ਗੁਲਵੰਤ ਸਿੰਘ
ਗੁਲਵੰਤ ਸਿੰਘ ਇੱਕ ਪੰਜਾਬੀ ਲੇਖਕ ਅਤੇ ਉਰਦੂ-ਫ਼ਾਰਸੀ ਦੇ ਸ਼ਾਇਰ ਸਨ। ਓਹ ਅਠਾਰਾਂ ਬੋਲੀਆਂ ਜਾਣਦੇ ਸਨ।[1]
ਜੀਵਨ
[ਸੋਧੋ]ਗੁਲਵੰਤ ਸਿੰਘ ਦਾ ਜਨਮ ੧੩ ਜੁਲਾਈ ੧੯੨੦ ਨੂੰ ਫਿਰੋਜ਼ਪੁਰ ਇਲਾਕੇ ਵਿੱਚ ਦੌਲਤਪੁਰ ਨੀਵਾਂ ਪਿੰਡ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸ. ਬੋਘਾ ਸਿੰਘ ਅਤੇ ਮਾਤਾ ਦਾ ਪ੍ਰਤਾਪ ਕੌਰ ਸੀ। ਉਨ੍ਹਾਂ ਦੇ ਪੁਰਖਿਆਂ ਦਾ ਕਿੱਤਾ ਤਰਖਾਣਾ ਲੁਹਾਰਾ ਸੀ।
ਸਿੱਖਿਆ
[ਸੋਧੋ]ਉਨ੍ਹਾਂ ਦੇ ਦਾਦਾ ਆਪਣੇ ਪੋਤਰਿਆਂ ਨੂੰ ਪੜ੍ਹਾਉਣ ਦੇ ਇੱਛਕ ਸਨ। ਇਸ ਲਈ ਉਨ੍ਹਾਂ ਨੂੰ ਪਿੰਡ ਸਕੂਲ ਨਾ ਹੋਣ ਕਰਕੇ ਪਿੰਡੋਂ ੧੪-੧੫ ਮੀਲ ਦੂਰ ਇੱਕ ਦੂਸਰੇ ਪਿੰਡ ਦੇ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਘਰ ਦੀ ਤੰਗੀ ਕਾਰਨ ਇੱਕ ਵਾਰ ਉਨ੍ਹਾਂ ਨੂੰ ਪੜ੍ਹਨ ਤੋਂ ਹਟਾ ਕੇ ਡੰਗਰ ਚਾਰਨ ਲਾ ਦਿੱਤਾ ਗਿਆ ਪਰ ਫੇਰ ਕਿਸੇ ਸਿਆਣੇ ਬਜ਼ੁਰਗ ਦੀ ਪ੍ਰੇਰਨਾ ਨਾਲ ਉਹਦੇ ਮਾਪੇ ਸਕੂਲ ਭੇਜਣ ਲਈ ਤਿਆਰ ਹੋ ਗਏ। ਆਖਰ ੧੯੩੯ ਵਿੱਚ ਉਨ੍ਹਾਂ ਨੇ ਗਰੀਬੀ ਦਾਵੇ ਦਸਵੀਂ ਚੰਗੇ ਨੰਬਰਾਂ ਵਿੱਚ ਪਾਸ ਕਰ ਲਈ। ਫਿਰ ਮਾਸਟਰ ਲੱਗਣ ਦੀਆਂ ਸੰਭਾਵਨਾਵਾਂ ਰੋਸ਼ਨ ਹੋਣ ਕਰਕੇ ਬੀ ਏ ਕਰਨ ਲਈ ਲਾਹੌਰ ਚਲੇ ਗਏ ਅਤੇ ਪੜ੍ਹਾਈ ਦੌਰਾਨ ਆਪਣਾ ਖਰਚ ਚਲਾਉਣ ਲਈ ਜੁਜ਼ਵਕਤੀ ਟਿਊਟਰ ਦਾ ਕੰਮ ਕਰ ਲਿਆ। ਬੀ ਏ ਕਰ ਕੇ ਫਾਰਸੀ ਦੀ ਐਮ ਏ ਕਰਨ ਲਈ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਓਰੀਐਂਟਲ ਕਾਲਜ ਵਿੱਚ ਪੜ੍ਹਨ ਲੱਗੇ ਅਤੇ ੧੯੪੪ ਵਿੱਚ ਪਹਿਲੇ ਦਰਜੇ ਵਿੱਚ ਪੋਸਟ ਗ੍ਰੈਜੁਏਟ ਹੋ ਗਏ। ਫਿਰ ਨੌਕਰੀ ਮਿਲ ਗਈ ਪਰ ਪੜ੍ਹਾਈ ਜਾਰੀ ਰਹੀ। ਐਮ ਓ ਐਲ, ਮੁਨਸ਼ੀ ਫ਼ਜ਼ਲ, ਗਿਆਨੀ ਅਤੇ ਐਮ ਏ ਪੰਜਾਬੀ ਵੀ ਕਰ ਲਈ। ਪੰਜ ਸਾਲ ਟਿਊਸ਼ਨ ਰੱਖ ਕੇ ਨਾ ਸਿਰਫ ਸੰਸਕ੍ਰਿਤ ਸਿੱਖੀ ਸਗੋਂ ਆਪਣੇ ਯਤਨਾਂ ਨਾਲ ਪ੍ਰਾਕ੍ਰਿਤਾਂ ਅਤੇ ਅਪਭ੍ਰੰਸ਼ਾਂ ਦਾ ਵੀ ਕਾਫੀ ਗਿਆਨ ਹਾਸਲ ਕਰ ਲਿਆ। ਪੰਜਾਬੀ ਭਾਸ਼ਾ ਤੇ ਸਾਹਿਤ ਦੇ ਗੰਭੀਰ ਅਧਿਐਨ ਲਈ ਇਹ ਭਾਸ਼ਾਈ ਗਿਆਨ ਅਤਿ ਜਰੂਰੀ ਸੀ। ਇਸੇ ਲਈ ਉਨ੍ਹਾਂ ਅਰਬੀ ਭਾਸ਼ਾ ਦਾ ਵੀ ਗਿਆਨ ਹਾਸਲ ਕੀਤਾ।
ਲੈਕਚਰਾਰ ਵਜੋਂ
[ਸੋਧੋ]੨੩ ਸਤੰਬਰ ੧੯੪੫ ਨੂੰ ਖਾਲਸਾ ਕਾਲਜ਼ ਅੰਮ੍ਰਿਤਸਰ ਵਿਖੇ ਗੁਲਵੰਤ ਸਿੰਘ ਫਾਰਸੀ ਦੇ ਲੈਕਚਰਾਰ ਲੱਗ ਗਏ ਅਤੇ ਫਿਰ ਅਧੀ ਸਦੀ ਅਧਿਆਪਕ ਵਜੋਂ ਇਲਮ ਕਮਾਉਂਦਿਆਂ ਅਤੇ ਵੰਡਦਿਆਂ ਇੱਕੋ ਧੁਨ ਵਿੱਚ ਸਾਰਾ ਜੀਵਨ ਲਾ ਦਿੱਤਾ। ਮਹਿੰਦਰਾ ਕਾਲਜ ਪਟਿਆਲਾ, ਗੌਰਮਿੰਟ ਕਾਲਜ ਲੁਧਿਆਣਾ ਵਿਖੇ ਅਧਿਆਪਨ ਕਾਰਜ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਵਿੱਚ ੩੧ ਅਕਤੂਬਰ ੧੯੬੬ ਨੂੰ ਨਵੇਂ ਖੁੱਲ੍ਹੇ ਫਾਰਸੀ ਵਿਭਾਗ ਦੇ ਮੁਖੀ ਵਜੋਂ ਜਾਇਨ ਕਰ ਲਿਆ। ੧੯ ਦਸੰਬਰ ੧੯੭੩ ਨੂੰ ਬਾਬਾ ਫਰੀਦ ਚੇਅਰ ਇਨ ਸੂਫੀਇਜ਼ਮ ਦੇ ਪ੍ਰੋਫੈਸਰ ਨਿਯੁਕਤ ਹੋਏ। ੧੨ ਅਕਤੂਬਰ ੧੯੭੬ ਨੂੰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਬਣੇ ਅਤੇ ੩੧ ਜੁਲਾਈ ੧੯੮੦ ਨੂੰ ਇਥੋਂ ਰਿਟਾਇਰ ਹੋਏ।
ਰਚਨਾਵਾਂ
[ਸੋਧੋ]- ਇਸਲਾਮ ਤੇ ਸੂਫ਼ੀਵਾਦ
- ਕਾਦਰਯਾਰ - ਜੀਵਨ ਤੇ ਰਚਨਾ
- ਪੰਜਾਬੀ - ਫਾਰਸ਼ੀ ਕੋਸ਼
- ਸੂਫ਼ੀਵਾਦ
- ਪੰਜਾਬੀ ਪਰਿਆਇ ਤੇ ਵਿਪਰਿਆਇ ਕੋਸ਼ [ਸੰਪਾਦਨ]
- ਗੁਰਮਤਿ ਸਾਹਿਤ ਚਿੰਤਨ
- ਕਾਫ਼ੀਆਂ ਖ੍ਵਾਜਾ ਗ਼ੁਲਾਮ ਫ਼ਰੀਦ[2]
ਹਵਾਲੇ
[ਸੋਧੋ]- ↑ ਵਿਭਾਗੀ ਸ਼ਬਦ - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ I
- ↑ http://sikhbookclub.com/Book/Kafiya-Khavaja-Gulam-Farid