ਗਰਟੀ ਕੋਰੀ
ਗਰਟੀ ਕੋਰੀ | |
---|---|
ਜਨਮ | ਗਰਟੀ ਥਰੈਸਾ ਰੈਡਨਿੱਟਜ਼ ਅਗਸਤ 15, 1896 |
ਮੌਤ | ਅਕਤੂਬਰ 26, 1957 ਗਲੈਨਡੇਲ, ਮਿਸੀਸੂਰੀ, ਯੂ.ਐਸ.ਏ. | (ਉਮਰ 61)
ਮੌਤ ਦਾ ਕਾਰਨ | ਮਾਇਲੋਸਕਲੈਰੋਸਿਸ |
ਹੋਰ ਨਾਮ | ਗਰਟੀ ਥਰੈਸਾ ਕੋਰੀ |
ਅਲਮਾ ਮਾਤਰ | ਕਾਰਲ ਫਰਡੀਨੈਂਡਜ਼ ਯੂਨੀਵਰਸਿਟੈਟ ਪਰਾਗ ਵਿੱਚ |
ਪੇਸ਼ਾ | ਜੈਵ ਵਿਗਿਆਨੀ |
ਲਈ ਪ੍ਰਸਿੱਧ | ਕਾਰਬੋਬਾਈਡ੍ਰੇਟ ਮੈਟਾਬੋਲਿਜ਼ਮ ਦੇ ਖੋਜ ਕਾਰਜ; ਕੋਰੀ ਚੱਕਰ ਦੀ ਵਿਆਖਿਆ ਲਈ; ਗਲੂਕੋਜ਼ 1-ਫਾਸਫੇਟ ਦੀ ਸ਼ਨਾਖਤ ਲਈ |
ਜੀਵਨ ਸਾਥੀ | |
ਪੁਰਸਕਾਰ | ਨੋਬਲ ਇਨਾਮ(1947) ਗਾਰਵਿਨ-ਓਲਿਨ ਮੈਡਲ (1948) ਅਤੇ ਹੋਰ ਕਈ ਇਨਾਮ |
ਗਰਟੀ ਥਰੇਸਾ ਕੋਰੀ (15 ਅਗਸਤ 1896 - 26 ਅਕਤੂਬਰ 1957) ਚੈੱਕ-ਅਮਰੀਕੀ ਜੈਵ ਵਿਗਿਆਨੀ ਸੀ ਜੋ ਕਿ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੀ ਦੁਨੀਆ ਦੀ ਤੀਜੀ ਅਤੇ ਅਮਰੀਕਾ ਦੀ ਪਹਿਲੀ ਔਰਤ ਹੈ। ਇਸ ਤੋਂ ਇਲਾਵਾ ਉਹ ਚਿਕਿਤਸਾ ਖੇਤਰ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਹੈ।
ਕੋਰੀ ਦਾ ਜਨਮ ਪਰਾਗ ਵਿੱਚ ਹੋਇਆ ਸੀ। ਉਸ ਸਮੇਂ ਇਸਤਰੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਹਾਸ਼ੀਏ 'ਚ ਹੀ ਰੱਖਿਆ ਜਾਂਦਾ ਸੀ ਅਤੇ ਵਿੱਦਿਅਕ ਖੇਤਰ ਵਿੱਚ ਉਹਨਾਂ ਨੂੰ ਬਹੁਤ ਹੀ ਘੱਟ ਮੌਕੇ ਮਿਲਦੇ ਸਨ। ਫਿਰ ਕੋਰੀ ਨੇ ਮੈਡੀਕਲ ਸਕੂਲ ਵਿੱਚ ਦਾਖਲਾ ਲਿਆ ਜਿੱਥੇ ਉਹ ਕਾਰਲ ਫਰਡੀਨੈਂਡ ਕੋਰੀ ਨੂੰ ਮਿਲੀ, ਜਿਸਨੇ ਗ੍ਰੈਜੂਏਸ਼ਨ ਪੂਰੀ ਕਰਨ ਮਗਰੋਂ 1920 ਵਿੱਚ ਉਸ ਨਾਲ ਵਿਆਹ ਕੀਤਾ। 