ਸਮੱਗਰੀ 'ਤੇ ਜਾਓ

ਚਾਣਕਿਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕੌਟਿਲੀਆ ਤੋਂ ਮੋੜਿਆ ਗਿਆ)
ਚਾਣਕੇ
ਇੱਕ ਕਲਾਕਾਰ ਦੀ ਕਲਪਨਾ ਦਾ ਚਾਣਕਿਆ
ਜਨਮਤਕਰੀਬਨ 370 ਈਪੂ
ਮੌਤਤਕਰੀਬਨ 283 ਈਪੂ
ਪਾਟਲੀਪੁੱਤਰ
ਹੋਰ ਨਾਮਕੌਟਲਿਆ, ਵਿਸ਼ਨੂੰਗੁਪਤ
ਅਲਮਾ ਮਾਤਰਤਕਸ਼ਿਲਾ
ਪੇਸ਼ਾਆਚਾਰੀਆ; ਚੰਦਰਗੁਪਤ ਮੌਰੀਆ ਦਾ ਸਲਾਹਕਾਰ
ਲਈ ਪ੍ਰਸਿੱਧਮੌਰੀਆ ਸਲਤਨਤ ਦੀ ਨੀਂਹ ਰੱਖਣਾ
ਜ਼ਿਕਰਯੋਗ ਕੰਮਅਰਥਸ਼ਾਸਤਰ (ਲੇਖਕ ਹੋਣ ਸੰਬੰਧੀ ਵਿਵਾਦ), ਚਾਣਕ ਨੀਤੀ

ਚਾਣਕੇ ਜਾਂ ਚਾਣਕਿਆ (pronunciation ; ਤਕਰੀਬਨ 370–283 ਈਪੂ)[1] ਇੱਕ ਭਾਰਤੀ, ਦਾਰਸ਼ਨਿਕ ਅਤੇ ਚੰਦਰਗੁਪਤ ਮੌਰੀਆ ਦਾ ਸਲਾਹਕਾਰ ਸੀ। ਉਹ ਕੌਟਿਲਿਆ ਨਾਮ ਨਾਲ ਵੀ ਪ੍ਰਸਿੱਧ ਹੈ। ਉਸ ਨੇ ਨੰਦਵੰਸ਼ ਦਾ ਨਾਸ਼ ਕਰ ਕੇ ਚੰਦਰਗੁਪਤ ਮੌਰੀਆ ਨੂੰ ਰਾਜਾ ਬਣਾਇਆ। ਉਸ ਦੀ ਰਚਨਾ ਅਰਥ ਸ਼ਾਸਤਰ ਰਾਜਨੀਤੀ ਅਤੇ ਸਮਾਜਕ ਨੀਤੀ ਆਦਿ ਦਾ ਮਹਾਨ ਗ੍ਰੰਥ ਹੈ। ਇਸ ਨੂੰ ਮੌਰੀਆਕਾਲੀਨ ਭਾਰਤੀ ਸਮਾਜ ਦਾ ਦਰਪਣ ਮੰਨਿਆ ਜਾਂਦਾ ਹੈ।

ਮੁੱਢਲਾ ਜੀਵਨ

[ਸੋਧੋ]

