ਕਾਲੀ ਨਾਥ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਾਲੀ ਨਾਥ ਰਾਏ (1878 - 9 ਦਸੰਬਰ 1945) ਇੱਕ ਬੰਗਾਲੀ ਰਾਸ਼ਟਰਵਾਦੀ ਪੱਤਰਕਾਰ ਅਤੇ ਅਖ਼ਬਾਰ ਦਿ ਟ੍ਰਿਬਿਊਨ ਦੇ ਮੁੱਖ ਸੰਪਾਦਕ ਸਨ। ਉਹਨਾਂ ਦੇ ਬੇਟੇ ਸਮਰੇਦਰ ਨਾਥ ਰਾਏ ਇੱਕ ਗਣਿਤ-ਸ਼ਾਸਤਰੀ ਅਤੇ ਅੰਕੜਾ ਵਿਗਿਆਨੀ ਸਨ।[1]

ਮੁੱਢਲਾ ਜੀਵਨ[ਸੋਧੋ]

ਰਾਏ ਦਾ ਜਨਮ 1878 ਵਿਚ ਬਰਤਾਨਵੀ ਭਾਰਤ ਵਿਚ ਯਾਸੌਰ ਵਿਚ ਹੋਇਆ। ਕੋਲਕਾਤਾ ਵਿਚ ਸਕੌਟਿਸ਼ ਚਰਚ ਕਾਲਜ ਵਿਚ ਐਫ.ਏ ਦਾ ਅਧਿਐਨ ਕਰਦੇ ਹੋਏ ਉਹ ਬ੍ਰਿਟਿਸ਼ ਵਿਰੋਧੀ ਅੰਦੋਲਨ ਦੇ ਵਿਚ ਸ਼ਾਮਲ ਹੋ ਗਏ ਅਤੇ ਕਾਲਜ ਛੱਡ ਦਿੱਤਾ। ਉਸਨੇ ਸੁਰੇਂਦਰਨਾਥ ਬੈਨਰਜੀ ਦੁਆਰਾ ਸੰਪਾਦਿਤ ਬੰਗਾਲੀ ਮੈਗਜ਼ੀਨ ਦੇ ਉਪ ਐਡੀਟਰ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ।[1]

ਪੇਸ਼ਾ[ਸੋਧੋ]