1922 ਵਿੱਚ ਯੂਰਪ ਦੇ ਬਿਗੜੇ ਹਾਲਾਤਾਂ ਕਾਰਨ ਇਹ ਜੋੜਾ ਯੂ.ਐਸ ਵਿੱਚ ਜਾ ਕੇ ਵੱਸ ਗਿਆ। ਉੱਥੇ ਜਾ ਕੇ ਗਰਟੀ ਕੋਰੀ ਨੇ ਚਿਕਿਤਸਾ ਖੇਤਰ ਵਿੱਚ ਕਾਰਲ ਨਾਲ ਆਪਣਾ ਖੋਜ ਕਾਰਜ ਜਾਰੀ ਰੱਖਿਆ। ਉਸਨੇ ਆਪਣੇ ਪਤੀ ਦੇ ਨਾਲ ਮਿਲ ਕੇ ਅਤੇ ਕਦੇ-ਕਦੇ ਇਕੱਲਿਆਂ ਹੀ ਆਪਣੀਆਂ ਖੋਜਾਂ ਨੂੰ ਸੰਪਾਦਿਤ ਕੀਤਾ।
1947 ਵਿੱਚ ਆਪਣੇ ਪਤੀ ਕਾਰਲ, ਅਰਜਨਟੀਨੀ ਭੌਤਿਕ ਵਿਗਿਆਨੀ ਬਰਨਾਰਡੋ ਹੌਸੀ ਦੇ ਨਾਲ ਗਰਟੀ ਕੋਰੀ ਨੂੰ ਗਲਾਈਕੋਜਨ ਦੀ ਖੋਜ ਕਾਰਨ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗਲਾਈਕੋਜਨ ਦੇ ਕਾਰਜ ਢੰਗ ਨੂੰ ਕੋਰੀ ਚੱਕਰ ਜਾਂ ਕੋਰੀ ਸਾਈਕਲ ਚੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। 2004 ਵਿੱਚ ਗਰਟੀ ਅਤੇ ਕਾਰਲ ਕੋਰੀ ਨੇ ਮਿਲ ਕੇ ਨੈਸ਼ਨਲ ਹਿਸਟੋਰਿਕ ਕੈਮੀਕਲ ਲੈਂਡਮਾਰਕ ਦੀ ਸਥਾਪਨਾ ਕੀਤੀ ਜਿਸਦਾ ਕੰਮ ਕਾਰਬੋਹਾਈਡ੍ਰੇਟ ਮੈਟਾਬੋਲਿਜ਼ਮ ਬਾਰੇ ਜਾਣੂ ਕਰਵਾਉਣਾ ਸੀ।
ਮਾਈਲੋਸਕਲੈਰੋਸਿਸ ਨਾਂ ਦੀ ਬਿਮਾਰੀ ਨਾਲ 10 ਕੁ ਸਾਲਾਂ ਦੇ ਸੰਘਰਸ਼ ਤੋਂ ਬਾਅਦ 1957 ਵਿੱਚ ਗਰਟੀ ਕੋਰੀ ਦੀ ਮੌਤ ਹੋ ਗਈ। ਉਹ ਆਪਣੇ ਜੀਵਨ ਦੇ ਅੰਤਿਮ ਸਮੇਂ ਤੱਕ ਪ੍ਰਯੋਗਸ਼ਾਲਾ ਵਿੱਚ ਖੋਜ ਕਾਰਜ ਵਿੱਚ ਲੱਗੀ ਰਹੀ। ਉਸਨੇ ਆਪਣੀ ਜਿੰਦਗੀ ਵਿੱਚ ਕਈ ਪੁਰਸਕਾਰ ਅਤੇ ਸਨਮਾਨ ਹਾਸਿਲ ਕੀਤੇ। ਚੰਦ ਅਤੇ ਵੀਨਸ ਗ੍ਰਹਿ 'ਤੇ ਭੇਜੇ ਕੋਰੀ ਕ੍ਰੇਟਰਾਂ ਦਾ ਨਾਂ ਗਰਟੀ ਕੋਰੀ ਦੇ ਨਾਂਅ 'ਤੇ ਹੀ ਰੱਖਿਆ ਗਿਆ ਹੈ।
ਜੀਵਨ ਅਤੇ ਕੰਮ