ਜਨਮ ਲੈਣ ਵੇਲੇ ਬੱਤੀ ਦੰਦ ਹੋਣ ਕਰ ਕੇ ਉਸ ਨਾਲ ਅਨੇਕਾਂ ਮਿੱਥਾਂ ਜੁੜ ਗਈਆਂ। ਲੋਕ ਵਿਸ਼ਵਾਸ ਮੁਤਾਬਕ ਬੱਤੀ ਦੰਦਾਂ ਸਮੇਤ ਜਨਮ ਲੈਣ ਵਾਲੇ ਦਾ ਵੱਡਾ ਹੋ ਕੇ ਰਾਜਾ ਬਣਨਾ ਨਿਸ਼ਚਿਤ ਸੀ। ਉਸ ਸਮੇਂ ਕਿਸੇ ਰਿਸ਼ੀ ਘਰ ਜਨਮ ਲੈਣ ਵਾਲੇ ਦਾ ਰਾਜਾ ਬਣਨਾ ਮੁਨਾਸਿਬ ਨਹੀਂ ਸੀ ਮੰਨਿਆ ਜਾਂਦਾ ਜਿਸ ਕਰ ਕੇ ਉਸ ਦੀ ਬੱਤੀਸੀ ਤੋੜ ਦਿੱਤੀ ਗਈ। ਲੋਕਾਂ ਦਾ ਵਿਸ਼ਵਾਸ ਸੀ ਕਿ ਬੱਤੀਸੀ ਕੱਢਣ ਤੋਂ ਬਾਅਦ ਚਾਣਕਿਆ ਰਾਜ ਤਾਂ ਕਰੇਗਾ ਪਰ ਉਸ ਦੀ ਪ੍ਰਤੀਨਿਧਤਾ ਕੋਈ ਹੋਰ ਕਰੇਗਾ। ਉਸ ਦਾ ਅਸਲੀ ਨਾਂ ਭਾਵੇਂ ਵਿਸ਼ਨੂ ਗੁਪਤ ਸੀ ਪਰ ਉਹ ਚਾਣਕਿਆ ਜਾਂ ਕੌਟੱਲਿਆ ਕਰ ਕੇ ਵਧੇਰੇ ਮਸ਼ਹੂਰ ਹੋਇਆ। ਸੰਸਾਰ ਪ੍ਰਸਿੱਧ ਇਸ ਨੀਤੀਘਾੜੇ ਦਾ ਜਨਮ ਅਣਵੰਡੇ ਪੰਜਾਬ ਦੀ ਧਰਤੀ, ਤਕਸ਼ਿਲਾ ਤਹਿਸੀਲ ਵਿੱਚ ਹੋਇਆ, ਜਿਸ ਨੂੰ ਬੋਧੀਆਂ ਦਾ ਸਭ ਤੋਂ ਵੱਡਾ ਵਿਸ਼ਵ-ਵਿਦਿਆਲਾ ਹੋਣ ਦਾ ਮਾਣ ਹਾਸਲ ਹੈ। ਹਿੰਦੁਸਤਾਨ ਦੀ ਵੰਡ ਤੋਂ ਬਾਅਦ ਉਸ ਦੀ ਜਨਮ ਭੋਇੰ ਲਹਿੰਦੇ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹੇ ਵਿੱਚ ਆ ਗਈ। ਤਕਸ਼ਿਲਾ, ਪਾਕਿਸਤਾਨ ਦੀ ਰਾਜਧਾਨੀ, ਇਸਲਾਮਾਬਾਦ ਤੋਂ ਕੇਵਲ 32 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਤਰ੍ਹਾਂ ਸੰਸਾਰ ਦੇ ਸਭ ਤੋਂ ਪ੍ਰਾਚੀਨ ਗ੍ਰੰਥ, ਰਿਗਵੇਦ ਵਾਂਗ ‘ਚਾਣਕ-ਨੀਤੀ’ ਅਤੇ ‘ਅਰਥ-ਸ਼ਾਸਤਰ’ ਵੀ ਪੰਜਾਬ ਦੀ ਜ਼ਰਖ਼ੇਜ਼ ਭੂਮੀ ‘ਤੇ ਹੀ ਰਚੇ ਗਏ ਮੰਨੇ ਜਾਂਦੇ ਹਨ। ਪ੍ਰਸਿੱਧ ਵਿਆਕਰਨੀ ਪਾਣਨੀ ਵੀ ਇਸੇ ਵਿਸ਼ਵ-ਵਿਦਿਆਲੇ ਦਾ ਵਿਦਿਆਰਥੀ ਸੀ।

ਚੰਦਰ ਗੁਪਤ ਨਾਲ ਸੰਬੰਧ

[ਸੋਧੋ]

