ਸਮੱਗਰੀ 'ਤੇ ਜਾਓ

ਗੁਹਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਹਾਰਾ ਲਿੱਪਣ ਤੋਂ ਪਹਿਲਾਂ ਚਿਣੀਆਂ ਹੋਈਆਂ ਪਾਥੀਆਂ

ਗੁਹਾਰਾ ਖੁੱਲ੍ਹੇ ਅਸਮਾਨ ਥੱਲੇ ਇਕ ਨਿਸਚਿਤ ਵਿਧੀ ਅਨੁਸਾਰ ਗੋਲ ਘੇਰੇ ਵਿਚ ਸੁੱਕੀਆਂ ਪਾਥੀਆਂ ਦੇ ਉਪਰ ਖੜਵੇਂ ਲੋਟ ਪਾਥੀਆਂ ਲਾ ਕੇ ਕੁੱਪ ਦੀ ਸ਼ਕਲ ਦੇ ਬਣਾਏ ਆਕਾਰ ਨੂੰ ਗੁਹਾਰਾ ਕਹਿੰਦੇ ਹਨ।

ਖੁੱਲ੍ਹੇ ਅਸਮਾਨ ਥੱਲੇ ਇਕ ਨਿਸਚਿਤ ਵਿਧੀ ਅਨੁਸਾਰ ਗੋਲ ਘੇਰੇ ਵਿਚ ਸੁੱਕੀਆਂ ਪਾਥੀਆਂ ਦੇ ਉਪਰ ਖੜਵੇਂ ਲੋਟ ਪਾਥੀਆਂ ਲਾ ਕੇ ਕੁੱਪ ਦੀ ਸ਼ਕਲ ਦੇ ਬਣਾਏ ਆਕਾਰ ਨੂੰ ਗੁਹਾਰਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਰੋਟੀ ਟੁੱਕ ਬਣਾਉਣ ਲਈ ਪਾਥੀਆਂ ਦੀ ਕਾਫੀ ਵਰਤੋਂ ਕੀਤੀ ਜਾਂਦੀ ਸੀ। ਹਾਰਿਆਂ ਵਿਚ ਦੁੱਧ ਕਾੜ੍ਹਨ ਲਈ, ਹਾਰੀਆਂ ਵਿਚ ਖਿਚੜੀ, ਦਾਲਾਂ ਧਰਨ ਲਈ, ਚੁੱਲ੍ਹਿਆਂ 'ਤੇ ਸਾਗ ਧਰਨ ਲਈ ਪਾਥੀਆਂ ਦੀ ਵਰਤੋਂ ਵਿਸ਼ੇਸ਼ ਤੌਰ 'ਤੇ ਕੀਤੀ ਜਾਂਦੀ ਸੀ। ਪਾਥੀਆਂ ਨਾਲ ਲੋਹੜੀ ਬਾਲੀ ਜਾਂਦੀ ਸੀ। ਲੋਹੜੀ ਮੰਗਣ ਵਾਲੀਆਂ ਵੀ ਗੁੜ ਦੇ ਨਾਲ ਪਾਥੀਆਂ ਮੰਗਦੀਆਂ ਹੁੰਦੀਆਂ ਸਨ।