1911 ਵਿਚ ਰਾਏ ਸੰਪਾਦਕ ਦੇ ਰੂਪ ਵਿਚ 'ਦਿ ਪੰਜਾਬੀ' ਰਸਾਲੇ ਵਿਚ ਸ਼ਾਮਲ ਹੋ ਗਏ ਅਤੇ ਇਸ ਤੋਂ ਬਾਅਦ ਲਾਹੌਰ ਤੋਂ ਪ੍ਰਕਾਸ਼ਿਤ ਟ੍ਰਿਬਿਊਨ ਰਸਾਲੇ ਦੇ ਮੁੱਖ ਸੰਪਾਦਕ ਬਣੇ। ਉਸਨੇ ਆਪਣੇ ਕਾਲਮ ਵਿਚ ਬ੍ਰਿਟਿਸ਼ ਪੁਲਿਸ ਅਤੇ ਮਾਰਸ਼ਲ ਲਾਅ ਦਿਆਂ ਅਤਿਆਚਾਰਾਂ ਦੀ ਨਿੰਦਾ ਕੀਤੀ ਅਤੇ ਨਾਲ ਹੀ ਪ੍ਰੈੱਸ ਦੀ ਅਜ਼ਾਦੀ ਲਈ ਤਰਕ ਦਿੱਤੇ।[2] ਸਰਕਾਰ ਨੇ ਉਸ ਉਤੇ ਬਗਾਵਤ ਲਿਖਤਾਂ ਦੇ ਪ੍ਰਕਾਸ਼ਨ ਦੇ ਦੋਸ਼ ਲਾਏ।[3] ਰਾਏ ਆਪਣੇ ਨਿਰਭਉ ਅਤੇ ਬਹਾਦਰੀ ਭਰੀਆਂ ਲਿਖਤਾਂ ਲਈ ਮਸ਼ਹੂਰ ਸਨ ਅਤੇ ਕਾਲੀ ਬਾਬੂ ਵਜੋਂ ਜਾਣੇ ਜਾਂਦੇ ਸਨ।[4] ਮਹਾਤਮਾ ਗਾਂਧੀ ਨੇ 1932 ਵਿਚ ਰਾਏ ਦੀਆਂ ਰਾਜਨੀਤਿਕ ਲਿਖਤਾਂ ਦੀ ਪ੍ਰਸ਼ੰਸਾ ਕੀਤੀ ਸੀ।[5][6] ਅਪ੍ਰੈਲ 1919 ਵਿਚ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਵਿਚ ਬਰਤਾਨੀਆ ਹੱਥੋਂ ਭਾਰਤੀਆਂ ਦੇ ਕਤਲੇਆਮ ਦੇ ਦੌਰਾਨ, ਦਿ ਟ੍ਰਿਬਿਊਨ ਨੇ 6 ਅਪ੍ਰੈਲ 1919 ਨੂੰ "ਜਾਮਾ ਮਸਜਿਦ ਵਿਚ ਪ੍ਰਾਰਥਨਾ" ਨਾਂ ਦੀ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।ਕਾਲੀ ਨਾਥ ਰਾਏ ਨੂੰ ‘ਦਿ ਟ੍ਰਿਬਿਊਨ’ ਅਖ਼ਬਾਰ ਵਿਚ 6, 9 ਅਤੇ 10 ਅਪਰੈਲ, 1919 ਦੀਆਂ ਲਿਖਤਾਂ ਕਾਰਨ ਹਿੰਦ ਦੰਡਾਵਲੀ ਦਫਾ 124-ਏ ਅਧੀਨ ਬਗਾਵਤ ਭੜਕਾਉਣ ਦਾ ਦੋਸ਼ੀ ਮੰਨਿਆ ਗਿਆ ਅਤੇ ਇਸ ਦੋਸ਼ ਵਿਚ ਉਸ ਨੂੰ ਦੋ ਸਾਲ ਦੀ ਕੈਦ ਬਾਮੁਸ਼ੱਕਤ, ਇੱਕ ਹਜ਼ਾਰ ਰੁਪਏ ਜੁਰਮਾਨਾ ਜਾਂ ਜੁਰਮਾਨਾ ਨਾ ਭਰੇ ਜਾਣ ਦੀ ਸੂਰਤ ਵਿਚ ਛੇ ਮਹੀਨੇ ਦੀ ਹੋਰ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ।[4][7][8] ਕੈਦ ਦੀ ਸਜ਼ਾ ਭੁਗਤਣ ਲਈ ਕਾਲੀ ਨਾਥ ਰਾਏ ਨੂੰ ਸੈਂਟਰਲ ਜੇਲ੍ਹ, ਲਾਹੌਰ ਵਿਚ ਭੇਜਿਆ ਗਿਆ। ਜੇਲ੍ਹ ਵਿਚ ਉਹਨਾਂ ਨੂੰ ਪਹਿਲਾਂ ਭੋਜਨ ਸਬੰਧੀ ਸਮੱਸਿਆ ਆਈ ਕਿਉਂਕਿ ਇੱਥੇ ਰੋਟੀ ਦਿੱਤੀ ਜਾਂਦੀ ਸੀ ਜਿਸ ਨੂੰ ਖਾਣ ਦਾ ਉਹ ਆਦੀ ਨਹੀਂ ਸੀ, ਦੂਜਾ ਉਸ ਨੂੰ ਰੋਜ਼ਾਨਾ 12 ਸੇਰ ਕਣਕ ਪੀਹਣ ਲਈ ਦਿੱਤੀ ਜਾਂਦੀ ਸੀ। ਫਲਸਰੂਪ ਕੁਝ ਦਿਨਾਂ ਪਿੱਛੋਂ ਉਹ ਬਿਮਾਰ ਹੋ ਗਿਆ ਅਤੇ ਜੇਲ੍ਹ ਅਧਿਕਾਰੀਆਂ ਨੂੰ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਕਈ ਅਖ਼ਬਾਰਾਂ ਨੇ ਲੇਖ ਲਿਖ ਕੇ ਕਾਲੀ ਨਾਥ ਰਾਏ ਦੀ ਵਿਗੜਦੀ ਸਿਹਤ ਵੱਲ ਸਰਕਾਰ ਦਾ ਧਿਆਨ ਦੁਆਇਆ ਤਾਂ ਪੰਜਾਬ ਸਰਕਾਰ ਨੇ ਸੁਪਰਡੈਂਟ ਕੇਂਦਰੀ ਜੇਲ੍ਹ, ਲਾਹੌਰ ਨੂੰ ਹਦਾਇਤ ਕੀਤੀ ਕਿ ਕਾਲੀ ਨਾਥ ਰਾਏ ਪਾਸੋਂ ਮੁਸ਼ੱਕਤ ਲੈਂਦਿਆਂ ਉਸ ਦੇ ਰੁਤਬੇ ਨੂੰ ਧਿਆਨ ਗੋਚਰੇ ਰੱਖਿਆ ਜਾਵੇ। ਫਲਸਰੂਪ ਹਸਪਤਾਲ ਤੋਂ ਵਾਪਸੀ ਉਪਰੰਤ ਉਸ ਨੂੰ ਘੱਟ ਮੁਸ਼ੱਕਤ ਵਾਲਾ ਕੰਮ ਭਾਵ ਜਿਲਦਾਂ ਬੰਨ੍ਹਣ ਦਾ ਕੰਮ ਦਿੱਤਾ ਗਿਆ। ਖਾਣੇ ਵਿਚ ਸੁਧਾਰ ਨਾ ਹੋਣ ਕਾਰਨ ਉਸ ਨੂੰ ਬਿਮਾਰੀ ਕਾਰਨ ਇੱਕ ਵਾਰ ਫਿਰ 19 ਜੂਨ ਤੋਂ ਤਿੰਨ ਦਿਨ ਲਈ ਜੇਲ੍ਹ ਦੇ ਹਸਪਤਾਲ ਵਿਚ ਰਹਿਣਾ ਪਿਆ ਤਾਂ ਫਿਰ ਕਿਧਰੇ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਖਾਣ ਲਈ ਚੌਲ ਦੇਣੇ ਸ਼ੁਰੂ ਕੀਤੇ।[9] ਲਾਹੌਰ ਵਿਖੇ ਬੰਗਾਲੀ ਵਕੀਲ ਸੁਧੀਰ ਮੁਖੋਪਾਧਿਆਏ ਨੇ ਅਦਾਲਤ ਵਿਚ ਅਪੀਲ ਕੀਤੀ ਅਤੇ ਬਚਾਅ ਦੀ ਕਾਰਵਾਈ ਕੀਤੀ ਅਤੇ ਲੋਕਾਂ ਨੇ ਇਸ ਕੇਸ ਨੂੰ ਚਲਾਉਣ ਲਈ ਧਨ ਇਕੱਠਾ ਕੀਤਾ। ਰਬਿੰਦਰਨਾਥ ਟੈਗੋਰ ਨੇ ਵੀ ਉਹਨਾਂ ਦੀ ਰਿਹਾਈ ਲਈ ਨਿੱਜੀ ਤੌਰ 'ਤੇ ਕੋਸ਼ਿਸ਼ ਕੀਤੀ।[1]