ਚਣਕਯ ਰਿਸ਼ੀ ਦੇ ਵੰਸ਼ ਵਿੱਚ ਪੈਦਾ ਹੋਣ ਵਾਲਾ, ਚਾਣਕਿਆ ਦਿੱਬ ਦ੍ਰਿਸ਼ਟੀ ਦਾ ਸਵਾਮੀ ਸੀ ਜਿਹੜਾ ਦੂਜਿਆਂ ਦੇ ਦਿਲਾਂ ਵਿਚਲੇ ਵਿੰਗ-ਵਲੇਵਿਆਂ ਦਾ ਅਕਸ ਅੱਖਾਂ ਵਿੱਚ ਉਤਾਰ ਲੈਂਦਾ ਸੀ। ਉਹ ਚੰਦਰ ਗੁਪਤ ਮੌਰੀਆ ਮੌਰੀਆਵੰਸ਼ੀ ਰਾਜ ਦਾ ਵਿਧਾਤਾ ਤੇ ਮਹਾਨ ਨੀਤੀਘਾੜਾ ਸੀ। ਉਸ ਨੇ ਆਪਣੀ ਲਿਆਕਤ ਅਤੇ ਚਤੁਰਾਈ ਸਦਕਾ ਨੰਦ ਵੰਸ਼ ਨੂੰ ਤਬਾਹ ਕਰ ਕੇ ਚੰਦਰ ਗੁਪਤ ਨੂੰ ਮਹਾਰਾਜਾ ਬਣਾਉਣ ਦਾ ਆਪਣਾ ਸੰਕਲਪ ਪੂਰਾ ਕੀਤਾ। ਚੰਦਰ ਗੁਪਤ ਮੌਰੀਆ ਨੇ ਪੰਜਾਬੀਆਂ ਦੇ ਕੌਮੀ ਜਜ਼ਬੇ ਨੂੰ ਉਭਾਰ ਕੇ ਯੂਨਾਨੀਆਂ ਦੀ ਮਹਾਂਸ਼ਕਤੀ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਮੌਰੀਆ ਵੰਸ਼ ਦਾ ਰਾਜ ਲਗਪਗ ਡੇਢ ਸੌ ਸਾਲ ਰਿਹਾ। ਇਸ ਘਰਾਣੇ ਦਾ ਸਭ ਤੋਂ ਵੱਧ ਪਰਤਾਪੀ ਰਾਜਾ ਅਸ਼ੋਕ (273-232 ਪੂਰਵ ਈਸਵੀ) ਹੋਇਆ ਹੈ। ਮੌਰੀਆ ਵੰਸ਼ ਦੇ ਰਾਜ-ਭਾਗ ਦੀਆਂ ਮਜ਼ਬੂਤ ਨੀਂਹਾਂ ਚਿਣਨ ਵਾਲਾ ਚਾਣਕਿਆ ਹੀ ਸੀ।

ਚਾਣਕਿਆ ਦਾ ‘ਅਰਥ-ਸ਼ਾਸਤਰ’

[ਸੋਧੋ]