ਪਾਥੀਆਂ ਗੋਹੇ ਦੀਆਂ ਬਣਾਈਆਂ ਜਾਂਦੀਆਂ ਹਨ। ਘਰ ਵਿਚ ਜਿੰਨੀਆਂ ਵੀ ਮੱਝਾਂ, ਗਾਈਆਂ, ਬਲਦ, ਕੱਟੀਆਂ, ਵੱਛੀਆਂ ਪਸ਼ੂ ਹੁੰਦੇ ਸਨ ਉਨ੍ਹਾਂ ਦਾ ਕੁਝ ਗੋਹਾ ਪਾਥੀਆਂ ਪੱਥਣ ਲਈ ਇਕ ਥਾਂ ਕੱਠਾ ਕੀਤਾ ਜਾਂਦਾ ਸੀ। ਬਾਕੀ ਦੇ ਗੋਹੇ ਤੇ ਕੂੜਕਵਾੜ ਨੂੰ ਰੂੜੀ ਉਪਰ ਖਾਦ ਬਣਾਉਣ ਲਈ ਸਿੱਟ ਦਿੰਦੇ ਸਨ। ਸਾਉਣ, ਭਾਦੋਂ ਦੇ ਬਾਰਸ਼ ਦੇ ਮਹੀਨਿਆਂ ਵਿਚ ਤਾਂ ਸਾਰਾ ਗੋਹਾ ਹੀ ਰੂੜੀ ਉਪਰ ਸਿੱਟਦੇ ਸਨ। ਪਾਥੀਆਂ ਪੱਥਣ ਲਈ ਜਿਸ ਥਾਂ ਗੋਹਾ ਸਿੱਟਿਆ ਜਾਂਦਾ ਹੈ, ਉਸ ਨੂੰ ਪਥਵਾੜਾ ਕਹਿੰਦੇ ਹਨ। ਜਦ ਗੋਹਾ ਕਾਫੀ ਮਾਤਰਾ ਵਿਚ ਕੱਠਾ ਹੋ ਜਾਂਦਾ ਸੀ ਤਾਂ ਘਰ ਦੀਆਂ ਕੁੜੀਆਂ, ਬਹੂਆਂ, ਬੁੜੀਆਂ ਆਪ ਹੀ ਪਾਥੀਆਂ ਪੱਥ ਲੈਂਦੀਆਂ ਸਨ।ਜਾਂ ਗੁਆਂਢੀਆਂ ਜਾਂ ਲਾਗਨਾਂ ਦੀ ਮਦਦ ਨਾਲ ਪਾਥੀਆਂ ਪੱਥ ਲੈਂਦੀਆਂ ਸਨ।

ਪਾਥੀਆਂ ਪੱਥਣ ਵਾਲੀਆਂ ਜਨਾਨੀਆਂ ਪਹਿਲਾਂ ਗੋਹੇ ਦੇ ਢੇਰ ਵਿਚੋਂ ਕਈ ਪਾਥੀਆਂ ਪੱਥਣ ਜੋਗਾ ਗੋਹਾ ਲੈ ਕੇ ਚੰਗੀ ਤਰ੍ਹਾਂ ਮਿਕਸ ਕਰਦੀਆਂ ਸਨ। ਫੇਰ ਦੋਵਾਂ ਹੱਥਾਂ ਵਿਚ ਜਿੰਨਾ ਗੋਹਾ ਆ ਜਾਂਦਾ ਸੀ ਉਸ ਗੋਹੇ ਦੀ ਪਾਥੀ ਬਣਾ ਕੇ ਇਕ ਪਾਸੇ ਰੱਖੀ ਜਾਂਦੀ ਸੀ। ਇਸ ਤਰ੍ਹਾਂ ਗੋਹੇ ਦੇ ਸਾਰੇ ਢੇਰ ਦੀਆਂ ਪਾਥੀਆਂ ਪੱਥ ਲੈਂਦੀਆਂ ਸਨ। ਚਾਰ ਪੰਜ ਦਿਨਾਂ ਦੀ ਧੁੱਪ ਲੱਗਣ ਪਿਛੋਂ ਜਦ ਪਾਥੀਆਂ ਉਪਰੋਂ ਸੁੱਕ ਜਾਂਦੀਆਂ ਸਨ ਤਾਂ ਉਨ੍ਹਾਂ ਨੂੰ ਉਲਟਾ ਕੇ ਇਕ ਪਾਥੀ ਦੀ ਦੂਜੀ ਪਾਥੀ ਨਾਲ ਪਿੱਠ ਜੋੜ ਕੇ, ਜੋਟੇ ਬਣਾ ਕੇ ਸੁੱਕਣ ਲਈ ਖੜੀਆਂ ਕਰ ਦਿੱਤੀਆਂ ਜਾਂਦੀਆਂ ਸਨ। ਏਸ ਤਰ੍ਹਾਂ ਫੇਰ ਪਾਥੀਆਂ ਦਾ ਹੇਠਲਾ ਹਿੱਸਾ ਵੀ ਸੁੱਕ ਜਾਂਦਾ ਸੀ।

ਸੁੱਕੀਆਂ ਪਾਥੀਆਂ ਦਾ ਗੁਹਾਰਾ ਲਾਉਣ ਲਈ ਪਹਿਲਾਂ ਇਕ ਪਾਥੀ ਪੁੱਠੀ ਕਰ ਕੇ ਰੱਖੀ ਜਾਂਦੀ ਸੀ। ਫੇਰ ਉਸ ਪਾਥੀ ਉਪਰ ਗੁੜ, ਚੌਲ, ਹਲਦੀ, ਤੇਲ ਆਦਿ ਪਾ ਕੇ ਸ਼ਗਨ ਕਰ ਕੇ ਗੁਹਾਰਾ ਬਣਾਉਣਾ ਸ਼ੁਰੂ ਕੀਤਾ ਜਾਂਦਾ ਸੀ। ਫੇਰ ਸ਼ਗਨ ਵਾਲੀ ਪਾਥੀ ਦੇ ਦੁਆਲੇ ਗੋਲ ਦਾਇਰੇ ਵਿਚ ਓਨੇ ਕੁ ਗੇੜ ਦਿੱਤੇ ਜਾਂਦੇ ਸਨ ਜਿੰਨੀਆਂ ਕੁ ਪਾਥੀਆਂ ਦਾ ਗੁਹਾਰਾ ਬਣਾਉਣਾ ਹੁੰਦਾ ਸੀ। ਆਮ ਤੌਰ 'ਤੇ 8 ਤੋਂ 10 ਕੁ ਗੇੜਿਆਂ ਦੇ ਗੁਹਾਰੇ ਬਣਾਏ ਜਾਂਦੇ ਸਨ। ਫੇਰ ਇਨ੍ਹਾਂ ਗੇੜਿਆਂ ਉਪਰ ਖੜਵੇਂ ਲੋਟ ਪਾਥੀਆਂ ਦੇ ਗੇੜੇ ਦਿੱਤੇ ਜਾਂਦੇ ਸਨ।ਜਿੰਨੇ ਕੁ ਗੇੜੇ ਖੜ੍ਹ ਕੇ ਦਿੱਤੇ ਜਾ ਸਕਦੇ ਹੁੰਦੇ ਸਨ, ਉਹ ਖੜ੍ਹ ਕੇ ਦੇ ਦਿੰਦੇ ਸਨ। ਉਸ ਤੋਂ ਬਾਅਦ ਬਣੇ ਗੁਹਾਰੇ ਨਾਲ ਪੌੜੀ ਲਾ ਕੇ ਹੋਰ ਗੇੜੇ ਦਿੱਤੇ ਜਾਂਦੇ ਸਨ। ਗੁਹਾਰਿਆਂ ਦੀ 5 ਕੁ ਫੁੱਟ ਦੀ ਉਚਾਈ ਤੋਂ ਬਾਅਦ ਗੁਲਾਈ ਘੱਟ ਕਰਨੀ ਸ਼ੁਰੂ ਕੀਤੀ ਜਾਂਦੀ ਸੀ। ਹੌਲੀ ਹੌਲੀ ਇਹ ਗੁਲਾਈ ਘੱਟ ਕੇ ਟੀਸੀ 'ਤੇ ਜਾ ਕੇ ਸਿਰਫ ਇਕ ਪਾਥੀ ਦੀ ਗੁਲਾਈ ਜੋਗੀ ਗੁਲਾਈ ਰਹਿ ਜਾਂਦੀ ਸੀ। ਆਮ ਤੌਰ 'ਤੇ ਗੁਹਾਰੇ 6 ਫੁੱਟ ਤੋਂ ਲੈ ਕੇ 8 ਕੁ ਫੁੱਟ ਤੱਕ ਉੱਚੇ ਬਣਾਏ ਜਾਂਦੇ ਸਨ। ਬਣੇ ਗੁਹਾਰੇ ਨੂੰ ਫੇਰ ਗੋਹੇ ਨਾਲ ਹੀ ਲਿੱਪ ਦਿੱਤਾ ਜਾਂਦਾ ਸੀ ਤਾਂ ਜੋ ਗੁਹਾਰੇ ਵਿਚ ਕੋਈ ਜੀਵ-ਜੰਤੂ, ਸੱਪ-ਸਲੂੰਡੀ ਨਾ ਵੜ ਸਕੇ। ਨਾ ਹੀ ਮੀਂਹ ਦਾ ਪਾਣੀ ਅੰਦਰ ਜਾਵੇ। ਕਈ ਜਨਾਨੀਆਂ ਗੁਹਾਰੇ ਨੂੰ ਨਜ਼ਰ ਲੱਗਣ ਤੋਂ ਬਚਾਉਣ ਲਈ ਗੁਹਾਰੇ ਦੇ ਸਿਰ ਉਪਰ ਬਣੀ ਤਿੱਖੀ ਨੋਕ ਉਪਰ ਕਾਲੀ ਤੌੜੀ ਮੂਧੀ ਮਾਰ ਦਿੰਦੀਆਂ ਸਨ। ਜਾਂ ਟੁੱਟਾ ਛਿੱਤਰ ਟੰਗ ਦਿੰਦੀਆਂ ਸਨ। ਇਸ ਤਰ੍ਹਾਂ ਗੁਹਾਰਾ ਬਣਦਾ ਸੀ।