[ਸੋਧੋ]ਗਰਟੀ ਥਰੇਸਾ ਰੈਡਨਿੱਟਜ਼ ਦਾ ਜਨਮ 1896 ਨੂੰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਜੋ ਕਿ ਪਰਾਗ ਵਿੱਚ ਰਹਿੰਦੇ ਸਨ। ਉਸਦਾ ਪਿਤਾ, ਓਟੋ ਰੈਡਨਿੱਟਜ਼, ਇੱਕ ਕੈਮਿਸਟ ਸੀ ਜੋ ਕਿ ਖੰਡ ਰਿਫਾਇਨ ਕਰਨ ਦੇ ਸਫਲਤਾਪੂਰਵਕ ਢੰਗ ਦੀ ਖੋਜ ਤੋਂ ਬਾਅਦ ਖੰਡ ਰਿਫਾਇਨਰੀਆਂ ਦਾ ਪ੍ਰਬੰਧਕ ਬਣ ਗਿਆ। ਉਸਦੀ ਮਾਂ ਦਾ ਨਾਂਅ ਮਾਰਥਾ ਸੀ। ਲਾਈਸੀਅਮ ਵਿੱਚ ਭੇਜਣ ਤੋਂ ਪਹਿਲਾਂ ਗਰਟੀ ਨੂੰ ਘਰ ਵਿੱਚ ਹੀ ਪੜ੍ਹਾਇਆ ਜਾਂਦਾ ਸੀ। ਗਰਟੀ ਨੇ 16 ਸੀਲ ਦੀ ਉਮਰ 'ਚ ਹੀ ਡਾਕਟਰ ਬਣਨ ਦਾ ਨਿਸ਼ਚਾ ਕਰ ਲਿਆ ਸੀ।
ਉਸਨੇ ਆਪਣੇ ਅੰਕਲ, ਜੋ ਕਿ ਪੀਡੀਈਟ੍ਰਿਕਸ ਦੇ ਪ੍ਰੋਫੈਸਰ ਸਨ, ਦੇ ਉਤਸ਼ਾਹਿਤ ਕਰਨ 'ਤੇ ਮੈਡੀਕਲ ਸਕੂਲ ਵਿੱਚ ਦਾਖਲ ਹੋਣ ਲਈ ਪੜ੍ਹਾਈ ਕਰਕੇ ਯੂਨੀਵਰਸਿਟੀ ਦੀ ਦਾਖਲਾ ਪ੍ਰੀਖਿਆ ਪਾਸ ਕੀਤੀ। 1914 ਵਿੱਚ ਉਸਨੂੰ ਕਾਰਲ ਫਰਡੀਨੈਂਡਜ਼ ਯੂਨੀਵਰਸੀਟੇਟ ਦੇ ਮੈਡੀਕਲ ਕਾਲਜ (ਪਰਾਗ) ਵਿੱਚ ਦਾਖਲ ਕਰਾਇਆ ਗਿਆ ਅਤੇ ਉੱਥੇ ਉਸਨੂੰ 1920 ਵਿੱਚ ਮੈਡੀਸਨ ਦੇ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਪੜ੍ਹਾਈ ਦੌਰਾਨ ਗਰਟੀ ਦੀ ਮੁਲਾਕਾਤ ਕਾਰਲ ਕੋਰੀ ਨਾਲ ਹੋਈ, ਜਿਸਨੂੰ ਦੇਖਦਿਆਂ ਹੀ ਗਰਟੀ ਉਸ ਉੱਤੇ ਮੋਹਿਤ ਹੋ ਗਈ। ਗ੍ਰੈਜੂਏਸ਼ਨ ਪੂਰੀ ਕਰਨ ਮਗਰੋਂ 1920 ਵਿੱਚ ਵਿਆਹ ਕਰਾ ਲਿਆ। ਗਰਟੀ ਧਰਮ ਪਰਿਵਰਤਨ ਕਰਕੇ ਕੈਥੋਲਿਕ ਬਣ ਗਈ ਅਤੇ ਫਿਰ ਉਹਨਾਂ ਨੇ ਰੋਮਨ ਕੈਥੋਲਿਕ ਚਰਚ ਵਿੱਚ ਵਿਆਹ ਕਰ ਲਿਆ। ਇਸ ਤੋਂ ਬਾਅਦ ਉਹ ਵਿਆਨਾ, ਅਸਟਰੀਆ ਚਲੇ ਗਏ ਜਿੱਥੇ ਗਰਟੀ ਨੇ ਅਗਲੇ ਦੋ ਸਾਲ ਕੈਰੋਲੀਨਨ ਚਿਲਡਰਨ ਹਸਪਤਾਲ ਅਤੇ ਉਸਦੇ ਪਤੀ ਨੇ ਪ੍ਰਯੋਗਸ਼ਾਲਾ ਵਿੱਚ ਕੰਮ ਕੀਤਾ। ਹਸਪਤਾਲ 'ਚ ਕੰਮ ਕਰਨ ਦੌਰਾਨ ਗਰਟੀ ਨੇ ਪੀਡੀਆਟ੍ਰਿਕ ਇਕਾਈ ਅਤੇ ਥਾਈਰਾਇਡ ਦੇ ਇਲਾਜ ਤੋਂ ਪਹਿਲਾਂ ਅਤੇ ਬਾਅਦ ਤਾਪਮਾਨ ਦਾ ਮੁਲਾਂਕਣ ਕਰਨ ਅਤੇ ਤਾਪਮਾਨ ਵਿਨਿਮਨ (ਰੈਗੂਲੇਸ਼ਨ) ਕਰਨ ਸਬੰਧਿਤ ਪ੍ਰਯੋਗ ਕੀਤੇ ਅਤੇ ਖੂਨ ਦੀ ਗੜਬੜ ਸਬੰਧੀ ਵੀ ਦਸਤਾਵੇਜ਼ ਪ੍ਰਕਾਸ਼ਿਤ ਕੀਤੇ।
ਯੂਰਪ ਵਿੱਚ ਪਹਿਲੀ ਵਿਸ਼ਵ ਜੰਗ ਸ਼ੁਰੂ ਹੋਣ ਕਾਰਨ ਉਹਨਾਂ ਦੀ ਜਿੰਦਗੀ ਕਾਫੀ ਔਖੀ ਹੋ ਗਈ ਅਤੇ ਭੋਜਨ ਦੀ ਘਾਟ ਕਾਰਨ ਗਰਟੀ ਜ਼ੈਰੋਪਥੈਲਮੀਆ ਤੋਂ ਪ੍ਰਭਾਵਿਤ ਹੋਈ। ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਫਿਰ ਕੋਰੀ ਪਰਿਵਾਰ ਨੇ ਯੂਰਪ ਨੂੰ ਛੱਡਣ ਦਾ ਫੈਸਲਾ ਕੀਤਾ।
1922 ਨੂੰ ਦੋਵੇਂ ਜਣੇ ਯੂ.ਐਸ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਬਫੈਲੋ, ਨਿਊਯਾਰਕ ਸਥਿਤ 'ਸਟੇਟ ਇੰਸਟੀਚਿਊਟ ਫਾਰ ਸਟੱਡੀ ਆਫ਼ ਮਲਿੱਗਨੈਂਟ ਡਸੀਸਿਜ਼'(ਹੁਣ ਰੋਜ਼ਵੈੱਲ ਪਾਰਕ ਕੈਂਸਰ ਇੰਸਟੀਚਿਊਟ) ਵਿੱਚ ਮੈਡੀਕਲ ਖੋਜ ਜਾਰੀ ਰੱਖੀ। 1928 ਵਿੱਚ ਉਹਨਾਂ ਨੂੰ ਯੂ.ਐਸ ਦੀ ਨਾਗਰਿਕਤਾ ਵੀ ਮਿਲ ਗਈ।
She was constantly in the laboratory, where we two worked alone. We washed our own laboratory glassware and she would occasionally complain bitterly to Carl about not having any dishwashing help. When she tired, she would retire to her small office adjoining the laboratory, where she would rest on a small cot. She smoked incessantly and dropped cigarette ashes constantly... .