ਮੁਦਰਾਰਾਕਸ਼ਸ ਦੇ ਅਨੁਸਾਰ ਇਨ੍ਹਾਂ ਦਾ ਅਸਲੀ ਨਾਮ ਚਾਣਕਿਆ ਸੀ। ਵਿਸ਼ਣੁਪੁਰਾਣ, ਭਾਗਵਤਪੁਰਾਣ ਆਦਿ ਪੁਰਾਣਾਂ ਅਤੇ ਕਥਾਸਰਿਤਸਾਗਰ ਆਦਿ ਸੰਸਕ੍ਰਿਤ ਗ੍ਰੰਥਾਂ ਵਿੱਚ ਤਾਂ ਚਾਣਕਿਆ ਦਾ ਨਾਮ ਆਉਂਦਾ ਹੈ। ਬੋਧੀ ਗਰੰਥਾਂ ਵਿੱਚ ਵੀ ਇਸ ਦੀ ਕਥਾ ਬਰਾਬਰ ਮਿਲਦੀ ਹੈ। ਚਾਣਕਿਆ ਦਾ ‘ਅਰਥ-ਸ਼ਾਸਤਰ’ ਮੌਰੀਆ ਕਾਲੀਨ ਸ਼ਾਸਨ-ਪ੍ਰਣਾਲੀ, ਰਾਜੇ ਦੇ ਕਰਤੱਵਾਂ, ਸ਼ਕਤੀਆਂ ਅਤੇ ਨਿਆਂ-ਪ੍ਰਣਾਲੀ ਆਦਿ ਬਾਰੇ ਰੋਸ਼ਨੀ ਪਾਉਂਦਾ ਹੈ। ਰਾਜੇ ਦੀਆਂ ਸ਼ਕਤੀਆਂ ਅਤੇ ਵਿਸ਼ੇਸ਼ਤਾਵਾਂ ਬਾਰੇ ਉਹ ਲਿਖਦਾ ਹੈ, ਰਾਜ ਵਿਸਥਾਰ ਲਈ ਉਸ ਨੂੰ ਅਜਿਹਾ ਜਚਾਉਣਾ ਚਾਹੀਦਾ ਹੈ ਜਿਵੇਂਕਿ ਉਹ ਧਰਮ ਯੁੱਧ ਲਈ ਕਰ ਰਿਹਾ ਹੈ। ਕੌਟਿਲਯ ਦੀ ਇਹ ਕੁਟਿਲਨੀਤੀ ਹਰ ਸਮੇਂ ‘ਤੇ ਢੁਕਦੀ ਹੈ। ਉਸ ਵੱਲੋਂ ਪਾਈ ਧਰਮ ਅਤੇ ਰਾਜਨੀਤੀ ਦੀ ਪੀਢੀ ਗੰਢ ਕਈ ਸਦੀਆਂ ਬੀਤਣ ਬਾਅਦ ਵੀ ਨਹੀਂ ਖੁੱਲ੍ਹ ਸਕੀ। ਮੌਰੀਆ ਵੰਸ਼ ਦੇ ਪਤਨ ਤੋਂ ਬਾਅਦ ਚਾਣਕਿਆ ਵੱਲੋਂ ਰਚੇ ਸ਼ਲੋਕ ਅਤੇ ਸੂਤਰ ਇਸ ਰਾਜ-ਭਾਗ ਦੇ ਖੰਡਰਾਤ ਹੇਠਾਂ ਦੱਬੇ ਗਏ। ਇਹ ਅਮੁੱਲਾ ਜ਼ਖ਼ੀਰਾ ਕਈ ਸਦੀਆਂ ਬਾਅਦ, ਸੰਨ 1915 ਵਿੱਚ ਹੱਥ ਲੱਗਿਆ ਤਾਂ ਸੰਸਾਰ ਪੱਧਰ ‘ਤੇ ਇਸ ਦੀ ਚਰਚਾ ਛਿੜ ਪਈ। ਪਹਿਲੇ ਗ੍ਰੰਥ ਵਿੱਚ ਅਰਥ ਨਾਲ ਸਬੰਧਤ ਸੂਤਰ ਹਨ, ਜਦਕਿ ਦੂਜੇ ਵਿੱਚ ਸ਼ਲੋਕ। ਇਸ ਵਿੱਚ 17 ਅਧਿਆਏ ਅਤੇ 333 ਸ਼ਲੋਕ ਹਨ। ਮੌਰੀਆ ਸਲਤਨਤ ਦੇ ਅਸਲ ਉਸਰੱਈਏ ਮੰਨੇ ਜਾਣ ਵਾਲੇ ਚਾਣਕਿਆ ਨੂੰ ਰਾਜਨੀਤੀ ਲਈ ਕੁਟਿਲਨੀਤੀ ਦੇ ਮੋਢੀਆਂ ਵਿੱਚ ਗਿਣਿਆ ਜਾਂਦਾ ਹੈ। ਉਸ ਦੇ ਕਈ ਵਿਚਾਰਾਂ ਨਾਲ ਮੱਤਭੇਦ ਹੋਣ ਦੇ ਬਾਵਜੂਦ ਚਾਣਕਿਆ-ਨੀਤੀ ਦੇ ਅਣਗਿਣਤ ਸ਼ਲੋਕ ਲੋਕ-ਮੁਹਾਵਰਿਆਂ ਦੇ ਹਾਣ ਦੇ ਹਨ ਜਿਹਨਾਂ ‘ਤੇ ਯੁੱਗਗ਼ਰਦੀ ਦਾ ਕੋਈ ਅਸਰ ਨਹੀਂ ਹੋਇਆ।

ਮਹਾਨ ਵਿਚਾਰ

[ਸੋਧੋ]

ਅਰਥ ਸ਼ਾਸਤਰ ਸ਼ਾਸਨ ਕਲਾ ਬਾਰੇ, ਇੱਕ ਰਾਜ ਨੂੰ ਚਲਾਣ ਦੇ ਢੰਗ ਬਾਰੇ, ਇੱਕ ਉੱਚੇਰੇ ਉਦੇਸ਼ ਤੋਂ ਸੁਚੇਤ, ਸਪਸ਼ਟ ਅਤੇ ਆਪਣੇ ਨੁਸਖਿਆਂ ਵਿੱਚ ਸਟੀਕ, ਰਾਜ ਚਲਾਣ ਦੇ ਵਿਵਹਾਰਕ ਅਨੁਭਵ ਵਿੱਚੋਂ ਬਣਿਆ ਇੱਕ ਗੰਭੀਰ ਕਿਤਾਬਚਾ ਹੈ। ਇਹ ਸਿਰਫ ਇੱਕ ਆਦਰਸ਼ਮੂਲਕ ਪਾਠ ਨਹੀਂ ਹੈ ਸਗੋਂ ਰਾਜ ਚਲਾਣ ਦੀ ਕਲਾ ਦਾ ਯਥਾਰਥਵਾਦੀ ਵਰਣਨ ਹੈ।