ਹੁਣ ਗੋਹੇ ਦੀਆਂ ਪਾਥੀਆਂ ਪੱਥਣ ਨਾਲੋਂ ਜ਼ਿਆਦਾ ਵਰਤੋਂ ਖਾਦ ਦੇ ਤੌਰ 'ਤੇ ਕੀਤੀ ਜਾਂਦੀ ਹੈ। ਇਸ ਲਈ ਜਿਥੇ ਪਹਿਲਾਂ ਹਰ ਪਿੰਡ ਦੁਆਲੇ ਲੱਗੇ ਗੁਹਾਰਿਆਂ ਦੀ ਭਰਮਾਰ ਹੁੰਦੀ ਸੀ, ਉਥੇ ਹੁਣ ਪਿੰਡਾਂ ਦੁਆਲੇ ਬਹੁਤ ਘੱਟ ਗੁਹਾਰੇ ਨਜ਼ਰ ਆਉਂਦੇ ਹਨ ।[1]

ਵਰਤੋਂ

[ਸੋਧੋ]

ਪਹਿਲੇ ਸਮਿਆਂ ਵਿਚ ਰੋਟੀ ਟੁੱਕ ਬਣਾਉਣ ਲਈ ਪਾਥੀਆਂ ਦੀ ਕਾਫੀ ਵਰਤੋਂ ਕੀਤੀ ਜਾਂਦੀ ਸੀ। ਹਾਰਿਆਂ ਵਿਚ ਦੁੱਧ ਕਾੜ੍ਹਨ ਲਈ, ਹਾਰੀਆਂ ਵਿਚ ਖਿਚੜੀ, ਦਾਲਾਂ ਧਰਨ ਲਈ, ਚੁੱਲ੍ਹਿਆਂ 'ਤੇ ਸਾਗ ਧਰਨ ਲਈ ਪਾਥੀਆਂ ਦੀ ਵਰਤੋਂ ਵਿਸ਼ੇਸ਼ ਤੌਰ 'ਤੇ ਕੀਤੀ ਜਾਂਦੀ ਸੀ। ਹੁਣ ਪਾਥੀਆਂ ਨਾਲ ਲੋਹੜੀ ਬਾਲੀ ਜਾਂਦੀ ਹੈ। ਲੋਹੜੀ ਮੰਗਣ ਵਾਲੀਆਂ ਵੀ ਗੁੜ ਦੇ ਨਾਲ ਪਾਥੀਆਂ ਮੰਗਦੀਆਂ ਹੁੰਦੀਆਂ ਹਨ।

ਬਣਾਉਣ ਦਾ ਤਰੀਕਾ ਅਤੇ ਲੋਕ ਵਿਸ਼ਵਾਸ

[ਸੋਧੋ]