ਜੂਨ ਵਿਚ ਕਾਲੀ ਨਾਥ ਰਾਏ ਨੇ ਇੱਕ ਅਪੀਲ ਗਵਰਨਰ ਜਨਰਲ ਅੱਗੇ ਪੇਸ਼ ਕੀਤੀ ਜੋ ਹਿੰਦੁਸਤਾਨ ਸਰਕਾਰ ਨੇ ਮੁਲਜ਼ਮ ਨਾਲ ਨਰਮੀ ਵਰਤਣ ਦਾ ਸੁਝਾਅ ਦਿੰਦਿਆਂ ਟਿੱਪਣੀ ਹਿੱਤ ਪੰਜਾਬ ਸਰਕਾਰ ਨੂੰ ਭੇਜੀ। ਪੰਜਾਬ ਸਰਕਾਰ ਨੇ ਸੁਝਾਅ ਦਿੱਤਾ ਕਿ ਇੱਕ ਤਾਂ ਕੈਦ ਬਾਮੁਸ਼ੱਕਤ ਨੂੰ ਸਾਧਾਰਨ ਕੈਦ ਵਿਚ ਨਾ ਬਦਲਿਆ ਜਾਵੇ ਅਤੇ ਦੂਜਾ ਕੈਦ ਦਾ ਸਮਾਂ ਜੋ ਵੀ ਹੋਵੇ ਉਹ ਗ੍ਰਿਫ਼ਤਾਰੀ ਦੇ ਦਿਨ ਤੋਂ ਨਹੀਂ, ਕਮਿਸ਼ਨ ਵੱਲੋਂ ਫ਼ੈਸਲਾ ਸੁਣਾਏ ਜਾਣ ਦੇ ਦਿਨ ਤੋਂ ਗਿਣਿਆ ਜਾਵੇ। ਗਵਰਨਰ ਜਨਰਲ ਨੇ ਇਹ ਸੁਝਾਅ ਪ੍ਰਵਾਨ ਕਰਦਿਆਂ ਕਾਲੀ ਨਾਥ ਰਾਏ ਦੀ ਕੈਦ ਦੀ ਸਜ਼ਾ ਦੋ ਸਾਲ ਤੋਂ ਘਟਾ ਕੇ ਤਿੰਨ ਮਹੀਨੇ ਬਾਮੁਸ਼ੱਕਤ ਕਰ ਦਿੱਤੀ। ਇੱਕ ਹਜ਼ਾਰ ਜੁਰਮਾਨਾ ਭਰਨ ਦੀ ਸਜ਼ਾ ਕਾਇਮ ਰਹੀ। ਹਿੰਦੋਸਤਾਨ ਸਰਕਾਰ ਦੇ ਪੱਤਰ ਨੰ: 1370 ਮਿਤੀ 1 ਜੁਲਾਈ ਰਾਹੀਂ ਇਹ ਸੂਚਨਾ ਪੰਜਾਬ ਸਰਕਾਰ ਨੂੰ ਭੇਜੀ ਗਈ। ਇੱਕ ਹਜ਼ਾਰ ਰੁਪਏ ਜੁਰਮਾਨੇ ਵਜੋਂ ਭਰਨ ਪਿੱਛੋਂ ਕਾਲੀ ਨਾਥ ਰਾਏ ਨੇ ਸਜ਼ਾ ਖਿਲਾਫ਼ ਪ੍ਰਿਵੀ ਕੌਂਸਲ ਕੋਲ ਅਪੀਲ ਕੀਤੀ, ਪਰ ਇਸ ਬਾਰੇ ਪ੍ਰਿਵੀ ਕੌਂਸਲ ਵੱਲੋਂ ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਹੀ ਉਸ ਦੀ ਤਿੰਨ ਮਹੀਨੇ ਦੀ ਸਜ਼ਾ ਪੂਰੀ ਹੋ ਗਈ। ਫਲਸਰੂਪ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਉਸ ਨੇ ਮੁੜ ‘ਦਿ ਟ੍ਰਿਬਿਊਨ’ ਵਿਚ ਆਪਣੀ ਜ਼ਿੰਮੇਵਾਰੀ ਸੰਭਾਲ ਲਈ।[9]