- ਸ਼ਿਵ ਸ਼ੰਕਰ ਮੇਨਨ, ਰਾਸ਼ਟਰੀ ਸੁਰੱਖਿਆ ਸਲਾਹਕਾਰ[2]

  • ਲੱਛਮੀ ਤਾਂ ਹਮੇਸ਼ਾ ਚੱਲਦੀ ਰਹਿੰਦੀ ਹੈ। ਮੁਸੀਬਤ ਵੇਲੇ ਜੋੜਿਆ ਧਨ ਆਪਣੇ ਆਪ ਨਸ਼ਟ ਹੋ ਜਾਂਦਾ ਹੈ।
  • ਜੋ ਵਿਅਕਤੀ ਮੂੰਹ ‘ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਹੋਵੇ ਤੇ ਪਿੱਠ ਪਿੱਛੇ ਹੋਰ ਹੋਵੇ, ਅਜਿਹੇ ਮਿੱਤਰ ਨੂੰ ਤਿਆਗ ਦੇਣਾ ਚਾਹੀਦਾ ਹੈ। ਉਹ ਉਸ ਘੜੇ ਵਾਂਗ ਹੁੰਦਾ ਹੈ, ਜਿਸ ਦੇ ਮੂੰਹ ਉੱਪਰ ਤਾਂ ਦੁੱਧ ਲੱਗਿਆ ਹੋਵੇ ਪਰ ਅੰਦਰ ਜ਼ਹਿਰ ਭਰਿਆ ਹੋਵੇ।
  • ਸਾਰੇ ਪਹਾੜਾਂ ਉੱਪਰ ਲਾਲ ਜਾਂ ਗੁਲਾਬੀ ਰਤਨ ਨਹੀਂ ਮਿਲਦੇ। ਸਾਰੇ ਹਾਥੀਆਂ ਦੇ ਸਿਰਾਂ ਵਿੱਚ ਨਾ ਹੀ ਮੋਤੀ ਉਤਪੰਨ ਹੁੰਦੇ ਹਨ। ਇਸੇ ਤਰ੍ਹਾਂ ਸੱਜਣ ਅਥਵਾ ਉੱਤਮ-ਪੁਰਸ਼ ਨਹੀਂ ਮਿਲਦੇ। ਨਾ ਹੀ ਹਰੇਕ ਵਣ ਅੰਦਰ ਚੰਦਨ ਰੁੱਖ ਮਿਲਦੇ ਹਨ। ਸੱਜਣ ਬਣਨਾ ਔਖਾ ਹੈ। ਸੱਜਣ ਪੁਰਸ਼ ਹੀਰੇ-ਜਵਾਹਰਾਤ ਤੋਂ ਵੀ ਵੱਧ ਕੀਮਤੀ ਹੈ।
  • ਪੰਛੀ, ਉਸ ਰੁੱਖ ਨੂੰ ਤਿਆਗ ਦਿੰਦੇ ਹਨ, ਜੋ ਫਲ-ਰਹਿਤ ਹੋਵੇ। ਪ੍ਰਾਹੁਣਾ, ਭੋਜਨ ਕਰ ਕੇ ਘਰ ਨੂੰ ਛੱਡ ਦਿੰਦਾ ਹੈ।
  • ਦੁਸ਼ਮਣ ਨੂੰ ਮੁਸੀਬਤ ਤੇ ਕਸ਼ਟ ਝੱਲਣ ਲਈ ਮਜਬੂਰ ਕਰ ਦੇਣਾ ਚਾਹੀਦਾ ਹੈ।
  • ਦੁਰਜਨ ਅਤੇ ਸੱਪ ਨਾਲੋਂ, ਸੱਪ ਚੰਗਾ ਹੈ। ਸੱਪ ਤਾਂ ਸਮਾਂ ਆਉਣ ‘ਤੇ ਹੀ ਡੰਗ ਮਾਰਦਾ ਹੈ ਪਰ ਦੁਰਜਨ ਹਰ ਸਮੇਂ ਪੈਰ-ਪੈਰ ‘ਤੇ ਨੁਕਸਾਨ ਕਰਦਾ ਹੈ।