ਪਾਥੀਆਂ ਗੋਹੇ ਦੀਆਂ ਬਣਾਈਆਂ ਜਾਂਦੀਆਂ ਹਨ। ਘਰ ਵਿਚ ਜਿੰਨੀਆਂ ਵੀ ਮੱਝਾਂ, ਗਾਈਆਂ, ਬਲਦ, ਕੱਟੀਆਂ, ਵੱਛੀਆਂ  ਪਸ਼ੂ ਹੁੰਦੇ ਹਨ ਉਨ੍ਹਾਂ ਦਾ ਕੁਝ ਗੋਹਾ ਪਾਥੀਆਂ ਪੱਥਣ ਲਈ ਇਕ ਥਾਂ ਕੱਠਾ ਕੀਤਾ ਜਾਂਦਾ ਹੈ। ਬਾਕੀ ਦੇ ਗੋਹੇ ਤੇ ਕੂੜ ਕਵਾੜ ਨੂੰ ਰੂੜੀ ਉਪਰ ਖਾਦ ਬਣਾਉਣ ਲਈ ਸਿੱਟ ਦਿੰਦੇ ਹਨ। ਸਾਉਣ, ਭਾਦੋ ਦੇ ਬਾਰਸ਼ ਦੇ ਮਹੀਨਿਆਂ ਵਿਚ ਤਾਂ ਸਾਰਾ ਗੋਹਾ ਹੀ ਰੂੜੀ ਉਪਰ ਸਿੱਟਦੇ ਹਨ। ਪਾਥੀਆਂ ਪੱਥਣ ਲਈ ਜਿਸ ਥਾਂ ਗੋਹਾ ਸੁੱਟਿਆ ਜਾਂਦਾ ਹੈ, ਉਸ ਨੂੰ ਪਥਵਾੜਾ ਕਹਿੰਦੇ ਹਨ। ਜਦ ਗੋਹਾ ਕਾਫੀ ਮਾਤਰਾ ਵਿਚ ਕੱਠਾ ਹੋ ਜਾਂਦਾ ਹੈ ਤਾਂ ਘਰ ਦੀਆਂ ਕੁੜੀਆਂ, ਬਹੂਆਂ, ਬੁੜੀਆਂ ਆਪ ਹੀ ਪਾਥੀਆਂ ਪੱਥ ਲੈਂਦੀਆਂ ਹਨ। ਜਾਂ ਗੁਆਂਢੀਆਂ ਜਾ ਲਾਗਨਾਂ ਦੀ ਮਦਦ ਨਾਲ ਪਾਥੀਆਂ ਪੱਥ ਲੈਂਦੀਆਂ ਹਨ।ਪਾਥੀਆਂ ਪੱਥਣ ਵਾਲੀਆਂ ਜਨਾਨੀਆਂ ਪਹਿਲਾਂ ਗੋਹੇ ਦੇ ਢੇਰ ਵਿਚੋਂ ਕਈ ਹਾਥੀਆਂ ਪੱਥਣ ਜੋਗਾ ਗੋਹਾ ਲੈ ਕੇ ਚੰਗੀ ਤਰ੍ਹਾਂ ਮਿਕਸ ਕਰਦੀਆਂ ਹਨ। ਫੇਰ ਦੋਵਾਂ ਹੱਥਾਂ ਵਿਚ ਜਿੰਨਾ ਗੋਹਾ ਆ ਜਾਂਦਾ ਹੈ ਉਸ ਗੋਹੇ ਦੀ ਪਾਥੀ ਬਣਾ ਕੇ ਇਕ ਪਾਸੇ ਰੱਖੀ ਜਾਂਦੀ ਹੈ। ਇਸ ਤਰ੍ਹਾਂ ਗੋਹੇ ਦੇ ਸਾਰੇ ਢੇਰ ਦੀਆਂ ਪਾਥੀਆਂ ਪੱਥ ਲੈਂਦੀਆਂ ਹਨ। ਚਾਰ ਪੰਜ ਦਿਨਾਂ ਦੀ ਧੁੱਪ ਲੱਗਣ ਪਿੱਛੋਂ ਜਦੋਂ ਪਾਥੀਆਂ ਉਪਰੋਂ ਸੁੱਕ ਜਾਂਦੀਆਂ ਹਨ ਤਾਂ  ਉਨ੍ਹਾਂ ਨੂੰ ਉਲਟਾ ਕੇ ਇਕ ਪਾਥੀ ਦੀ ਦੂਜੀ ਪਾਥੀ ਨਾਲ ਪਿੱਠ ਜੋੜ ਕੇ, ਜੋੜੇ ਬਣਾ ਕੇ ਸੁੱਕਣ ਲਈ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਇਨ੍ਹਾਂ ਦਾ ਹੇਠਲਾ ਹਿੱਸਾ ਵੀ ਸੁੱਕ ਜਾਂਦਾ ਹੈ।

ਸੁੱਕੀਆਂ ਪਾਥੀਆਂ ਦਾ ਗੁਹਾਰਾ ਲਾਉਣ ਲਈ ਪਹਿਲਾਂ ਇਕ ਪਾਥੀ ਪੁੱਠੀ ਬੜ ਕੇ ਰੱਖੀ ਜਾਂਦੀ ਹੈ। ਫੇਰ ਉਸ ਪਾਥੀ ਉਪਰ ਗੁੜ, ਚੌਲ, ਹਲਦੀ, ਤੇਲ ਆਦਿ ਪਾ ਕੇ ਸ਼ਗਨ ਕਰ ਕੇ ਗੁਹਾਰਾ ਬਣਾਉਣਾ ਸ਼ੁਰੂ ਕੀਤਾ ਜਾਂਦਾ ਹੈ। ਫੇਰ ਸ਼ਗਨ ਵਾਲੀ ਹਾਥੀ ਦੇ ਦੁਆਲੇ ਗੋਲ ਦਾਇਰ ਵਿਚ ਓਨੇ ਕੁ ਗੇੜ ਦਿੱਤੇ ਜਾਂਦੇ ਹਨ ਜਿੰਨੀਆਂ ਤੋਂ ਪਾਥੀਆਂ ਦਾ ਗੁਹਾਰਾ ਬਣਾਉਣਾ ਹੁੰਦਾ ਹੈ। ਆਮ ਤੌਰ 'ਤੇ 8 ਤੋਂ 10 ਕੁ ਗੇੜਿਆਂ ਦੇ ਗੁਹਾਰੇ ਬਣਾਏ ਜਾਂਦੇ ਹਨ। ਫੇਰ ਇਨ੍ਹਾਂ ਗੇੜਿਆਂ ਉਪਰ ਖੜਵੇਂ ਲੋਟ ਪਾਥੀਆਂ ਦੇ ਗੇੜੇ ਦਿੱਤੇ ਜਾਂਦੇ ਹਨ। ਜਿੰਨੇ ਕੁ ਗੇੜੇ ਖੜ ਕੇ ਦਿੱਤੇ ਜਾ ਸਕਦੇ ਹਨ ਉਹ ਖੜ੍ਹ ਕੇ ਦਿੱਤੇ ਜਾਂਦੇ ਹਨ। ਉਸ ਤੋਂ ਬਾਅਦ ਬਣੇ ਗੁਹਾਰੇ ਨਾਲ ਪੌੜੀ ਲਾ ਕੇ ਹੋਰ ਗੇੜੇ ਦਿੱਤੇ ਜਾਂਦੇ ਹਨ। ਗੁਹਾਰਿਆਂ ਦੀ 5 ਕੁ ਫੁੱਟ ਦੀ ਉਚਾਈ ਤੋਂ ਬਾਅਦ ਗੁਲਾਈ ਘੱਟ ਕਰਨੀ ਸ਼ੁਰੂ ਕੀਤੀ ਜਾਂਦੀ ਹੈ। ਹੌਲੀ ਹੌਲੀ ਇਹ ਗੁਲਾਈ ਘੱਟ ਕੇ ਟੀਸੀ ਤੇ ਜਾ ਕੇ ਸਿਰਫ ਇੱਕ ਪਾਥੀ ਦੀ ਗੁਲਾਈ ਰਹਿ ਜਾਂਦੀ ਹੈ। ਆਮ ਤੌਰ ਤੇ ਗੁਹਾਰੇ 6- 8 ਕੁ ਫੁੱਟ ਤਕ ਉੱਚੇ ਬਣਾਏ ਜਾਂਦੇ ਹਨ। ਬਣੇ ਗਹਾਰੇ ਨੂੰ ਫੇਰ ਗੋਹੇ ਨਾਲ ਲਿੱਪ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਜੀਵ ਜੰਤੂ, ਸੱਪ-ਸਲੁੰਡੀ ਨਾ ਵੜ ਸਕੇ। ਨਾ ਹੀ ਮੀਂਹ ਦਾ ਪਾਣੀ  ਜਾਵੇ । ਕਈ ਜਨਾਨੀਆਂ ਗੁਹਾਰੇ ਨੂੰ ਨਜ਼ਰ ਲੱਗਣ ਤੋਂ ਬਚਾਉਣ ਲਈ ਇਸ ਦੇ ਸਿਰ ਉਪਰ ਕਾਲੀ ਤੋੜੀ ਮੂਧੀ ਮਾਰ ਦਿੰਦੀਆਂ ਹਨ। ਇਸ ਤਰ੍ਹਾਂ ਗੁਹਾਰਾ ਬਣਦਾ ਹੈ।[2]

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigdh: Unistar books pvt. Ltd. p. 543. ISBN 978-93-82246-99-2.