Joseph Larner[1]
ਦੋਵਾਂ ਨੇ ਰਲ ਕੇ ਰੋਜ਼ਵੈੱਲ ਵਿੱਚ, ਕਾਰਬੋਹਾਈਡ੍ਰੇਟਸ ਮੈਟਾਬੋਲਿਜ਼ਮ ਦੀ ਛਾਣਬੀਨ ਸਬੰਧੀ, ਆਪਣਾ ਖੋਜ ਕਾਰਜ ਜਾਰੀ ਰੱਖਿਆ। ਉਹ ਇਹ ਪਤਾ ਲਗਾਉਣਾ ਚਾਹੁੰਦੇ ਸਨ ਕਿ ਕਿਸ ਤਰ੍ਹਾਂ ਗਲੂਕੋਜ਼ ਮਨੁੱਖੀ ਸਰੀਰ ਵਿੱਚ ਬਣਦਾ-ਟੁੱਟਦਾ ਹੈ ਅਤੇ ਇਸ ਕਿਰਿਆ ਨੂੰ ਹਾਰਮੋਨਜ਼ ਕਿਵੇਂ ਕਰਦੇ ਹਨ। ਰੋਜ਼ਵਿੱਲ ਵਿੱਚ ਉਹਨਾਂ ਨੇ ਇਕੱਠਿਆਂ 50 ਪੰਨੇ ਪ੍ਰਕਾਸ਼ਿਤ ਕੀਤੇ। ਗਰਟੀ ਨੇ ਇਕਹਿਰੀ ਲੇਖਿਕਾ ਦੇ ਤੌਰ 'ਤੇ 11 ਪੰਨੇ ਪ੍ਰਕਾਸ਼ਿਤ ਕੀਤੇ। 1929 ਵਿੱਚ ਉਹਨਾਂ ਨੇ ਸਿਧਾਂਤਕ ਤੌਰ 'ਤੇ ਇੱਕ ਚੱਕਰ (ਸਾਈਕਲ), ਕੋਰੀ ਚੱਕਰ, ਪੇਸ਼ ਕੀਤਾ ਜਿਸ ਲਈ ਬਾਅਦ ਵਿੱਚ ਉਨ੍ਹਁ ਨੂੰ ਨੋਬਲ ਪੁਰਸਕਾਰ ਮਿਲਿਆ। ਇਸ ਚੱਕਰ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਮਨੁੱਖੀ ਸਰੀਰ ਰਸਾਇਣਿਕ ਪਰਿਕਿਰਿਆਵਾਂ ਦੌਰਾਨ ਕੁਝ ਕਾਰਬੋਹਾਈਡ੍ਰੇਟਾਂ ਜਿਵੇਂ ਕਿ ਗਲਾਈਕੋਜਨ ਆਦਿ ਨੂੰ ਕਿਵੇਂ ਤੋੜਦਾ ਹੈ।
ਕਾਰਬੋਹਾਈਡ੍ਰੇਟ ਮੈਟੀਬੋਲਿਜ਼ਮ ਦਾ ਪ੍ਰਕਾਸ਼ਨ ਕਰਨ ਤੋਂ ਬਾਅਦ 1931 ਵਿੱਚ ਉਹਨਾਂ ਨੇ ਰੋਜ਼ਵੈੱਲ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਕਈ ਯੂਨੀਵਰਸਿਟੀਆਂ ਨੇ ਕਾਰਲ ਨੂੰ ਤਾਂ ਨੌਕਰੀ ਦੀ ਪੇਸ਼ਕਸ਼ ਕੀਤੀ ਪਰ ਗਰਟੀ ਨੂੰ ਸਭ ਨੇ ਅਣਗੌਲਿਆ ਕਰ ਦਿੱਤਾ। ਗਰਟੀ ਨੂੰ ਇੱਕ ਯੂਨੀਵਰਸਿਟੀ ਨੇ ਇੰਟਰਵਿਊ ਦੌਰਾਨ 'ਗੈਰ-ਅਮਰੀਕੀ' ਕਹਿ ਦਿੱਤਾ। 1931 ਵਿੱਚ ਉਹ ਸੇਂ.ਲੂਈਸ, ਮਿਸੀਸੂਰੀ ਚਲੇ ਗਏ, ਜਿੱਥੇ ਕਾਰਲ ਨੂੰ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੁਆਰਾ ਖੋਜ ਕਾਰਜ ਦੀ ਪੇਸ਼ਕਸ਼ ਕੀਤੀ ਗਈ। ਗਰਟੀ ਦੇ ਖੋਜ ਕਾਰਜਾਂ ਦਾ ਅਤੀਤ ਦੇਖਦੇ ਹੋਏ, ਉਸਨੂੰ ਆਪਣੇ ਪਤੀ ਤੋਂ ਦਸ ਗੁਣਾ ਘੱਟ ਤਨਖ਼ਾਹ 'ਤੇ, ਖੋਜ ਸਹਾਇਕ ਦੇ ਤੌਰ 'ਤੇ ਨੌਕਰੀ ਦਿੱਤੀ ਗਈ। ਉਸਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੇ ਪਤੀ ਦੇ ਕਰੀਅਰ ਨੂੰ ਨੁਕਸਾਨ ਪਹੁੰਚਾ ਰਹੀ ਹੈ। 1943 ਵਿੱਚ ਉਸਨੂੰ ਰੀਸਰਚ ਬਾਇਓਲਾਜੀਕਲ ਕਮਿਸਟਰੀ ਅਤੇ ਫਾਰਮਾਕੋਲੌਜੀ ਦੀ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਨੋਬਲ ਪੁਰਸਕਾਰ ਮਿਲਣ ਤੋਂ ਕੁਝ ਕੁ ਮਹੀਨੇ ਪਹਿਲਾਂ ਉਸਨੂੰ ਪੂਰਨ ਤੌਰ 'ਤੇ ਪ੍ਰੋਫੈਸਰ ਦਾ ਅਹੁਦਾ ਦੇ ਦਿੱਤਾ ਗਿਆ ਅਤੇ ਉਹ 1957 ਤੱਕ ਆਪਣੀ ਮੌਤ ਹੋਣ ਤੱਕ ਇਸ ਅਹੁਦੇ 'ਤੇ ਰਹੀ।
ਉਨ੍ਹਾਂ ਨੇ ਆਪਣਾ ਸਾਂਝਾ ਕੰਮ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਵੀ ਜਾਰੀ ਰੱਖਿਆ। ਜਦੋਂ ਉਹ ਡੱਡੂ ਦੀਆਂ ਮਾਸਪੇਸ਼ੀਆਂ 'ਤੇ ਕੰਮ ਕਰ ਰਹੇ ਸਨ ਤਾਂ ਉਹਨਾਂ ਨੇ ਇੱਕ ਮੱਧਮ ਦਰਜੇ ਦੇ ਯੋਗਿਕ ਦੀ ਖੋਜ ਕੀਤੀ ਜੋ ਕਿ ਗਲਾਈਕੋਜਨ ਨੂੰ ਗਲੂਕੋਜ਼ 1-ਫਾਸਫੇਟ ਵਿੱਚ ਤੋੜਨ ਦੀ ਸਮਰੱਥਾ ਰੱਖਦਾ ਹੈ। ਇਸਨੂੰ ਕੋਰੀ ਈਸਟਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਹਨਾਂ ਨੇ ਇੱਕ ਯੋਗਿਕ ਢਾਂਚਾ ਤਿਆਰ ਕੀਤਾ ਜੋ ਕਿ ਫਾਸਫੋਰੀਲੇਸ ਨਾਂਅ ਦੇ ਪਾਚਕ (ਐਨਜ਼ਾਇਮ) ਨੂੰ ਪਹਿਚਾਣਦਾ ਹੈ ਅਤੇ ਫਿਰ ਇਹ ਰਸਾਇਣਕ ਬਣਾਵਟ ਵਿੱਚ ਵੱਡਾ ਯੋਗਦਾਨ ਦਿੰਦਾ ਹੈ ਤੇ ਨਾਲ ਹੀ ਇਹ ਵੀ ਦਿਖਾਉਂਦਾ ਹੈ ਕਿ ਕੋਰੀ ਈਸਟਰ, ਕਾਰਬੋਹਾਈਡ੍ਰੇਟ ਗਲਾਈਕੋਜਨ ਦੇ ਗਲੂਕੋਜ਼ ਵਿੱਚ ਹੋਣ ਵਾਲੇ ਬਦਲਾਅ ਦਾ ਪਹਿਲਾਂ ਕਦਮ ਹੈ। ਇਹ ਲਹੂ ਗਲੂਕੋਜ਼ ਤੋਂ ਗਲਾਈਕੋਜਨ ਬਣਾਉਣ ਲਈ ਸਭ ਤੋਂ ਆਖਰੀ ਭੂਮਿਕਾ ਨਿਭਾਉਂਦਾ ਹੈ। ਗਰਟੀ ਕੋਰੀ ਨੇ ਗਲਾਈਕੋਜਨ ਸਟੋਰੇਜ਼ ਡਿਸੀਜ਼ 'ਤੇ ਵੀ ਪੜ੍ਹਾਈ ਕੀਤੀ ਅਤੇ ਇਸਦੀਆਂ ਚਾਰ ਕਿਸਮਾਂ ਦੀ ਖੋਜ ਕੀਤੀ ਤੇ ਹਰ ਇੱਕ ਕਿਸੇ ਖਾਸ ਪਾਚਕ ਦੋਸ਼ (ਐਨਜ਼ਾਇਮਿਕ ਡਿਫੈਕਟ) ਨਾਲ ਸਬੰਧਤ ਸੀ। ਗਰਟੀ ਪਹਿਲੀ ਅਜਿਹੀ ਸੀ ਜਿਸਨੇ ਇਸ ਦਿਖਾਇਆ ਕਿ ਪਾਚਕ (ਐਨਜ਼ਾਇਮ) ਵਿਚਲੇ ਪੈਦਾ ਹੋਣ ਵਾਲੇ ਦੋਸ਼ਾਂ (ਡਿਫੈਕਟਾਂ) ਦਾ ਕਾਰਨ ਮਨੁੱਖੀ ਅਨਵੰਸ਼ਿਕ ਬਿਮਾਰੀਆਂ (ਹਿਊਮਨ ਜੈਨੇਟਿਕ ਡਿਸੀਜ਼) ਹਨ।
ਗਰਟੀ ਅਤੇ ਕਾਰਲ ਨੇ ਜ਼ਿਆਦਾਤਰ ਕੰਮ ਰਲ ਕੇ ਹੀ ਕੀਤਾ। ਇਸ ਲਈ ਗਲਾਈਕੋਜਨ ਦੀ ਖੋਜ ਕਰਨ ਲਈ ਉਹਨਾਂ ਨੂੰ 1947 ਵਿੱਚ ਵੀ ਨੋਬਲ ਪੁਰਸਕਾਰ ਪ੍ਰਾਪਤ ਹੋਇਆ। ਦੋਵਾਂ ਨੂੰ ਨੋਬਲ ਪੁਰਸਕਾਰ ਅਰਜਨਟੀਨੀ ਵਿਗਿਆਨੀ ਬਰਨਾਰਡੋ ਹੌਜ਼ੀ ਦੇ ਨਾਲ ਸਾਂਝੇ ਰੂਪ 'ਚ ਮਿਲਿਆ। ਉਹਨਾਂ ਦਾ ਕੰਮ ਕਾਰਬੋਹਾਈਡ੍ਰੇਟ ਮੈਟਾਬੋਲਿਜ਼ਮ ਦੀ ਕਾਰਜ ਪ੍ਰਣਾਲੀ, ਸ਼ੱਕਰ ਅਤੇ ਸਟਾਰਚ ਦੇ ਮੁੜ-ਪਰਤਣ (ਰਿਵਰਸੀਬਲ) ਦੇ ਵਿਕਸਤ ਢੰਗ ਅਤੇ ਡਾਇਬੈਟਿਕਸ ਦੇ ਇਲਾਜਨੂੰ ਲੱਭਣ ਤੱਕ ਜਾਰੀ ਰਿਹਾ।
ਸਨਮਾਨ
[ਸੋਧੋ]1947 ਵਿੱਚ ਗਰਟੀ ਕੋਰੀ ਨੋਬਲ ਪੁਰਸਕਾਰ ਜਿੱਤਣ ਵਾਲੀ, ਮੈਰੀ ਕਿਊਰੀ ਤੇ ਇਰੇਨ ਜੋਲੀਅਟ ਕਿਊਰੀ ਤੋਂ ਬਾਅਦ, ਤੀਜੀ ਔਰਤ ਅਤੇ ਪਹਿਲੀ ਅਮਰੀਕੀ ਔਰਤ ਸੀ। ਚਿਕਿਤਸਾ ਜਾਂ ਮੈਡੀਸਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਉਹ ਪਹਿਲੀ ਔਰਤ ਸੀ। 1953 ਵਿੱਚ ਉਸਨੂੰ ਅਮੈਰੀਕਨ ਅਕੈਡਮੀ ਆਫ਼ ਆਰਟਸ ਅਤੇ ਸਾਇੰਸ ਵਿੱਚ ਸਾਥੀ (ਫੈਲੋ) ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ।
ਚੰਦ 'ਤੇ ਭੇਜਿਆ ਗਿਆ ਕ੍ਰੇਟਰ ਕੋਰੀ ਦਾ ਨਾਮ ਵੀ ਉਸੇ ਦੇ ਸਨਮਾਨ 'ਚ ਹੀ ਰੱਖਿਆ ਗਿਆ ਹੈ। ਇਸੇ ਤਰ੍ਹਾਂ ਵੀਨਸ ਗ੍ਰਹਿ 'ਤੇ ਭੇਜਿਆ ਕੋਰੀ ਕ੍ਰੇਟਰ ਵੀ ਉਸਦੇ ਸਨਮਾਨ ਨਾਲ ਹੀ ਸਬੰਧਤ ਹੈ।