  • ਪਰਲੋ ਸਮੇਂ ਸਮੁੰਦਰ ਆਪਣੀ ਮਰਿਆਦਾ ਭੰਗ ਕਰਦੇ ਹਨ। ਸੱਜਣ ਪੁਰਸ਼ ਪਰਲੋ ਸਮੇਂ ਵੀ ਮਰਿਆਦਾ ਕਾਇਮ ਰੱਖਦੇ ਹਨ। ਅਨੁਸ਼ਾਸਨ ਵਿੱਚ ਰਹਿ ਕੇ ਕਸ਼ਟ ਝੱਲਦੇ ਹਨ।
  • ਮੂਰਖ਼ ਤੋਂ ਦੂਰ ਰਹਿਣਾ ਹੀ ਉਚਿਤ ਹੈ ਕਿਉਂਕਿ ਉਹ ਪਰੋਖ ਰੂਪ ਵਿੱਚ ਦੋ ਪੈਰਾਂ ਵਾਲਾ ਪਸ਼ੂ ਹੈ।
  • ਕਰੂਪ ਵਿਅਕਤੀਆਂ ਦਾ ਰੂਪ ਉਨ੍ਹਾਂ ਦਾ ਗਿਆਨ ਹੈ।
  • ਜਿਵੇਂ ਅੱਗ ਨਾਲ ਜਲਦਾ ਹੋਇਆ ਇੱਕ ਸੁੱਕਾ ਰੁੱਖ ਹੀ ਸਾਰੇ ਜੰਗਲ ਨੂੰ ਜਲਾ ਦਿੰਦਾ ਹੈ, ਤਿਵੇਂ ਭੈੜਾ ਪੁੱਤਰ ਸਾਰੇ ਖ਼ਾਨਦਾਨ ਦੇ ਗੌਰਵ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ।”
  • ਰਿਸ਼ਤੇਦਾਰਾਂ ਤੋਂ ਬਿਨਾਂ ਵਿਅਕਤੀ ਲਈ ਦਸ ਦਿਸ਼ਾਵਾਂ ਵੀ ਸੁੰਞੀਆਂ ਹਨ। ਮੂਰਖ ਦਾ ਹਿਰਦੈ ਵੀ ਸੁੰਞਾ ਹੁੰਦਾ ਹੈ ਪਰ ਦਰਿੱਦਰ ਲਈ ਸਭ ਕੁਝ ਸੁੰਞਾ ਹੁੰਦਾ ਹੈ।
  • ਇੱਕੋ ਮਾਂ-ਬਾਪ ਤੋਂ ਇੱਕੋ ਨਛੱਤਰ ਵਿੱਚ ਜਨਮੇ ਹੋਏ ਸਾਰੇ ਬੱਚੇ ਗੁਣ, ਕਰਮ ਤੇ ਸੁਭਾਅ ਤੋਂ ਇੱਕ ਸਮਾਨ ਨਹੀਂ ਹੁੰਦੇ। ਜਿਵੇਂ ਬੇਰ ਤੇ ਉਸ ਦੇ ਕੰਡੇ ਇੱਕ ਸਮਾਨ ਨਹੀਂ ਹੁੰਦੇ।
  • ਆਲਸ ਨਾਲ ਗਿਆਨ ਤਬਾਹ ਹੋ ਜਾਂਦਾ ਹੈ…ਬੀਜ ਦੀ ਘਾਟ ਨਾਲ ਖੇਤ ਨਸ਼ਟ ਹੋ ਜਾਂਦਾ ਹੈ।
  • ਕਾਮ ਸਮਾਨ ਕੋਈ ਰੋਗ ਨਹੀਂ। ਮੋਹ ਵਰਗਾ ਕੋਈ ਦੁਸ਼ਮਣ ਨਹੀਂ। ਕ੍ਰੋਧ ਵਰਗੀ ਕੋਈ ਅੱਗ ਨਹੀਂ ਅਤੇ ਗਿਆਨ ਤੋਂ ਵਧ ਕੇ ਸੰਸਾਰ ਵਿੱਚ ਹੋਰ ਕੋਈ ਸੁਖ ਨਹੀਂ।
  • ਸਮੁੰਦਰਾਂ ਵਿੱਚ ਮੀਂਹ, ਰੱਜੇ ਹੋਏ ਨੂੰ ਭੋਜਣ ਛਕਾਉਣਾ, ਧਨਵਾਨ ਨੂੰ ਦਾਨ ਕਰਨਾ ਅਤੇ ਦਿਨ ਵੇਲੇ ਦੀਵੇ ਜਗਾਉਣਾ, ਸਭ ਵਿਅਰਥ ਹਨ।
