤਮ ਹੋ ਗਿਆ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.