ਮੌਤ[ਸੋਧੋ]

ਲਾਹੌਰ ਦੀ ਗੰਭੀਰ ਸਰਦੀ ਵਿੱਚ ਰਾਏ ਦੀ ਸਿਹਤ ਤੇਜ਼ੀ ਨਾਲ ਵਿਗੜੀ। ਉਹ 1 ਦਸੰਬਰ 1945 ਨੂੰ ਲਾਹੌਰ ਛੱਡ ਗਏ। ਇਸ ਯਾਤਰਾ ਦੌਰਾਨ ਠੰਢ ਦੀ ਜਕੜ ਵਿੱਚ ਆ ਜਾਣ ਕਾਰਨ 9 ਦਸੰਬਰ 1945 ਨੂੰ ਕੋਲਕਾਤਾ ਵਿਚ ਉਸ ਦੀ ਮੌਤ ਹੋ ਗਈ।[10]

ਹਵਾਲੇ[ਸੋਧੋ]

  1. 1.0 1.1 1.2 Vol - I, Subodh C. Sengupta & Anjali Basu (2002). Sansab Bangali Charitavidhan (Bengali). Kolkata: Sahitya Sansad. p. 88. ISBN 81-85626-65-0. 
  2. John L. Hill. "The Congress and Indian Nationalism: Historical Perspectives". Retrieved September 14, 2018. 
  3. Benjamin Guy Horniman. "British Administration and the Amritsar Massacre". Retrieved September 14, 2018. 
  4. 4.0 4.1 Uma Das Gupta. "Friendships of 'Largeness and Freedom': Andrews, Tagore, and Gandhi". Retrieved September 14, 2018. 
  5. Vir Bala Aggarwal, V. S. Gupta. "Handbook of Journalism and Mass Communication". Retrieved September 14, 2018. 
  6. "Babu Kalinath Roy". Retrieved September 14, 2018. 
  7. "Kali Nath Roy vs The King-Emperor on 9 December, 1920". indiankanoon.org. Retrieved September 14, 2018. 
  8. "Remembering our founder". Retrieved September 14, 2018. 
  9. 9.0 9.1 ਗੁਰਦੇਵ ਸਿੰਘ ਸਿੱਧੂ (2019-04-13). "'ਦਿ ਟ੍ਰਿਬਿਊਨ' ਦੇ ਸੰਪਾਦਕ ਦੀ ਜੇਲ੍ਹ ਯਾਤਰਾ". Punjabi Tribune Online (in ਹਿੰਦੀ). Retrieved 2019-04-13. 
  10. J. NATARAJAN. "History of Indian Journalism". Retrieved September 14, 2018.