1948 ਕੋਰੀ ਨੂੰ ਗਾਰਵਨ ਓਲਿਨ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਮੈਡਲ ਕੇਵਲ ਭੌਤਿਕ ਵਿਗਿਆਨ ਵਿੱਚ ਯੋਗਦਾਨ ਦੇਣ ਵਾਲੀਆਂ ਅਮਰੀਕੀ ਔਰਤਾਂ ਨੂੰ ਦਿੱਤਾ ਜਾਂਦਾ ਹੈ।
ਆਖਰੀ ਸਾਲ
[ਸੋਧੋ]ਨੋਬਲ ਪੁਰਸਕਾਰ ਜਿੱਤਣ ਤੋਂ ਬਾਅਦ ਜਦੋਂ ਗਰਟੀ ਆਪਣੇ ਪਤੀ ਨਾਲ ਪਰਬਤ ਦੀ ਸੈਰ 'ਤੇ ਗਈ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਗਰਟੀ ਮਾਈਲੋਸਕਲੈਰੋਸਿਸ, ਬੋਨ ਮੈਰੋ ਦੀ ਘਾਤਕ ਬਿਮਾਰੀ, ਨਾਲ ਪੀੜਤ ਹੈ। ਉਸਨੇ ਦਸ ਸਾਲਾਂ ਤੱਕ ਇਸ ਨਾਲ ਲੜਦਿਆਂ ਆਪਣਾ ਵਿਗਿਆਨਕ ਕੰਮ ਜਾਰੀ ਰੱਖਿਆ। ਸਿਰਫ਼ ਜੀਵਨ ਦੇ ਆਖਰੀ ਮਹੀਨਿਆਂ 'ਚ ਹੀ ਉਸਨੇ ਇਹ ਕੰਮ ਛੱਡਿਆ ਸੀ। ਫਿਰ 1947 ਨੂੰ ਉਸਦੇ ਘਰ ਵਿੱਚ ਹਈ ਉਸਦੀ ਮੌਤ ਹੋ ਗਈ। ਉਸਨੇ ਆਪਣਾ ਜੀਵਨ ਆਪਣੇ ਪਤੀ ਅਤੇ ਇੱਕ ਬੱਚੇ, ਟੌਮ ਕੋਰੀ ਨਾਲ ਗੁਜਾਰਿਆ ਜਿਸਦਾ ਵਿਆਹ ਕੰਜ਼ਰਵੇਟਿਵ ਕਾਰਕੁੰਨ ਫਾਈਲਿਸ ਸਖਲਾਫਲੀ ਦੀ ਧੀ ਨਾਲ ਹੋਇਆ।
ਇਹ ਵੀ ਦੇਖੋ
[ਸੋਧੋ]ਬਾਹਰੀ ਕੜੀਆਂ
[ਸੋਧੋ]- ਕਾਰਲ ਐਂਡ ਗਰੀਟ ਕੋਰੀ ਐਂਡ ਕਾਰਬੋਹਾਈਡਰੇਟ ਮੈਟਾਬੋਲਿਜ਼ਮ (ਅੰਗਰੇਜ਼ੀ ਵਿੱਚ), ਅਮੇਰੀਕਨ ਕਮਿਸਟਰੀ ਸੋਸਾਇਟੀ ਨੈਸ਼ਨਲ ਹਿਸਟੋਰਿਕ ਕੈਮੀਕਲ ਲੈਂਡਮਾਰਕਜ਼ ਵਿੱਚੋਂ।
- “ਮਨੁੱਖੀ ਮਨ ਦੀ ਮਹਿਮਾ” ਗਰਟੀ ਕੋਰੀ ਵੱਲੋਂ (ਅੰਗਰੇਜ਼ੀ ਵਿੱਚ)
- ਬਰਨਾਰਡੋ ਏ. ਹੌਜ਼ੀ ਮੈਮੋਰੀਅਲ ਟੂ ਗਰਟੀ ਥਰੇਸਾ ਕੋਰੀ (ਅੰਗਰੇਜ਼ੀ)
- ਗਰਟੀ ਕੋਰੀ ਮੈਮੋਰੇਬਿਲੀਆ (ਅੰਗਰੇਜ਼ੀ)
- ਨੋਬਲ ਲੈਕਚਰ ਬਾਇ ਕਾਰਲ ਕੋਰੀ ਅਕੇ ਗਰਟੀ ਕੋਰੀ (ਅੰਗਰੇਜ਼ੀ)
- National Academy of Sciences Biographical Memoir
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).