  • ਗ਼ਰੀਬ ਧਨ ਚਾਹੁੰਦੇ ਹਨ। ਪਸ਼ੂ ਬੋਲਣਾ ਚਾਹੁੰਦੇ ਹਨ।
  • ਕਾਲ ਨੂੰ ਕੋਈ ਬੰਨ੍ਹ ਕੇ ਨਹੀਂ ਰੱਖ ਸਕਦਾ।
  • ਜਨਮ ਦੇ ਅੰਨ੍ਹੇ ਨੂੰ ਦਿਖਾਈ ਨਹੀਂ ਦਿੰਦਾ। ਕਾਮ ਵਿੱਚ ਅੰਨ੍ਹੇ ਅਤੇ ਸ਼ਰਾਬ ਵਿੱਚ ਧੁੱਤ ਨੂੰ ਵੀ ਕੁਝ ਦਿਖਾਈ ਨਹੀਂ ਦਿੰਦਾ।
  • ਮਨੁੱਖ, ਜਿਹੜਾ ਵੀ ਛੋਟਾ ਜਾਂ ਵੱਡਾ ਕੰਮ ਕਰਨਾ ਚਾਹਵੇ, ਉਸ ਨੂੰ ਪੂਰੀ ਸ਼ਕਤੀ ਲਾ ਕੇ ਕਰੇ। ਇਹ ਸਿੱਖਿਆ, ਉਸ ਨੂੰ ਸ਼ੇਰ ਤੋਂ ਗ੍ਰਹਿਣ ਕਰਨੀ ਚਾਹੀਦੀ ਹੈ।
  • ਪ੍ਰਭੂ ਨੇ ਸੋਨੇ ਵਿੱਚ ਖ਼ੁਸ਼ਬੂ ਨਹੀਂ ਪਾਈ, ਇੱਖ (ਗੰਨੇ) ‘ਤੇ ਕੋਈ ਫਲ ਨਹੀਂ ਲਾਇਆ। ਚੰਦਨ ਰੁੱਖ ‘ਤੇ ਫੁੱਲ ਨਹੀਂ ਲਾਏ। ਵਿਦਵਾਨ ਨੂੰ ਧਨੀ ਅਤੇ ਰਾਜਾ ਨੂੰ ਦੀਰਘ ਜੀਵੀ ਨਹੀਂ ਬਣਾਇਆ। ਇੰਜ ਲੱਗਦਾ ਹੈ ਕਿ ਪੂਰਵਕਾਲ ਵਿੱਚ ਪ੍ਰਭੂ ਨੂੰ ਕੋਈ ਅਕਲ ਦੇਣ ਵਾਲਾ ਨਹੀਂ ਸੀ।
  • ਸੱਪ, ਰਾਜਾ, ਚਿਤਾ, ਬਾਲਕ, ਦੂਜੇ ਦਾ ਕੁੱਤਾ ਅਤੇ ਮੂਰਖ, ਇਨ੍ਹਾਂ ਨੂੰ ਸੌਂਦੇ ਸਮੇਂ ਨਹੀਂ ਜਗਾਉਣਾ ਚਾਹੀਦਾ।
  • ਵਿਸ਼ਹੀਣ ਸੱਪ ਨੂੰ ਵੀ ਆਪਣਾ ਫ਼ਨ ਫ਼ੈਲਾਉਣਾ ਚਾਹੀਦਾ ਹੈ। ਉਸ ਵਿੱਚ ਵਿਸ਼ ਹੈ ਜਾਂ ਨਹੀਂ, ਇਸ ਨੂੰ ਕੌਣ ਜਾਣਦਾ ਹੈ? ਹਾਂ, ਅਡੰਬਰ ਨਾਲ ਦੂਜੇ ਲੋਕ ਭੈਅ-ਭੀਤ ਜ਼ਰੂਰ ਹੋ ਜਾਂਦੇ ਹਨ।
  • ਨਿਰਧਨ ਹੋਣਾ ਜ਼ਿੰਦਗੀ ਦਾ ਸੰਤਾਪ ਹੈ।
  • ਦੁਸ਼ਟ ਵਿਅਕਤੀ, ਸੱਜਣ ਨਹੀਂ ਬਣ ਸਕਦਾ। ਜਿਵੇਂ ਜੜ੍ਹਾਂ ਵਿੱਚ ਦੁੱਧ ਤੇ ਘਿਉ ਪਾਉਣ ਨਾਲ ਨਿੰਮ ਦਾ ਰੁੱਖ ਮਿੱਠਾ ਨਹੀਂ ਹੁੰਦਾ।
  • ਜੇ ਕਰੀਰ ਦੇ ਝਾੜ ਨੂੰ ਪੱਤੇ ਨਹੀਂ ਲੱਗਦੇ ਤਾਂ ਇਸ ਵਿੱਚ ਬਸੰਤ ਰੁੱਤ ਦਾ ਕੀ ਕਸੂਰ? ਜੇ ਉੱਲੂ ਨੂੰ ਦਿਨੇ ਦਿਖਾਈ ਨਹੀਂ ਦਿੰਦਾ ਤਾਂ ਇਸ ਵਿੱਚ ਸੂਰਜ ਦਾ ਕੀ ਕਸੂਰ? ਜੇ ਮੀਂਹ ਦੀਆਂ ਬੂੰਦਾਂ ਪਪੀਹੇ ਦੇ ਮੂੰਹ ਵਿੱਚ ਨਹੀਂ ਪੈਂਦੀਆਂ, ਇਸ ਵਿੱਚ ਬੱਦਲਾਂ ਦਾ ਕੀ ਦੋਸ਼?
  • ਜਦ ਤੱਕ ਲੋਕਾਂ ਨੂੰ ਆਨੰਦ ਦੇਣ ਵਾਲੀ ਬਸੰਤ ਰੁੱਤ ਨਹੀਂ ਆ ਜਾਂਦੀ ਤਕ ਤੱਕ ਕੋਇਲ ਮੌਨ ਰਹਿ ਕੇ ਆਪਣੇ ਦਿਨ ਲੰਘਾਉਂਦੀ ਹੈ।
  • ਰਤਨ ਭਾਵੇਂ ਪੈਰਾਂ ਵਿੱਚ ਲਤਾੜਿਆ ਜਾਂਦਾ ਰਹੇ ਅਤੇ ਕੱਚ ਨੂੰ ਸਿਰ ‘ਤੇ ਧਾਰਨ ਕਰ ਲਿਆ ਜਾਵੇ ਪਰ ਮੁੱਲ ਪੈਣ ਜਾਂ ਵੇਚਣ ਸਮੇਂ ਕੱਚ, ਕੱਚ ਹੀ ਰਹਿੰਦਾ ਹੈ ਤੇ ਰਤਨ, ਰਤਨ ਹੀ ਰਹਿੰਦਾ ਹੈ।
  • ਕੀ ਰਾਜ ਭਵਨ ਦੀ ਟੀਸੀ ‘ਤੇ ਬੈਠਣ ਵਾਲਾ ਕਾਂ ਗਰੁੜ ਬਣ ਸਕਦਾ ਹੈ? ਕਦੇ ਵੀ ਨਹੀਂ। ਇਹ ਟਿੱਪਣੀ ਅਜੋਕੇ ਕਈ ਨੇਤਾਵਾਂ ‘ਤੇ ਢੁਕਦੀ ਹੈ ਜਿਹੜੇ ਆਪਣੇ ਆਪ ਨੂੰ ਗਰੁੜ ਹੋਣ ਦਾ ਭਰਮ ਪਾਲੀ ਬੈਠੇ ਹਨ।

ਹਵਾਲੇ

[ਸੋਧੋ]
  1. S. K. Agarwal (1 September 2008). Towards Improving Governance. Academic Foundation. p. 17. ISBN 978-81-7188-666-1.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named India needs to develop its own doctrine for strategic autonomy: NSA